ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Tue. Jun 2nd, 2020

ਕੋਰੋਨਾ ਵਾਇਰਸ ਅਤੇ ਮਨੁੱਖੀ ਜਿੰਦਗੀ

ਕੋਰੋਨਾ ਵਾਇਰਸ ਅਤੇ ਮਨੁੱਖੀ ਜਿੰਦਗੀ

– ਮਿੱਤਰ ਸੈਨ ਸ਼ਰਮਾ

ਚੀਨ ਦੇ ਵੁਹਾਨ ਸ਼ਹਿਰ ਤੋਂ ਸਾਲ 2019 ਦੀ ਅਖ਼ੀਰਲੀ ਤਿਮਾਹੀ ਦੌਰਾਨ ਇੱਕ ਵਾਇਰਸ ਦੀ ਹੋਈ ਸ਼ੁਰੂਆਤ ਬਾਰੇ ਚੀਨ ਵੱਲੋਂ ਇਸ ਸਬੰਧੀ ਦੁਨੀਆਂ ਤੋਂ ਛੁਪਾਈ ਗਈ ਜਾਣਕਾਰੀ ਦੇ ਕਾਰਨ ਅੱਜ ਇਸ ਵਾਇਰਸ ਨੇ ਲਗਭਗ ਸਾਰੀ ਦੁਨੀਆਂ ‘ਚ ਆਪਣੇ ਪੈਰ ਪਸਾਰ ਲਏ ਹਨ। ਜਿਸ ਕਾਰਨ ਅੱਜ ਪੂਰੇ ਵਿਸ਼ਵ ਅੰਦਰ ਤ੍ਰਾਹ–ਤ੍ਰਾਹ ਹੋਈ ਪਈ ਹੈ। ਮਾਹਿਰਾਂ ਨੇ ਇਸ ਵਾਇਰਸ ਨੂੰ ਨਾਮ ਦਿੱਤਾ ਕੋਵਿਡ–19, ਭਾਵ ‘ਕੋਰੋਨਾ ਵਾਇਰਸ ਡਿਜੀਜ਼–19’ । ਨੋਵਲ ਕੋਰੋਨਾ ਵਾਇਰਸ ਦੇ ਨਾਮ ਨਾਲ ਜਾਣੇ ਜਾ ਰਹੇ ਇਸ ਵਾਇਰਸ ਨੇ ਦੁਨੀਆਂ ਅੰਦਰ ਲੱਖਾਂ ਵਿਅਕਤੀਆਂ ਨੂੰ ਅੱਜ ਤੱਕ ਆਪਣੀ ਲਪੇਟ ‘ਚ ਲੈ ਲਿਆ ਹੈ ਅਤੇ 3 ਲੱਖ ਤੋਂ ਵਧੇਰੇ ਵਿਅਕਤੀਆਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।

ਚੀਨ ਤੋਂ ਇਲਾਵਾ ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਵੱਲੋਂ ਵੀ ਇਸ ਬਾਰੇ ਕਾਫ਼ੀ ਦੇਰ ਬਾਅਦ ਦੁਨੀਆਂ ਨੂੰ ਦਿੱਤੀ ਜਾਣਕਾਰੀ ਦੀ ਜਿਆਦਾਤਰ ਦੇਸ਼ਾਂ ਵੱਲੋਂ ਆਲੋਚਨਾ ਕੀਤੀ ਜਾ ਰਹੀ ਹੈ। ਵਿਸ਼ਵ ਸਿਹਤ ਸੰਗਠਨ ਸਮੇਂ–ਸਮੇਂ ‘ਤੇ ਇਸ ਵਾਇਰਸ ਅਤੇ ਇਸ ਦੇ ਬਦਲਦੇ ਰੂਪ ਬਾਰੇ ਦੁਨੀਆਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ ਪਰ ਬੀਤੇ ਦਿਨੀਂ ਜੋ ਬਿਆਨ ਡਬਲਿਊ.ਐੱਚ.ਓ. ਵੱਲੋਂ ਜਾਰੀ ਕੀਤਾ ਗਿਆ ਕਿ ਇਹ ਵਾਇਰਸ ਸ਼ਾਇਦ ਦੁਨੀਆਂ ਅੰਦਰੋਂ ਕਦੇ ਖ਼ਤਮ ਹੀ ਨਾ ਹੋਵੇ ਅਤੇ ਦੁਨੀਆਂ ਇਸ ਵਾਇਰਸ ਨੂੰ ਇੱਕ ਬਿਮਾਰੀ ਦੀ ਤਰ੍ਹਾਂ ਸਮਝੇ, ਜਿਸ ਤਰ੍ਹਾਂ ਕਿ ਏਡਜ਼ ਵਗੈਰਾ। ਇਸ ਲਈ ਸਾਨੂੰ ਇਸ ਦੇ ਇਲਾਜ ਲਈ ਦਵਾਈ ਦੀ ਖੋਜ ਕਰਨੀ ਹੋਵੇਗੀ। ਸੋ ਮਨੁੱਖ ਨੂੰ ਹੁਣ ਇਸ ਵਾਇਰਸ ਦੇ ਨਾਲ ਹੀ ਜੀਣਾ ਹੋਵੇਗਾ, ਭਾਵ ਹੁਣ ਸਾਨੂੰ ਇਸ ਵਾਇਰਸ ਨਾਲ ਜੀਣ ਦੀ ਆਦਤ ਪਾਉਣੀ ਹੀ ਪਵੇਗੀ ਅਤੇ ਇਸ ਦੇ ਨਾਲ–ਨਾਲ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਹਦਾਇਤਾਂ ‘ਤੇ ਅਮਲ ਕਰਨਾ ਵੀ ਹੋਵੇਗਾ।

ਹੁਣ ਸੋਚਣਾ ਹੋਵੇਗਾ ਕਿ ਜੇਕਰ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਇਹ ਚੇਤਾਵਨੀ ਸਹੀ ਹੈ ਤਾਂ ਕੀ ਅਸੀਂ ਲੋਕ ਖੁਦ ਨੂੰ ਇਸ ਬਿਮਾਰੀ ਤੋਂ ਬਚ ਕੇ ਜਿਊਣ ਦੀ ਆਦਤ ਪਾ ਲਵਾਂਗੇ ਜਾਂ ਕਿ ਫਿਰ ਇੱਕ–ਦੂਸਰੇ ਦੀ ਜਿੰਦਗੀ ਦੀ ਪ੍ਰਵਾਹ ਕੀਤੇ ਵਗੈਰ ਹੀ ਆਪਣੀ ਜਿੰਦਗੀ ਬਤੀਤ ਕਰਨ ਦੇ ਆਦੀ ਹੋ ਜਾਵਾਂਗੇ? ਜਿਸ ਤਰ੍ਹਾਂ ਕਿ ਵੇਖਣ ‘ਚ ਆਇਆ ਹੈ ਕਿ ਦੇਸ਼ ਅੰਦਰ ਚੱਲ ਰਹੇ ਲਾਕਡਾਊਨ ਦੌਰਾਨ ਭੁੱਖਮਰੀ ਦਾ ਸ਼ਿਕਾਰ ਹੋਏ ਮਜ਼ਦੂਰ ਵਰਗ ਵੱਲੋਂ ਆਪਣੀ ਜਿੰਦਗੀ ਨੂੰ ਤਰਜ਼ੀਹ ਦਿੰਦਿਆਂ ਦੇਸ਼ ਅੰਦਰ ਜਗ੍ਹਾ–ਜਗ੍ਹਾ ਕੋਰੋਨਾ ਵਾਇਰਸ ਸਬੰਧੀ ਸਾਰੀਆਂ ਹੀ ਹਦਾਇਤਾਂ ਨੂੰ ਨਜ਼ਰ ਅੰਦਾਜ ਕਰਦਿਆਂ ਮਜ਼ਬੂਰੀਵੱਸ ਆਪਣੇ–ਆਪਣੇ ਸੂਬਿਆਂ ਨੂੰ ਪੈਦਲ ਹੀ ਵਹੀਰਾਂ ਘੱਤ ਦਿੱਤੀਆਂ ਗਈਆਂ, ਇਸ ਦੌਰਾਨ ਹਾਲਾਂਕਿ ਉਨ੍ਹਾਂ ਨੂੰ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਉੱਧਰ ਵੇਖਿਆ ਜਾਵੇ ਤਾਂ ਭਾਰਤ ਅੰਦਰ ਕੇਂਦਰ ਸਰਕਾਰ ਵੱਲੋਂ 23 ਮਾਰਚ 2020 ਤੋਂ ਕੀਤੇ ਲਾਕਡਾਊਨ ਕਾਰਨ ਦੇਸ਼ ਅਤੇ ਉਸ ਦੇ ਸੂਬਿਆਂ ਦੀ ਅਰਥ ਵਿਵਸਥਾ ਤਹਿਸ–ਨਹਿਸ ਹੋ ਕੇ ਰਹਿ ਗਈ, ਕਿਉਂ ਕਿ ਸਰਕਾਰਾਂ ਦੀ ਕਮਾਈ ਦਾ ਸਾਧਨ ਬਣਿਆ ਦੇਸ਼ ਅੰਦਰਲਾ ਸਾਰਾ ਸਿਸਟਮ ਹੀ ਖੜ੍ਹ ਕੇ ਰਹਿ ਗਿਆ। ਇਸ ਦੌਰਾਨ ਆਪਣੀ ਡਿੱਗੀ ਹੋਈ ਅਰਥ ਵਿਵਸਥਾ ਨੂੰ ਸੰਭਾਲਣ ਦੇ ਲਈ ਜਿਆਦਾਤਰ ਸੂਬਿਆਂ ਵੱਲੋਂ ਸ਼ਰਾਬ ਦੀ ਵਿੱਕਰੀ ਨੂੰ ਮੁੱਖ ਸ੍ਰੋਤ ਦੱਸਦਿਆਂ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੀ ਆਗਿਆ ਲਈ ਅਤੇ ਜਿੱਥੇ ਕਿਤੇ ਵੀ ਠੇਕੇ ਖੋਲ੍ਹੇ ਗਏ, ਉੱਥੇ ਵੇਖਣ ‘ਚ ਆਇਆ ਹੈ ਕਿ ਸ਼ਰਾਬ ਦੀ ਖ੍ਰੀਦ ਕਰਨ ਵਾਲਿਆਂ ਨੇ ਸਰਕਾਰਾਂ ਵੱਲੋਂ ਕੋਵਿਡ –19 ਦੀ ਰੋਕਥਾਮ ਅਤੇ ਇਸ ਤੋਂ ਬਚਾਅ ਸਬੰਧੀ ਜਾਰੀ ਹਦਾਇਤਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਅਤੇ ਜੇਕਰ ਗੱਲ ਕਰੀਏ ਸੂਬਾ ਪੰਜਾਬ ਦੀ, ਜਿਸ ਨੂੰ ਪੰਜ ਦਰਿਆਵਾਂ ਦੀ ਧਰਤੀ, ਗੁਰੂਆਂ–ਪੀਰਾਂ ਦੀ ਧਰਤੀ ਕਿਹਾ ਜਾਂਦਾ ਹੈ, ਤਾਂ ਇੱਥੇ ਕਾਂਗਰਸ ਦੀ ਕੈਪਟਨ ਸਰਕਾਰ ਸ਼ਰਾਬ ਨੂੰ ਆਪਣੀ ਅਰਥ ਵਿਵਸਥਾ ਦਾ ਮੁੱਖ ਸ੍ਰੋਤ ਮੰਨਦੀ ਹੋਈ ਠੇਕੇ ਖੋਲ੍ਹਣ ਦੇ ਨਾਲ–ਨਾਲ ਹੋਮ ਡਲਿਵਰੀ ਕਰਨ ਦੀ ਆਪਣੀ ਜਿੱਦ ‘ਤੇ ਅੜੀ ਹੋਈ ਹੈ। ਇਸ ਸਭ ਨੂੰ ਵੇਖਦਿਆਂ ਵਿਸ਼ਵ ਸਿਹਤ ਸੰਗਠਨ ਵੱਲੋਂ ਕੋਵਿਡ–19 ਦੀ ਰੋਕਥਾਮ ਅਤੇ ਇਸ ਤੋਂ ਬਚਾਅ ਸਬੰਧੀ ਜਾਰੀ ਹਦਾਇਤਾਂ ਦਾ ਪਾਲਣ ਹੋਣਾ ਲਗਭਗ ਅਸੰਭਵ ਜਾਪਦਾ ਹੈ।

ਇੱਥੇ ਚਾਹੀਦਾ ਤਾਂ ਇਹ ਸੀ ਕਿ ਲੋਕਾਂ ਦੇ ਵਿਵਹਾਰ, ਵਸੋਂ ਦੀ ਸੰਘਣਤਾ, ਸਫ਼ਰੀ ਇਤਿਹਾਸ ਅਤੇ ਸਿਹਤ ਨਾਲ ਜੁੜੇ ਬੁਨਿਆਦੀ ਢਾਂਚੇ ਵਰਗੇ ਸਾਰੇ ਕਾਰਕਾਂ ਉੱਪਰ ਨਜ਼ਰ ਰੱਖੀ ਜਾਵੇ ਪਰ ਪੰਜਾਬ ਸਰਕਾਰ ਆਖਦੀ ਜਾਪਦੀ ਹੈ ਕਿ ਖਾਈ ‘ਚ ਜਾਵੇ ਕੋਰੋਨਾ ਅਸੀਂ ਤਾਂ ਆਪਣੀ ਅਰਥ ਵਿਵਸਥਾ ‘ਚ ਸੁਧਾਰ ਕਰਨਾ ਹੈ, ਲੋਕਾਂ ਦੀ ਜਿੰਦਗੀ ਤੋਂ ਅਸੀਂ ਕੀ ਲੈਣਾ–ਦੇਣਾ ਹੈ? ਅਜਿਹਾ ਇਸ ਲਈ ਕਿਹਾ ਜਾ ਸਕਦਾ ਹੈ ਕਿਉਂ ਕਿ ਪੰਜਾਬ ਸਰਕਾਰ ਵੱਲੋਂ ਆਪਣੀ ਅਰਥ ਵਿਵਸਥਾ ਦੇ ਸੁਧਾਰ ਦੇ ਨਾਲ–ਨਾਲ ਆਮ ਜਨਤਾ ਦੀ ਰੋਜ਼ੀ –ਰੋਟੀ ਦੇ ਨਾਮ ‘ਤੇ ਨਿਸ਼ਚਿਤ ਸਮੇਂ ਲਈ ਖੁੱਲ੍ਹਵਾਏ ਗਏ ਬਾਜ਼ਾਰ ਮੌਕੇ ਕਿਤੇ ਵੀ ਕੋਰੋਨਾ ਵਾਇਰਸ ਸਬੰਧੀ ਸਰਕਾਰ ਵੱਲੋਂ ਜਾਰੀ ਹਦਾਇਤਾਂ ਦਾ ਪਾਲਣ ਹੁੰਦਾ ਨਜ਼ਰ ਨਹੀਂ ਆ ਰਿਹਾ। ਇਸ ਤਰ੍ਹਾਂ ਨਾਲ ਹਰ ਬੁੱਧੀਜੀਵੀ ਇਹ ਸੋਚਣ ਲਈ ਜਰੂਰ ਮਜ਼ਬੂਰ ਹੋਵੇਗਾ ਕਿ ਜੇਕਰ ਕੋਰੋਨਾ ਵਾਇਰਸ ਕਦੇ ਖ਼ਤਮ ਨਾ ਹੋਇਆ ਤਾਂ ਕੀ ਕੋਰੋਨਾ ਵਾਇਰਸ ਅਤੇ ਮਨੁੱਖੀ ਜਿੰਦਗੀ ਆਪਸ ‘ਚ ਏਦਾਂ ਹੀ ਚੱਲਦੀ ਰਹੇਗੀ ।

ਮਿੱਤਰ ਸੈਨ ਸ਼ਰਮਾ
ਮਾਨਸਾ
ਮੋ: 09876961270

Leave a Reply

Your email address will not be published. Required fields are marked *

%d bloggers like this: