Tue. Aug 20th, 2019

ਕੋੋਕਾ ਕੋਲਾ ਏਵਨ ਜਰਖੜ ਖੇਡਾਂ ਧੂਮ ਧੜੱਕੇ ਨਾਲ ਹੋਈਆਂ ਸ਼ੁਰੂ

ਕੋੋਕਾ ਕੋਲਾ ਏਵਨ ਜਰਖੜ ਖੇਡਾਂ ਧੂਮ ਧੜੱਕੇ ਨਾਲ ਹੋਈਆਂ ਸ਼ੁਰੂ
ਵਿਧਾਇਕ ਵੈਦ ਨੇ ਕੀਤਾ ਉਦਘਾਟਨ
ਉੱਭਰਦੇ ਗਾਇਕਾਂ ਨੇ ਆਪਣੀ ਗਾਇਕੀ ਨਾਲ ਲੋਕਾਂ ਨੂੰ ਕੀਲਿਆ

ਲੁਧਿਆਣਾ 10 ਫਰਵਰੀ (ਪ੍ਰੀਤੀ ਸ਼ਰਮਾ ) – 31ਵੀਆਂ ਕੋਕਾ ਕੋਲਾ ਏਵਨ ਜਰਖੜ ਖੇਡਾਂ ਅੱਜ ਅੰਤਰ-ਰਾਸ਼ਟਰੀ ਖੇਡ ਮਿਆਰ ਦੀਆਂ ਝਲਕ ਪੈਦਾ ਕਰਦੀਆਂ 5 ਕਰੋੜ ਦੀ ਲਾਗਤ ਨਾਲ ਬਣੇ ਬਹੁਤ ਸੁੰਦਰ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਸ਼ੁਰੂ ਹੋਈਆਂ। ਖੇਡਾਂ ਦਾ ਉਦਘਾਟਨੀ ਸਮਾਰੋਹ ਬੇਹੱਦ ਲਾਜਵਾਬ ਅਤੇ ਰੰਗਾਰੰਗ ਰਿਹਾ।
ਇਕ ਨਵ-ਵਿਆਹੀ ਦੁਲਹਨ ਵਾਂਗ ਸਜਾਏ ਜਰਖੜ ਸਟੇਡੀਅਮ ਦਾ ਨਜ਼ਾਰਾ ਵੇਖਿਆਂ ਹੀ ਬਣਦਾ ਸੀ। ਉਦਘਾਟਨੀ ਸਮਾਰੋਹ ਦੇ ਮੁੱਖ ਮਹਿਮਾਨ ਕੁਲਦੀਪ ਸਿੰਘ ਵੈਦ ਵਿਧਾਇਕ ਹਲਕਾ ਗਿੱਲ ਨੇ ਵੱਖ ਵੱਖ ਟੀਮਾਂ ਦੇ ਮਾਰਚ ਪਾਸਟ ਤੋਂ ਸਲਾਮੀ ਲੈਂਦਿਆਂ ਝੰਡਾ ਲਹਿਰਾ ਕੇ ਇਹਨਾਂ ਖੇਡਾਂ ਦਾ ਉਦਘਾਟਨ ਕੀਤਾ। ਇਸ ਮੌਕੇ ਖਿਡਾਰੀਆਂ ਦੇ ਕਾਫਲ਼ੇ ਦੇ ਰੂਪ ਵਿਚ ਰਾਸ਼ਟਰੀ ਹਾਕੀ ਖਿਡਾਰੀ ਜਤਿੰਦਰਪਾਲ ਸਿੰਘ ਵਿੱਕੀ ਤੇ ਕੋਚ ਪਰਗਟ ਸਿੰਘ ਨੇ ਖੇਡ ਮਸ਼ਾਲ ਰਸ਼ਨਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਕਲਗੀਧਰ ਅਕਾਦਮੀ ਦੁੱਗਰੀ ਦੇ ਬੱਚਿਆਂ ਨੇ ‘ਦੇਹ ਸ਼ਿਵਾ ਬਰ ਮੋਹਿ ਇਹੈ, ਸ਼ੁਭ ਕਰਮਨ ਤੇ ਕਭਹੂੰ ਨਾ ਟਰੋਂ’, ਸ਼ਬਦ ਪੜ੍ਹ ਕੇ ਖੇਡਾਂ ਦੇ ਮਹੌਲ ਨੂੰ ਹੋਰ ਵੀ ਸੁਹਾਵਨਾ ਕੀਤਾ। ਇਸਤੋਂ ਬਾਅਦ ਭਾਈ ਨਗਾਹੀਆ ਸਿੰਘ ਕਾਲਜ ਦੀਆਂ ਲੜਕੀਆਂ ਨੇ ਸੱਭਿਆਚਾਰਕ ਗੀਤ ਤੇ ਕੋਰੀਓਗ੍ਰਾਫੀ ਪੇਸ਼ ਕੀਤੀ ਜਦਕਿ ਸਰਕਾਰੀ ਕਾਲਜ ਲੁਧਿਆਣਾ ਦੀਆਂ ਲੜਕਿਆਂ ਨੇ ਝੂਮਰ ਦੀ ਪੇਸ਼ਕਾਰੀ ਕਰਕੇ ਵਧੀਆ ਰੰਗ ਬੰਨ੍ਹਿਆ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਜਰਖੜ ਖੇਡਾਂ ਲਈ ਵਿੱਤੀ ਮਦਦ ਦਾ ਭਰੋਸਾ ਦਿੰਦਿਆਂ ਜਰਖੜ ਅਕਾਦਮੀ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਸ ਅਕਾਦਮੀ ਨੇ ਰਾਸ਼ਟਰੀ ਪੱਧਰ ’ਤੇ ਨਾਮਣਾ ਖੱਟ ਕੇ ਹਲਕਾ ਗਿੱਲ ਨੂੰ ਇਕ ਵਧੀਆ ਮੁਕਾਮ ਦਿੱਤਾ ਹੈ ।
ਇਸ ਮੌਕੇ ਉੁੱਭਰਦੇ ਗਾਇਕ ਜੀ ਐਸ ਪੀਟਰ, ਜੱਗਾ ਲਲਤੋਂ, ਲਵਮਨਜੋਤ, ਸੰਦੀਪ ਗਿੱਲ, ਪ੍ਰਭਦੀਪ, ਕੁਲਵੀਰ ਕੇਵੀ, ਇੰਦਰਪ੍ਰੀਤ, ਕਪਿਲ (ਵਾਇਸ ਆਫ ਪੰਜਾਬ), ਆਦਿ ਕਲਾਕਾਰਾਂ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਅਤੇ ਖਿਡਾਰੀਆਂ ਨੂੰ ਕੀਲਿਆ।
ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਬਾਈ ਸੁਰਜੀਤ ਸਿੰਘ ਸਾਹਨੇਵਾਲ ਮੁੱਖ ਸੇਵਾਦਾਰ ਸੰਗਤ ਮਾਤਾ ਸਾਹਿਬ ਕੌਰ ਹੁਰਾਂ ਨੇ ਕੀਤੀ। ਅੱਜ ਮਹਿੰਦਪ੍ਰਤਾਪ ਗੋਲਡ ਕੱਪ ਹਾਕੀ ਲਈ ਲੜਕੀਆਂ ਦੇ ਵਰਗ ’ਚ ਖੇਡੇ ਗਏ ਮੁੱਢਲੇ ਗੇੜ ਦੇ ਮੈਚਾਂ ’ਚ ਸਰਕਾਰੀ ਕਾਲਜ ਲੁਧਿਆਣਾ ਕੈਰੋਂ ਵਿੰਗ ਤਰਨਤਾਰਨ ਨੂੰ 2-0 ਨਾਲ, ਬਾਦਲ ਵਿੰਗ ਮੁਕਤਸਰ ਨੇ ਖਾਲਸਾ ਕਲੱਬ ਲੁਧਿਆਣਾ ਨੂੰ 2-0 ਨਾਲ ਹਰਾ ਕੇ ਅਗਲੇ ਦੌਰ ‘ਚ ਪਰਵੇਸ਼ ਕੀਤਾ ਜਦਕਿ ਮੁੰਡਿਆਂ ਦੇ ਸੀਨੀਅਰ ਵਰਗ ’ਚ ਗਰੇਵਾਲ ਕਲੱਬ ਕਿਲਾ ਰਾਏਪੁਰ ਨੇ ਲੁਧਿਆਣਾ ਨੂੰ 4-1 ਨਾਲ, ਜੂਨੀਅਰ ਹਾਕੀ ’ਚ ਘਵੱਦੀ ਸਕੂਲ ਨੇ ਅਮਰਗੜ੍ਹ ਨੂੰ 3-2 ਨਾਲ ਜਰਖੜ ਅਕਾਦਮੀ ਨੇ ਰਾਮਪੁਰ ਹਾਕੀ ਸੈਂਟਰ ਨੂੰ 4-1 ਨਾਲ ਹਰਾਇਆ। ਬਠਿੰਡਾ ਨੇ ਸ਼ਹੀਦ ਊਧਮ ਸਿੰਘ ਕਲੱਬ ਸੁਨਾਮ ਨੂੰ 3-0 ਨਾਲ ਹਰਾਇਆ।ਵਾਲੀਬਾਲ ‘ਚ ਚੱਕ ਕਲਾਂ ਨੇ ਆਲਮਗੀਰ ਨੂੰ, ਗੰਢੂਆਂ ਨੇ ਲਹਿਰਾ ਨੂੰ, ਖੰਜਰਵਾਲ ਨੇ ਤਲਵੰਡੀ ਨੂੰ, ਹਰਿਆਣਾ ਨੇ ਪਮਾਲ ਨੂੰ ਹਰਾਇਆ। ਇਸ ਮੌਕੇ ਟਰੱਸਟ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ, ਪ੍ਰਧਾਨ ਐਡਵੋਕੇਟ ਹਰਕਮਲ ਸਿੰਘ, ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ।
ਇਸ ਮੌਕੇ ਸਰਪੰਚ ਦਪਿੰਦਰ ਸਿੰਘ ਡਿੰਪੀ, ਪਰਮਜੀਤ ਸਿੰਘ ਘਵੱਦੀ, ਸੰਨੀ ਕੈਂਥ, ਰੌਬਿਨ ਸਿੱਧੂ, ਲਾਡੀ ਜੱਸੜ, ਹਰਪ੍ਰੀਤ ਸਿੰਘ ਗਰੇਵਾਲ ਸੇਖਾ, ਰਣਜੀਤ ਸਿੰਘ ਦੁਲੇਅ, ਅਜੀਤ ਸਿੰਘ ਲਾਦੀਆਂ, ਪਹਿਲਵਾਨ ਹਰਮੇਲ ਸਿੰਘ, ਸਰਪੰਚ ਬਲਜੀਤ ਸਿੰਘ ਗਿੱਲ, ਅੰਮ੍ਰਿਤਪਾਲ ਸਿੰਘ ਸੇਖੋਂ, ਸ਼ਿਲਪੀ ਸੇਖੋਂ, ਇੰਸਪੈਕਟਰ ਬਲਵੀਰ ਸਿੰਘ, ਪਰਮਜੀਤ ਸਿੰਘ ਨੀਟੂ, ਮਨਦੀਪ ਸਿੰਘ ਜਰਖੜ, ਸੰਦੀਪ ਸਿੰਘ ਪੰਧੇਰ, ਅਜਮੇਰ ਕੌਰ (ਮੰਤਰੀ ਯੂਕੇ ਸਰਕਾਰ), ਸਾਬਕਾ ਕੌਂਸਲਰ ਪ੍ਰੀਤਮ ਸਿੰਘ ਗਰੇਵਾਲ ਯੂਕੇ, ਸ਼੍ਰੀਮਤੀ ਮਹਿੰਦਰਪ੍ਰਤਾਪ ਸਿੰਘ ਗਰੇਵਾਲ ਗੁਰਮੀਤ ਕੌਰ, ਹਰਭਜਨ ਸਿੰਘ ਗਰੇਵਾਲ, ਦਲਜੀਤ ਸਿੰਘ ਗਰੇਵਾਲ ਸਾਬਕਾ ਡੀਜੀਐਮ, ਕਮਲਜੀਤ ਸਿੰਘ ਸ਼ੰਕਰ, ਸੁਰਜੀਤ ਸਿੰਘ ਲਤਾਲਾ, ਸ਼ਿੰਗਾਰਾ ਸਿੰਘ ਜਰਖੜ, ਸੁੱਖੀ ਕਨੇਡਾ ਅਦਿ ਸਮੂਹ ਨਗਰ ਵੱਡੀ ਗਿਣਤੀ ‘ਚ ਦਰਸ਼ਕ ਹਾਜ਼ਰ ਸਨ।
ਭਲਕੇ 11 ਫਰਵਰੀ ਨੂੰ ਬਾਸਕਰਬਾਲ ਲੜਕੇ ਲੜਕੀਆਂ, ਕਬੱਡੀ 75 ਕਿੱਲੋ ( ਦੋ ਖਿਡਾਰੀ ਬਾਹਰਲੇ), ਸਾਈਕਲਿੰਗ, ਆਦਿ ਹੋਰ ਖੇਡਾਂ ਦੇ ਮੁਕਾਬਲੇ ਖੇੇਡਾਂ ਵਿਚ ਜੁੜਨਗੇ।ਜਦਕਿ ਇਹਨਾਂ ਖੇਡਾਂ ਦੇ ਫਾਈਨਲ ਮੁਕਾਬਲੇ 12 ਫਰਵਰੀ ਨੂੰ ਹੋਣਗ ਤੇ ਲੋਕ ਗਾਇਕ ਰਣਜੀਤ ਬਾਵਾ ਦਾ ਖੁੱਲ੍ਹਾ ਅਖਾੜਾ ਲੱਗੇਗਾ।

Leave a Reply

Your email address will not be published. Required fields are marked *

%d bloggers like this: