ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ

ss1

ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਅੱਜ ਕਲ ਕੋਈ ਕਿਸੇ ਨੂੰ ਨਹੀਂ ਪੁੱਛਦਾ। ਸਭ ਨੂੰ ਆਪੋ ਧਾਪੀ ਪਈ ਹੈ। ਘਰ ਵਿੱਚ ਹੀ ਇੱਕ ਦੂਜੇ ਨੂੰ ਦੂਜੇ ਦੀ ਪ੍ਰਵਾਹ ਨਹੀਂ ਹੈ। ਗੁਆਂਢੀਂ ਨੇ ਗੁਆਂਢੀਂ ਤੋਂ ਕੀ ਲੈਣਾ ਹੈ? ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ। ਇਕੱਲੇ ਖਾ ਕੇ ਬਹੁਤਾ ਖਾਣ ਨਾਲ ਬਦਹਜ਼ਮੀ ਹੋ ਜਾਂਦੀ ਹੈ। ਐਵੇਂ ਹੀ ਨਹੀਂ ਸ਼ੂਗਰ ਤੇ ਹਾਈ, ਲੋਹ ਬਲੱਡ ਪ੍ਰੈਸ਼ਰ ਵਰਗੇ ਰੋਗ ਲੱਗੀ ਜਾਂਦੇ ਹਨ। ਸਬ ਨੂੰ ਆਪਣੇ ਸੁੱਖਾਂ ਦੀ ਤੇ ਢਿੱਡ ਦੀ ਪਈ ਹੈ। ਨਿੰਦਰ ਦੇ ਡੈਡੀ ਨੂੰ ਬਿਮਾਰ ਦੇਖ ਕੇ, ਉਸ ਦੀ ਮੰਮੀ ਬਿਮਾਰ ਹੋ ਗਈ ਸੀ। ਉਹ ਉਸ ਦਾ ਖ਼ਿਆਲ ਰੱਖਦੀ ਹੋਈ, ਆਪਣਾ ਖਾਣਾ ਪੀਣਾ ਭੁੱਲ ਗਈ ਸੀ। ਜੈਸਾ ਵੀ ਮਿਲਦਾ ਸੀ। ਵੈਸਾ ਹੀ ਖਾ ਲੈਂਦੀ ਸੀ। ਅੱਜ ਕਲ ਪਿੰਡਾਂ ਦਾ ਖਾਣਾ ਵੀ ਕਿਸੇ 5ਸਟਾਰ ਹੋਟਲ ਤੋਂ ਘੱਟ ਨਹੀਂ ਹੈ। ਕਿਸੇ ਤੋਂ ਮਾੜਾ ਥੋੜ੍ਹੀ ਕਹਾਉਣਾ ਹੈ। ਚਾਹੇ ਹੋਵੇ ਨਾਂ ਕੱਖ ਪੱਲੇ, ਪਰ ਬਾਜ਼ਾਰ ਖੜ੍ਹੀ ਮੱਲੇ। ਹਰ ਰੋਜ਼ ਪਨੀਰ ਦੇ ਪਕੌੜੇ, ਪਤਾ ਨਹੀਂ ਕੀ ਕਾਸੇ ਦਾ ਮੀਟ ਪੈਲੇਸ ਵਿੱਚ ਪੱਕਿਆ ਖਾਂਦੇ ਹਨ? ਲੱਡੂ ਜਲੇਬੀਆਂ ਨੂੰ ਮੂਲ਼ੀਆਂ ਸ਼ਲਗਮਾਂ ਵਾਂਗ ਖਾਂਦੇ ਹਨ। ਸੁਆਹ, ਖੇਹ ਖਾ ਕੇ, ਉਸ ਨੂੰ ਅਧਰੰਗ ਦਾ ਦੌਰਾ ਪੈ ਗਿਆ ਸੀ। ਜ਼ੁਬਾਨ ਸਣੇ, ਖੱਬਾ ਪਾਸਾ ਪੂਰਾ ਹੀ ਕੰਮ ਕਰਨੋਂ ਹੱਟ ਗਿਆ ਸੀ। ਉਹ ਹਫ਼ਤੇ ਪਿੱਛੋਂ ਮਰ ਗਈ। ਸੁੱਖੀ ਨੂੰ ਕਿਸੇ ਨੇ ਖ਼ਬਰ ਵੀ ਨਹੀਂ ਕੀਤੀ। ਵੈਸੇ ਕੁੜੀਆਂ ਨੂੰ ਸੱਸ ਮਰਨ ਦਾ ਬਹੁਤ ਚਾਹ ਹੁੰਦਾ ਹੈ। ਤਾਂਹੀਂ ਤਾਂ ਕਹਿੰਦੇ ਹਨ, “ ਸੁਥਣੇ ਸੂਪ ਦੀਏ, ਤੈਨੂੰ ਸੱਸ ਦੇ ਮਰੀ ਤੋਂ ਪਾਵਾਂ। “ ਕੋਰੀ ਚਿੱਟੀ ਚੁੰਨੀ ਲੈ ਕੇ, ਰੌਣ ਦਾ ਲੋਕ ਦਿਖਾਵਾ ਕੀਤਾ ਜਾਂਦਾ ਹੈ। ਸੱਸ ਮਰੀ ਤੋਂ ਵਿਹੜਾ ਨਵੇਲਾ ਹੋ ਜਾਂਦਾ ਹੈ। ਵੈਸੇ ਬਹੁਤੀਆਂ ਨੂੰਹਾਂ ਚੜੇਲਾ ਤੇ ਕਈ ਸੱਸਾਂ ਜਿਉਂਦੀਆਂ ਹੀ ਡੈਣਾਂ ਬਣੀਆਂ ਰਹਿੰਦੀਆਂ ਹਨ।  ਗੱਡੀਆਂ ਦੇ ਟਾਇਰਾਂ ਵਾਂਗ ਬੰਦੇ ਵਿੱਚ ਵੀ ਹੰਕਾਰ ਦੀ ਹਵਾ ਦੀ ਫ਼ੂਕ ਭਰੀ ਹੁੰਦੀ ਹੈ। ਜਮਦੂਤ ਜਦੋਂ ਘੰਡੀ ਦੱਬਦਾ ਹੈ। ਹਵਾ ਵਾਲੀ ਟੂਟੀ ਵਿੱਚੋਂ ਫ਼ੂਕ ਨਿਕਲ ਜਾਂਦੀ ਹੈ। ਲੋਕੀ ਹੈਰਾਨ ਵੀ ਸਨ। ਬਿਮਾਰ ਪਤੀ ਸੀ, ਮਰ ਪਤਨੀ ਗਈ ਸੀ। ਹਸਪਤਾਲ ਤੋਂ ਲਾਸ਼ ਲਿਆ ਕੇ, ਵਿਹੜੇ ਵਿੱਚ ਰੱਖ ਲਈ ਸੀ। ਕਈ ਉਸ ਨੂੰ ਰੋਣ ਵਾਲੇ ਵੀ ਸਨ। ਬਹੁਤੇ ਦੇਖਣ ਵਾਲੇ ਸਨ। ਕੈਨੇਡਾ ਵਾਲੀ ਦਾ ਜਨਾਜ਼ਾ ਕਿਵੇਂ ਕੱਢਦੇ ਹਨ?

ਸਾਂਝੀ ਕੰਧ ਦੇ ਦੂਜੇ ਪਾਸੇ ਕੰਨ ਪਾੜਵੀ ਆਵਾਜ਼ ਵਿੱਚ ਗਾਣੇ ਵੱਜ ਰਹੇ ਸਨ। ‘ ਹੁਣ ਤਾਂ ਆਥਣ ਵੇਲੇ ਸਾਰਾ ਪਿੰਡ ਸ਼ਰਾਬੀ ਹੁੰਦਾ ਹੈ। ਹੁਣ ਤਾਂ ਸ਼ਾਮ ਸਵੇਰੇ ਪਿੰਡ ਵਿੱਚ ਲਲਕਾਰੇ ਸੁਣਦੇ ਨੇ। ‘ ਲੋਕ ਅੱਡੀਆਂ ਚੱਕ-ਚੱਕ ਕੇ ਭੰਗੜਾ ਪਾ ਰਹੇ ਸਨ। ਔਰਤਾਂ ਖ਼ੂਬ ਨੱਚਦੀਆਂ ਰਹੀਆਂ ਸਨ। ਗਾਣਿਆ ਵਿੱਚ ਪੱਗ ਤੁਰ੍ਹਲੇ ਦੇ ਬੋਲ ਗਾਉਂਦੇ ਹਨ। ਗਾਉਣ ਵਾਲੇ ਦੇ ਸਿਰ ਉੱਤੇ ਰੁਮਾਲ ਨਹੀਂ ਬੰਨਿਆਂ ਹੁੰਦਾ। ਉਵੇਂ ਹੀ ਅੱਜ ਕਲ ਦੀ ਨਵੀਂ ਪਨੀਰੀ ਕਰ ਰਹੀ ਹੈ। ਇਹ ਗਾਉਣ ਵਾਲੇ ਸੇਧ ਦੇਣ ਲਈ ਲੋਕਾਂ ਦੇ ਅੱਗੇ ਚੱਲ ਰਹੇ ਹਨ। ਲੋਕ ਭੇਡ-ਚਾਲ ਵਾਂਗ ਮਗਰ ਹੋ-ਹੋ ਕਰਕੇ ਬਾਂਦਰਾਂ ਵਾਂਗ ਟਪੂਸੀਆਂ ਮਾਰਦੇ ਹਨ। ਗਾਣੇ ਦੇ ਬੋਲ ਚਾਹੇ ਕੋਈ ਵੀ ਹੋਣ। ‘ ਅੱਖ ਮਾਰ ਕੇ ਕੁੜੀ ਪੱਟਣੀ। ‘ ‘ ਨਾਰਾਂ ਬਦਕਾਰਾਂ। ‘ ਢੋਲ, ਚਿਮਟਾ ਵੱਜਣਾ ਚਾਹੀਦਾ ਹੈ। ਕੁੜੀਆਂ, ਬੂੜੀਆਂ, ਬਾਬੇ, ਪੋਤੇ ਸਬ ਪਹਿਲਾਂ ਪਾਉਣ ਲੱਗ ਜਾਂਦੇ ਹਨ। ਚਾਹੇ ਗਾਉਣ ਵਾਲਾ ਬਹੂ, ਬੇਟੀਆਂ ਨੂੰ ਗਾਲ਼ਾਂ ਹੀ ਕੱਢੀ ਜਾਂਦਾ ਹੋਵੇ। ਛੋਟੀ ਬਹੂ ਦੇ ਮੁੰਡਾ ਜੰਮੇ ਦੀ ਪਾਰਟੀ ਹੋ ਰਹੀ ਸੀ। ਨੌਂ ਮਹੀਨੇ ਦੇ ਮੁੰਡੇ ਦੀ ਲੋਹੜੀ ਵੰਡ ਹੋ ਰਹੀ ਸੀ। ਰਾਤ ਦੇ 2 ਵੱਜ ਗਏ ਸਨ। ਪਿੰਡ ਸਿਰ ਉੱਤੇ ਚੁੱਕਣਾ ਲਿਆ ਸੀ। ਦੋ ਦਿਨ ਪਹਿਲਾਂ ਪਿੰਡ ਸੜਕ ਵਾਲੇ ਪੈਲੇਸ ਵਿੱਚ ਧੂਤਕੜਾ ਪਾ ਕੇ ਆਏ ਸਨ। ਅਜੇ ਕਸਰ ਬਾਕੀ ਰਹਿ ਗਈ ਸੀ। ਵੱਡੀ ਵਹੁਟੀ ਦੇ ਕੋਲ ਮਹੀਨੇ ਦੀ ਕੁੜੀ ਸੀ ਉਸ ਦੀ ਕੋਈ ਬਾਤ ਨਹੀਂ ਪੁੱਛ ਰਿਹਾ ਸੀ। ਨਿੱਕੀ ਬੱਚੀ ਦਾ ਕਿਸੇ ਨੂੰ ਫ਼ਿਕਰ ਨਹੀਂ ਸੀ। ਸਿਲੇ ਵਿੱਚ ਉਸ ਦੇ ਨਾਜ਼ਕ ਕੰਨਾਂ ਵਿੱਚ ਊਚੀ ਮਿਊਜ਼ਿਕ ਵੱਜ ਰਿਹਾ ਹੈ।

ਪੰਚਾਂ, ਸਰਪੰਚਾਂ ਨੇ ਵੀ ਕੀ ਲੈਣਾ ਹੈ? ਉਨ੍ਹਾਂ ਨੂੰ ਤਾਂ ਆਉਂਦੇ ਸਮੇਂ ਵਿੱਚ ਵੀ ਵੋਟਾਂ ਚਾਹੀਦੀਆਂ ਹਨ। ਉਨ੍ਹਾਂ ਵੱਲੋਂ ਲੋਕ ਘਰ ਲਿਆ ਕੇ ਕੰਜਰੀਆਂ ਨਚਾਈ ਜਾਣ। ਕਾਨੂੰਨ ਦੇ ਵੀ ਅੱਖਾਂ ਕੰਨਾਂ ਉੱਤੇ ਪੱਟੀ ਬੰਨੀ ਹੈ। ਹੁਣ ਤਾਂ ਪਿੰਡ ਸ਼ਹਿਰ ਦੇ ਵਿਆਹ ਪਾਰਟੀਆਂ, ਹੰਗਾਮੇ ਗਾਉਣ, ਨੱਚਣ ਵਾਲਿਆਂ ਦੇ ਖਾੜੇ ਬਣ ਕੇ ਰਹਿ ਗਏ ਹਨ। ਇੰਨਾ ਚੀਕ ਚਿਹਾੜਾ ਪੈਂਦਾ ਹੈ। ਛੇਤੀ ਕੀਤੇ ਸਮਝ ਨਹੀਂ ਲੱਗਦੀ। ਵਿਆਹ ਹੋ ਰਿਹਾ ਹੈ ਜਾਂ ਬੁੜੇ ਦਾ ਸਿਆਪਾ ਹੋ ਰਿਹਾ ਹੈ। ਬਾਹਰਲੇ ਦੇਸ਼ਾਂ ਵਿੱਚ ਐਸਾ ਧੂਤਕੜਾ ਵਿਆਹ ਪਾਰਟੀਆਂ ਵਿੱਚ ਵੀ ਨਹੀਂ ਪੈਂਦਾ।

ਜੀਤ ਸ਼ਰਾਬ ਪੀ ਕੇ ਘਰ ਆਇਆ ਸੀ। ਉਸ ਨੂੰ ਘਰ ਸੁੰਨਾ-ਸੁੰਨਾ ਲੱਗਾ। ਉਸ ਨੇ ਚਾਰੇ ਪਾਸੇ ਦੇਖਿਆ। ਜਿੱਥੇ ਉਹ ਨਿੱਕੀ ਬੱਚੀ ਸੋਫ਼ੇ ਕੋਲ ਝੂਲੇ ਵਿੱਚ ਪਈ ਹੁੰਦੀ ਸੀ। ਉਹ ਥਾਂ ਖ਼ਾਲੀ ਸੀ। ਉਸ ਨੇ ਆਪਦੀ ਮਾਂ ਨੂੰ ਪੁੱਛਿਆ, “ ਬੀਬੀ ਉਹ ਮਾਂ ਧੀ ਨਹੀਂ ਦਿਸਦੀਆਂ। ਕਿਤੇ ਗਈਆਂ ਹੋਈਆਂ ਹਨ? “ ਗੁੱਡੀ ਦੀ ਸੱਸ ਨੇ, ਟੇਢਾ ਜਿਹਾ ਗੁੱਡੀ ਵੱਲ ਦੇਖਿਆ। ਉਸ ਨੇ ਜੁਆਬ ਦਿੱਤਾ, “  ਮੈਂ ਤੇ ਤੇਰਾ ਪਾਪਾ ਘਰ ਦੇ ਸੌਦੇ ਗਰੌਸਰੀ ਲੈਣ ਗਏ ਹੋਏ ਸੀ। ਜਦੋਂ ਵਾਪਸ ਆਏ। ਉਹ ਘਰ ਨਹੀਂ ਸੀ। ਆਪਦੇ ਕੱਪੜੇ ਵੀ ਲੈ ਗਈ ਹੈ। ਉਸ ਦੇ ਸੈਲਰ ਫ਼ੋਨ ਉੱਤੇ, ਕਈ ਫ਼ੋਨ ਕਰ ਚੁੱਕੀ ਹਾਂ। ਫ਼ੋਨ ਨਹੀਂ ਚੱਕਦੀ। “ ਜੀਤ ਨੇ ਗੁੱਡੀ ਵੱਲ ਦੇਖਿਆ। ਉਸ ਨੇ ਪੁੱਛਿਆ, “ ਗੁੱਡੀ ਕਿਤੇ ਤੂੰ ਤਾਂ ਨਹੀਂ, ਉਸ ਨੂੰ ਕੁੱਝ ਕਹਿ ਦਿੱਤਾ? ਉਸ ਬਗੈਰ ਘਰ ਦੀ ਰੌਣਕ ਹੀ ਚਲੀ ਗਈ ਹੈ। “  “ ਅੱਛਾ ਤੇਰਾ ਉਸ ਬਗੈਰ ਜੀਅ ਨਹੀਂ ਲੱਗਦਾ। ਹੁਣ ਕੱਪੜੇ ਝੋਲੇ ਵਿੱਚ ਪਾ ਕੇ, ਤੂੰ ਉਸ ਦੇ ਘਰ ਚਲਾ ਜਾ। ਲੋਕ ਤਾਂ ਪਹਿਲਾਂ ਹੀ ਕਹਿੰਦੇ ਹਨ, ‘ ਭੈਣ ਘਰ ਭਾਈ ਕੁੱਤਾ ‘  ਉਹ ਤੇਰੀ ਮੂੰਹ ਬੋਲੀ ਭੈਣ ਲੱਗਦੀ ਹੈ। ਮੂੰਹ ਬੋਲੇ ਰਿਸ਼ਤਿਆਂ ਉੱਤੇ ਤਾਂਹੀਂ ਤਾਂ ਲੋਕੀ ਛੱਕ ਕਰਦੇ ਹਨ। ਘਾਲ਼ਾ-ਮਾਲ਼ਾ ਤਾਂ ਖ਼ੂਨ ਦੇ ਰਿਸ਼ਤਿਆਂ ਵਿੱਚ ਸਕੇ ਪਿਉ ਵੀ ਕੰਜਰ ਬਣ ਕੇ ਕਰੀ ਜਾਂਦੇ ਹਨ। ਕਈ ਧੀਆਂ ਮਾਰੀ ਜਾਂਦੇ ਹਨ। ਕਈ ਵੇਚੀ ਵੀ ਜਾਂਦੇ ਹਨ। “ “ ਫਿਰ ਤੂੰ ਹੀ ਉਸ ਨੂੰ ਇੱਥੋਂ ਦਬੱਲਿਆ ਹੈ। ਤੂੰ ਇਹ ਘਰ ਸੰਭਾਲ, ਮੈਂ ਵੀ ਚਲਾ ਜਾਂਦਾ ਹਾਂ। “ “ ਕੀ ਅੱਗੇ ਘਰ ਤੂੰ ਹੀ ਥੱਮਿਆ ਹੋਇਆ ਹੈ? ਮੈਨੂੰ ਤਾਂ ਤੂੰ ਠੋਕਰ ਲੱਗਣ ਵਾਲੇ ਰੋੜੇ ਵਾਂਗ ਅੜਿੱਕਾ ਲੱਗਦਾ ਹੈ। ਜਿੰਨਾ ਦੇ ਮਰ ਜਾਂਦੇ ਹਨ। ਉਹ ਵੀ ਬੰਦਿਆਂ ਬਿਨਾਂ ਸਾਰੀ ਜਾਂਦੀਆਂ ਹਨ। ਤੇਰੇ ਬਗੈਰ ਮੇਰੀ ਦੁਨੀਆ ਸੁੰਨੀ ਨਹੀਂ ਹੋਣ ਲੱਗੀ। ਜੇ ਤੈਨੂੰ ਹੋਰ ਮਿਲਦੀਆਂ ਹਨ। ਘਾਟਾ ਮੈਨੂੰ ਵੀ ਨਹੀਂ ਹੈ। ਝੋਲੇ ਵਿੱਚ ਕੱਪੜੇ ਤੂੰ ਕਈ ਬਾਰ ਪਾ ਚੁੱਕਾਂ ਹੈ। ਜ਼ਨਾਨੀਆਂ ਦੇ ਪੇਕੇ ਰੁੱਸ ਕੇ ਜਾਣ ਵਾਂਗ, ਤੂੰ ਵੀ ਝੋਲੇ ਵਿੱਚ ਕੱਪੜੇ ਪਾ ਕੇ ਰੱਖ। “ ਉਹ ਕੱਪੜੇ ਇਕੱਠੇ ਕਰਨ ਲੱਗ ਗਿਆ। ਉਸ ਦੀ ਮਾਂ ਨੇ ਕਿਹਾ, “ ਤੂੰ ਕਿਥੇ ਚੱਲਿਆਂ ਹੈ? ਇਹ ਤਾਂ ਉਜਾੜ ਭਾਲਦੀ ਹੈ। ਮੈਨੂੰ ਵੀ ਕਿਤੇ ਲੈ ਚੱਲ। “

ਉਸ ਦਾ ਡੈਡੀ ਆ ਗਿਆ। ਉਸ ਨੇ ਪੁੱਛਿਆ, “ ਜੀਤ ਗਲ਼ ਵਿੱਚ ਬੈਗ ਪਾਇਆ ਹੈ। ਤੂੰ ਕਿਥੇ ਚੱਲਿਆਂ ਹੈ? “  ਗੁੱਡੀ ਮੈਨੂੰ ਜਿਉਣ ਨਹੀਂ ਦਿੰਦੀ। ਸਾਹ ਬੰਦ ਕੀਤਾ ਪਿਆ ਹੈ। ਮੈਨੂੰ ਇਹ ਖ਼ੁਸ਼ ਨਹੀਂ ਦੇਖ ਸਕਦੀ। ਇਸ ਨੇ ਉਹ ਕੁੜੀ ਭਜਾ ਦਿੱਤੀ ਹੈ। ਬਿਚਾਰੀ ਪਤਾ ਨਹੀਂ ਕੀ ਕਹਿੰਦੀ ਹੋਣੀ ਹੈ? “ “ ਭਾਈ ਗੁੱਡੀ ਤੂੰ ਬੜਾ ਲੋਹੜਾ ਮਾਰਿਆ। ਤੈਨੂੰ ਉਹ ਕੁੜੀ ਕੀ ਕਹਿੰਦੀ ਸੀ? ਵਿਚਾਰੀ ਦੁਖੀ ਆਸਰਾ ਲੈਣ ਆਈ ਸੀ। ਸਹੁਰੇ ਤੰਗ ਕਰਦੇ ਸਨ। “  ਗੁੱਡੀ ਨੇ ਮਸ਼ਕਰੀ ਹਾਸੀ ਹੱਸੀ। ਬੁੱਲ੍ਹ ਦੰਦਾਂ ਨਾਲ ਟੁੱਕਦੀ ਨੇ ਕਿਹਾ, “ ਆਪ ਦੇ ਜਾਣੀ ਮੇਰੇ ਨਾਲ ਕਿਹੜਾ ਤੁਸੀਂ ਘੱਟ ਕਰਦੇ ਹੋ? ਮੈਨੂੰ ਵੀ ਦੱਸੋ, ਤੁਹਾਡੇ ਕੋਲੋਂ ਬਚ ਕੇ, ਮੈਂ ਕਿਥੇ ਚਲੀ ਜਾਵਾਂ? ਤੁਹਾਡਾ ਸਬ ਦਾ ਏਕਾ ਹੈ। ਮੈਂ ਇਕੱਲੀ ਹੀ ਦੈਗੜੀ ਹਾਂ। ਮੈਂ ਆਪਦਾ ਤੇ ਉਸ ਦਾ ਉਝੜਦਾ ਘਰ ਬਚਾ ਲਿਆ ਹੈ। ਜੀਤ ਉਸ ਨੂੰ ਆਪਦੇ ਘਰ ਵਸਾਉਣ ਨੂੰ ਫਿਰਦਾ ਸੀ। ਮੈਂ ਘਰੋਂ ਚੱਲੀ ਜਾਂਦੀ ਹਾਂ। ਤੁਸੀਂ ਉਸ ਨੂੰ ਘਰ ਲੈ ਆਵੋ। ਸੱਚ ਇਹ ਤਾਂ ਘਰ ਮੇਰੇ ਨਾਮ ਹੈ। ਤੁਸੀਂ ਉਸ ਨੂੰ ਲਿਆ ਕੇ, ਕਿਤੇ ਹੋਰ ਰੱਖ ਲਵੋ। ਤੁਹਾਡੀ ਬਹੁਤ ਸੇਵਾ ਕਰੇਗੀ। ਦੋਨਾਂ ਨੂੰ ਪੈਨਸ਼ਨ ਹੋਈ ਹੈ। ਐਸੀ ਗ਼ਰੀਬ ਸਹੁਰਿਆਂ ਵੱਲੋਂ ਤੰਗ ਕੀਤੀਆਂ ਔਰਤਾਂ ਲਈ ਕੋਈ ਥਾਂ ਟਿਕਾਣਾ ਹੀ ਖ਼ਰੀਦ ਦੇਵੋ। “ “ ਕੁੜੇ ਤੂੰ ਕੀ ਕਹੀ ਜਾਂਦੀ ਹੈ? ਸੋਚ ਕੇ ਬੋਲੀਦਾ ਹੈ। ਉਹ ਮੇਰੇ ਪਿੰਡ ਦੀ ਕੁੜੀ ਹੈ। ਉਸ ਦਾ ਪਿਉ ਮੇਰੇ ਨਾਲ ਪੜ੍ਹਦਾ ਸੀ। ਇਸ ਦੀ ਭੈਣ ਲੱਗਦੀ ਹੈ। “ “ ਪਾਪਾ ਜੀ ਇਸ ਨੂੰ ਪੁੱਛੋ, ਇਹ ਉਸ ਬਾਰੇ ਕੀ ਕਹਿੰਦਾ ਸੀ? ਮੈਨੂੰ ਇਸ ਨੇ ਕਿਹਾ, “ ਮੈਂ ਆਪ ਮਰਦ ਹਾਂ। ਮੈਂ ਇਸ ਨੂੰ ਕਿਸੇ ਹੋਰ ਮਰਦ ਕੋਲ ਨਹੀਂ ਜਾਣ ਦਿੰਦਾ। ਲੱਤਾਂ ਵੱਢ ਕੇ ਅੰਦਰ ਰੱਖਾਂਗਾ। “ ਗੁੱਡੀ ਦੀ ਸੱਸ ਨੇ ਕਿਹਾ, “ ਇਸ ਨੇ ਖਾਦੀ-ਪੀਤੀ ਵਿੱਚ ਮਜ਼ਾਕ ਕੀਤਾ ਹੋਣਾ ਹੈ। “ “ ਉਹ ਮਹੀਨਾ ਘਰ ਰਹੀ ਹੈ। ਬੀਜੀ ਜਿਸ ਦਿਨ ਖਾਦੀ-ਪੀਤੀ ਵਿੱਚ ਚੰਦ ਚੜ੍ਹਾ ਦਿੰਦਾ। ਉਸ ਦਿਨ ਵੀ ਤੁਹਾਨੂੰ ਮਜ਼ਾਕ ਹੀ ਲੱਗਣਾ ਸੀ। ਇਸ ਨੂੰ ਕਹੋ, ਘਰੋਂ ਬਾਹਰ ਜਾ ਕੇ, ਜਿਹਦੇ ਨਾਲ ਮੂੰਹ ਕਾਲਾ ਕਰਨਾ ਹੈ ਕਰੀ ਜਾਵੇ। ਅੱਖੀਂ ਦੇਖ ਕੇ ਮੱਖੀ ਨਹੀਂ ਖਾਂਦੀ ਜਾਂਦੀ। “

“ ਬੀਜੀ ਮੈਂ ਗੁੱਡੀ ਦੇ ਮੂੰਹ ਨਹੀਂ ਲੱਗਦਾ। ਜੇ ਇਸ ਨੂੰ ਇੱਕ ਗੱਲ ਕਹੋ, 10 ਗੱਲਾਂ ਕਹਿੰਦੀ ਹੈ। ਜਿੰਨਾ ਚਿਰ ਹੋਰ ਗੱਲ ਨਹੀਂ ਲੱਭਦੀ। ਗੱਲ ਦਾ ਖਹਿੜਾ ਨਹੀਂ ਛੱਡਦੀ। ਇਸ ਨੂੰ ਕਹੋ, “  ਅਸੀਂ ਤਾਂ ਇੰਡੀਆ ਨੂੰ ਚੱਲੇ ਹਾਂ। ਫਿਰ ਮਗਰ ਫ਼ੋਨ ਨਾਂ ਕਰੇ। ਮੈਂ 6 ਮਹੀਨੇ ਨਹੀਂ ਮੁੜਨਾ। “ ਤੁਸੀਂ ਪਾਪੇ ਨਾਲ ਆਉਣਾ ਹੋਇਆ ਆ ਜਾਇਉ। “ ਗੁੱਡੀ ਨੇ ਸੌਖਾ ਜਿਹਾ ਸਾਹ ਲੈ ਕੇ ਕਿਹਾ, “ ਕਿੰਨੇ ਵਜੇ ਦੀ ਫਲਾਈਟ ਹੈ? ਮੈਂ ਏਅਰਪੋਰਟ ਉੱਤੇ ਛੱਡ ਆਉਂਦੀ ਹਾਂ। ਕਿਤੇ ਜਹਾਜ਼ ਖੁੰਝ ਨਾਂ ਜਾਵੇ। “ “ਇੰਨੀ ਮਿਹਰਬਾਨੀ ਕਰਨ ਨੂੰ ਤੂੰ ਰਹਿਣ ਦੇ, ਮੇਰੇ ਕੋਲ ਬੰਦੇ ਹੈਗੇ ਨੇ। ਤੂੰ ਆਪਦਾ ਘਰ ਸੰਭਾਲ ਕੇ ਰੱਖ ਲੈ। “

ਕੰਪਿਊਟਰ ਤੇ ਹੋਰ ਮਸ਼ੀਨਾਂ ਬੰਦਿਆਂ ਤੋ ਵੱਧ ਯਾਦ ਸ਼ਕਤੀ ਰੱਖਦੀਆਂ ਹਨ। ਮਸ਼ੀਨਾਂ ਬਹੁਤ ਤੇਜ਼ ਚਲਦੀਆਂ ਹਨ। ਕੰਪਿਊਟਰ ਤੇ ਹੋਰ ਮਸ਼ੀਨਾਂ ਬੰਦਿਆਂ ਦੀ ਜਿੰਦਗੀ ਨੂੰ ਸੌਖਾ ਕਰ ਦਿੱਤਾ ਹੈ। ਕੰਪਿਊਟਰ ਉੱਤੇ ਦੁਆਰਾ ਉਹੀ ਚੀਜ਼ ਸੇਵ ਕਰੀਏ। ਜੋ ਪਹਿਲਾ ਸੇਵ ਕੀਤੀ ਗਈ ਹੈ। ਕੰਪਿਊਟਰ ਝੱਟ ਦੱਸ ਦਿੰਦਾ ਹੈ। ਇਹ ਪਹਿਲਾਂ ਵੀ ਸੇਵ ਕੀਤੀ ਹੈ। ਜੇ ਗ਼ਲਤੀ ਨਾਲ ਡਿਲੀਟ ਕਰੀਏ। ਕੰਪਿਊਟਰ ਦੁਆਰਾ ਫਿਰ ਪੁੱਛਦਾ ਹੈ। ਕੀ ਤੁਸੀਂ ਡਿਲੀਟ ਕਰਨਾ ਹੀ ਹੈ? ਕਈ ਬਾਰ ਪੂਰੀ ਲਿਖਤ ਕੱਟੀ ਜਾਂਦੀ ਹੈ। ਕੰਟਰੋਲ ਤੇ ਜੈਡ ਨੂੰ ਇੱਕ ਸਾਥ ਦੱਬੀਏ। ਦੁਆਰਾ ਪੇਸਟ ਹੋ ਜਾਂਦਾ ਹੈ। ਲਿਖਦੇ ਸਮੇਂ ਬਾਰ-ਬਾਰ ਸੇਵ ਕਰਦੇ ਰਹੋ। ਜੇ ਸੇਵ ਹੀ ਨਾਂ ਕੀਤਾ। ਅਚਾਨਕ ਕੰਪਿਊਟਰ ਬੰਦ ਹੋਣ ਨਾਲ ਸਬ ਬਰਬਾਦ ਹੋ ਜਾਵੇਗਾ। ਹਿਸਟਰੀ ਜਾਣਨ, ਸੰਭਾਲਣ, ਖ਼ਬਰਾਂ ਜਾਣਨ ਤੇ ਨਵੀਆਂ ਖੋਜਾਂ ਕਰਨ ਲਈ, ਰੇਡੀਉ, ਟੀਵੀਕੰਪਿਊਟਰ, ਸੈਲਰ ਫੋਨ ਬਹੁਤ ਵਧੀਆਂ ਹੈ। ਇੰਡੀਆਂ ਤੋਂ ਨਿੰਦਰ ਮੂਵੀਆਂ ਬਣਾਂ ਕੇ, ਸੁੱਖੀ ਨੂੰ ਫੇਸਬੁੱਕ ਰਾਹੀਂ ਭੇਜੀ ਜਾਂਦਾ ਸੀ। ਉਸ ਨੇ ਸੱਸ ਦੇ ਕਿਰਿਆ ਕਰਮ ਦੀ ਫ਼ਿਲਮ ਕੰਪਿਊਟਰ ਉੱਤੇ ਦੇਖ ਲਈ ਸੀ। ਉਸ ਨੂੰ ਮਹਿਸੂਸ ਹੋਣ ਲੱਗਾ। ਜਦੋਂ ਉਹ ਦੋਵੇਂ ਸਾਥ ਰਹਿੰਦੀਆਂ ਸੀ। ਉਸ ਦਾ ਕੰਮ ਸੱਸ ਨੇ ਕਦੇ ਪਸੰਦ ਨਹੀਂ ਕੀਤਾ ਸੀ। ਉਸ ਨੂੰ ਵੀ ਸੱਸ ਦੀ ਹਰ ਗੱਲ ਸੂਲ਼ ਵਾਂਗ ਚੱਬਦੀ ਸੀ। ਇੱਕ ਦਿਨ ਸੁੱਖੀ ਨੇ ਪੰਜੀਰੀ ਬਣਾਈ। ਉਸ ਨੇ ਆਪਦੀ ਸੱਸ ਨੂੰ ਕੌਲੀ ਵਿੱਚ ਪਾ ਕੇ ਫੜਾ ਦਿੱਤੀ। ਉਸ ਨੇ ਕਿਹਾ, “ ਮੰਮੀ ਪੰਜੀਰੀ ਖਾ ਕੇ ਦੱਸੋ। ਕੈਸੀ ਬਣੀ ਹੈ? “ “ ਮੈਂ ਅੱਖਾਂ ਨਾਲ ਦੇਖ ਕੇ ਹੀ ਦੱਸ ਦਿੰਦੀ ਹਾਂ। ਇਸ ਨਾਲੋਂ ਤਾਂ ਬਲਦਾਂ ਦਾ ਕੜਾਹ ਚੰਗਾ ਹੁੰਦਾ ਹੈ। ਆਟਾ ਫੂਕਿਆ ਪਿਆ ਹੈ। 2 ਕਿੱਲੋ ਘਿਉ ਤੇ ਅੰਨ, ਖੰਡ ਦਾ ਵੀ ਫਾਹਾ ਵੱਢ ਕੇ ਰੱਖ ਦਿੱਤਾ। ਬਣਾਉਣ ਤੋਂ ਪਹਿਲਾਂ, ਰਕਾਨੇ ਤੂੰ ਮੈਨੂੰ ਤਾਂ ਪੁੱਛ ਲੈਂਦੀ। ਹਰ ਕੰਮ ਆਪਦੀ ਮਰਜ਼ੀ ਨਾਲ ਕਰਦੀ ਰਹਿੰਦੀ ਹੈ। ਕਿਸੇ ਦੀ ਇਜਾਜ਼ਤ ਨਹੀਂ ਲੈਂਦੀ।“  “  ਕੀ ਮੈਂ ਇਸ ਘਰ ਦੀ ਨੌਕਰਾਣੀ ਹਾਂ? ਜੋ ਮੈਨੂੰ ਖਾਣ-ਪੀਣ ਲਈ ਇਜਾਜ਼ਤ ਦੀ ਲੋੜ ਹੈ। ਮੈਂ ਕਿਹੜਾ ਨਮੈਸ਼ ਵਿੱਚ ਰੱਖਣੀ ਹੈ? ਕੰਮ ਤੇ ਜਾਣ ਤੋਂ ਪਹਿਲਾਂ ਭੋਰਾ ਖਾਣੀ ਹੈ। ਮੰਮੀ ਤੁਸੀਂ ਗੁੱਡੀ ਕੇ, ਘਰ ਗਏ ਹੋਏ ਸੀ। ਜੇ ਮੈਂ ਮਗਰ ਆਉਂਦੀ। ਤੁਸੀਂ ਕਹਿਣਾ ਸੀ, ‘ਗੱਲਾਂ ਸੁਣਨ ਪਿੱਛੇ ਆਈ ਹੈ। ‘ ਮੇਰਾ ਜੀਅ ਕੀਤਾ। ਮੈਂ ਬਣਾਂ ਲਈ। “  “ ਕੀ ਤੂੰ ਮੁੰਡਾ ਜੰਮਿਆਂ ਹੈ? ਜੋ ਦਾਬੜਾ ਰਲਾ ਲਿਆ ਹੈ। ਕੀ ਮੈਂ ਘਰ ਨਹੀਂ ਮੁੜਨਾ ਸੀ? ਇੰਨੀ ਕਿਹੜੀ ਅੱਗ ਲੱਗੀ ਸੀ? ਤੈਨੂੰ ਕੀ ਲੱਗਦਾ ਹੈ? ਗੁੱਡੀ ਕੇ ਘਰ, ਮੈਂ ਤੇਰੀਆਂ ਗੱਲਾਂ ਕਰਨ ਜਾਂਦੀ ਹਾਂ। “  “ ਜੇ ਕਰਮਾਂ ਵਿੱਚ ਹੋਇਆ, ਮੁੰਡਾ ਵੀ ਰੱਬ ਦੇ ਦੇਵੇਗਾ। ਮੇਰੀ ਕੁੜੀ ਹੀ ਮੁੰਡਿਆਂ ਵਰਗੀ ਹੈ। ਮੁੰਡੇ ਕਿਹੜਾ ਮੜ੍ਹੀ ਉੱਤੇ ਧਾਰ ਮਾਰਦੇ ਹਨ? “ “ ਹਾਏ ਰੱਬਾ ਇਸ ਦਾ ਮਤਲਬ ਹੈ। ਮੇਰਾ ਮੁੰਡਾ ਇਸੇ ਜੋਗਾ ਹੈ। ਮੈਨੂੰ ਮੇਰੇ ਪੁੱਤ ਨੇ ਸੰਭਾਲਣਾ ਨਹੀਂ ਹੈ। ਇਸ ਦੀ ਜ਼ਬਾਨ ਕਾਲੀ ਹੈ। ਇਹ ਕਾਲੇ ਮੂੰਹ ਵਾਲੀ ਕੰਜਰੀ, ਮੇਰੇ ਘਰ ਹੀ ਆਉਣੀ ਸੀ। ਇਹਦੇ ਮਾਪਿਆ ਨੂੰ ਮੈਂ ਪਿੱਟਾਂ, ਜਿੰਨਾ ਨੇ ਮੂੰਹ ਫੱਟ ਜੰਮੀ ਹੈ। “ “ ਮਾਈ ਖ਼ਬਰਦਾਰ ਹੋ ਜਾ, ਜੇ ਮੇਰੇ ਮਾਪਿਆਂ ਨੂੰ ਇੱਕ ਵੀ ਬੁਰਾ ਲਫ਼ਜ਼ ਕਿਹਾ। ਮੈਂ ਤੇਰੀ ਗੁਤਨੀ ਘੁੰਮਾ ਦੇਵਾਂਗੀ। “ “ ਰਾਮ ਦੁਹਾਈ ਲੋਕੋ,ਇਹ ਕਲ ਆ ਕੇ ਮੇਰੀ ਗੁੱਤ ਪੱਟਦੀ ਹੈ। ਐਸੀ ਚੜੇਲ ਤੋਂ ਰੱਬ ਬਚਾਵੇ। “ ਨਿੰਦਰ ਬਾਹਰੋਂ ਆਇਆ ਸੀ। ਮਾਂ ਨੂੰ ਹਾਲ ਦੁਹਾਈ ਪਾਉਂਦੇ ਦੇਖ ਕੇ, ਪੁੱਛਣ ਲੱਗਾ, “ਮੰਮੀ ਇਹ ਕੀ ਕਹਿੰਦੀ ਹੈ? ਤੇਰੀ ਗੁੱਤ ਨੂੰ ਹੱਥ ਲਗਾਉਣ ਦੀ ਕੀਹਦੀ ਹਿੰਮਤ ਹੈ? “ “ ਇਹ ਜੋ ਤੂੰ ਸਹੇੜ ਕੇ ਘਰ ਲਿਆਂਦੀ ਹੈ। ਰੋਜ਼ ਮੇਰੇ ਨਾਲ ਦੋ ਹੱਥ ਕਰਦੀ ਹੈ। “ ਪਤੀ-ਪਤਨੀ ਵਿੱਚ ਪੰਗਾ ਪਾ ਕੇ, ਆਪ ਰੂਮ ਵਿੱਚ ਜਾ ਕੇ ਟੀਵੀ ਦੇਖਣ ਲੱਗ ਗਈ। ਨਿੰਦਰ ਨੇ ਸੁੱਖੀ ਦੇ ਵਾਲ ਫੜ ਲਏ, ਵਾਲ ਖੁੱਲ੍ਹੇ ਸਨ। ਵਾਲ ਪੱਟਣ ਨਾਲ,ਰੁੱਗ ਵਾਲਾਂ ਦਾ ਹੱਥ ਵਿੱਚ ਆ ਗਿਆ। ਸੁੱਖੀ ਦੀਆਂ ਚੀਕਾਂ ਨਿਕਲ ਗਈਆਂ, “ ਮੇਰੇ ਵਾਲ ਛੱਡ, ਤੇਰੀ ਮਾਂ ਗੱਲਾਂ ਬਣਾਉਂਦੀ ਹੈ। ਮੈਂ ਉਸ ਦੀ ਗੁੱਤ ਕਿਵੇਂ ਪੱਟ ਸਕਦੀ ਹਾਂ? ਉਹ ਤਾਂ ਕੋਈ ਗੱਲ ਨਹੀਂ ਕਹਾਉਂਦੀ। ਹਾਏ ਦੁੱਖ ਲੱਗਦਾ ਹੈ। “

ਉਸ ਦੀ ਸੋਚ ਟੁੱਟ ਗਈ ਸੀ। ਸੱਚੀ ਕਈ ਤਾਂ ਬੰਦੇ ਔਰਤਾਂ ਵੀ ਭੂਤਾਂ, ਜਮਦੂਤਾਂ ਵਰਗੇ ਹੁੰਦੇ ਹਨ। ਘਰ ਵਿੱਚ ਸ਼ਾਂਤੀ ਨਹੀਂ ਰਹਿਣ ਦਿੰਦੇ। ਛੱਡ ਮਰੀ ਹੋਈ ਦਾ ਕਿਉਂ ਸਿਵਾ ਫੋਲਦੀ ਹੈ? ਕਿਉਂ ਮਾੜੇ ਬੋਲ-ਕਬੋਲ ਚੇਤੇ ਕਰਦੀ ਹੈ? ਉਸ ਨੇ ਸ਼ੀਸ਼ੇ ਵਿੱਚ ਆਪਦੇ ਚਿੱਟੇ ਵਾਲ ਦੇਖੇ। ਉਸ ਨੇ ਸੋਚਿਆ, ਹੁਣ  ਤਾਂ ਸੱਸ ਵੀ ਨਹੀਂ ਹੈ। ਜੋ ਰੋਕੂਗੀ। ਉਸ ਨੇ ਵਾਲਾਂ ਨੂੰ ਮਹਿੰਦੀ ਲਾ ਲਈ। ਨੀਲੇ ਹੋਏ ਜੰਗਲ ਦੇ ਗਿੱਦੜ ਵਾਂਗ, ਸੁੱਖੀ ਦੇ ਮਹਿੰਦੀ ਨਾਲ ਵਾਲ ਲਾਲ ਹੋ ਗਏ ਸਨ। ਮਹਿੰਦੀ ਦਾ ਗ਼ਲਤ ਰੰਗ ਲੱਗ ਗਿਆ ਸੀ। ਉਸ ਨੇ ਰੰਗ ਲਾਹੁਣ ਦੀ ਬਹੁਤ ਕੋਸ਼ਿਸ਼ ਕੀਤੀ। ਇੰਨੀ ਛੇਤੀ ਮਹਿੰਦੀ ਦਾ ਰੰਗ ਨਹੀਂ ਉੱਤਰਦਾ। ਉਸ ਨੇ ਸੋਚਿਆ, ਸਾਰੇ ਵਾਲ ਕੱਟ ਦਿੰਦੀ ਹਾਂ। ਘਰ ਕੋਈ ਨਹੀਂ ਹੈ। ਉਸ ਨੇ ਸਿਰ ਸ਼ੇਵ ਕਰਕੇ, ਗੰਜ ਕੱਢ ਲਿਆ। ਸਿਰ ਉੱਤੇ ਟੋਪੀ ਲੈ ਕੇ ਹੀ ਕੰਮ ਉੱਤੇ ਜਾਂਦੀ ਸੀ। ਉਸ ਨੂੰ ਲੱਗਦਾ ਸੀ। ਵਾਲ ਕੱਟਿਆਂ ਤੋਂ ਛੇਤੀ ਹੀ ਫਿਰ ਮੋਢਿਆਂ ਤੱਕ ਵੱਧ ਜਾਣਗੇ। ਚਾਰ ਇੰਚ ਵਾਲ ਲੰਬੇ ਹੋਣ ਨੂੰ ਚਾਰ ਮਹੀਨੇ ਲੱਗ ਗਏ। ਅੱਜ ਉਸ ਨੂੰ ਸੱਸ ਦੀ ਕਮੀ ਮਹਿਸੂਸ ਹੋਈ। ਜੇ ਉਹ ਜਿਊਦੀ ਹੁੰਦੀ। ਇਹ ਕਰਤੂਤ ਨਹੀਂ ਕਰਨੀ ਸੀ।

Share Button

Leave a Reply

Your email address will not be published. Required fields are marked *