ਕੈਪਟਨ ਵੱਲੋਂ ਖਾਲਿਸਤਾਨੀਆਂ ਨੂੰ ਖੁੱਲ੍ਹੀ ਵੰਗਾਰ, ਜ਼ੈੱਡ ਪਲੱਸ ਸੁਰੱਖਿਆ ਲੈਣ ਤੋਂ ਇਨਕਾਰ

ss1

ਕੈਪਟਨ ਵੱਲੋਂ ਖਾਲਿਸਤਾਨੀਆਂ ਨੂੰ ਖੁੱਲ੍ਹੀ ਵੰਗਾਰ, ਜ਼ੈੱਡ ਪਲੱਸ ਸੁਰੱਖਿਆ ਲੈਣ ਤੋਂ ਇਨਕਾਰ

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਫੀਆ ਰਿਪੋਰਟਾਂ ਤੇ ਸ਼ਰੇਆਮ ਧਮਕੀਆਂ ਦੇ ਮੱਦੇਨਜ਼ਰ ਸੁਰੱਖਿਆ ਵਧਾਏ ਜਾਣ ਦੀ ਮੰਗ ਤੋਂ ਸਪਸ਼ਟ ਇਨਕਾਰ ਕਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਖਾਲਿਸਤਾਨੀ ਪੱਖੀ ਕੈਨੇਡੀਅਨਾਂ ਨੂੰ ਆਪਣੀਆਂ ਇਨ੍ਹਾਂ ਧਮਕੀਆਂ ਨਾਲ ਪੰਜਾਬ ਆਉਣ ਤੇ ਸਰਕਾਰ ਦਾ ਸਾਹਮਣਾ ਕਰਨ ਦੀ ਚੁਣੌਤੀ ਦਿੱਤੀ ਹੈ।

ਖਾਲਿਸਤਾਨ ਪੱਖੀ ਤੱਤਾਂ ਵੱਲੋਂ ਉਨ੍ਹਾਂ ਨੂੰ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੂੰ ਵੀਡੀਓ ਰਾਹੀਂ ਦਿੱਤੀਆਂ ਗਈਆਂ ਧਮਕੀਆਂ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਹ ਅਜਿਹੀਆਂ ਕਾਰਵਾਈਆਂ ਤੋਂ ਡਰਨ ਵਾਲੇ ਨਹੀਂ। ਸੂਬੇ ਦੇ ਲੋਕਾਂ ਦੀ ਰੱਖਿਆ ਲਈ ਉਹ ਅਜਿਹੀਆਂ ਸ਼ਕਤੀਆਂ ਨਾਲ ਪੂਰੀ ਤਰ੍ਹਾਂ ਟਾਕਰਾ ਕਰਨ ਲਈ ਤਿਆਰ ਬਰ ਤਿਆਰ ਹਨ। ਕੈਪਟਨ ਨੇ ਕਿਹਾ ਕਿ ਇਹ ਤੱਤ ਪੰਜਾਬ ਵਿੱਚ ਸਖ਼ਤ ਜਦੋ-ਜਹਿਦ ਨਾਲ ਪੈਦਾ ਕੀਤੀ ਸ਼ਾਂਤੀ ਤੇ ਸਦਭਾਵਨਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਨ੍ਹਾਂ ਦੇ ਘਿਨਾਉਣੇ ਕਾਰਿਆਂ ਨੂੰ ਅਸਫ਼ਲ ਕਰਨ ਲਈ ਉਹ ਹਰ ਕਦਮ ਚੁੱਕਣਗੇ।

ਉਨ੍ਹਾਂ ਕਿਹਾ, ”ਜੇ ਉਨ੍ਹਾਂ ਵਿੱਚ ਜੁਅੱਰਤ ਹੈ ਤਾਂ ਉਹ ਪੰਜਾਬ ਆਉਣ ਤੇ ਮੇਰੀ ਸਰਕਾਰ ਇਹ ਯਕੀਨੀ ਬਣਾਉਣ ਲਈ ਢੁੱਕਵਾਂ ਕਦਮ ਚੁੱਕੇਗੀ ਕਿ ਆਪਣੀਆਂ ਬੁਜ਼ਦਿਲੀ ਵਾਲੀਆਂ ਧਮਕੀਆਂ ਦੇਣ ਤੇ ਸੂਬੇ ਵਿੱਚ ਅੱਤਵਾਦ ਨੂੰ ਸੁਰਜੀਤ ਕਰਨ ਦੇ ਨਾਪਾਕ ਇਰਾਦੇ ਰੱਖਣ ਵਾਲਿਆਂ ਨੂੰ ਮੂੰਹ ਤੋੜਵਾਂ ਜੁਆਬ ਦਿੱਤਾ ਜਾਵੇ।” ਮੁੱਖ ਮੰਤਰੀ ਨੇ ਆਪਣੇ ਤੇ ਬਿੱਟੂ ਵਾਸਤੇ ਕੇਂਦਰ ਤੋਂ ਜ਼ੈੱਡ ਪਲੱਸ ਸੁਰੱਖਿਆ ਮੰਗੇ ਜਾਣ ਦੀਆਂ ਰਿਪੋਰਟਾਂ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਸੂਬਾ ਪੁਲਿਸ ਕਾਂਗਰਸੀ ਆਗੂਆਂ ਸਣੇ ਸੂਬੇ ਦੇ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਲਈ ਪੂਰੀ ਤਰ੍ਹਾਂ ਸਮਰੱਥ ਹੈ।

ਉਨ੍ਹਾਂ ਕਿਹਾ ਕਿ ਸੁਰੱਖਿਆ ਵਧਾਉਣ ਦੇ ਸਬੰਧ ਵਿੱਚ ਕੇਂਦਰ ਕੋਲ ਪਹੁੰਚ ਕਰਨ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਪੁਲਿਸ ਦੀ ਯੋਗਤਾ ‘ਤੇ ਪੂਰਾ ਵਿਸ਼ਵਾਸ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਦ ਤੇ ਉਨ੍ਹਾਂ ਦੀ ਸਰਕਾਰ ਅਜਿਹੇ ਡਰਪੋਕ ਲੋਕਾਂ ਦੀਆਂ ਗਿੱਦੜ ਭੱਬਕੀਆਂ ਤੋਂ ਡਰਨ ਵਾਲੀ ਨਹੀਂ ਜਿਨ੍ਹਾਂ ਦੀ ਪੰਜਾਬ ਆ ਕੇ ਉਨ੍ਹਾਂ ਦਾ ਸਾਹਮਣਾ ਕਰਨ ਦੀ ਵੀ ਜੁਅੱਰਤ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸੂਬੇ ਦੀ ਅਮਨ-ਸ਼ਾਂਤੀ ਤੇ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਅਜਿਹੀਆਂ ਧਮਕੀਆਂ ਦਾ ਢੁਕਵਾਂ ਜੁਆਬ ਦੇਵੇਗੀ ਤੇ ਕਿਸੇ ਵੀ ਕੀਮਤ ‘ਤੇ ਸ਼ਾਂਤਮਈ ਮਾਹੌਲ ਵਿੱਚ ਵਿਘਨ ਨਹੀਂ ਪੈਣ ਦਿੱਤਾ ਜਾਵੇਗਾ।

Share Button

Leave a Reply

Your email address will not be published. Required fields are marked *