Wed. May 22nd, 2019

ਕੈਪਟਨ ਅਮਰਿੰਦਰ ਸਿੰਘ ਵੱਲੋਂ ਲੁਧਿਆਣਾ ਸਮਾਰਟ ਸਿਟੀ ਲਈ 199.54 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਤੋਹਫਾ

????????????????????????????????????

ਕੈਪਟਨ ਅਮਰਿੰਦਰ ਸਿੰਘ ਵੱਲੋਂ ਲੁਧਿਆਣਾ ਸਮਾਰਟ ਸਿਟੀ ਲਈ 199.54 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦਾ ਤੋਹਫਾ

ਲੁਧਿਆਣਾ, (ਪ੍ਰੀਤੀ ਸ਼ਰਮਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਨੂੰ 199.54 ਕਰੋੜ ਰੁਪਏ ਦਾ ਵੱਡਾ ਤੋਹਫਾ ਦਿੱਤਾ ਹੈ ਤਾਂ ਜੋ ਇਸ ਸਮਾਰਟ ਸਿਟੀ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਹੁਲਾਰਾ ਦਿੱਤਾ ਜਾ ਸਕੇ। ”ਘਰ-ਘਰ ਰੋਜ਼ਗਾਰ” ਸਕੀਮ ਹੇਠ ਹੋਏ ਦੂਜੇ ਮੈਗਾ ਨੌਕਰੀ ਮੇਲੇ ਦੌਰਾਨ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣ ਲਈ ਅੱਜ ਇੱਥੇ ਆਏ ਮੁੱਖ ਮੰਤਰੀ ਨੇ ਕੁੱਲ 7 ਵੱਡੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ। ਇਨਾਂ ਪ੍ਰੋਜੈਕਟਾਂ ਵਿੱਚ ਐਲ.ਈ.ਡੀ. ਸਟਰੀਟ ਲਾਈਟ (44.38 ਕਰੋੜ ਰੁਪਏ), ਆਧੁਨਿਕ ਤਕਨੀਕ ਦੇ ਦਿਸ਼ਾ ਸੂਚਕ (9.14 ਕਰੋੜ ਰੁਪਏ), ਸਰਾਭਾ ਨਗਰ ਮਾਰਕੀਟ ਦਾ ਆਧੁਨੀਕੀਕਰਨ (14.88 ਕਰੋੜ ਰੁਪਏ), ਏ.ਬੀ.ਡੀ.(ਖੇਤਰ ਆਧਾਰਿਤ ਵਿਕਾਸ) ਖੇਤਰ ਦੇ ਲਈ 24 ਘੰਟੇ ਸਤਹਿ ਪਾਣੀ ਆਧਾਰਿਤ ਜਲ ਸਪਲਾਈ ਸਕੀਮ (46.50 ਕਰੋੜ ਰੁਪਏ), ਖੇਤਰ ਅਧਾਰਿਤ ਵਿਕਾਸ ਦੀ ਮੌਜੂਦਾ ਸੀਵਰੇਜ ਪ੍ਰਣਾਲੀ ਦੀ ਮੁੜ ਉਸਾਰੀ (39.30 ਕਰੋੜ ਰੁਪਏ), ਖੇਤਰ ਅਧਾਰਿਤ ਵਿਕਾਸ ਦੀ ਪਾਣੀ ਦੇ ਡਰੇਨੇਜ਼ ਪ੍ਰਣਾਲੀ (22.59 ਕਰੋੜ ਰੁਪਏ) ਅਤੇ ਸਮਾਰਟ ਸਟਰੀਟ ਫੇਜ਼ -1 ਮਲਹਾਰ ਰੋਡ (22.76 ਕਰੋੜ ਰੁਪਏ) ਆਦਿ ਸ਼ਾਮਿਲ ਹਨ।ਕੈਪਟਨ ਅਮਰਿੰਦਰ ਸਿੰਘ ਨੇ 5 ਪ੍ਰੋਜੈਕਟਾਂ ਦਾ ਨੀਂਹ ਪੱਥਰ 3 ਥਾਵਾਂ ‘ਤੇ ਰੱਖਿਆ ਤਾਂ ਜੋ ਇਨਾਂ ਪ੍ਰਾਜੈਕਟਾਂ ਨੂੰ ਅਮਲ ਵਿੱਚ ਲਿਆਂਦਾ ਜਾ ਸਕੇ। ਉਨਾਂ ਨੇ ਸ਼ਹਿਰ ਦਾ ਵਿਕਾਸ ਕਰਨ ਦਾ ਵਾਅਦਾ ਕੀਤਾ ਕਿਉਂਕਿ ਇਹ ਸ਼ਹਿਰ ਸੂਬੇ ਦਾ ਪ੍ਰਮੁੱਖ ਸਨਅਤੀ ਅਤੇ ਵਪਾਰਕ ਧੁਰਾ ਹੈ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਸ਼ਹਿਰ ਦੇ ਵਿਕਾਸ ਨੂੰ ਲਗਾਤਾਰ ਪ੍ਰਾਥਮਿਕਤਾ ਦਿੰਦੀ ਰਹੇਗੀ।

   ਇੱਕ ਸਰਕਾਰੀ ਬੁਲਾਰੇ ਨੇ ਬਾਅਦ ਵਿੱਚ ਦੱਸਿਆ ਕਿ ਐੱਲ.ਈ.ਡੀ. ਸਟਰੀਟ ਲਾਈਟਾਂ ਅਤੇ ਆਧੁਨਿਕ ਤਕਨੀਕ ਦੇ ਦਿਸ਼ਾ ਸੂਚਕ ਬੋਰਡਾਂ ਦੀ ਸਥਾਪਤੀ ਲਈ ਕੰਮ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਸ ਐਲ.ਈ.ਡੀ. ਪ੍ਰੋਜੈਕਟ ਨਾਲ ਮੌਜੂਦਾ 105000 ਲਾਈਟਾਂ ਬਦਲੀਆਂ ਜਾਣਗੀਆਂ, ਜਿਸ ਦੇ ਨਾਲ ਬਿਜਲੀ ਦੀ ਬੱਚਤ ਹੋਵੇਗੀ। ਇਹ ਕੰਮ ਇਸ ਮਹੀਨੇ ਦੇ ਆਖਰ ਤੱਕ ਸ਼ੁਰੂ ਹੋ ਜਾਵੇਗਾ ਅਤੇ ਦਸੰਬਰ ਤੱਕ ਮੁੰਕਮਲ ਹੋਵੇਗਾ। ਇਸ ਦੇ ਨਾਲ 63.25 ਫੀਸਦੀ (29.75 ਮਿਲੀਅਨ ਯੂਨਿਟਾਂ ਪ੍ਰਤੀ ਸਾਲ) ਊਰਜਾ ਦੀ ਬੱਚਤ ਹੋਵੇਗੀ। ਇਸ ਦੇ ਨਾਲ ਪਹਿਲੇ ਸਾਲ 6.09 ਕਰੋੜ ਰੁਪਏ ਦੀ ਊਰਜਾ ਬਚੇਗੀ। ਇਸ ਤੋਂ ਬਾਅਦ ਹਰ ਸਾਲ 6 ਫੀਸਦੀ ਹੋਰ ਬੱਚਤ ਵੱਧਦੀ ਜਾਵੇਗੀ।

ਆਧੁਨਿਕ ਤਕਨੀਕ ਦੇ ਦਿਸ਼ਾ ਸੂਚਕ ਬੋਰਡਾਂ ਦੇ ਪ੍ਰੋਜੈਕਟ ਵਿੱਚ 757 ਬੋਰਡ ਲਗਾਏ ਜਾਣਗੇ। ਸਰਾਭਾ ਨਗਰ ਮਾਰਕੀਟ ਦਾ ਮੁਹਾਂਦਰਾ ਬਦਲਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਟੈਂਡਰ ਮੰਗੇ ਜਾ ਰਹੇ ਹਨ ਜਿਸ ਵਿੱਚ ਡਿਜ਼ਾਈਨ, ਸਪਲਾਈ ਅਤੇ ਸਾਰਿਆਂ ਤਰਾਂ ਦਾ ਲੈਂਡਸਕੇਪ ਦਾ ਕੰਮ ਸ਼ਾਮਿਲ ਹੋਵੇਗਾ ਜਿਸ ਵਿੱਚ ਬਿਜਲੀ ਸੇਵਾਵਾਂ ਦੇ ਜ਼ਮੀਨਦੋਜ਼ ਕੰਮ ਵੀ ਹੋਣਗੇ। ਇਸ ਪ੍ਰੋਜੈਕਟ ਦੀ ਮੁੱਖ ਵਿਸ਼ੇਸ਼ਤਾ ਜਨਤਕ ਪਲਾਜ਼ਾ ਦੀ ਮਹੱਤਤਾ ਨੂੰ ਵਧਾਉਣਾ ਹੈ ਅਤੇ ਸਾਰੇ ਤਰਾਂ ਦੀਆਂ ਸੇਵਾਵਾਂ ਲੋਕਾਂ ਲਈ ਆਸਾਨ ਬਣਾਉਣੀਆਂ ਹਨ।ਬੁਲਾਰੇ ਅਨੁਸਾਰ ਬਾਕੀ 4 ਪ੍ਰੋਜੈਕਟਾਂ ਲਈ ਵੀ ਪਹਿਲਾਂ ਹੀ ਟੈਂਡਰ ਜਾਰੀ ਕਰ ਦਿੱਤੇ ਗਏ ਹਨ। ਏ.ਬੀ.ਡੀ. ਖੇਤਰ ਦੀ ਮੌਜੂਦਾ ਜਲ ਸਪਲਾਈ ਗਰਾਊਂਡ ਜਲ ਸਰੋਤਾਂ ਆਧਾਰਿਤ ਹੈ ਇੱਥੇ 25 ਟਿਊਬਵੈੱਲ ਹਨ ਅਤੇ ਰੋਜ਼ਾਨਾ ਤਕਰੀਬਨ 10 ਘੰਟੇ ਜਲ ਸਪਲਾਈ ਹੁੰਦਾ ਹੈ। ਮੌਜੂਦਾ ਪ੍ਰਣਾਲੀ ਪੂਰੀ ਤਰਾਂ ਮੀਟਰਾਂ ਤੋਂ ਬਿਨਾਂ ਅਤੇ ਉਪਭੋਗਤਾਵਾਂ ਤੋਂਂ ਫਲੈਟ ਦਰਾਂ ਵਸੂਲੀਆਂ ਜਾ ਰਹੀਆਂ ਹਨ। ਸਮਾਰਟ ਸਿਟੀ ਮਿਸ਼ਨ ਦੇ ਹੇਠ ਮੌਜੂਦਾ ਸਮੁੱਚੀ ਜਲ ਸਪਲਾਈ ਦੀ ਕਾਇਆ ਕਲਪ ਕਰਨ ਦਾ ਪ੍ਰਸਤਾਵ ਹੈ ਜਿਸ ਦੇ ਹੇਠ ਸਤਹਿ ਜਲ ਸਰੋਤ (ਸਿੱਧਵਾਂ ਨਹਿਰ) ਵੱਲ ਜਾਣਾ ਹੈ। ਇਸ ਦੇ ਹੇਠ 90 ਕਿਲੋਮੀਟਰ ਲੰਮਾ ਵਿਤਰਣ ਨੈੱਟਵਰਕ ਹੋਵੇਗਾ ਅਤੇ ਪੂਰੇ ਪ੍ਰੈਸ਼ਰ ਨਾਲ 24 ਘੰਟੇ ਸਪਲਾਈ ਰਹੇਗੀ। ਇੱਕ ਸਰਕਾਰੀ ਬੁਲਾਰੇ ਨੇ ਅੱਗੇ ਦੱਸਿਆ ਕਿ ਸਮਾਰਟ ਸਿਟੀ ਮਿਸ਼ਨ ਹੇਠ ਏ.ਬੀ.ਡੀ. ਖੇਤਰ ਦੀ ਮੌਜੂਦਾ ਸੀਵਰੇਜ ਪ੍ਰਣਾਲੀ ਨੂੰ ਦਰੁਸਤ ਕਰਨ ਅਤੇ ਮਜ਼ਬੂਤ ਬਣਾਉਣ ਦਾ ਪ੍ਰਸਤਾਵ ਹੈ। ਇਸ ਪ੍ਰੋਜੈਕਟ ਵਿੱਚ ਸਰਵੇ, ਸਫਾਈ ਅਤੇ ਜੀ.ਆਈ.ਐੱਸ. (ਜੁਗਰਾਫਿਕ ਇੰਨਫਰਮੇਸ਼ਨ ਸਿਸਟਮ) ਰਾਹੀਂ ਖਰਾਬ ਹੋਏ ਸੀਵਰੇਜ਼ ਨੂੰ ਠੀਕ ਕਰਨਾ ਅਤੇ ਮੌਜੂਦਾ ਵੱਡੇ ਸੀਵਰੇਜ਼ ਨੂੰ ਮਜ਼ਬੂਤ ਕਰਨਾ। ਇਹ ਪ੍ਰੋਜੈਕਟ 25 ਮਈ ਤੋਂ ਸ਼ੁਰੂ ਹੋਵੇਗਾ ਅਤੇ 21 ਮਹੀਨੇ ਦੇ ਵਿੱਚ ਖਤਮ ਹੋਵੇਗਾ। ਸਮਾਰਟ ਸਿਟੀ ਫੇਜ਼-1 ਦੇ ਪ੍ਰੋਜੈਕਟਾਂ ਵਿੱਚ ਸਮਾਰਟ ਸਹੂਲਤਾਂ, ਵਧੀਆ ਪਾਰਕਿੰਗ ਸਿਸਟਮ, ਵਧੀਆ ਰੋਡ ਅਤੇ ਹੋਰ ਮੌਜੂਦਾ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ, ਵਿਧਾਇਕ ਭਾਰਤ ਭੂਸ਼ਣ ਆਸ਼ੂ ਅਤੇ ਰਾਣਾ ਗੁਰਮੀਤ ਸਿੰਘ ਸੋਢੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: