ਕੈਪਟਨ ਤੇ ਕੇਜਰੀਵਾਲ ਚਿੱਟੇ ਦਿਨ ਪੰਜਾਬ ਵਿੱਚ ਸਤਾ ਸੰਭਾਲਣ ਦੇ ਸੁਪਨੇ ਲੈਣੇ ਛੱਡ ਦੇਣ-ਹਰਸਿਮਰਤ ਕੌਰ ਬਾਦਲ

ss1

ਕੈਪਟਨ ਤੇ ਕੇਜਰੀਵਾਲ ਚਿੱਟੇ ਦਿਨ ਪੰਜਾਬ ਵਿੱਚ ਸਤਾ ਸੰਭਾਲਣ ਦੇ ਸੁਪਨੇ ਲੈਣੇ ਛੱਡ ਦੇਣ-ਹਰਸਿਮਰਤ ਕੌਰ ਬਾਦਲ
ਲੋਕ ਲਗਾਤਾਰ ਤੀਜੀ ਵਾਰ ਵਿਕਾਸ ‘ਤੇ ਮੋਹਰ ਲਾਕੇ ਅਕਾਲੀ-ਭਾਜਪਾ ਗਠਜੋੜ ਨੂੰ ਲਿਆਉਣਗੇ
ਕੇਜਰੀਵਾਲ ਦਿੱਲੀ ਵਿੱਚ ਬੁਰੀ ਤਰ੍ਹਾ ਫੇਲ ਹੋਣ ਪਿੱਛੋਂ ਹੋਰਨਾਂ ਰਾਜਾਂ ਵੱਲ ਭੱਜਣ ਲੱਗਾ

