ਕੈਨੇਡਾ ਭੇਜਣ ਦੇ ਨਾਂ ‘ਤੇ 22 ਲੱਖ ਠੱਗੇ

ss1

ਕੈਨੇਡਾ ਭੇਜਣ ਦੇ ਨਾਂ ‘ਤੇ 22 ਲੱਖ ਠੱਗੇ

ਜਲੰਧਰ:- ਕੈਨੇਡਾ ਭੇਜਣ ਦੇ ਨਾਂ ‘ਤੇ 22 ਲੱਖ ਦੀ ਠੱਗੀ ਕੀਤੇ ਜਾਣ ਦੇ ਮਾਮਲੇ ਵਿਚ ਥਾਣਾ ਪਤਾਰਾ ਦੀ ਦਿਹਾਤੀ ਪੁਲਸ ਨੇ ਹੁਸ਼ਿਆਰਪੁਰ ਵਾਸੀ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ ਇਸ ਮਾਮਲੇ ਵਿਚ ਮੁੱਖ ਮੁਲਜ਼ਮ ਪਤੀ-ਪਤਨੀ ਫਰਾਰ ਦੱਸੇ ਜਾ ਰਹੇ ਹਨ ਜੋ ਕਿ ਪੁਲਸ ਦੀ ਗ੍ਰਿਫਤਾਰੀ ਦੇ ਡਰ ਤੋਂ ਮੁੰਬਈ ਭੱਜ ਗਏ ਹਨ।

ਪਿੰਡ ਹਜ਼ਾਰਾ ਵਾਸੀ ਜਸਪ੍ਰੀਤ ਸਿੰਘ ਪੁੱਤਰ ਜਸਵੀਰ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਥਾਣਾ ਆਦਮਪੁਰ ਦੇ ਪਿੰਡ ਪੰਡੋਰੀ ਨਿੱਝਰਾਂ ਵਾਸੀ ਅਮਨਦੀਪ ਸਿੰਘ ਉਰਫ ਰਾਜਾ ਪੁੱਤਰ ਰਜਿੰਦਰ ਸਿੰਘ ਤੇ ਉਸ ਦੀ ਪਤਨੀ ਪ੍ਰਵੀਨ ਕੌਰ ਤੋਂ ਇਲਾਵਾ ਹਰਜੀਤ ਕੁਮਾਰ ਪੁੱਤਰ ਲਕਸ਼ਮਣ ਦਾਸ ਵਾਸੀ ਨਿਊ ਦੀਪ ਨਗਰ ਮਾਡਲ ਟਾਊਨ ਹੁਸ਼ਿਆਰਪੁਰ ਨੇ ਉਸ ਨੂੰ ਤੇ ਉਸ ਦੇ ਭਰਾ ਹਰਪ੍ਰੀਤ ਸਿੰਘ ਨੂੰ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਸਾਲ 2012 ਵਿਚ 22 ਲੱਖ ਰੁਪਏ ਲਏ ਸਨ ਪਰ ਨਾ ਤਾਂ ਉਨ੍ਹਾਂ ਨੂੰ ਕੈਨੇਡਾ ਭੇਜਿਆ ਤੇ ਨਾ ਹੀ ਪੈਸੇ ਵਾਪਸ ਕੀਤੇ। ਐੱਸ. ਐੱਚ. ਓ. ਸਤਪਾਲ ਸਿੱਧੂ ਨੇ ਦੱਸਿਆ ਕਿ ਏ. ਐੱਸ. ਆਈ. ਰਾਮ ਪ੍ਰਕਾਸ਼ ਨੇ 3 ਮੁਲਜ਼ਮਾਂ ਵਿਚੋਂ ਹਰਜੀਤ ਕੁਮਾਰ ਨੂੰ ਟਾਂਡਾ ਰੋਡ ਹੁਸ਼ਿਆਰਪੁਰ ਤੋਂ ਫੜ ਲਿਆ ਹੈ, ਜੋ ਕਿ ਉਥੇ ਘਰਾਂ ਦੀ ਡੈਕੋਰੇਸ਼ਨ ਦੇ ਕੰਮ ਨਾਲ ਸੰਬੰਧਤ ਦੁਕਾਨ ਕਰਦਾ ਹੈ।

ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ ਤੋਂ ਬਾਅਦ ਹੋਇਆ ਕੇਸ ਦਰਜ:-ਜਸਪ੍ਰੀਤ ਸਿੰਘ ਵਾਸੀ ਹਜ਼ਾਰਾ ਨਾਲ ਹੋਈ ਧੋਖਾਦੇਹੀ ਨੂੰ ਲੈ ਕੇ ਐੱਸ. ਐੱਸ. ਪੀ. ਦਿਹਾਤੀ ਜਲੰਧਰ ਗੁਰਪ੍ਰੀਤ ਸਿੰਘ ਭੁੱਲਰ ਨੂੰ ਸ਼ਿਕਾਇਤ ਦਿੱਤੀ ਗਈ ਸੀ ਜਿਸ ਤੋਂ ਬਾਅਦ ਪੁਲਸ ਨੇ ਡੂੰਘਾਈ ਨਾਲ ਜਾਂਚ ਕੀਤੀ ਅਤੇ ਮੁਲਜ਼ਮ ਪਤੀ-ਪਤਨੀ ਅਮਨਦੀਪ ਸਿੰਘ ਰਾਜਾ ਤੇ ਪ੍ਰਵੀਨ ਕੌਰ ਤੋਂ ਇਲਾਵਾ ਹਰਜੀਤ ਕੁਮਾਰ ਖਿਲਾਫ ਥਾਣਾ ਪਤਾਰਾ ਆਦਮਪੁਰ ਵਿਚ 24 ਮਈ ਨੂੰ ਕੇਸ ਦਰਜ ਕਰ ਲਿਆ ਗਿਆ। ਐੱਸ. ਐੱਚ. ਓ. ਪਤਾਰਾ ਸਤਪਾਲ ਸਿੱਧੂ ਨੇ ਕਿਹਾ ਕਿ ਪੁਲਸ ਕਲ ਫੜੇ ਗਏ ਮੁਲਜ਼ਮ ਹਰਜੀਤ ਕੁਮਾਰ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰੇਗੀ। ਮੁੰਬਈ ਭੱਜੇ ਮੁਲਜ਼ਮਾਂ ਦੀ ਗ੍ਰਿਫਤਾਰੀ ਵਾਰੰਟ ਹਾਸਲ ਕਰ ਕੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਕਾਬੂ ਕਰ ਲਿਆ ਜਾਵੇਗਾ।

Share Button

Leave a Reply

Your email address will not be published. Required fields are marked *