ਕੈਪਟਨ ਅਮਰਿੰਦਰ ਨੇ ਕਿਸਾਨਾਂ ਦੇ ਲੋਨ ਮੁਆਫ ਕਰਨ ਦਾ ਕੀਤਾ ਵਾਅਦਾ

ss1

ਕੈਪਟਨ ਅਮਰਿੰਦਰ ਨੇ ਕਿਸਾਨਾਂ ਦੇ ਲੋਨ ਮੁਆਫ ਕਰਨ ਦਾ ਕੀਤਾ ਵਾਅਦਾ

ਗੁਰਦਾਸਪੁਰ, 26 ਅਗਸਤ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਹੈ ਕਿ 2017 ‘ਚ ਸੂਬੇ ‘ਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਕਿਸਾਨਾਂ ਦੇ ਕਰਜ਼ੇ ਮੁਆਫ ਕਰ ਦਿੱਤੇ ਜਾਣਗੇ | ਉਨ੍ਹਾਂ ਨੇ ਕਿਸਾਨਾਂ ਨੂੰ ਜ਼ੋਰਦਾਰ ਅਪੀਲ ਕਰਦਿਆਂ ਖੁਦਕੁਸ਼ੀ ਵਰਗੇ ਨਿਰਾਸ਼ਾਵਾਦੀ ਕਦਮ ਨਾ ਚੁੱਕਣ ਦੀ ਅਪੀਲ ਕੀਤੀ ਤੇ ਕਿਹਾ ਕਿ ਸਿਰਫ 5 ਮਹੀਨਿਆਂ ਦੀ ਗੱਲ ਬਾਕੀ ਰਹਿ ਗਈ ਹੈ, ਜਦੋਂ ਉਨ੍ਹਾਂ ਦੇ ਸਾਰੇ ਲੋਨ ਮੁਆਫ ਕਰ ਦਿੱਤੇ ਜਾਣਗੇ |
ਇਥੇ ਸਾਬਕਾ ਪ੍ਰਦੇਸ਼ ਕਾਗਰਸ ਪ੍ਰਧਾਨ ਤੇ ਕਿਸਾਨ ਮੁੱਦਿਆਂ ‘ਤੇ ਪੀ.ਸੀ.ਸੀ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਵੱਲੋਂ ਅਯੋਜਿਤ ਵਿਸ਼ਾਲ ਕਿਸਾਨ ਚੇਤਨਾ ਧਰਨੇ ਨੂੰ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਨੇ ਕਿਹਾ ਕਿ ਭਾਵੇਂ ਜੋ ਵੀ ਹੋਵੇ, ਉਹ ਪੁਖਤਾ ਕਰਨਗੇ ਕਿ ਕਿਸਾਨਾਂ ਦੇ ਲੋਨ ਮੁਆਫ ਕੀਤੇ ਜਾਣ ਅਤੇ ਉਨ੍ਹਾਂ ਦੀਆਂ ਜ਼ਮੀਨਾਂ ਵਾਪਿਸ ਨਾ ਲਈਆਂ ਜਾਣ |
ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਪੂਰੇ ਦੇਸ਼ ਦਾ ਪੇਟ ਭਰਨ ਵਾਲੇ ਕਿਸਾਨਾਂ ਨੂੰ ਹੁਣ ਜਾਂ ਖੁਦ ਖਾਣੇ ਲਈ ਮਰ ਰਹੇ ਹਨ, ਜਾਂ ਫਿਰ ਖੁਦ ਲੋਨ ਮੋੜਨ ‘ਚ ਕਾਬਿਲ ਨਾ ਹੋਣ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ | ਉਨ੍ਹਾਂ ਨੇ ਕਿਸਾਨਾਂ ਵੱਲੋਂ ਲਗਾਏ ਜਾ ਰਹੇ ਬੋਲੇ ਸੋ ਨਿਹਾਲ, ਸਤਿ ਸ਼੍ਰੀ ਅਕਾਲ ਦੇ ਨਾਅਰਿਆਂ ਦੌਰਾਨ ਕਿਹਾ ਕਿ ਅਸੀਂ ਤੁਹਾਡਾ ਦੇਣਾ ਹੈ, ਕਿਉਂਕਿ ਤੁਸੀਂ ਆਪਣਾ ਫਰਜ਼ ਨਿਭਾਅ ਚੁੱਕੇ ਹੋ ਤੇ ਹੁਣ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਹਾਨੂੰ ਰਾਹਤ ਦਿਲਾਈਏ |
ਇਸ ਦੌਰਾਨ ਗਰੀਬ ਖਪਤਕਾਰਾਂ ‘ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ ਵੱਲੋਂ ਥਾਪੇ ਭਾਰੀ ਬਿਜਲੀ ਦੇ ਬਿੱਲਾਂ ਸਬੰਧੀ ਸ਼ਿਕਾਇਤਾਂ ‘ਤੇ ਉਨ੍ਹਾਂ ਨੇ ਲੋਕਾਂ ਨੂੰ ਅਜਿਹੇ ਬਿੱਲ ਨਾ ਅਦਾ ਕਰਨ ਲਈ ਕਿਹਾ ਤੇ ਵਾਅਦਾ ਕੀਤਾ ਕਿ ਕਾਂਗਰਸ ਸਰਕਾਰ ਬਣਨ ‘ਤੇ ਇਹ ਬਿੱਲ ਸਹੀ ਕਰ ਦਿੱਤੇ ਜਾਣਗੇ | ਉਨ੍ਹਾਂ ਨੇ ਕਿਹਾ ਕਿ ਪੀ.ਐਸ.ਪੀ.ਸੀ.ਐਲ ਗਰੀਬ ਖਪਤਕਾਰਾਂ ਨੂੰ ਲੁੱਟ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਬਿਜਲੀ ਪੰਜਾਬ ‘ਚ ਸੱਭ ਤੋਂ ਮਹਿੰਗੀ ਹੈ |
ਕੈਪਟਨ ਅਮਰਿੰਦਰ ਨੇ ਬਾਦਲਾਂ ਤੇ ਮਜੀਠੀਆ ਉਪਰ ਵਰ੍ਹਦਿਆਂ ਕਿਹਾ ਕਿ ਬਾਦਲਾਂ ਨੇ ਕਿਸਾਨ ਸਮਾਜ ਨੂੰ ਤਬਾਹ ਕਰਦਿਆਂ ਉਨ੍ਹਾਂ ਨੂੰ ਖੁਦਕੁਸ਼ੀਆਂ ਕਰਨ ਵਾਸਤੇ ਮਜ਼ਬੂਰ ਕਰ ਦਿੱਤਾ ਹੈ ਤੇ ਮਜੀਠੀਆ ਨੇ ਨੌਜਵਾਨਾਂ ਨੂੰ ਸਿੰਥੇਟਿਕ ਨਸ਼ਿਆਂ ਵੱਲ ਧਕੇਲ ਕੇ ਇਕ ਪੂਰੀ ਪੀੜ੍ਹੀ ਨੂੰ ਤਬਾਹ ਕਰ ਦਿੱਤਾ ਹੈ | ਏ.ਆਈ.ਸੀ.ਸੀ ਸਕੱਤਰ ਇੰਚਾਰਜ਼ ਪੰਜਾਬ ਮਾਮਲੇ ਸ੍ਰੀਮਤੀ ਆਸ਼ਾ ਕੁਮਾਰੀ ਵੱਲੋਂ ਕੀਤੇ ਐਲਾਨ ਕੀਤੇ ਅਜਿਹੇ ਲੋਕਾਂ ਨੂੰ ਜੇਲ੍ਹ ਭੇਜਿਆ ਜਾਵੇਗਾ, ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਉਹ ਨਾ ਸਿਰਫ ਇਨ੍ਹਾਂ ਨੂੰ ਜੇਲ੍ਹਾਂ ‘ਚ ਭੇਜਣਗੇ, ਬਲਕਿ ਇਨ੍ਹਾਂ ਨੂੰ ਪੁੱਠੇ ਟੰਗ ਕੇ ਸਬਕ ਸਿਖਾਉਣਗੇ |
ਸਾਬਕਾ ਮੁੱਖ ਮੰਤਰੀ ਨੇ ਦੁਹਰਾਇਆ ਕਿ ਉਹ ਸਰਕਾਰ ਬਣਾਉਣ ਦੇ ਪਹਿਲੇ ਦਿਨ ਨਾ ਸਿਰਫ ਕਾਂਗਰਸੀ ਵਰਕਰਾਂ ‘ਤੇ ਦਰਜ਼ ਕੀਤੇ ਗਏ ਸਾਰੇ ਝੂਠੇ ਕੇਸਾਂ ਨੂੰ ਰੱਦ ਕਰਨਗੇ | ਬਲਕਿ ਇਹ ਵੀ ਪੁਖਤਾ ਕਰਨਗੇ ਕਿ ਸਾਰੇ ਜ਼ਿੰਮੇਵਾਰ ਲੋਕਾਂ, ਭਾਵੇਂ ਉਹ ਅਕਾਲੀ ਜਥੇਦਾਰ ਹੋਣ ਜਾਂ ਫਿਰ ਪੁਲਿਸ ਅਫਸਰ, ਸਾਰਿਆਂ ਨੂੰ ਜੇਲ੍ਹਾਂ ‘ਚ ਭੇਜਿਆ ਜਾਵੇ | ਉਹ ਹਰੇਕ ਕਾਂਗਰਸੀ ਵਰਕਰ ‘ਤੇ ਹੋਏ ਅੱਤਿਆਚਾਰ ਦਾ ਬਦਲਾ ਲੈਣਗੇ |
ਇਸ ਮੌਕੇ ਸੰਬੋਧਨ ਕਰਦਿਆਂ ਪ੍ਰਤਾਪ ਸਿੰਘ ਬਾਜਵਾ, ਜਿਨ੍ਹਾਂ ਨੇ ਧਰਨੇ ਦਾ ਅਯੋਜਨ ਕੀਤਾ ਸੀ, ਨੇ ਕਿਹਾ ਕਿ ਪਾਰਟੀ ਨੇ ਕਿਸਾਨਾਂ ਨੂੰ ਨਿਆਂ ਦਿਲਾਉਣ ਲਈ ਵੱਡੇ ਪੱਧਰ ‘ਤੇ ‘ਕਿਸਾਨਾਂ ਨਾਲ ਇਨਸਾਫ ਕਰੋ, ਸਾਰਾ ਕਰਜ਼ਾ ਮੁਆਫ ਕਰੋ’ ਮੁਹਿੰਮ ਚਲਾਉਣ ਦਾ ਫੈਸਲਾ ਲਿਆ ਹੈ |
ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੰੂ ਯਾਦ ਦਿਲਾਇਆ ਕਿ ਭਾਜਪਾ ਦੇ ਮੈਨਿਫੈਸਟੋ ‘ਚ ਖੇਤੀਬਾੜੀ ‘ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੰੂ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਸੀ | ਉਨ੍ਹਾਂ ਨੇ ਇਹ ਵੀ ਸਵੀਕਾਰ ਕੀਤਾ ਕਿ ਜੇ ਮੋਦੀ ਸਰਕਾਰ ਆਪਣੇ ਖਾਸ ਉਦਯੋਗਪਤੀਆਂ 1.14 ਲੱਖ ਕਰੋੜ ਰੁਪਏ ਦਾ ਕਰਜ਼ਾ ਮੁਆਫ ਕਰ ਸਕਦੀ ਹੈ, ਤਾਂ ਫਿਰ ਕਿਸਾਨਾਂ ‘ਤੇ ਸਿਰਫ 56 ਹਜ਼ਾਰ ਕਰੋੜ ਦੇ ਕਰਜ਼ੇ ਨੂੰ ਕਿਉਂ ਨਹੀਂ ਮੁਆਫ ਕਰ ਸਕਦੀ |
ਧਰਨੇ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਆਸ਼ਾ ਕੁਮਾਰੀ ਨੇ ਉਤਸਾਹਿਤ ਪਾਰਟੀ ਵਰਕਰਾਂ ਨੂੰ ਸੂਬੇ ‘ਚ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਕਿਹਾ | ਉਨ੍ਹਾਂ ਨੇ ਕਿਹਾ ਕਿ ਬੀਤੇ ਦੱਸ ਸਾਲਾਂ ਦੌਰਾਨ ਅਕਾਲੀ ਦਲ ਤੇ ਭਾਜਪਾ ਨੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ | ਉਨ੍ਹਾਂ ਨੇ ਇਹ ਵੀ ਵਾਅਦਾ ਕੀਤਾ ਕਿ ਕਾਂਗਰਸ ਦੀ ਪੰਜਾਬ ‘ਚ ਸਰਕਾਰ ਬਣਨ ਤੋਂ ਬਾਅਦ ਉਹ ਪੰਜਾਬੀ ‘ਚ ਧੰਨਵਾਦੀ ਭਾਸ਼ਣ ਦੇਣਗੇ |
ਕਾਂਗਰਸ ਪ੍ਰਚਾਰ ਕਮੇਟੀ ਦੀ ਚੇਅਰਪਰਸਨ ਸ੍ਰੀਮਤੀ ਅੰਬਿਕਾ ਸੋਨੀ ਨੇ ਬਾਦਲਾਂ ਦੀ ਪੰਜਾਬ ਨੂੰ ਨਜ਼ਰਅੰਦਾਜ਼ ਕਰਨ ਤੇ ਸੱਭ ਕੁਝ ਪਰਿਵਾਰ ‘ਚ ਵੰਡਣ ਵਾਸਤੇ ਨਿੰਦਾ ਕੀਤੀ | ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਕੈਪਟਨ ਅਮਰਿੰਦਰ ਵਰਗੇ ਆਗੂ ਹਨ, ਜਿਨ੍ਹਾਂ ਨੇ ਪੰਜਾਬ ਦੇ ਪਾਣੀਆਂ ਦੀ ਰਾਖੀ ਵਾਸਤੇ ਆਪਣੇ ਮੁੱਖ ਮੰਤਰੀ ਦੇ ਅਹੁਦੇ ਨੰੂ ਵੀ ਦਾਅ ‘ਤੇ ਲਗਾ ਦਿੱਤਾ ਸੀ ਤੇ ਦੂਜੇ ਹੱਥ ਬਾਦਲ ਹਨ, ਜਿਨ੍ਹਾਂ ਨੇ ਸਿਰਫ ਆਪਣਾ ਹੀ ਧਿਆਨ ਕੀਤਾ |
ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੇ ਲੋਕਾਂ ਨੂੰ ਯਾਦ ਦਿਲਾਇਆ ਕਿ ਕਿਵੇਂ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਬਾਦਲ ਦੀ ਮੰਗ ‘ਤੇ ਪੰਜਾਬ ਨੂੰ ਸੱਭ ਕੁਝ ਮੁਹੱਈਆ ਕਰਵਾਇਆ ਸੀ | ਲੇਕਿਨ ਦੂਜੇ ਪਾਸੇ ਭਾਜਪਾ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਬਾਦਲ ਨੂੰ ਮਿੱਲਣ ਵਾਸਤੇ ਵੀ ਤਿਆਰ ਨਹੀਂ ਹੁੰਦੇ | ਉਨ੍ਹਾਂ ਨੇ ਲੋਕਾਂ ਨੂੰ ਕੈਪਟਨ ਅਮਰਿੰਦਰ ਦੀ ਅਗਵਾਈ ਹੇਠ ਪਾਰਟੀ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ |
ਇਸ ਮੌਕੇ ਸੀਨੀਅਰ ਆਗੂਆਂ ‘ਚ ਏ.ਆਈ.ਸੀ.ਸੀ ਸਕੱਤਰ ਅਸ਼ਵਨੀ ਸੇਖੜੀ, ਪ੍ਰਦੇਸ਼ ਕਾਗਰਸ ਮੀਤ ਪ੍ਰਧਾਨਾਂ ਮਨਪ੍ਰੀਤ ਸਿੰਘ ਬਾਦਲ, ਤਿਪ੍ਰਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਇੰਦਰਜੀਤ ਜ਼ੀਰਾ, ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਮਮਤਾ ਦੱਤਾ ਤੇ ਫਤਹਿ ਜੰਗ ਸਿੰਘ ਬਾਜਵਾ ਨੇ ਵੀ ਸੰਬੋਧਨ ਕੀਤਾ |
ਜਦਕਿ ਹੋਰਨਾਂ ਤੋਂ ਇਲਾਵਾ, ਰਮਨ ਬਹਿਲ, ਤਰਲੋਚਨ ਸੂੰਦ, ਗੁਰਜੀਤ ਓਜਲਾ, ਮੇਜਰ ਅਮਰਦੀਪ ਸਿੰਘ ਵੀ ਮੌਜ਼ੂਦ ਰਹੇ |

Share Button

Leave a Reply

Your email address will not be published. Required fields are marked *