ਭੁੱਚੋ ਮੰਡੀ ( ਬਠਿੰਡਾ) : 7 ਅਗਸਤ (ਪਰਵਿੰਦਰ ਜੀਤ ਸਿੰਘ) ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸ੍ਰੀ ਅਰਵਿੰਦ ਕੇਜਰੀਵਾਲ ਚਿੱਟੇ ਦਿਨ ਪੰਜਾਬ ਵਿੱਚ ਸਤਾ ਸੰਭਾਲਣ ਦੇ ਸੁਪਨੇ ਲੈਣੇ ਛੱਡ ਦੇਣ ਕਿਉਂਕਿ ਉਨ੍ਹਾਂ ਦੇ ਸੁਪਨੇ ਕੱਚ ਵਾਂਗ ਟੁੱਟਣਗੇ।
ਅੱਜ ਇਥੇ ਭੁੱਚੋ ਮੰਡੀ ਅਤੇ ਗੋਨਿਆਣਾ ਮੰਡੀ ਵਿੱਚ ਵੱਖ-ਵੱਖ ਥਾਵਾਂ ‘ਤੇ ਵਿਧਾਇਕ ਸ. ਦਰਸ਼ਨ ਸਿੰਘ ਕੋਟਫੱਤਾ ਸਮੇਤ ਸੰਗਤ ਦਰਸ਼ਨ ਕਰਨ ਉਪਰੰਤ ਸ੍ਰੀਮਤੀ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਮੁੱਖ ਮੰਤਰੀ ਸ੍ਰੀ ਪਰਕਾਸ਼ ਸਿੰਘ ਬਾਦਲ ਨੂੰ ਲਗਾਤਾਰ ਤੀਜੀ ਵਾਰ ਮੁੱਖ ਮੰਤਰੀ ਬਨਾਉਣ ਦਾ ਮਨ ਬਣਾਈ ਬੈਠੇ ਹਨ ਅਤੇ ਕੈਪਟਨ ਅਮਰਿੰਦਰ ਤੇ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਵੱਲੋਂ ਲੋਕਾਂ ਨੂੰ ਦਿਖਾਏ ਜਾ ਰਹੇ ਸਬਜਬਾਗਾਂ ਲਈ ਸਬਕ ਸਿਖਾਉਣਗੇ। ਸ੍ਰੀਮਤੀ ਬਾਦਲ ਨੇ ਕਿਹਾ ਕਿ ਲੋਕਾਂ ਦਾ ਵਿਸ਼ਵਾਸ ਵਿਕਾਸ ਅਤੇ ਵਿਕਾਸਮੁਖੀ ਰਾਜਨੀਤੀ ਵਿਚ ਹੈ ਅਤੇ ਉਹ ਇਨ੍ਹਾਂ ਪਾਰਟੀਆਂ ਦੇ ਗੁੰਮਰਾਹਕੁਨ ਪ੍ਰਚਾਰ ਤੋਂ ਸੁਚੇਤ ਰਹਿਣ।
ਕੈਪਟਨ ਅਮਰਿੰਦਰ ਸਿੰਘ ਨੂੰ ਲੋਕਾਂ ਵੱਲੋ ਬੁਰੀ ਤਰ੍ਹਾਂ ਨਕਾਰਿਆ ਆਗੂ ਦਸਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਕੈਪਟਨ ਦੇ ਰਾਜ ਦੌਰਾਨ ਪੰਜਾਬ ਵਿਕਾਸ ਦੀ ਲੀਹ ਤੋਂ ਲੱਥ ਗਿਆ ਸੀ ਜਿਸ ਤੋਂ ਸਾਰਾ ਪੰਜਾਬ ਚੰਗੀ ਤਰ੍ਹਾਂ ਜਾਣੂ ਹੈ। ਉਨ੍ਹਾਂ ਕਿਹਾ ਕਿ ਚੋਣਾਂ ਨਜਦੀਕ ਆਉਣ ਕਾਰਨ ਕੈਪਟਨ ਮਹਿਲਾਂ ਵਿੱਚੋ ਬਾਹਰ ਆ ਗਏ ਹਨ ਅਤੇ ਚੋਣਾਂ ਤੋਂ ਬਾਅਦ ਮੁੜ ਮਹਿਲੀਂ ਪਰਤ ਜਾਣਗੇ । ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਆਪ ਦੇ ‘ਖਾਸ’ ਮੁਖੀ ਅਤੇ ਉਨ੍ਹਾਂ ਦੇ ਖਾਸ ਲੀਡਰਾਂ ਦੀ ਟੋਲੀ ਚੋਣਾਂ ਪਿਛੋਂ ਲੋਕਾਂ ਨੂੰ ਨਹੀਂ ਲਭਣਗੇ। ਸ੍ਰੀਮਤੀ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਹੋ ਰਹੇ ਰਿਕਾਰਡ ਵਿਕਾਸ ਨੂੰ ਹੋਰ ਸਿਖਰਾਂ ‘ਤੇ ਪਹੁੰਚਾਉਣ ਲਈ ਲੋਕਾਂ ਨੂੰ ਇਨ੍ਹਾਂ ਪੰਜਾਬ ਵਿਰੋਧੀ ਤਾਕਤਾਂ ਅਤੇ ਉਨ੍ਹਾਂ ਦੇ ਮਨਸੂਬਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਕੇਜਰੀਵਾਲ ਦਿੱਲੀ ਵਿਚ ਬੁਰੀ ਤਰ੍ਹਾਂ ਫੇਲ ਮੁੱਖ ਮੰਤਰੀ ਸਾਬਤ ਹੋਣ ਮਗਰੋਂ ਹੁਣ ਹੋਰਨਾਂ ਸੂਬਿਆਂ ਦੇ ਲੋਕਾਂ ਨੂੰ ਭਰਮਾਉਣ ਦੀ ਤਾਕ ਵਿੱਚ ਹਨ ਪਰ ਪੰਜਾਬ ਦੇ ਸੂਝਵਾਨ ਲੋਕ ਕੈਪਟਨ ਅਤੇ ਕੇਜਰੀਵਾਲ ਨੂੰ ਬੁਰੀ ਤਰ੍ਹਾਂ ਸਬਕ ਸਿਖਾਉਣਗੇ।
ਇਕ ਸਵਾਲ ਦੇ ਜਵਾਬ ਵਿੱਚ ਸ੍ਰੀਮਤੀ ਬਾਦਲ ਨੇ ਕਿਹਾ ਕਿ 2002-07 ਦੌਰਾਨ ਪੰਜਾਬ ਵਿੱਚ ਕਾਂਗਰਸ ਦੇ ਰਾਜ ਅੰਦਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਕੋਲ ਲੋਕਾਂ ਨੂੰ ਦੱਸਣ ਲਈ ਇਕ ਵੀ ਪ੍ਰਾਪਤੀ ਨਹੀਂ ਸੀ ਅਤੇ ਪੰਜਾਬ ਬਾਕੀ ਸੂਬਿਆਂ ਨਾਲੋਂ ਪਛੜਕੇ ਰਹਿ ਗਿਆ ਸੀ। ਉਨ੍ਹਾ ਕਿਹਾ ਕਿ ਪਿਛਲੇ 9 ਸਾਲਾਂ ਦੌਰਾਨ ਗਠਜੋੜ ਸਰਕਾਰ ਨੇ ਰਾਜ ਨੂੰ ਵਿਕਾਸ ਦੇ ਖੇਤਰ ਵਿਚ ਮੋਹਰੀ ਸੂਬਿਆਂ ਵਿਚ ਲਿਆਕੇ ਖੜਾ ਕਰ ਦਿੱਤਾ ਹੈ ਅਤੇ ਆਉਂਦੇ ਸਮੇਂ ਵਿੱਚ ਪੰਜਾਬ ਦੇਸ਼ ਦਾ ਨੰਬਰ ਇਕ ਸੂਬਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਗਠਜੋੜ ਸਰਕਾਰ ਨੇ ਰਾਜ ਵਿਚ ਵਿਕਾਸ ਦੇ ਨਵੇਂ ਮੀਲ ਪੱਥਰ ਗੱਡਦਿਆਂ ਹਰ ਵਰਗ ਲਈ ਭਲਾਈ ਸਕੀਮਾਂ ਲਾਗੂ ਕੀਤੀਆਂ ਹਨ ਜਦਕਿ ਕੈਪਟਨ ਸਰਕਾਰ ਨੇ ਲੋਕ ਭਲਾਈ ਨੂੰ ਬੁਰੀ ਤਰ੍ਹਾਂ ਅੱਖੋਂ-ਪਰੋਖੇ ਕੀਤਾ ਸੀ।
ਇਸ ਦੌਰਾਨ ਭੁੱਚੋ ਮੰਡੀ ਵਿੱਚ ਸੰਗਤ ਦਰਸ਼ਨ ਦੌਰਾਨ ਲੋਕਾਂ ਵਲੋਂ ਉਠਾਈ ਗਈ ਸੀਵਰੇਜ ਦੀ ਸਮਸਿਆ ਨੂੰ ਗੰਭੀਰਤਾ ਨਾਲ ਸ੍ਰੀਮਤੀ ਬਾਦਲ ਨੇ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਸੀਨੀਅਰ ਅਧਿਕਾਰੀਆਂ ਨੂੰ ਸੀਵਰੇਜ ਸਮਸਿਆ ਦਾ ਜਲਦ ਹਲ ਕਰਨ ਦੇ ਨਿਰਦੇਸ਼ ਦਿੱਤੇ। ਸ੍ਰੀਮਤੀ ਬਾਦਲ ਨੇ ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੂੰ ਕਿਹਾ ਕਿ ਉਹ ਇਸ ਕੰਮ ਨੂੰ ਬਿਨਾਂ ਕਿਸੇ ਦੇਰੀ ਅਤੇ ਵਧੀਆ ਢੰਗ ਨਾਲ ਮੁਕੰਮਲ ਕਰਵਾਉਣ ਨੂੰ ਯਕੀਨੀ ਬਨਾਉਣ। ਇਸ ਮੌੇਕੇ ਸ੍ਰੀਮਤੀ ਬਾਦਲ ਨੇ ਵਾਰਡ ਨੰਬਰ 7, 8, 9, 10, 13, 1, 2, 3, 4, 5 ਅਤੇ 6 ਦੇ ਲੋਕਾਂ ਦੀਆਂ ਸਮਸਿਆਵਾਂ ਸੁਣਦਿਆਂ ਮੌਕੇ ‘ਤੇ ਇਨ੍ਹਾਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ। ਉਨ੍ਹਾਂ ਵੱਖ-ਵੱਖ ਵਾਰਡਾਂ ਵਿੱਚ ਵਿਕਾਸ ਕਾਰਜਾਂ ਲਈ ਗਰਾਂਟ ਦੇਣ ਦਾ ਐਲਾਨ ਵੀ ਕੀਤਾ ।
ਕੇਂਦਰੀ ਮੰਤਰੀ ਨੇ ਗੋਨਿਆਣਾ ਮੰਡੀ ਵਿਚ ਵੱਖ-ਵੱਖ ਵਾਰਡਾਂ ਦੀਆਂ ਸਮਸਿਆਵਾਂ ਦੇ ਮੱਦੇਨਜ਼ਰ ਸੰਗਤ-ਦਰਸ਼ਨ ਦੌਰਾਨ ਲੋਕ ਮਸਲਿਆਂ ਦੇ ਫੌਰੀ ਹੱਲ ਲਈ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ।
ਸ੍ਰੀਮਤੀ ਬਾਦਲ ਨੇ ਦਾਣਾ ਮੰਡੀ ਭੁੱਚੋ ਦੀ ਧਰਮਸ਼ਾਲਾ ਵਿਚ ਨੰਨੀ ਛਾਂ ਮੁਹਿੰਮ ਤਹਿਤ 150 ਤੋਂ ਵੱਧ ਲੜਕੀਆਂ ਅਤੇ ਔਰਤਾਂ ਨੂੰ ਸਿਲਾਈ ਮਸ਼ੀਨਾਂ ਅਤੇ ਬੂਟੇ ਵੰਡੇ। ਉਨ੍ਹਾਂ ਨੇ ਲੜਕੀਆਂ ਨੂੰ ਸਰਟੀਫਿਕੇਟ ਵੀ ਤਕਸ਼ੀਮ ਕੀਤੇ। ਇਸ ਮੌਕੇ ਸ੍ਰੀਮਤੀ ਬਾਦਲ ਨੇ ਬਜ਼ੁਰਗਾਂ, ਵਿਧਵਾਵਾਂ ਅਤੇ ਅੰਗਹੀਣਾਂ ਦੀ ਮੁਫ਼ਤ ਈ-ਰਿਕਸ਼ਾ ਦੀ ਸਹੂਲਤ ਦੀ ਸ਼ੁਰੂਆਤ ਵੀ ਕੀਤੀ।

Share Button

Leave a Reply

Your email address will not be published. Required fields are marked *