Sun. Aug 18th, 2019

ਕੈਲੀਫੋਰਨੀਆ ਦੇ ਸ਼ਹਿਰ ਮਿਲਪੀਟਸ ਚ’ਜੈਜ਼ੀ .ਬੀ ਦੇ ਗੀਤਾਂ ਨਾਲ ਖੂਬ ਛਣਕੀ ‘ਝਾਂਜਰ ਦੀ ਛਣਕਾਰ’

ਕੈਲੀਫੋਰਨੀਆ ਦੇ ਸ਼ਹਿਰ ਮਿਲਪੀਟਸ ਚ’ਜੈਜ਼ੀ .ਬੀ ਦੇ ਗੀਤਾਂ ਨਾਲ ਖੂਬ ਛਣਕੀ ‘ਝਾਂਜਰ ਦੀ ਛਣਕਾਰ’
ਤੀਆਂ ਦੀ ਨਿਵੇਕਲੀ ਰੌਣਕ’

ਮਿਲਪੀਟਸ, 9 ਅਗਸਤ (ਰਾਜ ਗੋਗਨਾ )— ਬੀਤੇਂ ਦਿਨ ਕੈਲੀਫੋਰਨੀਆਂ ਦੇ ਬੇ-ਏਰੀਆਂ ਵਿੱਚ ਸ਼ਹਿਰ ਮਿਲਪੀਟਸ ਦੀ ਇੰਡੀਅਨ ਕਮਿਊਨਿਟੀ ਸੈਂਟਰ ਵਿਖੇ ਸੈਨਹੋਜ਼ੇ ਹੈਰੀਟੇਜ ਕਲੱਬ, ਜੀ.ਬੀ. ਐਂਟਰਟੇਨਮੈਨਟ, ਇੱਕੀ ਇੰਟਰਨੈਸ਼ਨਲ, ਪੰਜਾਬ ਲੋਕ ਰੰਗ, ਗੁਰੂ ਬ੍ਰਦਰਜ਼ ਅਤੇ ਲੱਕੀ ਪੂਨੀਆਂ ਦੇ ਸਹਿਯੋਗ ਨਾਲ ਕੈਲੀਫੋਰਨੀਆਂ ਵਿਚ ਤੀਆਂ ਦੇ ਤਿਓਹਾਰ ਮਨਾਇਆਂ ਗਿਆ। ਜਿਸ ਨੂੰ ਮਨਾਉਣ ਵਿਚ ਮੋਢੀ ਕਰਕੇ ਜਾਣੀ ਜਾਂਦੀ ਭੂਆ ਗੁਰਮੀਤ ਕੌਰ ਛੀਨਾ ਦੀ ਅਗਵਾਈ ਹੇਠ ‘ਝਾਂਜਰ ਦੀ ਛਣਕਾਰ’ ਵਿਸ਼ੇਸ਼ ਪ੍ਰੋਗਰਾਮ ਤੀਆਂ ਨੂੰ ਸਮਰਪਿਤ ਯਾਦਗਾਰੀ ਹੋ ਨਿਬੜੀ। ਇਸ ਪ੍ਰੋਗਰਾਮ ਵਿੱਚ ਸਾਢੇ ਸੱਤ ਸੌ ਦੇ ਕਰੀਬ ਬੀਬੀਆਂ ਰੰਗ ਬਰੰਗੇ ਪਹਿਰਾਵਿਆਂ ਵਿਚ ਕੁੜੀਆਂ, ਚਿੜੀਆਂ ਮੁਟਿਆਰਾਂ ਤੇ ਔਰਤਾਂ ਪੁੱਜੀਆਂ, 13 ਸਾਲ ਦੀਆਂ ਬੱਚੀਆਂ ਵੀ ਤੇ 80 ਸਾਲ ਤੋਂ ਵੱਧ ਉਮਰ ਦੀਆਂ ਬੀਬੀਆਂ ਨੇ ਵੀ ਹਿੱਸਾ ਲਿਆ। ਪਾਲਿਕਾ ਬਜ਼ਾਰ ਵਰਗਾ ਖਰੀਦੋ ਫਰੋਖਤ ਦਾ ਬਾਜ਼ਾਰ ਸਜਿਆ।

ਮਨਪਸੰਦ ਦੇ ਗੋਲਗੱਪ ਵੀ ਖੂਬ ਖਾਧੇ ਗਏ ਅਤੇ ਟਿੱਕੀ ਛੋਲੇ ਵੀ। ਅਸਲ ‘ਚ ਕਰੀਬ ਛੇ ਘੰਟੇ ਇਸ ਚੱਲੇ ਪ੍ਰੋਗਰਾਮ ਵਿਚ ਹਰ ਪਲ ਚਾਅ, ਨੱਚਣ, ਟੱਪਣ, ਗਾਉਣ ਤੇ ਚਿਹਰਿਆਂ ਤੇ ਰੌਣਕਾਂ ਬਣਾਈ ਰੱਖਣ ਵਾਲਾ ਬਣਿਆ। ਇਸ ਪ੍ਰੋਗਰਾਮ ਦੀ ਛੋਟੀਆਂ ਬੱਚੀਆਂ ‘ਫੁੱਲ ਕਲੀਆਂ’ ਦੇ ਗਿੱਧੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਹੋਈ। ਮਹਿਕ ਸੰਧੂ ਤੇ ਯੋਗਤਾ ਦਾ ਭੰਗੜਾ, ਪੰਜਾਬੀ ਧੜਕਣ ਅਕੈਡਮੀ ਦੀਆਂ ਛੋਟੀਆਂ ਬੱਚੀਆਂ ਦੀ ਬਹੁਤ ਪਿਆਰੀ ਪੇਸ਼ਕਾਰੀ ਤੋਂ ਸਿਵਾ ਡਿੰਪਲ ਬੈਂਸ ਦੀ ਅਗਵਾਈ ਹੇਠ ਪੇਸ਼ ਗਿੱਧਾ ਤੇ ਡਾਂਸ ਆਈਟਮਾਂ ਬੇਹੱਦ ਸਲਾਹੀਆਂ ਗਈਆਂ। ‘ਰੂਹ ਐਂਡ ਰਾਜੀਤ’ ਦੀ ਪੇਸ਼ਕਾਰੀ ਕੁਲਵੰਤ ਕੌਰ ਚਾਹਲ ਦਾ ‘ਚਰਖਾ ਚੰਨਣ’ ਦਾ ਤੋਂ ਬਾਅਦ ਪੰਜਾਬ ਦੇ ਰਵਾਇਤੀ ਲੋਕ ਨਾਚਾਂ ਤੋਂ ਸਿਵਾ ਗੀਤ ਸੰਗੀਤ ਦਾ ਭਰ ਵਗਦਾ ਦਰਿਆ ਸੁਤੰਤਰ ਜ਼ਿੰਦਗੀ ਦੀ ਮੌਜ ਮਾਣ ਰਹੀਆਂ ਔਰਤਾਂ ਨੂੰ ਭਰਵਾਂ ਮਨੋਰੰਜਨ ਦੇ ਕੇ ਗਿਆ। ਰੂਬੀ ਨਾਜ਼ ਦੀ ਰਹਿਨੁਮਾਈ ਹੇਠ ਪੰਜਾਬਣਾਂ ਦੇ ਪਹਿਰਾਵੇ ਦਾ ਮੁਕਾਬਲਾ ਚੰਗੇ ਸੁੰਦਰਤਾ ਮੁਕਾਬਲੇ ਵਰਗਾ ਸੀ ਜਿਸ ਨਾਲ ਭਰਪੂਰ ਮਨੋਰੰਜਨ ਅਤੇ ਹਾਸਾ ਠੱਠਾ ਹੁੰਦਾ ਰਿਹਾ। ਝੁਮਕੇ, ਪੰਜਾਬੀ ਜੁੱਤੀ ਅਤੇ ਸੂਟ ਇਨਾਮ ‘ਚ ਦਿੱਤੇ ਗਏ। ਕੁਝ ਰੈਫਲ ਪ੍ਰਾਈਜ਼ ਕੱਢੇ ਗਏ ਜੋ ਖਿੱਚ ਦਾ ਕੇਂਦਰ ਬਣੇ ਰਹੇ। ਖਾਸ ਤੌਰ ‘ਤੇ ਡਾਇਮੰਡ ਰਿੰਗ ਪ੍ਰਤੀ ਬੇਹੱਦ ਆਕਰਸ਼ਣ ਸੀ। ਪ੍ਰੋਗਰਾਮ ਦੀ ਪ੍ਰਮੁੱਖ ਪੇਸ਼ਕਾਰੀ ਭੰਗੜਾ ਕਿੰਗ ਤੇ ਗਾਇਕ ਜੈਜ਼ੀ ਬੀ. ਦੇ ਨਾਮ ਸੀ। ‘ਲੈ ਕੇ ਕਲਗੀਧਰ ਤੋਂ ਥਾਪੜਾ’, ‘ਹੋਇਆ ਕੀ ਜੇ ਧੀ ਜੰਮ ਪਈ’, ‘ਨਾਗ ਸਾਂਭ ਲੈ ਜ਼ੁਲਫਾਂ ਦੇ’, ਅਨੇਕਾਂ ਆਪਣੇ ਦਰਜ਼ਨਾਂ ਹਿੱਟ ਗੀਤਾਂ ਨਾਲ ਪੰਜਾਬਣਾਂ ਨੂੰ ਪੰਜਾਬ ਚੇਤੇ ਕਰਵਾ ਦਿੱਤਾ।

ਖੂਬ ਨੱਚਣ ਟੱਪਣ ਅਤੇ ਗਿੱਧੇ ਦੀ ਧਮਕ ਪੈਂਦੀ ਰਹੀ ਸਟੇਜ ਤੇ ਵੀ ਤੇ ਪੰਡਾਲ ਵਿਚ ਵੀ। ਬੁਲੰਦ ਆਵਾਜ਼ ਦੇ ਮਾਲਕ ਸੱਤੀ ਪਾਬਲਾ ਨੇ ‘ਮੁੰਡਿਓ ਆ ਗਈ ਓਏ ਸਿਰ ਤੇ ਗਾਗਰ ਰੱਖੀ’ ਤੋਂ ਲੈ ਕੇ ਲਾਈਵ ਬੋਲੀਆਂ ਨਾਲ ਇਸ ਤੀਆਂ ਦੇ ਤਿਓਹਾਰ ਨੂੰ ਹੋਰ ਵੀ ਰੰਗਲਾ ਬਣਾ ਦਿੱਤਾ। ਹਰਦੁੱਮਣ ਸਿੰਘ ਬਿੱਲਾ ਸੰਘੇੜਾ, ਅਟਾਰਨੀ ਮਹਿੰਦਰ ਸਿੰਘ ਮਾਨ, ਇੰਦਰਜੀਤ ਸਿੰਘ ਥਿੰਦ, ਰਾਜ ਭਨੋਟ, ਐੱਸ.ਅਸ਼ੋਕ. ਭੌਰਾ, ਪੰਕਜ ਆਂਸਲ ਤੇ ਹੋਰ ਸਖਸ਼ੀਅਤਾਂ ਵਲੋਂ ਕੁਝ ਪਲਾਂ ਲਈ ਇਸ ਪ੍ਰੋਗਰਾਮ ਦੇ ਵਿਚ ਜੈਜ਼ੀ ਬੀ. ਨੂੰ ਸਨਮਾਨਿਤ ਕਰਨ ਲਈ ਸ਼ਿਕਰਤ ਕੀਤੀ ਗਈ। ਉਪਰੰਤ ਇਹ ਪ੍ਰੋਗਰਾਮ ਫਿਰ ਬੀਬੀਆਂ ਦੇ ਹਵਾਲੇ ਕਰ ਦਿੱਤਾ ਗਿਆ। ਬਲਵੀਰ ਕੌਰ ਚਾਹਲ, ਜੱਸੀ ਕੌਰ, ਸੋਨੀਆ ਚੇੜਾ, ਟੀਨਾ ਭਨੋਟ, ਰੂਬੀ ਨਾਜ਼, ਜਸਵਿੰਦਰ ਧਨੋਆ, ਐਸ਼ ਸਿੰਘ, ਜੱਸ ਸਰਾਂ, ਪਿੰਕੀ ਸੰਧੂ, ਕਸ਼ਮੀਰ ਭੌਰਾ, ਪ੍ਰੀਤ ਜਾਡਲਾ, ਜਸਪ੍ਰੀਤ ਬਾਗਲਾ, ਜਸਜੀਤ ਕੌਰ ਆਦਿ ਭੂਆ ਛੀਨਾ ਨਾਲ ਇਨ੍ਹਾਂ ਤੀਆਂ ਨੂੰ ਸਫਲ ਬਣਾਉਣ ਲਈ ਇਕ ਵਧੀਆ ਟੀਮ ਵਜੋਂ ਕੰਮ ਕੀਤਾ। ਫੋਟੋ ਬੂਥ, ਮਹਿੰਦੀ ਤੇ ਹੋਰ ਬੜਾ ਕੁਝ ਸੱਚੀਂ ਮੁੱਚੀਂ ਹੀ ਇਸ ਪ੍ਰੋਗਰਾਮ ਵਿਚ ਪੰਜਾਬ ਵਿਚ ਲੱਗੀਆਂ ਤੀਆਂ ਵਰਗਾ ਸੀ। ਭੂਆ ਗੁਰਮੀਤ ਕੌਰ ਛੀਨਾ ਦਾ ਇਹ ਯਤਨ ਸਫਲ ਸੀ ਤੇ ਸ਼ਾਇਦ ਪਹਿਲੀ ਵਾਰ ਸੀ ਕਿ ਤੀਆਂ ਨੂੰ ਇਸ ਤਰ੍ਹਾਂ ਵੱਡੇ ਪੱਧਰ ‘ਤੇ ਮਨਾਉਣ ਦਾ ਉਪਰਾਲਾ ਭੂਆ ਛੀਨਾ ਹੀ ਕਰ ਸਕਦੀ ਸੀ। ਇਸ ਪ੍ਰੋਗਰਾਮ ਦਾ ਸੰਚਾਲਨ ਸ਼ਕਤੀ ਮਾਣਕ ਨੇ ਕੀਤਾ। ਜਦ ਕਿ ਜਗਦੇਵ ਭੰਡਾਲ ਵਲੋਂ ਇਸ ਪ੍ਰੋਗਰਾਮ ਨੂੰ ਗਰਵ ਟੀ.ਵੀ. ਲਈ ਰਿਕਾਰਡ ਕੀਤਾ ਗਿਆ। ਇਸ ਪ੍ਰੋਗਰਾਮ ਦੀ ਸਫਲਤਾ ਵਿੱਚ ਪੰਜਾਬੀਅਤ ਦੇ ਮਾਣ ਉਸਤਾਦ ਅਸ਼ੋਕ ਭੌਰਾ ਅਤੇ ਸਮੁੱਚੀ ਟੀਮ ਦਾ ਬਹੁਤ ਯੋਗਦਾਨ ਹੈ। ਸਮੁੱਚੇ ਪ੍ਰੋਗਰਾਮ ਦਾ ਹਾਜ਼ਰੀਨ ਨੂੰ ਚਾਅ ਇੰਨ੍ਹਾਂ ਸੀ ਕਿ ਢੱਲਦੇ ਸੂਰਜ ਨਾਲ ਹੀ ਗਿੱਧੇ ਦੀ ਧਮਕ ਮੱਠੀ ਪੈ ਸਕੀ ਸੀ। ਦਿਲਬਾਗ ਸਰ੍ਹਾਂ, ਅਨਮੋਲ ਭੌਰਾ, ਲੱਕੀ, ਮਨਵੀਰ ਤੇ ਇੰਦਰਜੀਤ ਨੇ ਪਰਦੇ ਪਿੱਛੇ ਰਹਿ ਕੇ ਇਸ ਪ੍ਰੋਗਰਾਮ ਨੂੰ ਸਫਲਤਾ ਦਾ ਸਿਖਰ ਦਿੱਤਾ।

Leave a Reply

Your email address will not be published. Required fields are marked *

%d bloggers like this: