ਕੋਰੋਨਾਵਾਇਰਸ ਨੂੰ ਠੱਲ੍ਹ ਪਾਉਣ ਲਈ ਚੀਨ ਨੇ ਛੁੱਟੀਆਂ ਵਧਾਈਆਂ

ਕੋਰੋਨਾਵਾਇਰਸ ਨੂੰ ਠੱਲ੍ਹ ਪਾਉਣ ਲਈ ਚੀਨ ਨੇ ਛੁੱਟੀਆਂ ਵਧਾਈਆਂ
ਬੀਜਿੰਗ : ਤੇਜ਼ੀ ਨਾਲ ਫੈਲ ਰਹੇ ਕੋਰੋਨਾਵਾਇਰਸ ਉੱਤੇ ਕਾਬੂ ਪਾਉਣ ਲਈ ਸੋਮਵਾਰ ਨੂੰ ਚੀਨ ਨੇ ਲੂਨਰ ਨਿਊ ਯੀਅਰ ਮੌਕੇ ਕੀਤੀਆਂ ਛੁੱਟੀਆਂ ਵਿੱਚ ਵਾਧਾ ਕਰ ਦਿੱਤਾ। ਇਹ ਫੈਸਲਾ ਲੋਕਾਂ ਨੂੰ ਘਰਾਂ ਵਿੱਚ ਹੀ ਰੱਖਣ ਲਈ ਕੀਤਾ ਗਿਆ ਹੈ ਤਾਂ ਕਿ ਇਹ ਇਨਫੈਕਸ਼ਨ ਹੋਰ ਨਾ ਫੈਲ ਸਕੇ। ਜਿ਼ਕਰਯੋਗ ਹੈ ਕਿ ਕੋਰੋਨਾਵਾਇਰਸ ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 81 ਤੱਕ ਪਹੁੰਚ ਗਈ ਹੈ।
ਇਸ ਦੌਰਾਨ ਇਸ ਵਾਇਰਸ ਦੀ ਤੇਜ਼ੀ ਨਾਲ ਫੈਲਣ ਦੀ ਸਮਰੱਥਾ ਨੂੰ ਦੇਖਦਿਆਂ ਹੋਇਆਂ ਹਾਂਗ ਕਾਂਗ ਨੇ ਇਹ ਐਲਾਨ ਕੀਤਾ ਹੈ ਕਿ ਚੀਨ ਤੋਂ ਆਉਣ ਵਾਲੇ ਵਿਜ਼ੀਟਰਜ਼ ਨੂੰ ਉਹ ਦੇਸ਼ ਵਿੱਚ ਦਾਖਲ ਨਹੀਂ ਹੋਣ ਦੇਵੇਗਾ। ਇਸ ਸਬੰਧ ਵਿੱਚ ਟਰੈਵਲ ਏਜੰਸੀਆਂ ਨੂੰ ਦੇਸ਼ ਭਰ ਵਿੱਚ ਗਰੁੱਪ ਟੂਰ ਰੱਦ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਦੇ ਨਾਲ ਹੀ ਇਸ ਬਿਮਾਰੀ ਨੂੰ ਰੋਕਣ ਲਈ ਵੀ ਜੰਗੀ ਪੱਧਰ ਉੱਤੇ 22 ਜਨਵਰੀ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਸਨ। ਉਸ ਦਿਨ ਤੋਂ ਹੀ ਵੁਹਾਨ ਤੋਂ ਆਉਣ ਜਾਣ ਵਾਲੀਆਂ ਉਡਾਨਾਂ, ਰੇਲਗੱਡੀਆਂ ਤੇ ਬੱਸਾਂ ਨੂੰ ਮੁਲਤਵੀ ਕਰ ਦਿੱਤਾ ਗਿਆ।
ਵੁਹਾਨ ਚੀਨ ਦੇ ਐਨ ਕੇਂਦਰ ਵਿੱਚ ਸਥਿਤ ਹੈ ਤੇ ਪਿਛਲੇ ਮਹੀਨੇ ਇੱਥੋਂ ਹੀ ਇਹ ਵਾਇਰਸ ਫੈਲਣਾ ਸ਼ੁਰੂ ਹੋਇਆ ਸੀ। ਪਹਿਲਾਂ ਇਸ ਸ਼ਹਿਰ ਨੂੰ ਸੀਲਬੰਦ ਕੀਤਾ ਗਿਆ ਤੇ ਫਿਰ 17 ਹੋਰ ਸ਼ਹਿਰਾਂ ਨੂੰ ਵੀ ਸੀਲ ਕਰ ਦਿੱਤਾ ਗਿਆ। ਇਨ੍ਹਾਂ ਸ਼ਹਿਰਾਂ ਦੀ ਆਬਾਦੀ 50 ਮਿਲੀਅਨ ਦੇ ਲੱਗਭਗ ਹੈ। ਕੈਬਨਿਟ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਇਹ ਆਖਿਆ ਗਿਆ ਹੈ ਕਿ ਲੂਨਰ ਨਿਊ ਯੀਅਰ ਦੀਆਂ ਛੁੱਟੀਆਂ ਵਿੱਚ ਹੋਰ ਵਾਧਾ ਕੀਤਾ ਗਿਆ ਹੈ। ਇਹ ਉਪਰਾਲਾ ਇਸ ਲਈ ਕੀਤਾ ਗਿਆ ਹੈ ਤਾਂ ਕਿ ਲੋਕ ਵੱਡੇ ਪੱਧਰ ਉੱਤੇ ਇੱਕਠੇ ਨਾ ਹੋ ਸਕਣ ਤੇ ਇਹ ਮਹਾਮਾਰੀ ਹੋਰ ਨਾ ਫੈਲ ਸਕੇ।
ਇਸ ਦੇ ਨਾਲ ਹੀ ਅਹਿਤਿਆਤੀ ਕਦਮ ਚੁੱਕਦਿਆਂ ਹੋਇਆਂ ਸੰਘਾਈ ਸਰਕਾਰ ਨੇ 25 ਮਿਲੀਅਨ ਦੀ ਆਬਾਦੀ ਵਾਲੇ ਮੈਟਰੋਪਾਲੀਟਨ ਸ਼ਹਿਰ ਵਿੱਚ ਛੁੱਟੀਆਂ 9 ਫਰਵਰੀ ਤੱਕ ਵਧਾ ਦਿੱਤੀਆਂ ਹਨ। ਸਟੇਡੀਅਮ ਤੇ ਧਾਰਮਿਕ ਈਵੈਂਟਸ ਵੀ ਬੰਦ ਕਰ ਦਿੱਤੇ ਗਏ ਹਨ। ਅਗਲੇ ਹੁਕਮਾਂ ਤੱਕ ਸਕੂਲਾਂ ਨੂੰ ਵੀ ਬੰਦ ਰੱਖਿਆ ਜਾਵੇਗਾ।