ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਕੈਪਟਨ ਅਮਰਿੰਦਰ ਨੇ ਟਾਈਟਲਰ ਦੇ ਪੱਖ ‘ਚ ਬਿਆਨ ਦੇ ਕੇ ਸਿੱਖ ਕੌਮ ਨਾਲ ਕੀਤਾ ਧੋਖਾ : ਸੁਖਬੀਰ ਸਿੰਘ ਬਾਦਲ

ਕੈਪਟਨ ਅਮਰਿੰਦਰ ਨੇ ਟਾਈਟਲਰ ਦੇ ਪੱਖ ‘ਚ ਬਿਆਨ ਦੇ ਕੇ ਸਿੱਖ ਕੌਮ ਨਾਲ ਕੀਤਾ ਧੋਖਾ : ਸੁਖਬੀਰ ਸਿੰਘ ਬਾਦਲ

ਉੱਪ ਮੁੱਖ ਮੰਤਰੀ ਬਾਦਲ ਵੱਲੋਂ ਵਡਾਲਾ ਗ੍ਰੰਥੀਆਂ ਤੇ ਸ਼ਿਕਾਰ ਮਾਛੀਆਂ ਵਿਖੇ ਸੇਵਾ ਕੇਂਦਰਾਂ ਦਾ ਉਦਘਾਟਨ

pb-news-16350300-sukhbir-1

ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ‘ਚੋਂ ਦੋਸ਼ ਮੁਕਤ ਕਰਨ ਅਤੇ ਉਸਦੇ ਹੱਕ ‘ਚ ਦਿੱਤੇ ਬਿਆਨ ਦੀ ਨਿਖੇਧੀ ਕਰਦਿਆਂ ਪੰਜਾਬ ਦੇ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੈਪਟਨ ਨੇ ਇਹ ਬਿਆਨ ਦੇ ਕੇ ਸਿੱਖ ਕੌਮ ਨਾਲ ਵੱਡਾ ਧ੍ਰੋਹ ਕਮਾਇਆ ਹੈ। ਸ. ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਹ ਬਿਆਨ ਦੇ ਕੇ ਗਾਂਧੀ ਪਰਿਵਾਰ ਨਾਲ ਤਾਂ ਆਪਣੀ ਸਾਂਝ ਪੁੱਗਾ ਦਿੱਤੀ ਹੈ ਪਰ ਉਸਨੇ ਅਜਿਹਾ ਕਰਕੇ 1984 ਦੇ ਦੰਗਾ ਪੀੜ੍ਹਤਾਂ ਤੇ ਸਮੁੱਚੀ ਸਿੱਖ ਕੌਮ ਦੇ ਹਿਰਦੇ ਵਲੂੰਦਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਤੇ ਗਾਂਧੀ ਪਰਿਵਾਰ ਹਮੇਸ਼ਾਂ ਹੀ ਸਿੱਖ ਵਿਰੋਧੀ ਰਿਹਾ ਹੈ ਅਤੇ ਕਾਂਗਰਸ ਪਾਰਟੀ ਨੇ ਹੀ ਸਾਡੇ ਪਾਵਨ ਗੁਰਧਾਮਾਂ ਨੂੰ ਟੈਂਕਾ ਤੋਪਾਂ ਨਾਲ ਢਾਹਿਆ ਸੀ, ਜਿਸਨੂੰ ਸਿੱਖ ਕੌਮ ਕਦੀ ਮੁਆਫ ਨਹੀਂ ਕਰ ਸਕਦੀ।ਪਿੰਡ ਵਡਾਲਾ ਗ੍ਰੰਥੀਆਂ ਵਿਖੇ ਪੇਂਡੂ ਸੇਵਾ ਕੇਂਦਰ ਦੇ ਉਦਘਾਟਨ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੇਵਲ ਨਕਾਰੇ ਹੋਏ ਤੇ ਦਲ ਬਦਲੂਆਂ ਦੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਵੀ ਧਰਮ ਦਾ ਸਤਿਕਾਰ ਨਹੀਂ ਕਰਦੀ ਅਤੇ ਇਸਦੇ ਆਗੂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖੇਡ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਦਿੱਲੀ ‘ਚ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਅਤੇ ਇਸਦੇ ਬਹੁਤ ਸਾਰੇ ਆਗੂ ਵੱਖ-ਵੱਖ ਮਾਮਲਿਆਂ ‘ਚ ਜੇਲ੍ਹ ਦੀ ਹਵਾ ਖਾ ਰਹੇ ਹਨ। ਸ. ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕ ਭਲੇ-ਬੁਰੇ ‘ਚ ਫਰਕ ਕਰਨਾ ਜਾਣਦੇ ਹਨ ਅਤੇ ਇਹੀ ਕਾਰਨ ਹੈ ਕਿ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

ਸੇਵਾ ਕੇਂਦਰਾਂ ਸਬੰਧੀ ਗੱਲ ਕਰਦਿਆਂ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਸੁਧਾਰਾਂ ਵੱਲ ਵਿਸ਼ੇਸ ਤਵੱਜੋ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ‘ਚ ਸੇਵਾ ਕੇਂਦਰ ਸ਼ੁਰੂ ਹੋਣ ਮਗਰੋਂ ਹੁਣ ਕਿਸੇ ਨੂੰ ਵੀ ਆਪਣੇ ਸਰਕਾਰੀ ਕੰਮਾਂ ਲਈ ਸ਼ਹਿਰਾਂ ਦੇ ਦਫਤਰਾਂ ਦਾ ਰੁਖ ਨਹੀਂ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰ ‘ਚ ਮੁਹੱਈਆ ਕਰਾਈਆਂ ਜਾਣ ਵਾਲੀਆਂ ਸਾਰੀਆਂ ਸੇਵਾਵਾਂ ਨੂੰ ਸੇਵਾ ਅਧਿਕਾਰ ਕਾਨੂੰਨ ਦੇ ਦਾਇਰੇ ਹੇਠ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਸਰਕਾਰੀ ਕੰਮਾਂ ਲਈ ਬੇਲੋੜੀ ਖੱਜਲ-ਖੁਆਰੀ ਬਿਲਕੁਲ ਨਹੀਂ ਝੱਲਣੀ ਪਵੇਗੀ। ਸ. ਬਾਦਲ ਨੇ ਕਿਹਾ ਰਾਜ ਸਰਕਾਰ ਵੱਲੋਂ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ‘ਚ ਕੁੱਲ 142 ਸੇਵਾ ਕੇਂਦਰ ਬਣਾਏ ਗਏ ਹਨ ਜੋ ਲੋਕਾਂ ਨੂੰ ਉਨ੍ਹਾਂ ਦੇ ਘਰ ਦੇ ਨੇੜੇ ਹੀ ਸੇਵਾਵਾਂ ਦੇਣਗੇ। ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜਿਕਰ ਕਰਦਿਆਂ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਨੇ ਪਿਛਲੇ ਸਾਢੇ 9 ਸਾਲਾਂ ‘ਚ ਰਾਜ ਦੇ 2.50 ਲੱਖ ਨੌਜਵਾਨਾਂ ਨੂੰ ਮੈਰਿਟ ਦੇ ਅਧਾਰ ‘ਤੇ ਸਰਕਾਰੀ ਨੌਕਰੀਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਬਣਨ ‘ਤੇ ਰਾਜ ਦੇ ਨੌਜਵਾਨਾਂ ਨੂੰ ਅਗਲੇ ਪੰਜ ਸਾਲਾਂ ਦੌਰਾਨ 10 ਲੱਖ ਸਰਕਾਰੀ ਤੇ ਨਿੱਜੀ ਖੇਤਰ ‘ਚ ਨੌਕਰੀਆਂ ਦਿੱਤੀਆਂ ਜਾਣਗੀਆਂ। ਸ. ਬਾਦਲ ਨੇ ਕਿਹਾ ਕਿ ਇਸ ਮਹੀਨੇ ਰਾਜ ਭਰ ‘ਚ 2500 ਮੁਫਤ ਦਵਾਈਆਂ ਦੀ ਦੁਕਾਨਾ ਖੋਲੀਆਂ ਜਾ ਰਹੀਆਂ ਹਨ ਜਿਥੋਂ ਮਰੀਜਾਂ ਨੂੰ ਮੁਫਤ ਦਵਾਈਆਂ ਮਿਲਿਆ ਕਰਨਗੀਆਂ। ਉਨ੍ਹਾਂ ਕਿਹਾ ਕਿ ਸਸਤਾ ਆਟਾ-ਦਾਲ ਯੋਜਨਾ ਤੇ ਸਿਹਤ ਬੀਮਾਂ ਯੋਜਨਾ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ। ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ਦੇ 160 ਸ਼ਹਿਰਾਂ ਤੇ ਕਸਬਿਆਂ ‘ਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਈਆਂ ਗਈਆਂ ਹਨ ਅਤੇ ਹੁਣ ਅਗਲੇ 5 ਸਾਲਾਂ ਦੌਰਾਨ ਰਾਜ ਦੇ ਹਰ ਪਿੰਡ ‘ਚ ਸੀਵਰੇਜ, ਸੋਲਰ ਲਾਈਟਾਂ ਅਤੇ ਸੀਮਟਿਡ ਗਲੀਆਂ ਬਣਾਈਆਂ ਜਾਣਗੀਆਂ।

ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਰਾਜ ਸਰਕਾਰ ਨੇ ਜਿਥੇ ਸੂਬੇ ਦਾ ਸਰਬਪੱਖੀ ਵਿਕਾਸ ਕੀਤਾ ਹੈ ਉਥੇ ਪੰਜਾਬ ਦੀ ਅਮੀਰ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਨੂੰ ਸਾਂਭਣ ਲਈ ਵਿਸ਼ੇਸ਼ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਯਾਦਗਾਰਾਂ ਦਾ ਨਿਰਮਾਣ ਅਤੇ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਨੁਹਾਰ ਬਦਲਣ ਦਾ ਮਾਣ ਸਿਰਫ ਬਾਦਲ ਸਰਕਾਰ ਹਿੱਸੇ ਆਇਆ ਹੈ। ਬਟਾਲਾ ਹਲਕੇ ਦੀ ਗੱਲ ਕਰਦਿਆਂ ਉੱਪ ਮੁੱਖ ਮੰਤਰੀ ਸ. ਬਾਦਲ ਨੇ ਕਿਹਾ ਕਿ ਰਾਜ ਸਰਕਾਰ ਵੱਲੋਂ 150 ਕਰੋੜ ਰੁਪਏ ਖਰਚ ਕਰਕੇ ਇਸ ਸਨਅਤੀ ਸ਼ਹਿਰ ਦੇ ਹਰ ਘਰ ਨੂੰ ਸੀਵਰੇਜ ਸਹੂਲਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ 11 ਕਰੋੜ ਰੁਪਏ ਹਲਕੇ ਦੇ ਵਿਕਾਸ ਲਈ ਹੋਰ ਦਿੱਤੇ ਜਾਣਗੇ। ਉਨ੍ਹਾਂ ਨਾਲ ਹੀ ਬਟਾਲਾ ਹਲਕੇ ਲਈ 2000 ਨਵੇਂ ਨੀਲੇ ਕਾਰਡ ਮਨਜੂਰ ਕਰਨ ਦਾ ਐਲਾਨ ਵੀ ਕੀਤਾ। ਇਸ ਤੋਂ ਪਹਿਲਾਂ ਉੱਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਬਟਾਲਾ ਸ਼ਹਿਰ ‘ਚ 5.50 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਆਧੁਨਿਕ ਪਸ਼ੂ ਮੇਲਾ ਗਰਾਊਂਡ ਦਾ ਉਦਘਾਟਨ ਕੀਤਾ ਅਤੇ ਸਿਵਲ ਹਸਪਤਾਲ ਬਟਾਲਾ ਨੇੜੇ 7 ਕਰੋੜ ਦੀ ਲਾਗਤ ਨਾਲ ਬਣਨ ਵਾਲੇ 66 ਕੇ.ਵੀ. ਸਬ ਸਟੇਸ਼ਨ ਦਾ ਨੀਂਹ ਪੱਥਰ ਵੀ ਰੱਖਿਆ।  ਵਡਾਲਾ ਗ੍ਰੰਥੀਆਂ ਤੋਂ ਬਾਅਦ ਉੱਪ ਮੁੱਖ ਮੰਤਰੀ ਸ. ਬਾਦਲ ਵੱਲੋਂ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਸ਼ਿਕਾਰ ਮਾਛੀਆਂ ਵਿਖੇ ਵੀ ਸੇਵਾ ਕੇਂਦਰ ਦਾ ਉਦਘਾਟਨ ਕੀਤਾ ਗਿਆ ਅਤੇ ਇਥੇ ਵਿਸ਼ਾਲ ਜਨਤਕ ਇਕੱਠ ਨੂੰ ਵੀ ਸੰਬੋਧਨ ਕੀਤਾ।ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਸ. ਲਖਬੀਰ ਸਿੰਘ ਲੋਧੀਨੰਗਲ, ਸਾਬਕਾ ਮੰਤਰੀ ਜਥੇਦਾਰ ਸੁੱਚਾ ਸਿੰਘ ਲੰਗਾਹ, ਵਿਧਾਇਕ ਦੇਸਰਾਜ ਸਿੰਘ ਧੁੱਗਾ, ਜ਼ਿਲ੍ਹਾ ਸ਼ਹਿਰੀ ਪ੍ਰਧਾਨ ਸੁਭਾਸ਼ ਓਹਰੀ, ਚੇਅਰਮੈਨ ਸ. ਰਵੀਕਰਨ ਸਿੰਘ ਕਾਹਲੋਂ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਸੱਭਰਵਾਲ, ਡੀ.ਆਈ.ਜੀ. ਬਾਰਡਰ ਰੇਂਜ ਸ੍ਰੀ ਏ.ਕੇ. ਮਿੱਤਲ, ਐੱਸ.ਐੱਸ.ਪੀ. ਬਟਾਲਾ ਸ. ਦਿਲਜਿੰਦਰ ਸਿੰਘ ਢਿਲੋਂ, ਕੰਵਰ ਸੰਦੀਪ ਸਿੰਘ ਲੋਧੀਨੰਗਲ, ਚੇਅਰਮੈਨ ਮੁਨੱਵਰ ਮਸੀਹ, ਮਨਮੋਹਨ ਸਿੰਘ ਪੱਖੋਕੇ, ਐੱਸ.ਡੀ.ਐੱਮ. ਬਟਾਲਾ ਪ੍ਰਿਥੀ ਸਿੰਘ, ਜ਼ਿਲ੍ਹਾ ਯੂਥ ਪ੍ਰਧਾਨ ਰਮਨਦੀਪ ਸਿੰਘ ਸੰਧੂ, ਹਰਜੀਤ ਸਿੰਘ ਬਿਜਲੀਵਾਲ, ਹਰਭਜਨ ਸਿੰਘ ਤੂਰ, ਕੰਵਲਜੀਤ ਸਿੰਘ ਪੁਆਰ, ਲਖਵਿੰਦਰ ਸਿੰਘ ਘੁੰਮਣ, ਬਲਬੀਰ ਸਿੰਘ ਬਿੱਟੂ, ਜਗਰੂਪ ਸਿੰਘ ਸੇਖਵਾਂ, ਗੁਰਿੰਦਰਪਾਲ ਸਿੰਘ ਗੋਰਾ, ਜਰਨੈਲ ਸਿੰਘ ਮਾਹਲ, ਤ੍ਰਿਵੈਣੀ ਚੌਹਾਨ ਵੀ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: