ਕੋਣ ਬਣੇਗਾ ਪੰਜਾਬ ਦਾ ਮੁੱਖ ਮੰਤਰੀ 2017 ਚ ਪੰਜਾਬੀਆਂ ਦਾ ਦਿਲ ਜਿੱਤ ਕੇ

ss1

ਕੋਣ ਬਣੇਗਾ ਪੰਜਾਬ ਦਾ ਮੁੱਖ ਮੰਤਰੀ 2017 ਚ ਪੰਜਾਬੀਆਂ ਦਾ ਦਿਲ ਜਿੱਤ ਕੇ
ਕੁੰਡੀਆਂ ਦੇ ਸਿੰਗ ਫਸ ਗਏ ਕਿਹੜੀ ਨਿੱਤਰੂ ਬੜੇਵੇਂ ਖਾਣੀ

1-2 (2)ਪੰਜਾਬ ਦੀ ਰਾਜਨੀਤੀ ਪੁਰੀ ਤਰਾਂ ਗਰਮਾਉਣ ਤੋਂ ਬਾਅਦ ਸਾਰੀਆ ਪਾਰਟੀਆਂ ਵੋਟਰਾਂ ਨੂੰ ਭਰਮਾਉਣ ਲਈ ਪੱਬਾ ਭਾਰ ਹੋ ਚੁੱਕੀਆਂ ਹਨ।ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹੁਣ ਕੁੱਝ ਮਹੀਨੇ ਹੀ ਬਾਕੀ ਰਹਿ ਗਏ ਹਨ । ਵੇਖਣ ਵਾਲੀ ਗੱਲ ਹੈ ਕਿ ਇਸ ਸਮੇਂ ਵਿਚ ਕਿਹੜੀ ਪਾਰਟੀ ਕਿੰਨਾ ਕੁ ਉੱਪਰ ਉੱਠਦੀ ਹੈ ਤੇ ਕਿਹੜੀ ਕਿੰਨੀ ਕੁ ਹੇਠਾਂ ਜਾਂਦੀ ਹੈ। ਪਰ ਅੱਜ ਦੀ ਸਥਿਤੀ ਵਿਚ ਖ਼ਾਸ ਕਰ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਤੋਂ ਬਾਅਦ ਇਹੀ ਜਾਪਦਾ ਹੈ ਕਿ ਪੰਜਾਬ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਤਿਕੋਣੇ ਮੁਕਾਬਲੇ ਵੱਲ ਵਧ ਰਿਹਾ ਹੈ। ਇਕ ਪਾਸੇ ਕਾਂਗਰਸ ਤੇ ਉਸ ਨਾਲ ਮਨਪ੍ਰੀਤ ਬਾਦਲ ਤੇ ਸੁਰਜੀਤ ਸਿੰਘ ਬਰਨਾਲਾ ਦੀ ਪਾਰਟੀ ਸ੍ਰੋਮਣੀ ਅਕਾਲੀ ਦਲ ਲੌਗੋਵਾਲ ਦਾ ਸਾਮਿਲ ਹੋ ਜਾਣਾ, ਦੂਸਰਾ ਅਕਾਲੀ-ਭਾਜਪਾ ਗਠਜੋੜ ਅਤੇ ਤੀਸਰੇ ਪਾਸੇ ਆਮ ਆਦਮੀ ਪਾਰਟੀ ਮੁੱਖ ਮੁਕਾਬਲੇ ਵਿਚ ਹੋਣਗੀਆਂ। ਪਰ ਇਹ ਅੱਜ ਦੀ ਸਥਿਤੀ ਹੈ। ਚੋਣਾਂ ਵਿਚ ਅਜੇ ਸਮਾਂ ਬਾਕੀ ਹੈ, ਹੋ ਸਕਦਾ ਹੈ ਉਦੋਂ ਤੱਕ ਤਿੰਨਾਂ ਵਿੱਚੋਂ ਕਿਸੇ ਇੱਕ ਪਾਰਟੀ ਦਾ ਹੱਥ ਸਪੱਸ਼ਟ ਰੂਪ ਵਿਚ ਉੱਪਰ ਹੋ ਜਾਵੇ ਜਾਂ ਕੋਈ ਪਾਰਟੀ ਪੂਰੀ ਤਰ੍ਹਾਂ ਹੀ ਚੋਣ ਮੁਕਾਬਲੇ ਵਿਚੋਂ ਬਾਹਰ ਚਲੀ ਜਾਵੇ।

(ਸਭ ਤੋਂ ਪਹਿਲਾ ਗੱਲ ਕਰਦੇ ਹਾਂ ਕਾਂਗਰਸ ਪਾਰਟੀ ਦੀ)

ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਕਾਂਗਰਸ ਦੇ ਪ੍ਰਧਾਨ ਬਣਨ ਨਾਲ ਪੰਜਾਬ ਕਾਂਗਰਸ ਦੇ ਆਮ ਵਰਕਰਾਂ ਦਾ ਮਨੋਬਲ ਵਧਿਆ ਹੈ ਤੇ ਪਾਰਟੀ ਨੂੰ ਲੱਗ ਰਿਹਾ ਖੋਰਾ ਵੀ ਰੁਕ ਗਿਆ ਹੈ। ਪਰ ਕੈਪਟਨ ਲਈ ਵੀ ਰਾਹ ਕੋਈ ਏਨਾ ਸੌਖਾ ਨਹੀਂ ਹੈ। ਕੈਪਟਨ ਲਈ ਕਾਂਗਰਸ ਦੀ ਅੰਦਰੂਨੀ ਧੜੇਬੰਦੀ ਦਾ ਖਾਤਮਾਂ ਕਰਨਾ ਬੇਹੱਦ ਜਰੂਰੀ ਹੈ। ਇਸ ਲਈ ਕੈਪਟਨ ਅਮਰਿੰਦਰ ਸਿੰਘ ਦੀਆਂ ਪੰਜਾਬ ਦੇ ਪ੍ਰਮੁੱਖ ਕਾਂਗਰਸੀ ਨੇਤਾਵਾਂ ਨੂੰ ਨਾਲ ਲੈ ਕੇ ਚੱਲਣ ਦੀਆਂ ਕੋਸ਼ਿਸ਼ਾਂ ਨੂੰ ਬੂਰ ਜਰੂਰ ਪਿਆ ਹੈ। ਪੰਜਾਬ ਕਾਂਗਰਸ ਦੇ ਨਵੇਂ ਜਥੇਬੰਦਕ ਢਾਂਚੇ ਦੇ ਐਲਾਨ ਨਾਲ ਪਾਰਟੀ ਇਕਮੁੱਠ ਹੁੰਦੀ ਨਜਰ ਆਈ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ 30 ਤੋਂ ਵਧੇਰੇ ਬਾਗ਼ੀ ਉਮੀਦਵਾਰ ਮੈਦਾਨ ਵਿਚ ਸਨ। ਇਸ ਵਾਰ ਮਹਾਂਗਠਜੋੜ ਬਣਨ ਨਾਲ ਕਾਂਗਰਸ ਕੋਲ ਆਪਣੇ ਲਈ ਸੀਟਾਂ ਕਾਫੀ ਘੱਟ ਜਾਣਗੀਆਂ, ਜਿਸ ਕਰਕੇ ਇਸ ਵਾਰ ਵੀ ਬਾਗ਼ੀ ਉਮੀਦਵਾਰਾਂ ਦੀ ਵੱਡੀ ਗਿਣਤੀ ਸਾਹਮਣੇ ਆ ਸਕਦੀ ਹੈ। ਪਰ ਸਮਝਿਆ ਜਾ ਸਕਦਾ ਹੈ ਕਿ ਕੈਪਟਨ ਇਸ ਵਾਰ ਪਿਛਲੀ ਹਾਰ ਤੋਂ ਸਬਕ ਲੈਂਦੇ ਹੋਏ ਬਾਗ਼ੀ ਉਮੀਦਵਾਰਾਂ ਨੂੰ ਖੜ੍ਹੇ ਹੋਣ ਤੋਂ ਰੋਕਣ ਲਈ ਗੰਭੀਰ ਯਤਨ ਕਰਨਗੇ। ਕੈਪਟਨ ਸਾਹਮਣੇ ਇਕ ਵੱਡੀ ਚੁਣੌਤੀ ਇਹ ਵੀ ਹੈ ਕਿ ਉਹ ਅਕਾਲੀ ਦਲ ਦੇ ਮੁਕਾਬਲੇ ਵਿਚ ‘ਖਰਚਾ’ ਅਤੇ ਮੀਡੀਆ ਮੈਨੇਜਮੈਂਟ ਕਰ ਸਕਣਗੇ ਜਾਂ ਨਹੀਂ। ਦੂਜੇ ਪਾਸੇ ਸੋਸ਼ਲ ਮੀਡੀਆ ਤੇ ‘ਆਮ ਆਦਮੀ ਪਾਰਟੀ’ ਦੀ ਪਕੜ ਦਾ ਵੀ ਮੁਕਾਬਲਾ ਕਰ ਸਕਣਗੇ ਜਾਂ ਨਹੀਂ। ਅਸੀਂ ਸਮਝਦੇ ਹਾਂ ਕਿ ਪੰਜਾਬ ਕਾਂਗਰਸ ਅਤੇ ਕੈਪਟਨ ਅਮਰਿੰਦਰ ਸਿੰਘ ਦਾ ਭਵਿੱਖ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਨਾਲ ਜੁੜਿਆ ਹੋਇਆ ਹੈ ਕਿਉਂਕਿ ਕਾਂਗਰਸ ਦੀ ਪਿਛਲੀ ਵਾਰ ਦੀ ਹਾਰ ਦਾ ਪ੍ਰਮੁੱਖ ਕਾਰਨ ਪੀਪਲਜ਼ ਪਾਰਟੀ ਆਫ਼ ਪੰਜਾਬ (ਪੀ. ਪੀ. ਪੀ.) ਵੱਲੋਂ ਅਕਾਲੀ ਦਲ ਦੇ ਖਿਲਾਫ ਉਭਰੇ ਸਥਾਪਤੀ ਵਿਰੋਧੀ ਰੁਝਾਨ ਦੀਆਂ ਵੋਟਾਂ ਜ਼ਿਆਦਾ ਲੈ ਜਾਣਾ ਸੀ। ਇਸ ਵਾਰ ਸਪੱਸ਼ਟ ਰੂਪ ਵਿਚ ‘ਆਪ’ ਪੀ. ਪੀ. ਪੀ. ਨਾਲੋਂ ਜ਼ਿਆਦਾ ਤਾਕਤਵਰ ਹੈ। ਇਸ ਲਈ ਵੇਖਣ ਵਾਲੀ ਗੱਲ ਹੈ ਕਿ ਕੈਪਟਨ ‘ਆਪ’ ਨੂੰ ਪੰਜਾਬ ਵਿਚ ‘ਆਪ੍ਰਸੰਗਕ’ ਕਰਨ ਲਈ ਕੀ ਕਦਮ ਚੁੱਕਦੇ ਹਨ।

(ਸ੍ਰੋਮਣੀ ਅਕਾਲੀ ਦਲ ਬਾਦਲ ਦੀ ਸਥਿਤੀ ਤੇ ਵੀ ਮਾਰੀਏ ਇੱਕ ਝਾਤ)

ਸ੍ਰੋਮਣੀ ਅਕਾਲੀ ਦਲ ਬਾਦਲ ਦੀ ਸਥਿਤੀ ਇਸ ਤਰ੍ਹਾਂ ਲੱਗ ਰਹੀ ਹੈ ਕਿ ਜਿਵੇਂ ਅਕਾਲੀ ਦਲ ਦੇ ਪੈਰਾਂ ਹੇਠੋਂ ਰਾਜਨੀਤਕ ਜ਼ਮੀਨ ਪੂਰੀ ਤਰ੍ਹਾਂ ਖਿਸਕ ਚੁੱਕੀ ਹੈ ਤੇ ਅਕਾਲੀ ਦਲ ਦਾ ਹਾਲ ਦਿੱਲੀ ਵਿਚ ਹੋਏ ਕਾਂਗਰਸ ਦੇ ਹਾਲ ਨਾਲੋਂ ਵੀ ਮਾੜਾ ਹੋਵੇਗਾ। ਉਂਝ ਅਕਾਲੀ ਦਲ ਲਗਾਤਾਰ ਤੀਸਰੀ ਵਾਰ ਸਰਕਾਰ ਬਣਾਉਣ ਲਈ ਹਰ ਪੱਥਰ ਪਲਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਦੁਜੇ ਪਾਸੇ ਮਜੀਠੀਆ ਅਤੇ ਮਜੀਠੀਏ ਦਾ ਚਿੱਟਾ ਅਕਾਲੀ ਦਲ ਲਈ ਗਲੇ ਦੀ ਹੱਡੀ ਬਣਿਆਂ ਹੋਇਆ ਹੈ। ਅੰਦਰਖਾਤੇ ਭਾਜਪਾ ਵੀ ਮਜੀਠੀਏ ਕਾਰਨ ਪਾਰਟੀ ਤੇ ਲੱਗੇ ਨਸ਼ਾ ਤਸਕਰੀ ਦੇ ਧੱਬੇ ਤੋਂ ਕਾਫੀ ਨਰਾਜ਼ ਪਾਈ ਜਾ ਰਹੀ ਹੈ। ਦੂਸਰਾ ਡੇਰਾ ਸਿਰਸਾ ਮੁਖੀ ਦੀ ਮੁਆਫ਼ੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਕਰਕੇ ਬਣੀ ਵਿਸਫੋਟਿਕ ਸਥਿਤੀ ਨੂੰ ਸ਼ਾਂਤ ਕਰਨ ਲਈ ਉਸ ਨੇ ‘ਸਾਮ, ਦਾਮ, ਦੰਡ, ਭੇਦ’ ਦੀ ਨੀਤੀ ਅਪਣਾ ਕੇ ਜਿਥੇ ਆਪਣੇ ਕੁਝ ਪੁਰਾਣੇ ਵਿਰੋਧੀ ਤੇ ਘੱਟ ਤਾਕਤ ਵਾਲੇ ਨੇਤਾਵਾਂ ਨੂੰ ਦੇਸ਼ ਧ੍ਰੋਹ ਵਰਗੇ ਕੇਸਾਂ ਵਿਚ ਜੇਲ੍ਹਾਂ ਵਿਚ ਭੇਜ ਦਿੱਤਾ ਹੈ, ਉੱਥੇ ਨਵੇਂ ਉੱਭਰ ਰਹੇ ਰਾਜਨੀਤਕ ਚੇਹਰੇ ਜਿੰਨ੍ਹਾਂ ਵਿੱਚ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਭਾਈ ਪੰਥਪ੍ਰੀਤ ਸਿੰਘ ਵਰਗੇ ਧਾਰਮਿਕ ਨੇਤਾ ਵੀ ਸ਼ਾਮਿਲ ਹਨ, ਨੂੰ ਇਕ ਤਰ੍ਹਾਂ ਨਾਲ ‘ਚੁੱਪ’ ਹੀ ਕਰਵਾ ਦਿੱਤਾ ਹੈ। ਫਿਰ ਲਗਾਤਾਰ ਕੀਤੇ ਜਾ ਰਹੇ ਸੰਗਤ ਦਰਸ਼ਨਾ ਚ ਕੈਪਟਨ ਨਾਲ ਸ਼ਬਦੀ ਜੰਗ ਸ਼ੁਰੂ ਕਰਕੇ ਉਹ ਕਾਫੀ ਹੱਦ ਤੱਕ ਸਥਿਤੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ ਤੇ ਆਪਣੇ ਖਿਲਾਫ਼ ਉੱਭਰੇ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੇ ਹਨ। ਸ੍ਰੋਮਣੀ ਅਕਾਲੀ ਦਲ ਵਿੱਚ ਇਹ ਚਰਚਾ ਵੀ ਸੁਣਾਈ ਦੇ ਰਹੀ ਹੈ ਕਿ ਵਿਰੋਧੀ ਰੁਝਾਨ ਨੂੰ ਠੱਲ੍ਹ ਪਾਉਣ ਲਈ ਇਸ ਵਾਰ 25 ਤੋਂ 35 ਉਮੀਦਵਾਰ ਬਦਲੇ ਜਾ ਸਕਦੇ ਹਨ। ਇਹ ਵੀ ਪਤਾ ਲੱਗਾ ਹੈ ਕਿ ਅਕਾਲੀ ਦਲ ਕੁਝ ਥਾਵਾਂ ‘ਤੇ ਰਾਜਨੀਤੀ ਤੋਂ ਬਾਹਰਲੇ ਪਰ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿਚ ਸਤਿਕਾਰੇ ਜਾਂਦੇ ਵਿਅਕਤੀਆਂ, ਬੁੱਧੀਜੀਵੀ, ਪੱਤਰਕਾਰ ਤੇ ਸਮਾਜ ਸੇਵਕ ਆਦਿ (ਜਿਨ੍ਹਾਂ ਦਾ ਸਮਾਜਿਕ ਰੁਤਬਾ ਹੋਵੇ) ਨੂੰ ਵੀ ਉਮੀਦਵਾਰ ਬਣਾ ਸਕਦਾ ਹੈ। ਭਾਵੇਂ ਅਜਿਹੇ ਵਿਅਕਤੀਆਂ ਦੀ ਗਿਣਤੀ ਕੋਈ ਜ਼ਿਆਦਾ ਹੋਣ ਦੇ ਆਸਾਰ ਨਹੀਂ ਪਰ ਫਿਰ ਵੀ ਸਮਝਿਆ ਜਾਂਦਾ ਹੈ ਕਿ ਇਹ ਰਣਨੀਤੀ ‘ਆਪ’ ਵੱਲੋਂ ਅਪਣਾਈ ਜਾਣ ਵਾਲੀ ਨੀਤੀ ਨਾਲ ਨਿਪਟਣ ਲਈ ਸਹਾਇਕ ਹੋ ਸਕਦੀ ਹੈ।

(ਆਉ ਗੱਲ ਕਰੀਏ ਆਮ ਆਦਮੀ ਪਾਰਟੀ ਦੀ)

ਇਸ ਵੇਲੇ ਸਭ ਤੋਂ ਵੱਧ ਚਰਚਾ ਆਮ ਆਦਮੀ ਪਾਰਟੀ ਦੀ ਹੋ ਰਹੀ ਹੈ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਉਸ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹੇਗੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ‘ਆਪ’ ਨੂੰ ਲੋਕਾਂ ਦਾ ਆਪ ਮੁਹਾਰਾ ਸਮਰਥਨ ਮਿਲ ਰਿਹਾ ਹੈ। ਭਾਵੇਂ ਇਸ ਬਾਰੇ ਬਹੁਤੀ ਚਰਚਾ ਨਹੀਂ ਹੋਈ ਪਰ ਸਚਾਈ ਇਹੀ ਹੈ ਕਿ ‘ਆਪ’ ਆਪਣਾ ਸੰਗਠਨਾਤਮਿਕ ਢਾਂਚਾ ਵੀ ਅਕਾਲੀ ਦਲ ਤੇ ਕਾਂਗਰਸ ਨਾਲੋਂ ਜ਼ਿਆਦਾ ਮਜ਼ਬੂਤ ਕਰਦੀ ਜਾ ਰਹੀ ਹੈ। ਫਿਰ ਵੀ ਅਜੇ ‘ਆਪ’ ਦਾ ਜ਼ਿਆਦਾ ਜ਼ੋਰ ਮਾਲਵੇ ਵਿਚ ਹੀ ਹੈ। ਉਸ ਨੂੰ ਆਪਣਾ ਧਿਆਨ ਮਾਝੇ ਅਤੇ ਦੁਆਬੇ ਵੱਲ ਵੀ ਕੇਂਦਰਿਤ ਕਰਨਾ ਪਵੇਗਾ। ਪਰ ਆਮ ਆਦਮੀ ਪਾਰਟੀ ਲਈ ਇਕ ਮੁਸ਼ਕਿਲ ਤਾਂ ਪਾਰਟੀ ਦੇ ਬਾਗੀ ਧੜੇ, ਜਿਸ ਨੂੰ ਦੋ ਸੰਸਦ ਮੈਂਬਰਾਂ ਦਾ ਸਮਰਥਨ ਵੀ ਹਾਸਲ ਹੈ, ਵੱਲੋਂ ਬਰਾਬਰ ਦੇ ਉਮੀਦਵਾਰ ਖੜ੍ਹੇ ਕਰਨ ਦੀ ਹੈ ਤੇ ਦੂਸਰੀ ਸਭ ਤੋਂ ਵੱਡੀ ਮੁਸ਼ਕਿਲ ਪਾਰਟੀ ਕੋਲ ਮੁੱਖ ਮੰਤਰੀ ਵਜੋਂ ਪੇਸ਼ ਕਰਨ ਲਈ ਕੋਈ ਵੱਡਾ ਚਿਹਰਾ ਨਾ ਹੋਣ ਦੀ ਹੈ। ਕੌਣ ਹੋਵੇਗਾ ‘ਆਪ’ ਦਾ ਚਿਹਰਾ? ਹਾਲਾਂਕਿ ਬਹੁਤ ਚਰਚਾ ਹੈ ਕਿ ਸ੍ਰੀ ਅਰਵਿੰਦ ਕੇਜਰੀਵਾਲ ਖ਼ੁਦ ਹੀ ਪੰਜਾਬ ਚੋਣਾਂ ਵਿਚ ਪਾਰਟੀ ਦੇ ਚਿਹਰੇ ਵਜੋਂ ਸਾਹਮਣੇ ਆਉਣ ਗਏ , ਪਰ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੇਸ਼ੱਕ ਅਰਵਿੰਦ ਕੇਜਰੀਵਾਲ ਖ਼ੁਦ ਪੰਜਾਬ ਦੀਆਂ ਚੋਣਾਂ ਦੀ ਨਿਗਰਾਨੀ ਕਰਨਗੇ ਅਤੇ ਹਰ ਮਹੀਨੇ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਦੌਰੇ ਵੀ ਕਰਨਗੇ, ਪਰ ਉਹ ਖ਼ੁਦ ਪੰਜਾਬ ਵਿਧਾਨ ਸਭਾ ਦੀ ਚੋਣ ਨਹੀਂ ਲੜਨਗੇ। ਉਂਝ ਇਹ ਵੀ ਪੱਕਾ ਹੈ ਕਿ ਕੇਜਰੀਵਾਲ ਦੀ ਦਿੱਲੀ ਸਰਕਾਰ ਦੀ ਕਾਰਗੁਜ਼ਾਰੀ ਵਿਚ ਵੀ ਪੰਜਾਬ ਦੀਆਂ ਚੋਣਾਂ ਨੂੰ ਧਿਆਨ ਵਿਚ ਰੱਖਿਆ ਜਾਵੇਗਾ ਅਤੇ ਕੇਜਰੀਵਾਲ ਪਾਰਟੀ ਪ੍ਰਧਾਨ ਵਜੋਂ ਪਾਰਟੀ ਦਾ ਮੁੱਖ ਚਿਹਰਾ ਰਹਿਣਗੇ। ਮਿਲੀ ਜਾਣਕਾਰੀ ਅਨੁਸਾਰ ਜੇਕਰ ਪਾਰਟੀ ਵਿਚ ਕੋਈ ਬਹੁਤ ਵੱਡਾ ਤੇ ਨਵਾਂ ਚਿਹਰਾ ਸ਼ਾਮਿਲ ਨਾ ਹੋਇਆ ਤਾਂ ‘ਆਪ’ ਭਗਵੰਤ ਮਾਨ ਨੂੰ ਹੀ ਪਾਰਟੀ ਦੇ ਮੁੱਖ ਚੋਣ ਪ੍ਰਚਾਰਕ ਵਜੋਂ ਮੈਦਾਨ ਵਿਚ ਉਤਾਰੇਗੀ। ਭਾਵੇਂ ਸਪੱਸ਼ਟ ਰੂਪ ਵਿਚ ਮਾਨ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਦੇ ਅਸਾਰ ਘੱਟ ਹੀ ਹਨ।

1-2 (1)

ਰਣ ਸਿੰਘ ਚੱਠਾ
ਮੋਬਾਂ- 98159:32006
ਚੱਠਾ ਨੰਨਹੇੜਾ (ਸੰਗਰੂਰ)
ਪ੍ਰਤੀਨਿਧ ਦਿੜ੍ਹਬਾ ਮੰਡੀ

Share Button

Leave a Reply

Your email address will not be published. Required fields are marked *