ਕੈਨੇਡਾ ਸਰਕਾਰ ਵੱਲੋਂ ਬਾਹਰਲੇ ਦੇਸ਼ਾਂ ਤੋਂ ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਲਾਜ਼ਮੀ ਕੀਤੇ ਕੋਰੋਨਾ ਟੈਸਟ ਤੋਂ ਟਰੱਕ ਡਰਾਈਵਰਾਂ ਨੂੰ ਮਿਲੇਗੀ ਛੋਟ

ਕੈਨੇਡਾ ਸਰਕਾਰ ਵੱਲੋਂ ਬਾਹਰਲੇ ਦੇਸ਼ਾਂ ਤੋਂ ਕੈਨੇਡਾ ਆਉਣ ਵਾਲੇ ਯਾਤਰੀਆਂ ਲਈ ਲਾਜ਼ਮੀ ਕੀਤੇ ਕੋਰੋਨਾ ਟੈਸਟ ਤੋਂ ਟਰੱਕ ਡਰਾਈਵਰਾਂ ਨੂੰ ਮਿਲੇਗੀ ਛੋਟ
ਟੋਰਾਟੋ 17 ਫ਼ਰਵਰੀ ( ਰਾਜ ਗੋਗਨਾ/ ਕੁਲਤਰਨ ਪਧਿਆਣਾ )- ਫੈਡਰਲ ਸਰਕਾਰ ਦੁਆਰਾ ਹਾਲ ਹੀ ਵਿੱਚ ਐਲਾਨ ਕੀਤੇ ਗਏ ਨਵੇਂ ਯਾਤਰਾ ਦੇ ਨਿਯਮਾਂ, ਜਿਸ ਵਿੱਚ ਕੈਨੇਡਾ ਦਾਖਲ ਹੋਣ ਤੇ ਕੋਵਿਡ-19 ਟੈਸਟ ਕਰਵਾਉਣਾ ਤੇ ਦੋ ਹਫ਼ਤਿਆਂ ਦਾ ਕੁਆਰੰਟੀਨ ਸ਼ਾਮਲ ਹੈ ਵਿੱਚੋਂ ਵਪਾਰਕ ਟਰੱਕ ਡਰਾਈਵਰਾਂ(Commercial Truck Drivers) ਨੂੰ ਛੋਟ ਮਿਲੇਗੀ ।
ਇਸਦਾ ਮਤਲਬ ਹੈ ਕਿ ਉਨਾਂ ਨੂੰ ਲਾਜ਼ਮੀ ਟੈਸਟ ਤੇ ਦੋ ਹਫ਼ਤਿਆਂ ਦਾ ਕੁਆਰੰਟੀਨ ਨਹੀਂ ਕਰਨਾ ਪਵੇਗਾ। ਕੈਨੇਡਾ ਸਰਕਾਰ ਵੱਲੋਂ 22 ਫਰਵਰੀ ਤੋਂ ਕੈਨੇਡਾ ਦਾਖਲ ਹੋਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਤਿੰਨ ਦਿਨ ਵਾਸਤੇ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਹੋਟਲਾਂ ਵਿੱਚ ਰੱਖ ਲਾਜ਼ਮੀ ਕਰੋਨਾ ਟੈਸਟ ਅਤੇ ਕੁਆਰੰਟੀਨ ਕਰਵਾਇਆ ਜਾਵੇਗਾ।
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਨੁਸਾਰ 21 ਮਾਰਚ, 2020 ਤੋਂ ਹੁਣ ਤੱਕ ਕੈਨੇਡਾ ਵਿੱਚ ਹੋਈਆਂ 10 ਮਿਲੀਅਨ ਐਂਟਰੀਆਂ ਵਿਚੋਂ, ਲਗਭਗ 4.6 ਮਿਲੀਅਨ ਐਂਟਰੀਆਂ ਵਪਾਰਕ ਟਰੱਕ ਡਰਾਈਵਰਾਂ ਦੁਆਰਾ ਕੀਤੀਆਂ ਗਈਆਂ ਸਨ ਜੋ ਜ਼ਮੀਨ ਦੇ ਰਸਤੇ ਰਾਹੀਂ ਹੋਈਆਂ ਸਨ।ਇਥੇ ਜਿਕਰਯੋਗ ਹੈ ਕਿ ਟਰੱਕ ਡਰਾਈਵਰ ਇਸ ਮਹਾਂਮਾਰੀ ਦੇ ਦੌਰਾਨ ਬਾਰਡਰ ਪਾਰ ਜ਼ਰੂਰੀ ਚੀਜ਼ਾਂ ਪਹੁੰਚਾਉਂਦੇ ਹਨ, ਸਰਕਾਰ ਨੇ ਉਨ੍ਹਾਂ ਨੂੰ ਕੁਆਰੰਟੀਨ ਅਤੇ ਸਾਰੀਆਂ ਕੋਵਿਡ -19 ਟੈਸਟ ਦੀਆਂ ਜ਼ਰੂਰਤਾਂ ਤੋਂ ਛੋਟ ਦੇ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਟਰੱਕ ਡਰਾਈਵਰਾਂ ਨੂੰ ਮਾਸਕ ਅਤੇ ਹੋਰ ਜ਼ਰੂਰੀ ਅਹਿਤਿਆਤ ਰੱਖਣੀ ਚਾਹੀਦੀ ਹੈ ਤਾਂਕਿ ਇਸ ਬਿਮਾਰੀ ਤੋਂ ਉਨਾਂ ਦਾ ਬਚਾਅ ਹੋ ਸਕੇ।