ਕੈਪਟਨ ਵੱਲੋਂ ਜੋਧਪੁਰ ਦੇ ਨਜ਼ਰਬੰਦਾਂ ਨੂੰ ਸਾਰਾ ਮੁਆਵਜ਼ਾ ਦੇਣ ਦਾ ਭਰੋਸਾ

ss1

ਕੈਪਟਨ ਵੱਲੋਂ ਜੋਧਪੁਰ ਦੇ ਨਜ਼ਰਬੰਦਾਂ ਨੂੰ ਸਾਰਾ ਮੁਆਵਜ਼ਾ ਦੇਣ ਦਾ ਭਰੋਸਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੋਧਪੁਰ ਨਜ਼ਰਬੰਦ ਰਹੇ ਸਿੱਖਾਂ ਨੂੰ ਅੱਜ ਭਰੋਸਾ ਦਿੱਤਾ ਹੈ ਕਿ ਹੇਠਲੀ ਅਦਾਲਤ ਵੱਲੋਂ ਐਲਾਨੇ ਮੁਆਵਜ਼ੇ ਦੀ ਰਕਮ ਦੀ ਅਦਾਇਗੀ ਵਿੱਚ ਜੇਕਰ ਕੇਂਦਰ ਸਰਕਾਰ ਵੱਲੋਂ ਸਹਿਯੋਗ ਨਾ ਦਿੱਤਾ ਗਿਆ ਤਾਂ ਇਹ ਮੁਆਵਜ਼ਾ ਇਕੱਲੇ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇਗਾ। ਜੋਧਪੁਰ ਨਜ਼ਰਬੰਦ ਸਿੱਖਾਂ ਦਾ ਵਫ਼ਦ ਅੱਜ ਮੁੱਖ ਮੰਤਰੀ ਨੂੰ ਮਿਲਿਆ, ਜਿਸ ਮਗਰੋਂ ਮੁੱਖ ਮੰਤਰੀ ਨੇ ਇਹ ਭਰੋਸਾ ਦਿੱਤਾ।
ਇਸ ਵਫ਼ਦ ਵਿੱਚ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ, ਜਸਬੀਰ ਸਿੰਘ ਘੁੰਮਣ, ਵਸਣ ਸਿੰਘ, ਗੁਰਦਰਸ਼ਨ ਸਿੰਘ, ਰਾਜ ਸਿੰਘ ਤੇ ਤਰਸੇਮ ਸਿੰਘ ਸ਼ਾਮਲ ਸਨ। ਇਹ ਸਾਰੇ ਹੀ ਸਿੱਖ ਵਿਅਕਤੀ ਜੋਧਪੁਰ ਨਜ਼ਰਬੰਦਾਂ ਵਿੱਚ ਸ਼ਾਮਲ ਹਨ। ਹੇਠਲੀ ਅਦਾਲਤ ਵੱਲੋਂ 40 ਸਿੱਖ ਨਜ਼ਰਬੰਦਾਂ ਨੂੰ ਛੇ ਫ਼ੀਸਦ ਵਿਆਜ ਨਾਲ ਚਾਰ ਲੱਖ ਰੁਪਏ ਪ੍ਰਤੀ ਵਿਅਕਤੀ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ। ਇਹ ਫ਼ੈਸਲਾ ਅਪਰੈਲ 2017 ਵਿੱਚ ਹੋਇਆ ਸੀ, ਪਰ ਹੁਣ ਤੱਕ ਸਿੱਖ ਨਜ਼ਰਬੰਦਾਂ ਨੂੰ ਇਹ ਮੁਆਵਜ਼ਾ ਨਹੀਂ ਮਿਲਿਆ। ਹਾਲ ਹੀ ਵਿੱਚ ਕੇਂਦਰ ਸਰਕਾਰ ਵੱਲੋਂ ਸੀਬੀਆਈ ਰਾਹੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੇਠਲੀ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਅਪੀਲ ਦਾਇਰ ਕੀਤੀ ਗਈ ਹੈ, ਜਿਸ ਦੀ ਸੁਣਵਾਈ 2 ਜੁਲਾਈ ਨੂੰ ਹੋਣੀ ਹੈ। ਸੀਬੀਆਈ ਵੱਲੋਂ ਦਾਇਰ ਪਟੀਸ਼ਨ ਨਾਲ ਸਿੱਖ ਨਜ਼ਰਬੰਦਾਂ ਨੂੰ ਮੁਆਵਜ਼ਾ ਮਿਲਣ ਦੇ ਰਾਹ ਵਿੱਚ ਮੁੜ ਅੜਿੱਕਾ ਪੈਦਾ ਹੋ ਗਿਆ ਹੈ। ਇਨ੍ਹਾਂ ਸਿੱਖ ਨਜ਼ਰਬੰਦਾਂ ਦੀ ਹਮਾਇਤ ਵਿੱਚ ਕੁਝ ਦਿਨ ਪਹਿਲਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਹੇਠ ਇਕ ਸਿੱਖ ਵਫ਼ਦ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲ ਚੁੱਕਾ ਹੈ, ਜਿਨ੍ਹਾਂ ਨੇ ਸਿੱਖ ਵਫ਼ਦ ਨੂੰ ਭਰੋਸਾ ਦਿੱਤਾ ਸੀ ਕਿ ਕੇਂਦਰ ਸਰਕਾਰ ਸਿੱਖ ਨਜ਼ਰਬੰਦਾਂ ਖ਼ਿਲਾਫ਼ ਦਾਇਰ ਅਪੀਲ ਵਾਪਸ ਲੈ ਲਵੇਗੀ।
ਇਸ ਦੌਰਾਨ ਅੱਜ ਸਿੱਖ ਨਜ਼ਰਬੰਦਾਂ ਦੇ ਵਫ਼ਦ ਦੀ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਜਸਬੀਰ ਸਿੰਘ ਘੁੰਮਣ ਨੇ ਦੱਸਿਆ ਕਿ ਵਫ਼ਦ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਮੁੱਖ ਮੰਤਰੀ ਨੂੰ ਮਿਲਿਆ ਹੈ ਅਤੇ ਇਕ ਮੰਗ ਪੱਤਰ ਵੀ ਦਿੱਤਾ ਹੈ। ਲਗਪਗ ਅੱਧਾ ਘੰਟਾ ਚੱਲੀ ਮੁਲਾਕਾਤ ਵਿੱਚ ਮੁੱਖ ਮੰਤਰੀ ਨੇ ਗੰਭੀਰਤਾ ਨਾਲ ਮਸਲੇ ਨੂੰ ਸੁਣਿਆ ਹੈ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਨੇ ਪਹਿਲਾਂ ਵੀ ਇਸ ਸਬੰਧੀ ਕੇਂਦਰੀ ਗ੍ਰਹਿ ਮੰਤਰੀ ਨੂੰ ਇਕ ਪੱਤਰ ਭੇਜਿਆ ਹੈ। ਸ੍ਰੀ ਘੁੰਮਣ ਨੇ ਦਾਅਵਾ ਕੀਤਾ ਕਿ ਮੁੱਖ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਜੇਕਰ ਕੇਂਦਰ ਸਰਕਾਰ ਨੇ ਅਪੀਲ ਵਾਪਸ ਲੈਣ ਵਿੱਚ ਦੇਰ ਕੀਤੀ ਜਾਂ ਮੁਆਵਜ਼ਾ ਦੇਣ ਵਿੱਚ ਢਿੱਲ ਦਿਖਾਈ ਤਾਂ ਇਹ ਮੁਆਵਜ਼ਾ ਪੰਜਾਬ ਸਰਕਾਰ ਵੱਲੋਂ ਇਕੱਲਿਆਂ ਹੀ ਦਿੱਤਾ ਜਾਵੇਗਾ।

Share Button

Leave a Reply

Your email address will not be published. Required fields are marked *