Sat. Aug 24th, 2019

ਕੋਚਿੰਗ ਅਕੈਡਮੀਆਂ ਦਾ ਮਹਾਂਜ਼ਾਲ: ਪਿ੍ੰ ਵਿਜੈ ਗਰਗ

ਕੋਚਿੰਗ ਅਕੈਡਮੀਆਂ ਦਾ ਮਹਾਂਜ਼ਾਲ: ਪਿ੍ੰ ਵਿਜੈ ਗਰਗ

. .       ਵੈਸੇ ਤਾਂ ਦੇਸ਼ ਵਿਚ ਕਈ ਤਰਾਂ ਦੇ ਸਾਮਰਾਜ ਹਨ ਜਿਵੇਂ ਭੌਂ -ਮਾਫੀਆ, ਖਨਣ-ਮਾਫੀਆ , ਕੇਬਲ ਮਾਫੀਆ , ਖੇਡ ਮਾਫੀਆ, ਹਵਾਲਾ ਮਾਫੀਆ, ਟਰਾਂਸਪੋਰਟ ਮਾਫੀਆ ਤੇ ਕਈ ਕੁਝ ਹੋਰ | ਇਹਨਾਂ ਵਿਚੋਂ ਕੋਚਿੰਗ ਅਕੈਡਮੀਆਂ ਵਾਲਾ ਸਾਮਰਾਜ ਬਹੁਤ ਵੱਡਾ ਤੇ ਪੂਰੇ ਦੇਸ਼ ਵਿਚ ਆਪਣੇ ਫੰਨ ਖਿਲਾਰੀ ਬੈਠਾ ਹੈ |
.                ਰਾਜਸਥਾਨ ਦਾ ਸ਼ਹਿਰ ਕੋਟਾ ਇਸ ਸਾਮਰਾਜ ਦੀ ਇਕ ਤਰਾਂ ਰਾਜਧਾਨੀ ਹੈ | ਹਰ ਸਾਲ ਮੈਡੀਕਲ , ਨਾਨ ਮੈਡੀਕਲ , ਕਾਮਰਸ ਤੇ ਹੋਰ ਖੇਤਰ ਦੇ ਬੱਚੇ ਮੁਕਾਬਲੇ ਦੀਆਂ ਉਚੇਰੀਆਂ ਪਰੀਖਿਆਵਾਂ ਜਿਵੇਂ ਨੀਟ, ਜੇ ਈ.ਈ, ਆਦਿ ਦੀ ਕੋਚਿੰਗ ਲੈਣ ਲਈ ਕੋਟੇ ਜਾਂਦੇ ਹਨ| ਇਹ ਗਿਣਤੀ ਲੱਖਾਂ ‘ਚ ਹੈ | ਪੰਜਾਬ ਦੀ ਰਾਜਧਾਨੀ ਚੰਡੀਗੜ ਦਾ ਨਾਂ ਵੀ ਕੋਚਿੰਗ ਇੰਡਸਟਰੀ ਵਜੋਂ ਸਥਾਪਿਤ ਹੋ ਗਿਆ ਹੈ | ਲੱਖਾਂ ਬੱਚੇ ਪੰਜਾਬ , ਹਰਿਆਣਾ , ਹਿਮਾਚਲ ਤੋਂ ਕੋਚਿੰਗ ਲੈਣ ਲਈ ਚੰਡੀਗੜ ਆਉਂਦੇ ਹਨ |  ਇਕ ਮੋਟੇ ਅੰਦਾਜੇ ਮੁਤਾਬਕ ਕੋਟੇ ਵਿਚ ਹਰ ਸਾਲ 600ਕਰੋੜ ਅਤੇ ਚੰਡੀਗੜ ਵਿਚ 250 ਕਰੋੜ ਦਾ ਇਹ ਕਾਰੋਬਾਰ ਹੈ |
.               ਕਰੀਬ ਕਰੀਬ ਤੇਰਾ ਲੱਖ ਬੱਚੇ ਜੇ ਈ ਈ ਵਿਚ ਅਪੀਅਰ ਹੁੰਦੇ ਨੇ |ਸੀਟਾਂ ਕੇਵਲ  ਦਸ ਹਜਾਰ ਹਨ | ਇੰਜ ਪਾਸ ਪ੍ਤੀਸ਼ਤ ਕੇਵਲ .007 % ਹੈ | ਇਸ ਵਿਚੋਂ ਕੋਟੇ ਤੇ ਚੰਡੀਗੜ ਵਾਲਿਆਂ ਦਾ ਅੱਗੋਂ ਹਿਸਾਬ ਲਗਾ ਲਵੋ |
ਇਸੇ ਤਰਾਂ ਨੀਟ ਦਾ ਟੈਸਟ ਵੀ ਲਗਭਗ 13ਲੱਖ ਬੱਚਿਆਂ ਨੇ ਦਿਤਾ ਹੈ ਤੇ ਸਰਕਾਰੀ ਕੋਟੇ ਦੀਆਂ ਮੈਡੀਕਲ ਸੀਟਾਂ ਕੇਵਲ 20ਹਜਾਰ  ਹਨ |ਪਾਸ %ਕੇਵਲ .14 ਹੈ | ਦੇਖਣ ਵਿਚ ਆਇਆ ਹੈ ਕਿ  ਚੰਡੀਗੜ ਦੀ ਇਕ ਮਸ਼ਹੂਰ ਅਕੈਡਮੀ ਵਿਚ 4000 ਦੇ ਕਰੀਬ ਵਿਦਿਆਰਥੀ ਕੋਚਿੰਗ ਲੈਂਦੇ ਹਨ ਪਰ ਕੇਵਲ 50 ਤੋਂ 70 ਤੱਕ ਹੀ ਕਿਸੇ ਕੋਰਸ ਵਿਚ ਚੁਣੇ ਜਾਂਦੇ ਹਨ | ਇਹਨਾਂ 50ਜਾਂ 60 ਵਿਦਿਆਰਥੀਆਂ ਦੀਆਂ ਤਸਵੀਰਾਂ ਨਾਲ ਅਖਬਾਰਾਂ ਭਰਕੇ ਇਹ ਅਕੈਡਮੀ ਆਪਣੀ ਮਸ਼ਹੂਰੀ ਦਾ ਝੰਡਾ ਬੁਲੰਦ ਕਰ ਲੈਂਦੀ ਹੈ | ਕਰੀਬ ਹਰ ਵਿਦਿਆਰਥੀ ਦੋ-ਢਾਈ ਲੱਖ ਸਾਲਾਨਾ ਫੀਸ ਅਕੈਡਮੀ ਨੂੰ ਦਿੰਦਾ ਹੈ | ਇੰਜ ਅੱਸੀ ਕਰੋੜ ਦੀ ਰਕਮ ਕੋਚਿੰਗ ਅਕੈਡਮੀ ਵਾਲੇ ਬਣਾ ਲੈਂਦੇ ਹਨ | ਇਸ ਵਿਚੋਂ ਜੇ ਸਟਾਫ ਦੀਆਂ ਤਨਖਾਹਾਂ , ਅਫਸਰਾਂ/ਸਿਆਸਤਦਾਨਾ ਦੀਆਂ ਵੰਗਾਰਾਂ ਅਤੇ ਅਖਬਾਰੀ ਇਸ਼ਤਿਹਾਰਾਂ ਦੇ ਰੂਪ ਵਿਚ ਮੀਡੀਏ ਦੀ ਸੇਵਾ ਦੇ ਪੰਜ-ਸੱਤ ਕਰੋੜ ਕੱਢ ਵੀ ਦਿੱਤੇ ਜਾਣ ਤਾਂ ਵੀ ਇਕ ਅਕੈਡਮੀ ਵਾਲੇ ਸਾਮਰਾਜ ਦੀ ਕਮਾਈ 70ਕਰੋੜ ਨੂੰ ਜਾ ਢੁਕਦੀ ਹੈ | ਇਹ ਕਾਰੋਬਾਰ ਸ਼ੈਤਾਨ ਦੀ ਆਂਤ ਵਾਂਗ ਦਿਨੋ ਦਿਨ ਵਧਦਾ ਹੀ ਜਾ ਰਿਹਾ |
.                       ਇਸ ਸਿਖਿਆ ਮਾਫੀਏ ਨੇ ਸਕੂਲਾਂ ਵਿਚੋਂ ਪੜਾਈ ਦਾ ਵੀ ਸਭਿਆਚਾਰ ਖਤਮ ਕਰ ਦਿਤਾ ਹੈ | ਵਿਦਿਆਰਥੀ ਦੂਰ-ਦੁਰਾਡੇ ਦੇ ਸਕੂਲਾਂ ਵਿਚ ਡੰਮੀ ਦਾਖਲਾ ਲੈਂਦੇ ਹਨ| ਕੋਚਿੰਗ ਅਕੈਡਮੀਆਂ ਦੇ ਢਹੇ ਚੜੇ ਬੱਚੇ ਦਿਨ ਰਾਤ ਕੋਹਲੂ ਦੇ ਬੈਲ ਵਾਂਗ ਪੜਾਈ ਕਰਦੇ ਹਨ |ਜੋ ਸਖਤ ਮਿਹਨਤ ਤੇ ਕਿਸਮਤ ਦੇ ਚੱਕਰਚੂੰਡੇ ‘ਤੇ ਚੜਕੇ ਪਾਸ ਹੋਣ ਵਿਚ ਸਫਲ ਨਹੀਂ ਹੁੰਦੇ ,ਉਹ ਘੋਰ ਨਿਰਾਸ਼ਾ ਦਾ ਸ਼ਿਕਾਰ ਹੋ ਜਾਂਦੇ ਹਨ| ਕੋਟੇ ਤਾਂ ਖੁਦਕਸ਼ੀਆਂ ਦਾ ਅਮੁੱਕ ਦੌਰ ਵੀ ਚੱਲ ਪਿਆ ਸੀ | ਨਿਰਾਸ਼ ਵਿਦਿਆਰਥੀ ਕਿਸੇ ਪਾਸੇ ਦੇ ਨਹੀਂ ਰਹਿੰਦੇ | ਮਾਪੇ ਵੀ ਕੋਚਿੰਗ ਅਕੈਡਮੀ ਦੇ ਸਾਮਰਾਜੀ ਮਾਫੀਏ ਨੂੰ ਕੋਸਣ ਦੀ ਬਜਾਏ ਆਪਣੀ ਕਿਸਮਤ ਅਤੇ ਬੱਚੇ ਵਲੋਂ “ਸਹੀ ਢੰਗ” ਨਾਲ ਮਿਹਨਤ ਨਾ ਕਰਨ ਨੂੰ ਹੀ ਦੋਸ਼ ਦੇਣ ਲੱਗਦੇ ਹਨ | ਲੋਕ ਇਹ ਕਤਈ ਨਹੀਂ ਸੋਚਦੇ ਕਿ ਜੇਕਰ ਕੋਈ ਵੀ ਬੱਚਾ ਕੋਚਿੰਗ ਲੈਣ ਨਾ ਜਾਵੇ , ਪੱਧਰ ਫਿਰ ਵੀ ਇਹੀ ਰਹੇਗਾ |ਆਪਸੀ ਮੁਕਾਬਲੇ ਵਿਚ ਯੋਗ ਬੱਚਾ ਹੀ ਸੀਟ ਲੈਣ ਵਿਚ ਕਾਮਯਾਬ ਹੋਵੇਗਾ |
.                  ਕੋਚਿੰਗ ਅਕੈਡਮੀ ਦੇ ਸਾਮਰਾਜ ਵਾਲੇ ਆਪਣੀ ਕਮਾਈ ਆਸਰੇ ਪਰੀਖਿਆਵਾਂ ਲੈਣ ਵਾਲੀਆਂ ਵੱਡੀਆਂ ਸੰਸਥਾਵਾਂ ਨੂੰ ਵੀ ਪ੍ਭਾਵਿਤ ਕਰਨ ਦੀ ਕੋਸ਼ਿਸ਼ ਕਰਦੀਆਂ ਹਨ | ਵਿਦਿਆਰਥੀਆਂ ਵਿਚ ਇਹ ਭਰਮ ਵੀ ਪੈਦਾ ਕੀਤਾ ਜਾਂਦਾ ਕਿ ਸਾਡੀ ਅਕੈਡਮੀ ਵਾਲਿਆਂ ਦੀ ਉਪਰ ਸੈਟਿੰਗ ਹੈ ਤੇ ਪੇਪਰ ਇਹਨਾਂ ਦੀ ਮਰਜੀ ਦਾ ਹੀ ਆਉਣਾ ਹੈ | ਸੋ ਕੋਚਿੰਗ ਸਾਮਰਜੀ ਬੱਚਿਆਂ ਦੀ ਆਰਥਿਕ ਹੀ ਨਹੀਂ ਮਾਨਸਿਕ ਲੁੱਟ ਵੀ ਕਰਦੇ ਹਨ| ਹਰ ਹਫਤੇ ਅਕੈਡਮੀ ਅੰਦਰ ਟੈਸਟ ਲੈਣ ਦਾ ਅਡੰਬਰ ਕਰਦੇ ਨੇ ਤੇ ਬੱਚਿਆਂ ਦੀ ਜਾਅਲੀ ਰੈਕਿੰਗ ਦੇ ਮੈਸੇਜ ਕਰਕੇ ਮਾਪਿਆਂ ਦਾ ਦਿਲ ਧਰਾਈ ਰੱਖਦੇ ਨੇ ;ਮਾਪਿਆਂ ਨੂੰ ਆਪਣੇ ਨਾਲ ਵੱਜੀ ਠੱਗੀ ਦਾ ਗਿਆਨ ਬਹੁਤ ਦੇਰ ਨਾਲ ਹੁੰਦਾ ਹੈ |
.           ਇਹ ਕੋਚਿੰਗ ਅਕੈਡਮੀਆਂ ਦੇ ਸਾਮਰਾਜ ਨੂੰ ਕੌਣ ਕੰਟਰੋਲ ਕਰਦਾ ਹੈ ? ਆਮਦਨ ਟੈਕਸ ਕਿੰਨਾ ਕੁ ਅਦਾ ਕਰਦੇ ਨੇ ? ਸਰਕਾਰ ਦਾ ਕੀ ਰੋਲ ਹੈ ? ਕਿਤੇ ਸਕੂਲਾਂ ਦੀ ਹਾਲਤ ਨਾ ਸੁਧਰਨ ਦੇਣ ਲਈ ਇਹ ਮਾਫੀਆ ਤਾਂ ਜਿੰਮੇਵਾਰ ਨਹੀਂ ?

Leave a Reply

Your email address will not be published. Required fields are marked *

%d bloggers like this: