ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਵਾਗਤ ਲਈ ਐੱਸ. ਜੀ.ਪੀ. ਸੀ.ਪੱਬਾਂ ਭਾਰ

ss1

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਵਾਗਤ ਲਈ ਐੱਸ. ਜੀ.ਪੀ. ਸੀ.ਪੱਬਾਂ ਭਾਰ

 

ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੱਜ ਭਾਵ ਸ਼ਨੀਵਾਰ ਨੂੰ ਭਾਰਤ ਪੁੱਜਣਗੇ । ਆਪਣੇ 7 ਦਿਨਾਂ ਦੇ ਦੌਰੇ ਦੌਰਾਨ ਉਹ ਪੰਜਾਬ ਵੀ ਆਉਣਗੇ। 21 ਫਰਵਰੀ ਨੂੰ ਉਹ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣਗੇ ਅਤੇ ਇੱਥੇ ਲਗਭਗ ਇਕ ਕੁ ਘੰਟਾ ਰੁਕਣਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ.ਪੀ. ਸੀ.) ਟਰੂਡੋ ਦੇ ਸਵਾਗਤ ਲਈ ਪੱਬਾਂ ਭਾਰ ਹੈ ਅਤੇ ਇਸ ਲਈ ਖਾਸ ਪ੍ਰਬੰਧ ਕੀਤੇ ਜਾ ਰਹੇ ਹਨ। 
ਸੁਰੱਖਿਆ ਦੇ ਸਖਤ ਪ੍ਰਬੰਧ—
ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਣ ਮਗਰੋਂ ਉਹ ਜਲਿਆਂਵਾਲਾ ਬਾਗ ਜਾਣਗੇ। ਸੂਤਰਾਂ ਮੁਤਾਬਕ ਉਹ ਦੇਸ਼ ਦੀ ਵੰਡ ‘ਤੇ ਬਣੇ ਅਜਾਇਬ ਘਰ ਅਤੇ ਨਾਲ ਹੀ ਦੇਸ਼ ਦੀ ਬਹਾਦਰੀ ਦੀ ਮਿਸਾਲ ਬਣੇ ‘ਵਾਰ ਮੈਮੋਰੀਅਲ’ ਵੀ ਜਾ ਸਕਦੇ ਹਨ। ਉਨ੍ਹਾਂ ਦੇ ਦੌਰੇ ਨੂੰ ਦੇਖਦਿਆਂ ਅੰਮ੍ਰਿਤਸਰ ‘ਚ ਪੁਲਸ ਅਧਿਕਾਰੀਆਂ ਦੀ ਇਕ ਵਿਸ਼ੇਸ਼ ਬੈਠਕ ਵੀ ਬੁਲਾਈ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅੰਮ੍ਰਿਤਸਰ ਪੁਲਸ ਦੇ ਕਮਿਸ਼ਨਰ ਨੇ ਦੱਸਿਆ ਕਿ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਕੈਨੇਡਾ ਦੀ ਸੁਰੱਖਿਆ ਟੀਮ ਇੱਥੋਂ ਦਾ ਦੌਰਾ ਕਰ ਚੁੱਕੀ ਹੈ ਅਤੇ ਉਨ੍ਹਾਂ ਦੀ ਅਧਿਕਾਰੀਆਂ ਨਾਲ ਮੁਲਾਕਾਤ ਹੋ ਚੁੱਕੀ ਹੈ। ਪੁਲਸ ਕਮਿਸ਼ਨਰ ਨੇ ਜਾਣਕਾਰੀ ਦਿੱਤੀ ਕਿ ਟਰੂਡੋ ਦੀ ਸੁਰੱਖਿਆ ਨੂੰ ਦੇਖਦੇ ਹੋਏ 2000 ਪੁਲਸ ਕਰਮਚਾਰੀ ਤਾਇਨਾਤ ਕੀਤੇ ਜਾਣਗੇ। ਟਰੂਡੋ ਅੰਮ੍ਰਿਤਸਰ ‘ਚ ਲਗਭਗ 4 ਕੁ ਘੰਟੇ ਰੁਕਣਗੇ ਅਤੇ ਇਸ ਦੌਰਾਨ ਆਮ ਜਨਤਾ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ ਇਸ ਲਈ ਵੀ ਪੁਲਸ ਵੱਲੋਂ ਖਾਸ ਪ੍ਰਬੰਧ ਕੀਤੇ ਗਏ ਹਨ।  ਉਨ੍ਹਾਂ ਕਿਹਾ ਕਿ ਟਰੂਡੋ ਦਾ ਜੋ ਰੂਟ ਪਲਾਨ ਹੈ, ਉਸ ਸੰਬੰਧੀ ਮੀਡੀਆ ਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ।
ਇੰਝ ਹੋਵੇਗਾ ਟਰੂਡੋ ਦਾ ਸਨਮਾਨ—
ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ ਸੁਰੱਖਿਆ ਪ੍ਰਬੰਧਾਂ ਲਈ 80 ਤੋਂ ਵਧੇਰੇ ਆਪਣੇ ਟਾਸਕ ਫੋਰਸ ਦੇ ਨੌਜਵਾਨ ਵੀ ਤਾਇਨਾਤ ਕੀਤੇ ਜਾਣਗੇ । ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨੂੰ ਸਨਮਾਨ ‘ਚ ਸਿਰੋਪਾਓ, ਸ੍ਰੀ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਧਾਰਮਿਕ ਪੁਸਤਕਾਂ ਦਾ ਸੈੱਟ ਭੇਟ ਕੀਤਾ ਜਾਵੇਗਾ।ਇਸੇ ਦੌਰਾਨ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਪ੍ਰਧਾਨ ਭਾਈ ਗੋਬਿੰਦ ਸਿੰਘ ਲਾਗੋਵਾਲ ਦੀ ਅਗਵਾਈ ‘ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸਵਾਗਤ ਅਤੇ ਸਨਮਾਨ ਪੰਥਕ ਰਵਾਇਤਾਂ ਅਨੁਸਾਰ ਕੀਤਾ ਜਾਵੇਗਾ ।
ਹਵਾਈ ਅੱਡੇ ਤੋਂ ਸਿੱਧੇ ਜਾਣਗੇ ਸ੍ਰੀ ਹਰਿਮੰਦਰ ਸਾਹਿਬ— 
ਤੁਹਾਨੂੰ ਦੱਸ ਦਈਏ ਕਿ ਟਰੂਡੋ 21 ਫਰਵਰੀ ਨੂੰ ਅੰਮ੍ਰਿਤਸਰ ਏਅਰ ਪੋਰਟ ਤੋਂ ਸਿੱਧੇ ਹਰਿਮੰਦਰ ਸਾਹਿਬ ਮੱਥਾ ਟੇਕਣ ਜਾਣਗੇ ਅਤੇ ਹਵਾਈ ਅੱਡੇ ਤੋਂ ਹਰਿਮੰਦਰ ਸਾਹਿਬ ਵਿਚਕਾਰ ਲਗਭਗ 13 ਕਿਲੋ ਮੀਟਰ ਦਾ ਰਸਤਾ ਹੈ, ਜਿਸ ਨੂੰ ਉਹ ਕਾਰ ਰਾਹੀਂ ਤੈਅ ਕਰਨਗੇ।ਜਿਸ ਰਸਤੇ ਤੋਂ ਉਹ ਲੰਘਣਗੇ ਉਸ ‘ਤੇ ਸੁਰੱਖਿਆ ਦੇ ਸਖਤ ਪ੍ਰਬੰਧ ਰਹਿਣਗੇ। ਪੁਲਸ ਕਮਿਸ਼ਨਰ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਖਤ ਕਦਮ ਚੁੱਕੇ ਜਾ ਸਕਦੇ ਹਨ ਜਿਸ ਦੀ ਤਿਆਰੀ ਪੁਲਸ ਵੱਲੋਂ ਕੀਤੀ ਜਾ ਰਹੀ ਹੈ।

Share Button

Leave a Reply

Your email address will not be published. Required fields are marked *