Wed. Feb 26th, 2020

ਕੌਣ ਸੀ ਕਾਸਿਮ ਸੁਲੇਮਾਨੀ? ਜਿਸ ਦੀ ਮੌਤ ਨਾਲ ਵਿਸ਼ਵ ਜੰਗ ਦਾ ਖਤਰਾ ਮੰਡਰਾਉਣ ਲੱਗਿਆ

ਕੌਣ ਸੀ ਕਾਸਿਮ ਸੁਲੇਮਾਨੀ? ਜਿਸ ਦੀ ਮੌਤ ਨਾਲ ਵਿਸ਼ਵ ਜੰਗ ਦਾ ਖਤਰਾ ਮੰਡਰਾਉਣ ਲੱਗਿਆ

ਜੁਝਾਰ ਸਿੰਘ

ਬੀਤੇ ਦਿਨੀਂ ਬਗ਼ਦਾਦ ਵਿਚ ਹੋਏ ਅਮਰੀਕੀ ਹਵਾਈ ਹਮਲੇ ‘ਚ ਈਰਾਨੀ ਫ਼ੌਜ ਦੇ 62 ਸਾਲਾ ਜਰਨੈਲ ਕਾਸਮ ਸੁਲੇਮਾਨੀ ਦੀ ਮੌਤ ਨੇ ਮੱਧ ਪੂਰਬ ਵਿੱਚ ਤਨਾਅ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਸੁਲੇਮਾਨੀ ਦੀ ਮੌਤ ਈਰਾਨ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ, ਓਧਰ ਦੂਜੇ ਪਾਸੇ ਅਮਰੀਕਾ ਲਈ ਵੱਡੀ ਕਾਮਯਾਬੀ ਹੈ। ਜਰਨਲ ਸੁਲੇਮਾਨੀ ਅਮਰੀਕਾ ਸਮੇਤ ਕਈ ਪੱਛਮੀ ਮੁਲਕਾਂ ਦੀ ਅੱਖ ਵਿੱਚ ਰੜਕ ਰਿਹਾ ਸੀ ਜਿਸਦਾ ਕਾਰਨ ਉਸ ਵਲੋਂ ਇਹਨਾਂ ਤਾਕਤਾਂ ਨੂੰ ਦਿੱਤੀ ਜਾ ਰਹੀ ਟੱਕਰ ਸੀ। ਕਿਸਾਨ ਦਾ ਪੁੱਤਰ ਸੁਲੇਮਾਨੀ 1979 ਵਿਚ ਇਰਾਨੀ ਰੈਵੀਲਿਊਸ਼ਨਰੀ ਫੌਜ ਦੀ 41ਵੀਂ ਬਟਾਲੀਅਨ ਵਿੱਚ ਭਰਤੀ ਹੋਇਆ। ਉਸਨੇ ਇਰਾਨੀ ਫੌਜ ਵਿੱਚ ਆਪਣੀ ਬਹਾਦਰੀ ਦੇ ਕਾਰਨਾਮਿਆਂ ਨਾਲ ਮੌਜੂਦਾ ਮੁਕਾਮ ਹਾਸਲ ਕੀਤਾ ਸੀ। ਈਰਾਨ ਦੇ ਸਰਬ ਉੱਚ ਆਗੂ ਆਏਤੁਲਾ ਖਮੀਨੀ ਵਲੋਂ ਉਸ ਨੂੰ “ਜਿੰਦਾ ਸ਼ਹੀਦ” ਦਾ ਖਿਤਾਬ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਉਸ ਨੂੰ ਈਰਾਨੀ ਫੌਜ ਦਾ ਸਰਬ ਉੱਚ ਖਿਤਾਬ “ਆਰਡਰ ਆਫ ਜੋਲਫਾਗਰ” ਹਾਸਲ ਸੀ। ਇਰਾਨ ਦੇ ਪੱਛਮੀ ਗੁਲਾਮੀ ਤੋਂ ਮੁਕਤ ਹੋਣ ਉਪਰੰਤ ਸਭ ਤੋਂ ਪਹਿਲੀ ਚੁਣੌਤੀ ਕੁਰਦਾਂ ਦੀ ਬਗਾਵਤ ਸੀ ਜਿਸਨੂੰ ਇਰਾਨੀ ਫੌਜ ਨੇ ਬਾਖੂਬੀ ਨਜਿੱਠਿਆ ਪਰ ਇਹ ਬਗਾਵਤ ਸਮੇਂ ਸਮੇਂ ਸਿਰ ਚੁੱਕਦੀ ਰਹੀ। 1981 ਤੋਂ ਬਾਅਦ 1986-87 ਵਿਚ ਕੁਰਦਾਂ ਦੀ ਸਿਆਸੀ ਪਾਰਟੀ ਕੁਰਦਿਸ਼ ਡੈਮੋਕਰੈਟਿਕ ਪਾਰਟੀ ਆਫ ਇਰਾਨ ਵਲੋਂ ਬਗਾਵਤ ਦਾ ਝੰਡਾ ਬੁਲੰਦ ਕੀਤਾ ਗਿਆ। 1980 ਤੋਂ 1988 ਤੱਕ ਚੱਲੇ ਇਰਾਕ-ਈਰਾਨ ਯੁੱਧ ਵਿੱਚ ਸੁਲੇਮਾਨੀ ਦੀ ਯੂਨਿਟ ਬਹਾਦਰੀ ਨਾਲ ਲੜੀ ਜਿਸ ਦੌਰਾਨ ਉਹ ਕੈਮੀਕਲ ਹਥਿਆਰਾਂ ਦੀ ਮਾਰ ਹੇਠ ਵੀ ਆਈ।

ਮਕਬੂਲੀਅਤ ਦੇ ਕਾਰਣ
ਕਾਸਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਸਾਰਾ ਈਰਾਨ ਸੜਕਾਂ ਤੇ ਉਤਰ ਆਇਆ ਤੇ ਆਮ ਲੋਕਾਂ ਤੋ ਲੈ ਕੇ ਫੌਜੀ ਜਰਨੈਲ, ਇਥੋਂ ਤੱਕ ਕਿ ਦੇਸ਼ ਦੇ ਉਚ ਆਗੂ ਵੀ ਰੋਂਦੇ ਨਜਰ ਆਏ। ਇਸ ਫੌਜੀ ਜਰਨੈਲ ਦੇ ਹਰਮਨ ਪਿਆਰੇ ਬਣਨ ਦੇ ਕਈ ਕਾਰਨ ਹਨ। ਕਾਸਮ ਆਪਣੇ ਫੌਜੀ ਜਵਾਨਾਂ ਦੀ ਜਾਨ ਦੀ ਕੀਮਤ ਬਾਖੂਬੀ ਸਮਝਦਾ ਸੀ ਤੇ ਹਰ ਜਗਾ ਉਸ ਵਲੋਂ ਆਪਣੇ ਜਵਾਨਾਂ ਦੀਆਂ ਜਾਨਾਂ ਬਚਾਉਂਦੇ ਹੋਏ ਵੱਡੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਸੀ। ਪਰ ਉਸ ਦੀ ਬਹਾਦਰੀ ਦੇ ਕਿੱਸੇ ਫੌਜ ਦੇ ਜਵਾਨ ਹੀ ਸੁਣਾਉਂਦਿਆਂ ਕਹਿੰਦੇ ਹਨ ਕਿ ਸੁਲੇਮਾਨੀ ਵਲੋਂ ਵੱਡੇ ਤੋਂ ਵੱਡੇ ਮੋਰਚੇ ਮੂਹਰੇ ਹੋ ਕੇ ਫਤਹਿ ਕੀਤੇ ਗਏ ਸਨ ਅਤੇ ਉਸ ਵਲੋਂ ਕਦੇ ਵੀ ਬੁਲਟ ਪਰੂਫ ਜੈਕੇਟ ਨਹੀ ਸੀ ਪਹਿਨੀ ਗਈ। ਕਾਸਮ ਈਰਾਨ ਦੇ ਸਰਬ ਉੱਚ ਆਗੂ ਆਏਤੁਲਾ ਖਮੀਨੀ ਦੇ ਬੇਹੱਦ ਨਜਦੀਕ ਸੀ ਤੇ ਪੱਛਮੀ ਮੀਡੀਆ ਵਲੋਂ ਉਸ ਨੂੰ “ਸ਼ੈਡੋ ਪ੍ਰੈਜੀਡੈਂਟ” ਵੀ ਕਿਹਾ ਜਾਂਦਾ ਸੀ। ਈਰਾਨੀ ਕੌਮ ਨੂੰ ਔਖੇ ਸਮਿਆਂ ਚੋਂ ਕੱਢਣ ਵਾਲੇ ਇਸ ਜਰਨੈਲ ਨੂੰ ਈਰਾਨ ਦੇ ਲੋਕ ਆਪਣਾ ਰਾਸ਼ਟਰਪਤੀ ਦੇਖਣਾ ਚਾਹੁੰਦੇ ਸਨ, ਅਤੇ 2013 ਅਤੇ 2017 ਦੀਆਂ ਰਾਸ਼ਟਰਪਤੀ ਚੋਣਾਂ ਸਮੇਂ ਲੋਕਾਂ ਵੱਲੋਂ ਉਸ ਨੂੰ ਚੋਣਾਂ ਲੜਨ ਲਈ ਕਿਹਾ ਵੀ ਗਿਆ ਪਰ ਉਸ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਉਹ ਇਕ ਫੌਜੀ ਵਜੋਂ ਹੀ ਇਸਲਾਮੀ ਇਨਕਲਾਬ ਅਤੇ ਈਰਾਨੀ ਕੌਮ ਦੀ ਚੜ੍ਹਦੀਕਲਾ ਲਈ ਕੰਮ ਕਰੇਗਾ।

ਪੱਛਮੀ ਤਾਕਤਾਂ ਨਾਲ ਦੁਸ਼ਮਣੀ ਦੇ ਕਾਰਣ
ਅਮਰੀਕਾ ਸਮੇਤ ਵੱਖ ਵੱਖ ਪੱਛਮੀ ਮੁਲਕਾਂ ਵਲੋਂ ਕਾਸਮ ਸੁਲੇਮਾਨੀ ਨੂੰ ਅੱਤਵਾਦੀ ਐਲਾਨਿਆ ਹੋਇਆ ਸੀ। ਇਸ ਪਿਛੇ ਕਈ ਕਾਰਣ ਹਨ। ਸੁੰਨੀ ਮੁਲਕਾਂ ਨਾਲ ਘਿਰੇ ਤੇ ਅਮਰੀਕਾ ਵਲੋਂ ਹਮਲੇ ਦੇ ਖਤਰੇ ਦੇ ਬਾਵਜੂਦ ਸ਼ੀਆ ਮੁਸਲਮਾਨਾਂ ਦੇ ਮੁਲਕ ਈਰਾਨ ਨੇ ਕਦੇ ਈਨ ਨਹੀਂ ਸੀ ਮੰਨੀ ਤੇ ਅੱਸੀ ਦੇ ਦਹਾਕੇ ਤੋਂ ਲਗਾਤਾਰ ਪੱਛਮੀ ਫੌਜਾਂ ਨੂੰ ਟੱਕਰ ਦੇ ਰਿਹਾ ਸੀ। ਇਸ ਤੋਂ ਇਲਾਵਾ ਇਜ਼ਰਾਈਲ ਈਰਾਨ ਨੂੰ ਆਪਣਾ ਕੱਟੜ ਦੁਸ਼ਮਣ ਸਮਝਦਾ ਹੈ। ਸੁਲੇਮਾਨੀ ਪਰਾਕਸੀ ਵਾਰ ਜਾਂ ਅਸਿੱਧੀ ਜੰਗ ਦਾ ਵੀ ਮਾਹਰ ਸੀ। ਵੱਖ ਵੱਖ ਨਾਵਾਂ ਹੇਠ ਕੰਮ ਕਰ ਰਹੀਆਂ ਅਨੇਕਾਂ ਜਥੇਬੰਦੀਆਂ ਉਸ ਵਲੋਂ ਸਥਾਪਿਤ ਕੀਤੀਆਂ ਗਈਆਂ ਸਨ ਜੋ ਅਫਗਾਨਿਸਤਾਨ, ਇਰਾਕ, ਸੀਰੀਆ, ਲਿਬਨਾਨ, ਗਾਜਾ ਪੱਟੀ, ਫਲਸਤੀਨ ਵਰਗੇ ਮੁਲਕਾਂ ਵਿੱਚ ਨਾਟੋ ਅਤੇ ਇਜ਼ਰਾਈਲੀ ਫੌਜਾਂ ਨਾਲ ਅੱਜ ਟੱਕਰ ਲੈ ਰਹੀਆਂ ਹਨ। ਹਮਾਸ, ਹਿਜਬੁਲਾ ਇਸ ਵਿੱਚੋਂ ਮੁਖ ਹਨ। ਸੁਲੇਮਾਨੀ ਵਲੋਂ ਸੁੰਨੀ ਮੁਸਲਮਾਨਾਂ ਹੱਥੋਂ ਝੰਬੇ ਸ਼ੀਆ ਮੁਸਲਮਾਨਾਂ ਦੀਆਂ ਸਾਰੀਆਂ ਤਾਕਤਾਂ ਨੂੰ ਇਕਮੁੱਠ ਕੀਤਾ ਗਿਆ ਜਿਸਨੂੰ “ਸ਼ੀਆ ਮਿਲਸ਼ੀਆ” ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਸਦੀ ਕੁਦਸ ਫੋਰਸ ਨੂੰ ਯੇਰੂਸ਼ਲਮ ਫੋਰਸ ਵੀ ਕਿਹਾ ਜਾਂਦਾ ਹੈ। ਸੁਲੇਮਾਨੀ 1997 ਤੋਂ ਕੁਦਸ ਫੋਰਸ ਦਾ ਮੁਖੀ ਹੈ ਜੋ ਈਰਾਨ ਦੀ ਸਭ ਤੋਂ ਉਚ ਕੋਟੀ ਦੀ ਫੋਰਸ ਮੰਨੀ ਜਾਂਦੀ ਹੈ। ਪਿਛਲੇ ਕਈ ਸਾਲਾਂ ਤੋਂ ਸੁਲੇਮਾਨੀ ਵਲੋਂ ਸੀਰੀਆ, ਇਰਾਕ ਅਤੇ ਲਿਬਨਾਨ ਦੀ ਰਾਜਨੀਤੀ ਵਿੱਚ ਦਖਲ ਦਿੱਤਾ ਜਾ ਰਿਹਾ ਸੀ, ਉਸ ਵਲੋਂ ਇਹਨਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਸਥਾਪਤ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜਿੰਨ੍ਹਾਂ ਨੂੰ ਅਮਰੀਕੀ ਸਹਾਇਤਾ ਪ੍ਰਾਪਤ ਬਾਗੀਆਂ ਵਲੋਂ ਡੇਗਣ ਦਾ ਯਤਨ ਜਾਰੀ ਸੀ। ਇਸ ਤੋਂ ਇਲਾਵਾ ਉਸ ਦੇ ਇਸ਼ਾਰੇ ਤੇ ਈਰਾਨੀ ਸਮੁੰਦਰ ਚੋਂ ਲੰਘਦੇ ਪੱਛਮੀ ਮੁਲਕਾਂ ਦੇ ਬੇੜੇ ਕਈ ਵਾਰ ਰੋਕੇ ਗਏ ਸਨ।

ਵੱਡੀਆਂ ਪ੍ਰਾਪਤੀਆਂ
2015-16 ਵਿਚ ਸੁਲੇਮਾਨੀ ਨੇ ਵੱਖ ਵੱਖ ਢੰਗ ਤਰੀਕੇ ਅਪਣਾ ਕੇ ਇਸਲਾਮਕ ਸਟੇਟ (ਆਈ ਐਸ ਆਈ ਐਸ) ਅੱਤਵਾਦੀ ਜਥੇਬੰਦੀ ਨੂੰ ਖਤਮ ਕਰਨ ਵਿੱਚ ਵੱਡਾ ਰੋਲ ਨਿਭਾਇਆ ਗਿਆ। ਈਰਾਨ ਵਲੋਂ ਇੱਕ ਵਫਦ ਰੂਸ ਭੇਜਿਆ ਗਿਆ ਜਿਸ ਦੁਆਰਾ ਰੂਸ ਨੂੰ ਸੀਰੀਆ ਵਿੱਚ ਦੁਬਾਰਾ ਬਸ਼ਰ ਅਲ-ਅਸਦ ਦੀ ਸਰਕਾਰ ਬਣਾਉਣ ਲਈ ਫੌਜੀ ਮਦਦ ਭੇਜਣ ਸਬੰਧੀ ਗੱਲਬਾਤ ਕੀਤੀ ਗਈ ਤਾਂ ਰੂਸ ਨੇ ਮੰਗ ਕੀਤੀ ਕਿ ਸੁਲੇਮਾਨੀ ਗੱਲ ਕਰੇ, ਉਪਰੰਤ ਖਮੀਨੀ ਨੇ ਸੁਲੇਮਾਨੀ ਨੂੰ ਰੂਸ ਭੇਜਿਆ ਅਤੇ ਮਾਸਕੋ ਵਿੱਚ ਹੋਈ ਬੈਠਕ ਦੌਰਾਨ ਸੀਰੀਆ ਸਬੰਧੀ ਨੀਤੀ ਘੜੀ ਗਈ ਅਤੇ ਈਰਾਨ ਰੂਸ ਦੀ ਫੌਜੀ ਮਦਦ ਨਾਲ ਇਸਲਾਮਕ ਸਟੇਟ (ਆਈ ਐਸ ਆਈ ਐਸ) ਕੋਲੋਂ ਇਲਾਕੇ ਖਾਲੀ ਕਰਵਾਏ ਗਏ ਅਤੇ ਅਮਰੀਕੀ ਫੌਜ ਨਾਲ ਜਬਰਦਸਤ ਟੱਕਰ ਤੋਂ ਬਾਅਦ ਬਸ਼ਰ ਅਲ-ਅਸਦ ਦੁਬਾਰਾ ਤਾਕਤ ਵਿਚ ਆਇਆ। ਲਿਬਨਾਨ ਦੀ ਰਾਜਧਾਨੀ ਬੇਰੂਤ ਵਿਚ ਸੁਲੇਮਾਨੀ 2015 ਵਿਚ ਹਿਜਬੁਲਾ ਦੇ ਲੜਾਕਿਆਂ ਦੀਆਂ ਕਬਰਾਂ ਤੇ ਸ਼ਰਧਾਂਜਲੀ ਭੇਂਟ ਕਰਦਾ ਨਜਰ ਆਇਆ। ਇਸ ਤੋਂ ਇਲਾਵਾ ਸੁਲੇਮਾਨੀ ਵਲੋਂ ਸ਼ੀਆ ਅਤੇ ਇਰਾਕੀ ਫ਼ੌਜ ਨੂੰ ਨਾਲ ਲੈ ਕੇ ਇਰਾਕ ਵਿੱਚ ਨੂਰੀ ਅਲ ਮਲੀਕੀ ਦੀ ਹਕੂਮਤ ਕਾਇਮ ਕੀਤੀ ਗਈ। ਸਮੇਂ ਸਮੇਂ ਤੇ ਅਮਰੀਕੀ ਏਜੰਸੀਆਂ ਵੱਲੋਂ ਕਾਸਮ ਸੁਲੇਮਾਨੀ ਨਾਲ ਗੱਲਬਾਤ ਵੀ ਕੀਤੀ ਗਈ। 2001 ਵਿੱਚ ਟਰੇਡ ਟਾਵਰ ਹਮਲੇ ਉਪਰੰਤ ਅਮਰੀਕਾ ਵੱਲੋਂ ਉਸ ਨੂੰ ਤਾਲੀਬਾਨ ਨੂੰ ਕਾਬੂ ਕਰਨ ਲਈ ਸੰਪਰਕ ਕੀਤਾ ਗਿਆ ਸੀ। 2009 ਵਿਚ ਇਰਾਕ ਦੇ ਰਾਸ਼ਟਰਪਤੀ ਜਲਾਲ ਤਾਲੀਬਾਨੀ ਦੇ ਦਫਤਰ ਵਿੱਚ ਅਮਰੀਕੀ ਉਚ ਅਧਿਕਾਰੀਆਂ ਵੱਲੋਂ ਸੁਲੇਮਾਨੀ ਨਾਲ ਗੱਲਬਾਤ ਕੀਤੀ ਤੇ ਸਮੇਂ ਸਮੇਂ ਤੇ ਚਿੱਠੀਆਂ ਵੀ ਲਿਖੀਆਂ ਗਈਆਂ ਪਰ ਸੁਲੇਮਾਨੀ ਨੇ ਅਮਰੀਕਾ ਦੀ ਕੋਈ ਗੱਲ ਨਹੀਂ ਮੰਨੀ। ਯੂ ਐਨ, ਯੂ ਐਸ ਅਤੇ ਹੋਰ ਪੱਛਮੀ ਮੁਲਕਾਂ ਵਲੋਂ ਉਸ ਉਪਰ ਕਈ ਵਾਰ ਪਾਬੰਧੀਆਂ ਲਾਈਆਂ ਗਈਆਂ। ਕਾਸਮ ਦੀਆਂ ਫੌਜਾਂ ਵੱਲੋਂ ਵੱਖ ਵੱਖ ਮੌਕਿਆਂ ਤੇ ਨਾਟੋ, ਇਜ਼ਰਾਈਲੀ ਅਤੇ ਅਮਰੀਕੀ ਫੌਜ ਦਾ ਵੱਡਾ ਨੁਕਸਾਨ ਕੀਤਾ ਗਿਆ। ਉਸ ਦੁਆਰਾ ਅਫਗਾਨਿਸਤਾਨ ਤੋਂ ਯੂਰਪ ਹੁੰਦੀ ਨਸ਼ੇ ਦੀ ਤਸਕਰੀ ਪੂਰਨ ਤੌਰ ‘ਤੇ ਬੰਦ ਕਰ ਦਿੱਤੀ ਗਈ। 2006 ਦੀ ਹਿਜਬੁਲਾ ਅਤੇ ਇਜ਼ਰਾਈਲ ਜੰਗ ਦੌਰਾਨ ਉਹ ਖੁਦ ਮੌਜੂਦ ਸੀ। ਸੀਰਿਆ ਜੰਗ ਦਾ ਅਖਾੜਾ ਬਣੇ ਅਲੈਪੋ ਸ਼ਹਿਰ ਵਿੱਚ ਵੀ ਸੁਲੇਮਾਨੀ ਦੀ ਮੌਜੂਦਗੀ ਵਾਲੀਆਂ ਤਸਵੀਰਾਂ ਵਾਰ ਵਾਰ ਅੰਤਰਾਸ਼ਟਰੀ ਮੀਡੀਏ ਵਿੱਚ ਆਈਆਂ। ਅਖੀਰ ਨਵੇਂ ਈਰਾਨ ਦੇ ਸੁਪਨੇ ਦਾ ਸਾਜਗਾਰ, ਅਮਰੀਕਾ ਨੂੰ ਮੱਧ ਪੂਰਬ ਵਿੱਚ ਲਲਕਾਰ ਕੇ ਸ਼ਰੇਆਮ ਵੱਖ ਵੱਖ ਦੇਸ਼ਾਂ ਵਿੱਚ ਘੁੰਮਦੇ ਕਾਸਮ ਸੁਲੇਮਾਨੀ ਨੂੰ ਅਮਰੀਕਾ ਦੇ ਡਰੋਨਾਂ ਨੇ 3 ਜਨਵਰੀ 2020 ਨੂੰ ਨਿਸ਼ਾਨਾ ਬਣਾ ਲਿਆ।

 

Source: amritsartimes

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: