Tue. Apr 23rd, 2019

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦਾ ਅੰਮ੍ਰਿਤਸਰ ਪਹੁੰਚਣ ਤੇ ਹੋਇਆ ਨਿੱਘਾ ਸਵਾਗਤ, ਦਰਬਾਰ ਸਾਹਿਬ ਮੱਥਾ ਟੇਕਿਆ

ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਦਾ ਅੰਮ੍ਰਿਤਸਰ ਪਹੁੰਚਣ ਤੇ ਹੋਇਆ ਨਿੱਘਾ ਸਵਾਗਤ, ਦਰਬਾਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 21 ਫਰਵਰੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਗੁਰੂ ਨਗਰੀ ਅੰਮ੍ਰਿਤਸਰ ਪਹੁੰਚਣ ਤੇ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੇ ਨਿੱਘਾ ਸਵਾਗਤ ਕੀਤਾ ਗਿਆ| ਕੇਂਦਰੀ ਹਾਊਸਿੰਗ ਤੇ ਸ਼ਹਿਰੀ ਮਾਮਲਿਆਂ ਦੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ, ਪੰਜਾਬ ਦੇ ਟੂਰਿਜ਼ਮ, ਸੱਭਿਆਚਾਰਕ ਤੇ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ ਕੁੱਝ ਹੋਰ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ| ਟਰੂਡੋ ਪਰਿਵਾਰ ਪੰਜਾਬੀ ਪਹਿਰਾਵੇ ਵਿੱਚ ਬਹੁਤ ਸੋਹਣਾ ਲੱਗ ਰਿਹਾ ਸੀ| ਟਰੂਡੋ ਦੇ ਸਵਾਗਤ ਲਈ ਪੂਰੇ ਅੰਮ੍ਰਿਤਸਰ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ| ਟਰੂਡੋ ਦੇ ਸਵਾਗਤ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੈਡ ਕਾਰਪਟ ਵਿਛਾਏ ਗਏ ਸਨ| 2000 ਪੁਲੀਸ ਮੁਲਾਜ਼ਮ ਅਤੇ ਵਿਸ਼ੇਸ਼ ਕਮਾਂਡੋ ਦਸਤਾ ਤਾਇਨਾਤ ਕੀਤਾ ਗਿਆ ਸੀ| ਟਰੂਡੋ ਦੀ ਫੇਰੀ ਸਬੰਧੀ ਕੈਨੇਡਾ ਦੀ ਟੀਮ ਵੀ ਦੋ ਵਾਰ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਚੁੱਕੀ ਸੀ|
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਪਹਿਲਾਂ ਕੜਾਹ ਪ੍ਰਸ਼ਾਦ ਲਿਆ ਅਤੇ ਸਖਤ ਸੁਰੱਖਿਆ ਦਰਮਿਆਨ ਸ੍ਰੀ ਦਰਬਾਰ ਸਾਹਿਬ ਦੀ ਪਰਿਕ੍ਰਮਾ ਕੀਤੀ|
ਟਰੂਡੋ ਕੁੜਤਾ ਪਜਾਮਾ ਅਤੇ ਸਿਰ ਤੇ ਕੇਸਰੀ ਪਟਕਾ ਬੰਨ ਕੇ ਸ੍ਰੀ ਦਰਬਾਰ ਸਾਹਿਬ ਪੁੱਜੇ, ਉਨ੍ਹਾਂ ਦੀ ਪਤਨੀ ਸੋਫੀ ਨੇ ਸੂਟ ਪਾਇਆ ਹ ੋਇਆ ਸੀ| ਜਦੋਂ ਟਰੂਡੋ ਸ੍ਰੀ ਦਰਬਾਰ ਸਾਹਿਬ ਵਿਖੇ ਦਾਖਲ ਹੋਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਅਤੇ ਐਸ. ਜੀ. ਪੀ. ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਉਨ੍ਹਾਂ ਦਾ ਸਵਾਗਤ ਕੀਤਾ| ਟਰੂਡੋ ਪਰਿਵਾਰ ਦੀ ਖੁਸ਼ੀ ਦੇਖਦਿਆਂ ਹੀ ਬਣਦੀ ਸੀ|
ਜਦੋਂ ਟਰੂਡੋ ਪਰਿਵਾਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ ਤਾਂ ਸਭ ਕੁਝ ਆਮ ਵਾਂਗ ਸੀ, ਸ਼ਰਧਾਲੂਆਂ ਦੀ ਵੱਡੀ ਭੀੜ ਉਸ ਸਮੇਂ ਉੱਥੇ ਮੌਜੂਦ ਸੀ| ਆਮ ਸੰਗਤ ਜੈਕਾਰੇ ਲਗਾ ਕੇ ਉਨ੍ਹਾਂ ਦਾ ਸਵਾਗਤ ਕਰਦੀ ਰਹੀ ਤਾਂ ਉਹ ਵੀ ਬਾਹਾਂ ਚੁੱਕ ਕੇ ਉਨ੍ਹਾਂ ਨੂੰ ਜਵਾਬ ਦਿੰਦੇ ਰਹੇ| ਪੂਰੀ ਸੁਰੱਖਿਆ ਵਿਵਸਥਾ ਨਾਲ ਟਰੂਡੋ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ, ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ. ਜੀ. ਪੀ. ਸੀ.) ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ| ਐਸ. ਜੀ. ਪੀ. ਸੀ. ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਮੁੱਖ ਸਕੱਤਰ ਰੂਪ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਉਨ੍ਹਾਂ ਨੂੰ ਸੁਨਹਿਰੀ ਰੰਗ ਦੀ ਸ੍ਰੀ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਜੀ ਦਾ ਮਾਡਲ ਅਤੇ ਹੋਰ ਧਾਰਮਿਕ ਪੁਸਤਕਾਂ ਭੇਟ ਕਰ ਕੇ ਸਨਮਾਨ ਕੀਤਾ ਗਿਆ| ਟਰੂਡੋ, ਉਨ੍ਹਾਂ ਦੀ ਪਤਨੀ ਸੋਫੀ ਅਤੇ ਬੱਚਿਆਂ ਅਤੇ ਕੈਨੇਡੀਅਨ ਸਿੱਖ ਮੰਤਰੀਆਂ ਨੂੰ ਵੀ ਸਿਰੋਪਾਓ ਭੇਟ ਕਰ ਕੇ ਸਨਮਾਨਤ ਕੀਤਾ ਗਿਆ|
ਇਸ ਮੌਕੇ ਸ੍ਰੀ ਟਰੂਡੋ ਨੇ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ਵਿਖੇ ਸੇਵਾ ਵੀ ਕੀਤੀ| ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ, ਅਮਰਜੀਤ ਸੋਹੀ, ਨਵਦੀਪ ਬੈਂਸ ਅਤੇ ਕ੍ਰਿਸਟੀ ਡੰਕਨ ਨੇ ਵੀ ਲੰਗਰ ਹਾਲ ਵਿਚ ਸੇਵਾ ਕੀਤੀ|
ਇਸ ਮਗਰੋਂ ਟਰੂਡੋ ਨੇ ਵਿਜ਼ੀਟਰ ਬੁੱਕ ਵਿੱਚ ਸੰਦੇਸ਼ ਲਿਖਿਆ ਕਿ ਸਾਡਾ ਸਵਾਗਤ ਇਸ ਸੋਹਣੇ ਅਤੇ ਮਹੱਤਵਪੂਰਣ ਸਥਾਨ ਤੇ ਬਹੁਤ ਹੀ ਸਨਮਾਨ ਨਾਲ ਕੀਤਾ ਗਿਆ| ਅਸੀਂ ਕਿਰਪਾ ਅਤੇ ਨਿਮਰਤਾ ਨਾਲ ਭਰ ਗਏ ਹਾਂ|

Share Button

Leave a Reply

Your email address will not be published. Required fields are marked *

%d bloggers like this: