ਕੈਨੇਡਾ ਦੇ ਨਾਇਗਰਾ ਖੇਤਰ ਵਿੱਚ ਫ਼ੜਿਆ ਗਿਆ ਨਸ਼ਿਆਂ ਦਾ ਵੱਡਾ ਜ਼ਖ਼ੀਰਾ

ਕੈਨੇਡਾ ਦੇ ਨਾਇਗਰਾ ਖੇਤਰ ਵਿੱਚ ਫ਼ੜਿਆ ਗਿਆ ਨਸ਼ਿਆਂ ਦਾ ਵੱਡਾ ਜ਼ਖ਼ੀਰਾ
ਉਨਟਾਰੀਓ, 6 ਫ਼ਰਵਰੀ ( ਰਾਜ ਗੋਗਨਾ/ ਕੁਲਤਰਨ ਪਧਿਆਣਾ)—ਉਨਟਾਰੀਓ ਕੈਨੇਡਾ: ਪੁਲਿਸ ਵੱਲੋਂ ਕੈਨੇਡਾ ਦੇ ਸੂਬੇ ਉਨਟਾਰੀਓ ਦੇ ਨਾਇਗਰਾ ਰੀਜ਼ਨ ਵਿਖੇ ਨਸ਼ਿਆਂ ਦਾ ਵੱਡਾ ਜ਼ਖ਼ੀਰਾ ਫੜਿਆ ਗਿਆ ਹੈ। ਇੰਨਾ ਨਸ਼ਿਆਂ ਦਾ ਅੰਦਾਜ਼ਨ ਬਾਜ਼ਾਰ ਮੁੱਲ ਲਗਭਗ 3.6 ਮਿਲੀਅਨ ਡਾਲਰ ਬਣਦਾ ਹੈ, ਇਸ ਬਰਾਮਦਗੀ ਨਾਲ ਇਹ ਨਿਆਗਰਾ ਦੇ ਇਤਿਹਾਸ ਵਿਚ ਫੈਂਟਨੈਲ ਦੀ ਫੜੀ ਗਈ ਸਾਰਿਆਂ ਤੋਂ ਵੱਡੀ ਬਰਾਮਦਗੀ ਬਣਦੀ ਹੈ ।
ਪੁਲਿਸ ਵੱਲੋਂ QEW ਹਾਈਵੇ ਤੇ ਤੇਜ਼ ਰਫ਼ਤਾਰ ਜਾ ਰਹੀ ਗੱਡੀ ਨੂੰ ਰੋਕਣ ਤੋ ਬਾਅਦ ਤਲਾਸ਼ੀ ਲੈਣ ਉਪਰੰਤ ਨਸ਼ਿਆਂ ਦੀ ਇਹ ਬਰਾਮਦਗੀ ਹੋਈ ਸੀ ਜਿਸਤੋਂ ਬਾਅਦ ਅੱਗੇ ਵਾਰੰਟ ਤਹਿਤ ਕੁੱਝ ਘਰਾਂ ਵਿੱਚੋਂ ਲਈ ਗਈ ਤਲਾਸ਼ੀ ਵਿੱਚੋਂ ਇਹ ਵੱਡੀ ਬਰਾਮਦਗੀ ਕੀਤੀ ਗਈ ਹੈ।ਇਸ ਬਰਾਮਦਗੀ ਦੇ ਸਬੰਧ ਵਿੱਚ ਉਨਟਾਰਿਉ ਦੇ ਸ਼ਹਿਰ ਸੇਂਟ ਕੈਥਰਾਈਨ ਨਿਵਾਸੀ 56 ਸਾਲਾ ਪੀਟਰ ਕੈਪੋਂਸਿਨੀ ਉੱਤੇ ਇਸ ਘਟਨਾ ਦੇ ਸੰਬੰਧ ਵਿੱਚ ਵੱਖ-ਵੱਖ ਦੌਸ਼ ਲਾਏ ਗਏ ਹਨ। ਉਸ ਨੂੰ ਹੁਣ ਅਨੇਕਾਂ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ ਜਿਸ ਵਿੱਚ ਤਸਕਰੀ ਦੇ ਉਦੇਸ਼ ਨਾਲ ਫੈਂਟਨੈਲ ਨੂੰ ਕੋਲ ਰੱਖਣਾ, ਤਸਕਰੀ ਦੇ ਉਦੇਸ਼ ਨਾਲ ਕੋਕੀਨ ਨੂੰ ਰੱਖਣਾ, 5,000 ਹਜ਼ਾਰ ਡਾਲਰ ਦੀ ਰਕਮ ਜੁਰਮ ਦੀ ਕਮਾਈ ਚੋਂ ਰੱਖਣਾ ਅਤੇ ਨਿਯੰਤਰਿਤ ਨਸ਼ੀਲੇ ਪਦਾਰਥਾਂ ਦਾ ਉਤਪਾਦਨ ਸ਼ਾਮਲ ਹੈ।