ਕੋਕਾ ਕੋਲਾ ਜਰਖੜ ਖੇਡਾਂ ਦਾ ਸ਼ਾਨਦਾਰ ਆਗਾਜ਼ – ਮੁੱਢਲੇ ਮੈਚਾਂ ਵਿੱਚ ਚੰਡੀਗੜ ਅਤੇ ਰਾਮਪੁਰ ਵੱਲੋਂ ਜੇਤੂ ਸ਼ੁਰੂਆਤ

ss1

ਕੋਕਾ ਕੋਲਾ ਜਰਖੜ ਖੇਡਾਂ ਦਾ ਸ਼ਾਨਦਾਰ ਆਗਾਜ਼ – ਮੁੱਢਲੇ ਮੈਚਾਂ ਵਿੱਚ ਚੰਡੀਗੜ ਅਤੇ ਰਾਮਪੁਰ ਵੱਲੋਂ ਜੇਤੂ ਸ਼ੁਰੂਆਤ
ਉਲੰਪੀਅਨ ਗੁਰਬਾਜ ਸਿੰਘ ਅਤੇ ਬਲਵੀਰ ਸਿੰਘ ਰੇਲਵੇ ਨੇ ਕੀਤਾ ਉਦਘਾਟਨ

ਲੁਧਿਆਣਾ (ਕਾਹਲੋਂ): ਹਾਕੀ ਇੰਡੀਆਂ ਵੱਲੋਂ ਮਾਨਤਾ ਪ੍ਰਾਪਤ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਵੱਲੋਂ ਕੋਕਾ ਕੋਲਾ ਜਰਖੜ ਖੇਡਾਂ ਉਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਬਲ ਦਾ ਸ਼ਾਨਦਾਰ ਆਗਾਜ਼ ਬੀਤੀ ਰਾਤ ਫਲੱਡ ਲਾਇਟਾਂ ਦੀ ਰੋਸ਼ਨੀ ਵਿੱਚ ਜਰਖੜ ਸਟੇਡੀਅਮ ਵਿਖੇ ਹੋਇਆ। ਨੀਲੇ ਅਤੇ ਲਾਲ ਰੰਗ ਦੀ ਨਵੀਂ ਐਸਟਰੋਟਰਫ ਤੇ ਰੰਗ ਬਿਰੰਗੇ ਝੰਡੇ ਬੈਨਰਾਂ ਨਾਲ ਸਜਿਆ ਜਰਖੜ ਸਟੇਡੀਅਮ ਇੱਕ ਅੰਤਰ ਰਾਸ਼ਟਰੀ ਪੱਧਰ ‘ਤੇ ਦਿਖ ਦਰਸਾ ਰਿਹਾ ਸੀ।
ਦਰਸ਼ਕਾ ਦੇ ਭਰਵੇਂ ਇਕੱਠ ਦੌਰਾਨ ਉਲੰਪੀਅਨ ਗੁਰਬਾਜ ਸਿੰਘ ਅਤੇ ਸਾਬਕਾ ਉਲੰਪੀਅਨ ਬਲਵੀਰ ਸਿੰਘ ਰੇਲਵੇ ਨੇ ਟੂਰਨਾਮੈਂਟ ਦਾ ਆਰੰਭ ਗੁਬਾਰੇ ਉਡਾ ਕੇ ਕੀਤਾ ਅਤੇ ਉਦਘਾਟਨ ਮੈਚ ਦੀਆਂ ਟੀਮਾਂ ਉਲੰਪੀਅਨ ਧਰਮ ਸਿੰਘ ਇਲੈਵਨ ਚੰਡੀਗੜ ਅਤੇ ਸ਼ਹੀਦ ਊਧਮ ਸਿੰਘ ਕਲੱਬ ਸੁਨਾਮ ਦੀਆਂ ਟੀਮਾਂ ਦੇ ਖਿਡਾਰੀਆਂ ਦੇ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ ਖੇਡੇ ਗਏ ਉਦਘਾਟਨੀ ਮੈਚ ਵਿੱਚ ਚੰਡੀਗੜ ਨੇ ਸ਼ਹੀਦ ਊਧਮ ਸਿੰਘ ਕਲੱਬ ਸੁਨਾਮ ਨੂੰ 6 – 1 ਨਾਲ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਮੈਚ ਦੇ ਪਹਿਲੇ ਕੁਆਟਰ ਵਿੱਚ ਸੁਨਾਮ ਦਾ ਪਲੜਾ ਭਾਰੂ ਰਿਹਾ ਜਦਕਿ ਬਾਕੀ ਕੁਆਟਰਾਂ ਵਿੱਚ ਚੰਡੀਗੜ ਦਾ ਦਬਦਬਾ ਰਿਹਾ। ਮੈਚ ਦਾ ਪਹਿਲਾ ਗੋਲ ਸੁਨਾਮ ਵੱਲੋਂ ਤੀਸਰੇ ਮਿੰਟ ਵਿੱਚ ਜਸਬੀਰ ਸਿੰਘ ਨੇ ਕੀਤਾ ਜਦਕਿ ਚੰਡੀਗੜ ਵੱਲੋਂ ਸੰਜੈ ਕੁਮਾਰ ਨੇ ਉਪਰੋ ਥਲੀ ਤੀਸਰੇ ਕੁਆਟਰ ਵਿੱਚ 4 ਗੋਲ ਕਰ ਕੇ ਮੈਚ ਦਾ ਪਾਸਾ ਪਲਟ ਦਿੱਤਾ। ਇਸ ਤੋਂ ਇਲਾਵਾ ਜੇਤੂ ਟੀਮ ਵੱਲੋਂ ਉਲੰਪੀਅਨ ਸੁਖਬੀਰ ਸਿੰਘ ਗਿੱਲ ਅਤੇ ਗੁਰਬੀਰ ਸਿੰਘ ਗਿੱਲ ਨੇ 1- 1 ਗੋਲ ਕਰ ਕੇ ਆਪਣੀ ਟੀਮ ਦੀ ਜਿੱਤ ਪੱਕੀ ਕੀਤੀ । ਦੂਸਰੇ ਮੈਚ ਵਿੱਚ ਨੀਟਾ ਕਲੱਬ ਰਾਮਪੁਰ ਨੇ ਪਿਛਲੇ ਸਾਲ ਦੀ ਉਪ ਜੇਤੂ ਗਰੇਵਾਲ ਕਲੱਬ ਕਿਲ੍ਹਾ ਰਾਇਪੁਰ ਨੇ 6 – 2 ਨਾਲ ਹਰਾ ਕੇ ਪਹਿਲਾ ਉਲਟ ਫੇਰ ਕੀਤਾ। ਜੇਤੂ ਟੀਮ ਵੱਲੋਂ ਗੁਰਭੇਜ ਸਿੰਘ ਅਤੇ ਰਵਿੰਦਰ ਸਿੰਘ ਨੇ ਪਹਿਲੇ ਅੱਧ ਵਿੱਚ 2 – 2 ਗੋਲ ਕੀਤੇ ਜਦਕਿ ਪਰਵਿੰਦਰ ਸਿੰਘ ਗੋਲੋ ਅਤੇ ਅਵਤਾਰ ਸਿੰਘ ਨੇ 1-1 ਗੋਲ ਕੀਤਾ। ਪਹਿਲੇ ਅੱਧ ਤੱਕ ਜੇਤੂ ਟੀਮ 4-2 ਨਾਲ ਅੱਗੇ ਸੀ। ਕਿਲ੍ਹਾ ਰਾਇਪੁਰ ਵੱਲੋਂ ਸੁਖਪਾਲ ਸਿੰਘ ਅਤੇ ਹਰਜੋਤ ਸਿੰਘ ਨੇ 1-1 ਗੋਲ ਕੀਤਾ।
ਅੱਜ ਦੇ ਉਦਘਾਟਨੀ ਸਮਰੋਹ ਦੌਰਾਨ ਜਰਖੜ ਖੇਡਾਂ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਸਿੱਧੂ ਏ.ਆਈ.ਜੀ. ਫਿਰੋਜ਼ਪੁਰ ਅਤੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਇਸ ਮੌਕੇ ਬਾਈ ਸੁਰਜੀਤ ਸਿੰਘ ਸਾਹਨੇਵਾਲ ਮੁੱਖ ਸੇਵਾਦਾਰ ਗੁਰਦੁਆਰਾ ਕਮੇਟੀ, ਅਸ਼ੋਕ ਕੁਮਾਰ ਪ੍ਰਾਸ਼ਰ ਪੱਪੀ ਸ਼ਾਹਪੁਰੀਆ ਚੇਅਰਮੈਨ ਜਰਖੜ ਅਕੈਡਮੀ, ਐਡਵੋਕੇਟ ਹਰਕਮਲ ਸਿੰਘ , ਰੋਬਿਨ ਸਿੱਧੂ, ਗੁਰਪਾਲ ਸਿੰਘ ਲਾਡੀ ਯੂ.ਕੇ. , ਹਰਦਿਆਲ ਸਿੰਘ ਅਮਨ, ਸਕੱਤਰ ਜਗਦੀਪ ਸਿੰਘ ਕਾਹਲੋਂ, ਹਰਪਿੰਦਰ ਸਿੰਘ ਟੋਹੜਾ, ਯਾਦਵਿੰਦਰ ਸਿੰਘ ਤੂਰ, ਮਨਪ੍ਰੀਤ ਸਿੰਘ ਢੇਰੀ ਪ੍ਰਧਾਨ ਪੀ.ਏ.ਯੂ ਕਿਸਾਨ ਕਲੱਬ, ਦਰਸ਼ਨ ਸਿੰਘ ਸਾਬਕਾ ਡੀ.ਪੀ.ਆਰ.ਓ , ਐਡਵੋਕੇਟ ਭੁਪਿੰਦਰ ਸਿੰਘ ਸਿੱਧੂ, ਮਾਸਟਰ ਹਰੀ ਸਿੰਘ, ਅਮਰਿੰਦਰ ਸਿੰਘ ਜੱਸੋਵਾਲ, ਰਵਿੰਦਰਪਾਲ ਸਿੰਘ ਪਾਲੀ, ਸੁਰਜੀਤ ਸਿੰਘ ਲਤਾਲਾ, ਅਮਰਿੰਦਰ ਸਿੰਘ ਪੁਨੀਆ, ਹਰਨੇਕ ਸਿੰਘ ਖੰਨਾ, ਗੁਰਮੇਲ ਸਿੰਘ ਦੁੱਗਰੀ, ਰੀਤ ਮਹਿੰਦਰ ਸਿੰਘ ਗਰੇਵਾਲ, ਪਹਿਲਵਾਨ ਹਰਮੇਲ ਸਿੰਘ, ਮਲਕੀਤ ਸਿੰਘ ਆਲਮਗੀਰ ਆਦਿ ਇਲਾਕੇ ਦੀਆਂ ਅਤੇ ਖੇਡ ਜਗਤ ਦੀਆਂ ਉਘੀਆ ਸ਼ਖਸੀਅਤਾ ਹਾਜ਼ਰ ਸਨ।
ਉਲੰਪੀਅਨ ਗੁਰਬਾਜ ਸਿੰਘ ਨੇ ਜਰਖੜ ਅਕੈਡਮੀ ਨੂੰ 21 ਹਜ਼ਾਰ ਅਤੇ 11 ਕੰਮਪੋਜਿਟ ਹਾਕੀ ਸਟਿਕਾ ਦਿੱਤੀਆਂ
ਜਰਖੜ ਖੇਡਾਂ ਦਾ ਉਦਘਾਟਨ ਕਰਨ ਪਹੁੰਚੇ ਉਲੰਪੀਅਨ ਗੁਰਬਾਜ ਸਿੰਘ ਨੇ ਜਰਖੜ ਅਕੈਡਮੀ ਹਾਕੀ ਦੇ ਖਿਡਾਰੀਆਂ ਨੂੰ ਆਪਣੀ ਤਰਫੋਂ ਵਿਸ਼ੇਸ਼ ਟਰੇਨਿੰਗ ਦੇਣ ਦਾ ਭਰੋਸਾ ਦਿੱਤਾ। ਉਥੇ ਉਨ੍ਹਾਂ ਨੇ ਅਕੈਡਮੀ ਦੇ ਹੋਣਹਾਰ ਗਰੀਬ ਖਿਡਾਰੀਆਂ ਲਈ 11 ਕੰਮਪੋਜਿਟ ਸਟਿਕਾ ਦੇਣ ਦਾ ਵਾਧਾ ਵੀ ਕੀਤਾ। ਇਸ ਤੋਂ ਇਲਾਵਾ 21 ਹਜ਼ਾਰ ਰੁਪਏ ਖਿਡਾਰੀ ਦੀ ਵਿੱਤੀ ਸਹਾਇਤਾ ਲਈ ਵੀ ਦਿੱਤੇ। ਇਸ ਮੌਕੇ ਉਨ੍ਹਾਂ ਨੇ ਅਕੈਡਮੀ ਦੇ ਚੀਫ਼ ਕੋਚ ਹਰਮਿੰਦਰਪਾਲ ਸਿੰਘ ਅਤੇ ਗੁਰਸਤਿੰਦਰ ਸਿੰਘ ਦੇ ਯਤਨਾ ਦੀ ਵੀ ਸ਼ਲਾਘਾ ਕੀਤੀ। ਜਿਨ੍ਹਾਂ ਦੀ ਕੋਚਿੰਗ ਸਦਕਾ ਜਰਖੜ ਅਕੈਡਮੀ ਹੁਨਰਮੰਦ ਖਿਡਾਰੀ ਪੈਦਾ ਕਰ ਰਹੀ ਹੈ।
ਜਰਖੜ ਅਕੈਡਮੀ ਦੇ ਤਿੰਨ ਹੋਰ ਖਿਡਾਰੀਆਂ ਨੂੰ ਮਿਲੀ ਸਰਕਾਰੀ ਨੌਕਰੀ
ਜਰਖੜ ਅਕੈਡਮੀ ਦੀਆਂ ਪ੍ਰਾਪਤੀਆਂ ਵਿੱਚ ਅੱਜ ਖੇਡਾਂ ਦੇ ਉਦਘਾਟਨੀ ਸਮਰੋਹ ਦੌਰਾਨ ਉਸ ਵੇਲੇ ਇੱਕ ਹੋਰ ਵਾਧਾ ਹੋਇਆ। ਜਦੋਂ ਅਕੈਡਮੀ ਵਿੱਚ ਟਰੇਨਿੰਗ ਲੈ ਰਹੇ ਤਿੰਨ ਹੋਰ ਖਿਡਾਰੀਆਂ ਨੂੰ ਸਰਕਾਰੀ ਨੌਕਰੀ ਦੀ ਪੇਸ਼ਕਸ਼ ਮਿਲੀ। ਜਿਸ ਵਿੱਚ ਗੋਲਕੀਪਰ ਆਜ਼ਾਦ ਸ਼ਰਮਾ, ਸੁਖਪ੍ਰੀਤ ਸਿੰਘ ਪੰਜਾਬ ਪੁਲਿਸ ਦੇ ਵਿੱਚ ਅਤੇ ਲਵਜਿੰਦਰ ਸਿੰਘ ਫ਼ੌਜ ਦੀ ਹਾਕੀ ਟੀਮ ਲਈ ਚੁਣੇ ਗਏ। ਅਕੈਡਮੀ ਦੇ ਪ੍ਰਧਾਨ ਅਜੈਪਾਲ ਸਿੰਘ ਮਾਂਗਟ ਨੇ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਦੇ ਵਿੱਚ 25 ਖਿਡਾਰੀ ਪਹਿਲਾਂ ਹੀ ਸਰਕਾਰੀ ਨੌਕਰੀਆਂ ਤੇ ਜਾ ਚੁੱਕੇ ਹਨ ਤੇ ਤਿੰਨ ਹੋਰ ਖਿਡਾਰੀਆਂ ਨੂੰ ਨੌਕਰੀ ਮਿਲਣ ਨਾਲ 28 ਖਿਡਾਰੀ ਹੁਣ ਤੱਕ ਵੱਖ ਵੱਖ ਵਿਭਾਗਾ ਵਿੱਚ ਜਰਖੜ ਅਕੈਡਮੀ ਵੱਲੋਂ ਜਾ ਚੁੱਕੇ ਹਨ।

Share Button

Leave a Reply

Your email address will not be published. Required fields are marked *