Wed. Nov 13th, 2019

ਕੈਂਸਰ ਮਰੀਜ ਨੂੰ ਕਿਵੇਂ ਸੰਭਾਲੀਏ: ਹਰਲਾਜ ਸਿੰਘ ਬਹਾਦਰਪੁਰ

ਕੈਂਸਰ ਮਰੀਜ ਨੂੰ ਕਿਵੇਂ ਸੰਭਾਲੀਏ: ਹਰਲਾਜ ਸਿੰਘ ਬਹਾਦਰਪੁਰ

ਮੇਰੀ ਜੀਵਨ ਸਾਥਣ ਹਰਪ੍ਰੀਤ ਕੌਰ ਜੀ ਜੋ ਇੱਕ ਨਵੰਬਰ ਨੂੰ ਅਕਾਲ ਚਲਾਣਾ ਕਰ ਗਈ ਸੀ, ਨੂੰ ਜੂਨ 2015 ਤੋਂ ਕੈਂਸਰ ਸੀ, ਉਸਦੇ ਇਲਾਜ ਲਈ ਪਹਿਲਾਂ ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿੱਚ, ਫਿਰ ਗੁਰੁ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ਵਿੱਚ ਫਿਰਦਿਆਂ ਮਰੀਜ ਦੇ ਵਰਤਾਓ ਵਾਰੇ ਜੋ ਕੁੱਝ ਮੈਂ ਆਪਣੀ ਮੱਤ ਅਨੁਸਾਰ ਸਿੱਖਿਆ ਹੈ ਅਤੇ ਆਪ ਵਰਤਿਆ ਹੈ, ਉਹ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ, ਹੋ ਸਕਦਾ ਹੈ ਕਿ ਕਿਸੇ ਮਰੀਜ ਜਾਂ ਮਰੀਜ ਨੂੰ ਸੰਭਾਲਣ ਵਾਲੇ ਨੂੰ ਇਸ ਦਾ ਫਾਇਦਾ ਹੋ ਜਾਵੇ ਤਾਂ ਚੰਗੀ ਗੱਲ ਹੈ, ਨਹੀਂ ਇਸਦਾ ਨੁਕਸਾਨ ਤਾਂ ਕੋਈ ਹੈ ਹੀ ਨਹੀਂ। ਜਦੋਂ ਮਰੀਜ ਨੂੰ ਪਹਿਲੀ ਵਾਰ ਕੈਂਸਰ ਦਾ ਪਤਾ ਲੱਗਦਾ ਹੈ ਤਾਂ ਉਸ ਨੂੰ ਇੱਕ ਦਮ ਸਦਮਾ ਲੱਗਦਾ ਹੈ, ਉਹ ਮਾਨਸਿਕ ਤੌਰ ਤੇ ਸਹੀ ਨਹੀਂ ਰਹਿੰਦਾ, ਬੇਸ਼ੱਕ ਉਹ ਹੱਸਦਾ ਰਹੇ ਅਤੇ ਇਹ ਵੀ ਕਹੇ ਕਿ ਮੈਨੂੰ ਕੋਈ ਪਰਵਾਹ ਨਹੀਂ ਹੈ, ਤਾਂ ਵੀ ਉਹ ਅੰਦਰੂਨੀ ਤੌਰ ਤੇ ਜਖਮੀ ਹੋ ਚੁੱਕਿਆ ਹੁੰਦਾ ਹੈ, ਜੇ ਤੁਸੀਂ ਪੂਰੇ ਧਿਆਨ ਨਾਲ ਉਸ ਦੀਆਂ ਗੱਲਾਂ ਸੁਣੋਗੇ ਤਾਂ ਤੁਹਾਨੂੰ ਪਤਾ ਚਲ ਜਾਵੇਗਾ ਕਿ ਇਸ ਦੀਆਂ ਗੱਲਾਂ ਵਿੱਚ ਪਹਿਲਾਂ ਨਾਲੋਂ ਫਰਕ ਆ ਗਿਆ ਹੈ। ਇਸ ਲਈ ਉਸ ਸਮੇਂ ਆਪ ਵੀ ਹੌਸਲਾ ਰੱਖੋ ਅਤੇ ਮਰੀਜ ਨੂੰ ਵੀ ਹੌਸਲਾ ਦਿਓ, ਇਹ ਹੌਸਲਾ ਇੱਕ ਦੋ ਦਿਨ ਨਹੀਂ, ਇਹ ਜਿੰਨਾਂ ਚਿਰ ਮਰੀਜ ਜਿਉਂਦਾ ਹੈ ਉਨਾਂ ਚਿਰ ਦਿੰਦੇ ਰਹੋ, ਮੌਤ ਤੋਂ ਬਾਅਦ ਵੀ ਬਚਣ ਦਾ ਵਿਸ਼ਵਾਸ਼ ਦਿਵਾਉਂਦੇ ਰਹੋ, ਉਸ ਨੂੰ ਕਹੋ ਕਿ ਤੈਨੂੰ ਕੁੱਝ ਨਹੀਂ ਹੁੰਦਾ, ਇਹ ਕੁਦਰਤ ਹੈ ਕਈ ਵਾਰ ਬੰਦਾ ਮਰਨ ਤੋਂ ਬਾਅਦ ਵੀ ਜਿਉਂਦਾ ਹੋ ਸਕਦਾ ਹੈ, ਅਜਿਹੀਆਂ ਕੁੱਝ ਉਦਾਹਰਣਾ ਵੀ ਹੁੰਦੀਆਂ ਹਨ, ਉਹ ਉਸ ਨਾਲ ਸਾਂਝੀਆਂ ਕਰੋ, ਕਿ ਫਲਾਣਾ ਬੰਦਾ ਡਾਕਟਰਾਂ ਨੇ ਮੋੜ ਦਿੱਤਾ ਸੀ ਉਹ ਵੀ ਠੀਕ ਹੋ ਗਿਆ ਸੀ, ਫਲਾਣਾ ਬੰਦਾ ਮਰ ਗਿਆ ਸੀ ਉਹ ਸਿਵਿਆ ਵਿੱਚ ਜਾ ਕੇ ਜਿਉਂਦਾ ਹੋ ਗਿਆ ਸੀ, ਬਾਅਦ ਵਿੱਚ ਕਿੰਨਾ ਚਿਰ ਜਿਉਂਦਾ ਰਿਹਾ, ਤੇਰੀ ਤਾਂ ਗੱਲ ਹੀ ਕੁੱਝ ਨੀ ਤੂੰ ਤਾਂ ਠੀਕ ਹੈਂ, ਕਿਸੇ ਢਹਿੰਦੀ ਕਲਾ ਵਾਲੇ ਬੰਦੇ ਨੂੰ ਉਸ ਦੇ ਨੇੜੇ ਨਾ ਜਾਣ ਦਿਓ, ਹੌਸਲਾ ਤੋੜਨ ਵਾਲੇ ਬੰਦਿਆਂ ਤੋਂ ਬਚਾਅ ਕੇ ਰੱਖਣ ਲਈ ਉਸ ਦੀ, ਬਿਨਾ ਦੱਸੇ ਰਾਖੀ ਰੱਖੋ, ਜੇ ਲੋਕ ਬਾਹਰ ਗੱਲਾਂ ਕਰਨ ਕਿ ਇਹ ਮਰੀਜ ਕੋਲ ਕਿਸੇ ਨੂੰ ਜਾਣ ਨਹੀਂ ਦਿੰਦੇ ਤਾਂ ਉਹਨਾ ਦੀ ਪ੍ਰਵਾਹ ਨਾ ਕਰੋ।
ਜੇ ਹੋ ਸਕੇ ਤਾਂ ਜਿਸ ਨੂੰ ਮਰੀਜ ਚਾਹੁੰਦਾ ਹੋਵੇ ਉਸ ਇੱਕ ਬੰਦੇ ਨੂੰ ਮਰੀਜ ਕੋਲ ਪੱਕੇ ਤੌਰ ਤੇ ਛੱਡ ਦਿਓ, ਜੋ ਉਸ ਕੋਲ਼ ਹਰ ਸਮੇਂ ਰਹੇ, ਉਹ ਮਰੀਜ ਨੂੰ ਹਸਪਤਾਲ ਵਿੱਚੋਂ ਦਵਾਈ ਦਿਵਾਉਣ ਤੋਂ ਲੈ ਕੇ ਘਰ ਆ ਕੇ ਦਵਾਈ ਦੇਣ, ਰੋਟੀ, ਚਾਹ ਪਾਣੀ ਤੱਕ ਦਾ ਖਿਆਲ ਰੱਖੇ। ਪੰਜਾਬ ਸਰਕਾਰ ਕੈਂਸਰ ਦੇ ਮਰੀਜ ਲਈ ਡੇਢ ਲੱਖ ਰੁਪਏ ਦੀ ਸਹਾਇਤਾ ਦਿੰਦੀ ਹੈ, ਉਸੇ ਵਕਤ ਆਪਣੀ ਫਾਇਲ ਤਿਆਰ ਕਰਵਾ ਕੇ ਕਿਸੇ ਚੰਗੇ ਸਰਕਾਰੀ ਹਸਪਤਾਲ ਵਿੱਚ ਇਲਾਜ ਸ਼ੁਰੂ ਕਰਾ ਲਵੋ। ਪਹਿਲੀ ਗੱਲ ਤਾਂ ਇਹ ਹੈ ਕਿ ਕੈਂਸਰ ਦੇ ਮਰੀਜ ਨੂੰ ਵੱਧ ਤੋਂ ਵੱਧ ਖੁਸ਼ ਰੱਖਿਆ ਜਾਵੇ ਅਤੇ ਉਸ ਨੂੰ ਹੌਸਲਾ ਦਿੱਤਾ ਜਾਵੇ, ਮਰੀਜ ਦੀ ਖੁਰਾਕ ਵੱਲ ਦਵਾਈ ਨਾਲੋਂ ਵੀ ਵੱਧ ਧਿਆਨ ਦਿੱਤਾ ਜਾਵੇ, ਕਿਉਂਕਿ ਮਰੀਜ ਲਈ ਜਿੰਨੀ ਇਹ ਕੈਂਸਰ ਦੀ ਬਿਮਾਰੀ ਘਾਤਕ ਹੈ, ਕੈਂਸਰ ਦੀ ਦਵਾਈ ਕੀਮੋਂ ਬਿਮਾਰੀ ਨਾਲੋਂ ਵੀ ਵੱਧ ਘਾਤਕ ਹੁੰਦੀ ਹੈ, ਮਰੀਜ ਨੂੰ ਬਿਮਾਰੀ ਨਾਲ ਲੜਨ ਅਤੇ ਕੀਮੋਂ ਝੱਲਣ ਲਈ ਤਾਕਤ ਦੀ ਬਹੁਤ ਜਿਆਦਾ ਲੋੜ ਹੁੰਦੀ ਹੈ, ਉਹ ਚੰਗੀ ਖੁਰਾਕ ਨਾਲ ਹੀ ਪੂਰੀ ਹੋ ਸਕਦੀ ਹੈ। ਹਰੀ ਕਣਕ ਦਾ ਜੂਸ ਵੀ ਲਾਭਦਾਇਕ ਹੈ, ਹੋਰ ਵੀ ਜਿਸ ਤਰ੍ਹਾਂ ਦੀ ਹੋ ਸਕੇ ਮਰੀਜ ਦੀ ਪਸੰਦ ਅਨੁਸਾਰ ਦਹੀਂ, ਪਨੀਰ, ਆਂਡੇ, ਸੁੱਕੇ ਮੇਵੇ, ਬਦਾਮ, ਜੂਸ ਜਾਂ ਫਲ਼ ਆਦਿ ਵੱਧ ਤੋਂ ਵੱਧ ਦਿੱਤੇ ਜਾਣ। ਮੇਰੇ ਘਰਵਾਲੀ ਹਰਪ੍ਰੀਤ ਕੌਰ ਖਾਲਸਾ ਜੀ ਦੀ ਸਿਹਤ ਖੁਰਾਕ ਕਾਰਨ ਬਹੁਤ ਠੀਕ ਸੀ ਅਤੇ ਹੌਸਲਾ ਵੀ ਬਹੁਤ ਸੀ, ਜਿਸ ਕਾਰਨ ਇਹਨਾਂ ਦੇ ਦੋ ਅਪ੍ਰੇਸ਼ਨ ਹੋਣ, 16 ਕੀਮੋਂਆਂ ਲੱਗਣ ਅਤੇ ਕੀਮੋਂ ਵਾਲੇ ਕੈਪਸੂਲ ਖਾਣ ਤੇ ਵੀ ਕਦੇ ਕਮਜੋਰੀ ਨਹੀਂ ਸੀ ਹੋਈ, ਨਾ ਕਦੇ ਖੂਨ ਦੀ ਘਾਟ ਆਈ ਸੀ, ਨਾ ਕਦੇ ਵਜਨ ਘਟਿਆ ਸੀ, ਨਾ ਕਦੇ ਸੈੱਲ ਵਗੈਰਾ ਘਟੇ ਸਨ, ਡਾਕਟਰ ਦੇ ਦੋ ਵਾਰ ਜਵਾਬ ਦੇਣ ਤੇ ਵੀ ਉਸ ਨੇ ਹੌਸਲਾ ਨਹੀਂ ਸੀ ਛੱਡਿਆ, ਉਹ ਹਸਪਤਾਲ ਵਿੱਚ ਉਦਾਸ ਹੋਏ ਪਏ ਮਰੀਜਾਂ ਨੂੰ ਵੀ ਹੌਸਲਾ ਦਿੰਦੀ ਕਹਿੰਦੀ ਚਿੰਤਾ ਨਾ ਕਰੋ ਤੁਹਾਨੂੰ ਕੁੱਝ ਨਹੀਂ ਹੁੰਦਾ, ਆਹ ਵੇਖ ਲਓ ਮੈਂਨੂੰ ਵੀ ਕੈਂਸ਼ਰ ਹੈ, ਮੈਨੂੰ ਕੀ ਹੋ ਗਿਆ, ਮੈਂ ਚੰਗੀ ਭਲੀ ਹਾਂ, ਉਹ ਅਖੀਰ ਤੱਕ ਇਹੀ ਕਹਿੰਦੀ ਰਹੀ ਕਿ ਮੈਂ ਠੀਕ ਹੋਵਾਂਗੀ, ਉਸ ਨੂੰ ਬੰਨ ਪਿਆ ਹੋਇਆ ਸੀ ਪਰ ਪਤਾ ਨਹੀਂ ਕਿਵੇਂ ਮਰਨ ਤੋਂ ਇੱਕ ਹਫਤਾ ਪਹਿਲਾਂ 25 ਅਕਤੂਬਰ ਨੂੰ ਉਸ ਦੀ ਟੱਟੀ ਆ ਗਈ ਤਾਂ ਉਸ ਨੇ ਕਿਹਾ ਕਿ ਮੈਂ ਤੁਹਾਨੂੰ ਕਿਹਾ ਨਹੀਂ ਸੀ ਕਿ ਮੈਂ ਠੀਕ ਹੋਵਾਂਗੀ, ਤੁਸੀਂ ਚਿੰਤਾ ਨਾ ਕਰੋ ਮੈਂ ਤੁਹਾਨੂੰ ਠੀਕ ਹੋ ਕੇ ਵਿਖਾਵਾਂਗੀ, ਅਖੀਰ 30 ਅਤੇ 31 ਅਕਤੂਬਰ ਨੂੰ ਉਸ ਨੇ ਕਿਹਾ ਕਿ ਹੁਣ ਮੈਂ ਬਚ ਨਹੀਂ ਸਕਦੀ। ਮਰੀਜ ਜੋ ਵੀ ਕਹੇ ਉਸ ਦੀ ਗੱਲ ਨਾ ਉਲਟਾਓ, ਮਰੀਜ ਨੂੰ ਗਲਤ ਹੋਣ ਤੇ ਵੀ ਗਲਤ ਸਾਬਤ ਨਾ ਹੋਣ ਦਿਓ, ਮਰੀਜ ਦੇ ਅੰਦਰ ਹੀਣ ਭਾਵਨਾ ਨਾ ਪੈਦਾ ਹੋਣ ਦਿਓ। ਮਰੀਜ ਨੂੰ ਇਹ ਅਹਿਸਾਸ ਨਾ ਹੋਣ ਦਿਓ ਕਿ ਤੇਰੀ ਸੰਭਾਲ ਕਰਨੀ ਔਖੀ ਹੈ ਜਾਂ ਅਸੀਂ ਤੇਰੀ ਸੇਵਾ ਕਰ ਰਹੇ ਹਾਂ, ਸਗੋਂ ਜੇ ਮਰੀਜ ਵੀ ਕਹੇ ਕਿ ਮੈਂ ਤਾਂ ