ਕੋਲਿਆਂਵਾਲੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਅਪਰਾਧਿਕ ਮਾਣਕਹਾਨੀ ਦਾ ਮਾਮਲਾ ਕਰਨਗੇ ਦਰਜ

ਕੋਲਿਆਂਵਾਲੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਅਪਰਾਧਿਕ ਮਾਣਕਹਾਨੀ ਦਾ ਮਾਮਲਾ ਕਰਨਗੇ ਦਰਜ
ਕਾਂਗਰਸ ਪ੍ਰਧਾਨ ਆਧਾਰਰਹਿਤ ਦੋਸ਼ਾਂ ਦੀ ਬਿਨਾਂ ਸ਼ਰਤ ਮੁਆਫੀ ਮੰਗੇ

3-24
ਸ੍ਰੀ ਮੁਕਤਸਰ ਸਾਹਿਬ, 2 ਜੂਨ (ਆਰਤੀ ਕਮਲ) : ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਜੱਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਨੇ ਅੱਜ ਕਿਹਾ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਵੱਲੋਂ ਲਾਏ ਗਏ ਸਾਰੇ ਝੂਠੇ ਦੋਸ਼ਾਂ ਨੂੰ ਕੈਪਟਨ 10 ਦਿਨਾਂ ਵਿਚ ਵਾਪਸ ਲਵੇ ਜਾਂ ਕੋਈ ਸਬੂਤ ਪੇਸ਼ ਕਰੇ ਨਹੀਂ ਤਾਂ ਉਹ ਕੈਪਟਨ ਵਿਰੁੱਧ ਅਪਰਾਧਿਕ ਮਾਣਹਾਨੀ ਦਾ ਮਾਮਲਾ ਦਰਜ ਕਰਵਾਉਣਗੇ। ਕੋਲਿਆਂਵਾਲੀ ਨੇ ਕਿਹਾ ਕਿ ਕੈਪਟਨ ਨੇ ਆਪਣੀ ਡਰਾਉਣ-ਧਮਕਾਉਣ ਤੇ ਸਿਆਸੀ ਵਿਰੋਧੀਆਂ ਨੂੰ ਬਦਨਾਮ ਕਰਨ ਦੀ ਪੁਰਾਣੀ ਨੀਤੀ ਤਹਿਤ ਉਨਾਂ ਵਿਰੁੱਧ ਆਧਾਰਹੀਣ ਦੋਸ਼ ਲਾਏ ਹਨ।
ਇੱਥੋਂ ਜਾਰੀ ਇਕ ਬਿਆਨ ਵਿਚ ਜੱਥੇਦਾਰ ਕੋਲਿਆਂਵਾਲੀ, ਜੋ ਕਿ ਮੁਕਤਸਰ ਦਿਹਾਤੀ ਜ਼ਿਲੇ ਦੇ ਪ੍ਰਧਾਨ ਵੀ ਹਨ, ਨੇ ਕਿਹਾ ਕਿ ਕੈਪਟਨ ਨੂੰ ਸਿਆਸੀ ਵਿਰੋਧੀਆਂ ਨੂੰ ਧਮਕਾਉਣ ਦੀਆਂ ਆਪਣੀਆਂ ਪੁਰਾਣੀਆਂ ਗਲਤੀਆਂ ਤੋਂ ਸਬਕ ਸਿੱਖਣਾ ਚਾਹੀਦਾ ਹੈ ਜਿਨਾਂ ਦਾ ਖਾਮਿਆਜ਼ਾ ਉਸਨੂੰ 2012 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਾਰ ਦਾ ਮੂੰਹ ਦੇਖ ਕੇ ਭੁਗਤਣਾ ਪਿਆ ਸੀ।ਉਨਾਂ ਕਿਹਾ ਕਿ 2012 ਵਿਚ ਸਿਆਸੀ ਵਿਰੋਧੀਆਂ ਲਈ ‘ਖੂੰਡਾ ਤੇ ਡਾਂਗ’ ਵਰਗੇ ਸ਼ਬਦਾਂ ਦੀ ਵਰਤੋਂ ਕਰਨ ਵਾਲੇ ਕੈਪਟਨ ਨੂੰ ਸਧਾਰਣ ਅਕਾਲੀ ਵਰਕਰਾਂ ਨੇ ਹੀ ਧੂੜ ਚਟਾ ਦਿੱਤੀ ਸੀ ਅਤੇ ਉਹ ਤਾਂ ਫਿਰ ਵੀ ਜ਼ਿਲਾ ਪ੍ਰਧਾਨ ਹਨ।
ਜੱਥੇਦਾਰ ਨੇ ਕੈਪਟਨ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਅਮਰਿੰਦਰ ਉਨਾਂ ਖਿਲਾਫ ਇਕ ਵੀ ਸਬੂਤ ਪੇਸ਼ ਕਰਕੇ ਦਿਖਾਵੇ ਅਤੇ ਆਪਣੇ ਪਰਿਵਾਰ ਦੇ ਘਪਲਿਆਂ ‘ਤੇ ਪਰਦਾ ਪਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਵਰਕਰਾਂ ‘ਤੇ ਦੋਸ਼ ਨਾ ਲਾਵੇ। ਉਨਾਂ ਕਿਹਾ ਕਿ ਦੂਜਿਆਂ ‘ਤੇ ਦੋਸ਼ ਲਾਉਣ ਤੋਂ ਪਹਿਲਾਂ ਕੈਪਟਨ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਅਤੇ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਵਿਚ ਖੁਦ ਦੀ ਸ਼ਮੂਲੀਅਤ ਬਾਰੇ ਦੱਸਣ ਦੀ ਹਿੰਮਤ ਕਰੇ ਅਤੇ ਇਹ ਵੀ ਦੱਸੇ ਕਿ ਉਸ ਦੇ ਪੁੱਤਰ ਦੀ ਇੰਟਰਾਨੈੱਟ ਘਪਲੇ ਵਿਚ ਕੀ ਸ਼ਮੂਲੀਅਤ ਹੈ। ਨਾਲ ਹੀ ਅਮਰਿੰਦਰ ਲੋਕਾਂ ਨੂੰ ਇਹ ਵੀ ਦੱਸੇ ਕਿ ਉਸ ਦੀ ਪਤਨੀ ਦੇ ਸਵਿਸ ਬੈਂਕ ਵਿਚ ਬਲੈਕ ਮਨੀ ਵਾਲੇ ਖਾਤੇ ਦੀ ਕੀ ਸੱਚਾਈ ਹੈ।
ਉਨਾਂ ਅੱਗੇ ਕਿਹਾ ਕਿ ਅਮਰਿੰਦਰ ਸਿੰਘ ਵੱਲੋਂ ‘ਧਰਨੇ’ ਲਾਉਣ ਦਾ ਐਲਾਨ ਮਹਿਜ਼ ਡਰਾਮਾ ਹੈ ਅਤੇ ਉਹ ਆਪਣੀ ਡੱੁਬਦੀ ਬੇੜੀ ਨੂੰ ਬਚਾਉਣ ਲਈ ਅਜਿਹਾ ਕਰ ਰਿਹਾ ਹੈ। ਕੋਲਿਆਂਵਾਲੀ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੇ ਆਖਰੀ ਸਾਹਾਂ ‘ਤੇ ਹੈ ਅਤੇ ਜਲਦ ਹੀ ਦੇਸ਼ ਦੇ ਸਿਆਸੀ ਨਕਸ਼ੇ ਵਿਚੋਂ ਇਸ ਦਾ ਖਾਤਮਾ ਹੋ ਜਾਵੇਗਾ। ਉਨਾਂ ਕਿਹਾ ਕਿ ਕੈਪਟਨ ਖੁਦ ਵੱਖ-ਵੱਖ ਘਪਲਿਆਂ ਦੇ ਦੋਸ਼ਾਂ ਦਾ ਅਲੱਗ-ਅਲੱਗ ਅਦਾਲਤਾਂ ਵਿਚ ਸਾਹਮਣਾ ਕਰ ਰਿਹਾ ਹੈ ਅਤੇ ਇਹੀ ਕਾਰਣ ਹੈ ਕਿ ਉਹ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਜਿਹੇ ਘਟੀਆ ਹਥਕੰਡੇ ਅਪਣਾ ਰਿਹਾ ਹੈ ਤਾਂ ਜੋ 2017 ਦੀਆਂ ਚੋਣਾਂ ਵਿਚ ਪਾਰਟੀ ਨੂੰ ਮੁਕੰਮਲ ਸਫਾਏ ਤੋਂ ਬਚਾਇਆ ਜਾ ਸਕੇ।

Share Button

Leave a Reply

Your email address will not be published. Required fields are marked *

%d bloggers like this: