Fri. Jul 19th, 2019

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਭਾਰਤ ਦੀਆਂ ਤਿੰਨਾਂ ਫੌਜਾਂ ਨੇ ਦਿੱਤਾ ਗਾਰਡ ਆਫ਼ ਆਨਰ

ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਭਾਰਤ ਦੀਆਂ ਤਿੰਨਾਂ ਫੌਜਾਂ ਨੇ ਦਿੱਤਾ ਗਾਰਡ ਆਫ਼ ਆਨਰ

ਨਵੀਂ ਦਿੱਲੀ: ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਨੂੰ ਲੈ ਕੇ ਮੰਗਲਵਾਰ ਨੂੰ ਕੈਨੇਡਾ ਦੇ ਰੱਖਿਆ ਮੰਤਰੀ ਨਵੀਂ ਦਿੱਲੀ ਵਿਖੇ ਆਪਣੇ ਹਮਰੁਤਬਾ ਅਰੁਣ ਜੇਤਲੀ ਨੂੰ ਮਿਲੇ। ਉਨ੍ਹਾਂ ਨੇ ਦੋਹਾਂ ਦੇਸ਼ਾਂ ਦੀ ਸੁਰੱਖਿਆ ਲਈ ਮਿਲ ਕੇ ਕੰਮ ਕਰਨ ‘ਤੇ ਗੱਲ ਕੀਤੀ। ਅਰੁਣ ਜੇਤਲੀ ਨੇ ਹਰਜੀਤ ਸੱਜਣ ਨੂੰ ਵਿਸ਼ਵਾਸ ਦੁਆਇਆ ਕਿ ਦੋਹਾਂ ਦੇਸ਼ਾਂ ਦੇ ਰਿਸ਼ਤੇ ਹੋਰ ਵੀ ਮਜ਼ਬੂਤ ਹੋਣਗੇ। ਉਨ੍ਹਾਂ ਨੇ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਵੀ ਦੁਵੱਲੇ ਮਾਮਲਿਆਂ ‘ਤੇ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਅੱਜ ਸਵੇਰੇ ਰਾਇਸੀਨਾ ਹਿਲਜ਼ ਦੇ ਦੱਖਣੀ ਬਲਾਕ ਦੇ ਮੈਦਾਨ ਵਿਚ ਸੱਜਣ ਨੂੰ ਭਾਰਤ ਦੀਆਂ ਤਿੰਨੋਂ ਫੌਜਾਂ ਨੇ ‘ਗਾਰਡ ਆਫ ਆਨਰ’ ਦਿੱਤਾ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰਜੀਤ ਸਿੰਘ ਸੱਜਣ ਨੂੰ ‘ਖਾਲਿਸਤਾਨੀ ਸਮਰਥਕ’ ਦੱਸ ਕੇ ਵਿਵਾਦ ਭਖਣ ਮਗਰੋਂ ਦਿੱਲੀ ਵਿਚ ‘ਗਾਰਡ ਆਫ ਆਨਰ’ ਦੇਣ ‘ਤੇ ਵੀ ਭਾਰਤ ਸਰਕਾਰ ਦੁਚਿੱਤੀ ਵਿਚ ਨਜ਼ਰ ਆਈ। ਸਰਕਾਰ ਨੇ ਪਹਿਲਾਂ ਸੱਜਣ ਨੂੰ ‘ਗਾਰਡ ਆਫ ਆਨਰ’ ਦੇਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਅਤੇ ਮੀਡੀਆ ਨੂੰ ਬੁਲਾ ਕੇ ਇਸ ਜਾਣਕਾਰੀ ਦਿੱਤੀ ਪਰ ਬਾਅਦ ਵਿਚ ਆਪਣੀ ਗਲਤੀ ਨੂੰ ਦਰੁਸਤ ਕਰ ਲਿਆ ਕੈਨੇਡਾ ਦੇ ਰੱਖਿਆ ਮੰਤਰੀ ਨੂੰ ਭਾਰਤ ਦੀਆਂ ਤਿੰਨਾਂ ਫੌਜਾਂ ਵੱਲੋਂ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਤੋਂ ਪਹਿਲਾਂ ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨਵੀਂ ਦਿੱਲੀ ‘ਚ ‘ਅਮਰ ਜਵਾਨ ਜੋਤੀ’ ‘ਤੇ ਪੁੱਜੇ। ਉੱਥੇ ਜਾ ਕੇ ਉਨ੍ਹਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਇਹ ਅਮਰ ਜਵਾਨ ਜੋਤੀ ਸਾਲ 1971 ਤੋਂ ਲਗਾਤਾਰ ਜਲ ਰਹੀ ਹੈ। ਦੱਸ ਦੇਈਏ ਕਿ ਕਿ ਉਹ ਸੋਮਵਾਰ ਨੂੰ ਦਿੱਲੀ ਪੁੱਜੇ ਸਨ ਅਤੇ ਉਹ ਅੱਜ ਭਾਵ ਮੰਗਲਵਾਰ ਨੂੰ ਵੀ ਦਿੱਲੀ ਹੀ ਰਹਿਣਗੇ। ਸੱਜਣ ਦੇ ਰੂਟ ਪਲਾਨ ਮੁਤਾਬਕ 19 ਅਪ੍ਰੈਲ ਨੂੰ ਉਹ ਅੰਮ੍ਰਿਤਸਰ ਪੁੱਜਣਗੇ। 20 ਅਪ੍ਰੈਲ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣਗੇ ਅਤੇ ਫਿਰ ਜਲੰਧਰ ਤੋਂ ਹੁੰਦੇ ਹੋਏ ਚੰਡੀਗੜ ਜਾਣਗੇ। ਦਰਬਾਰ ਸਾਹਿਬ ਦੇ ਦਰਸ਼ਨ ਦੌਰਾਨ ਸ਼੍ਰੋਮਣੀ ਕਮੇਟੀ ਉਨ੍ਹਾਂ ਨੂੰ ਸਿਰਪਾਓ ਦੇ ਕੇ ਸਨਮਾਨ ਕਰੇਗੀ। ਇਸ ਸਬੰਧੀ ਐਸ.ਜੀ.ਪੀ.ਸੀ. ਨੂੰ ਸਰਕਾਰੀ ਤੌਰ ‘ਤੇ ਜਾਣਕਾਰੀ ਦੇ ਦਿੱਤੀ ਗਈ ਹੈ। ਬੁੱਧਵਾਰ ਤੋਂ ਸੱਜਣ ਦਾ ਪੰਜਾਬ ਦੌਰਾ ਸ਼ੁਰੂ ਹੋ ਰਿਹਾ ਹੈ ਪਰ ਕੈਪਟਨ ਦੇ ਵਿਵਹਾਰ ‘ਚ ਕੋਈ ਨਰਮੀ ਨਹੀਂ ਆਈ ਹੈ। ਉਨ੍ਹਾਂ ਨੇ ਸੱਜਣ ਨੂੰ ਖ਼ਾਲਿਸਤਾਨੀ ਸਮਰਥਕ ਦਸਦਿਆਂ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕੀਤਾ ਹੈ। ਹਰਜੀਤ ਸੱਜਣ ਦੇ ਪੰਜਾਬ ਦੌਰੇ ‘ਤੇ ਉਨ੍ਹਾਂ ਦੇ ਸਵਾਗਤ ਲਈ ਕੈਪਟਨ ਨੇ ਆਪਣੇ ਪ੍ਰਤੀਨਿਧੀ ਦੇ ਤੌਰ ‘ਤੇ ਕਿਸੇ ਮੰਤਰੀ ਦੀ ਡਿਊਟੀ ਨਹੀਂ ਲਾਈ, ਬਲਕਿ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਅਤੇ ਐੱਸ.ਐੱਸ ਪੀ. ਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਨੇ ਖੁਦ ਤੈਅ ਕੀਤਾ ਕਿ ਸਥਾਨਕ ਡੀਸੀ ਅਤੇ ਐੱਸ.ਐੱਸ.ਪੀ ਹੀ ਸੱਜਣ ਦਾ 19 ਅਪ੍ਰੈਲ ਨੂੰ ਅੰਮ੍ਰਿਤਸਰ ਹਵਾਈ ਅੱਡੇ ‘ਤੇ ਸਵਾਗਤ ਕਰਨ। ਇਕ ਉੱਚ ਅਧਿਕਾਰੀ ਨੇ ਕਿਹਾ ਕਿ ਕਿਸੇ ਦੇਸ਼ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਆਦਿ ਦੇ ਆਉਣ ‘ਤੇ ਸਵਾਗਤ ਮੁੱਖ ਮੰਤਰੀ ਜਾਂ ਮੰਤਰੀਆਂ ਵੱਲੋਂ ਕਰਨਾ ਜ਼ਰੂਰੀ ਹੁੰਦਾ ਹੈ ਪਰ ਮੰਤਰੀ ਲਈ ਇਹ ਨਿਯਮ ਨਹੀਂ ਹੈ। ਇਸ ਦੌਰਾਨ 21 ਅਪ੍ਰੈਲ ਨੂੰ ਸੱਜਣ ਚੰਡੀਗੜ ‘ਚ ਕੈਨੇਡਾ ਦੇ ਕਮਰਸ ਦੂਤਘਰ ਦੇ ਨਵੇਂ ਦਫਤਰ ਦਾ ਉਦਘਾਟਨ ਕਰਨਗੇ। ਇਹ ਨਵਾਂ ਦਫਤਰ ਸ਼ਹਿਰ ਦੇ ਇੰਡਸਟਰੀਅਲ ਇਲਾਕੇ ‘ਚ ਸਥਿਤ ਏਲਾਂਟੇ ਮਾਲ ‘ਚ ਖੁੱਲ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਉਹ 21 ਅਪ੍ਰੈਲ ਨੂੰ ਪੰਜਾਬ ਦੇ ਗਵਰਨਰ ਵੀ.ਪੀ.ਸਿੰਘ ਬਦਨੌਰ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਆਦਿ ਨਾਲ ਮੁਲਾਕਾਤ ਕਰ ਸਕਦੇ ਹਨ। ਭਾਰਤ ਦੇ ਹਾਈ ਕਮਿਸ਼ਨਰ ਨਾਦਿਰ ਪਟੇਲ ਵੱਲੋਂ ਸੱਜਣ ਦੇ ਸਨਮਾਨ ‘ਚ 21 ਅਪ੍ਰੈਲ ਨੂੰ ਰਾਤ ਦਾ ਭੋਜਨ ਕਰਵਾਉਣ ਦੀ ਵੀ ਚਰਚਾ ਹੈ। ਭਾਰਤ ਰਵਾਨਾ ਹੋਣ ਤੋਂ ਪਹਿਲਾਂ ਕੈਨੇਡੀਅਨ ਹਵਾਈ ਅੱਡੇ ‘ਤੇ ਸੱਜਣ ਨੇ ਕਿਹਾ ਸੀ ਕਿ ਰੱਖਿਆ ਮੰਤਰੀ ਦੇ ਤੌਰ ‘ਚ ਉਨ੍ਹਾਂ ਦੀ ਇਹ ਪਹਿਲੀ ਭਾਰਤ ਯਾਤਰਾ ਹੈ। ਉਨ੍ਹਾਂ ਦੀ ਕੋਸ਼ਿਸ਼ ਰਹੇਗੀ ਕਿ ਦੋਹਾਂ ਦੇਸ਼ਾਂ ‘ਚ ਸੰਬੰਧ ਹੋਰ ਮਜ਼ਬੂਤ ਬਣਨ।

Leave a Reply

Your email address will not be published. Required fields are marked *

%d bloggers like this: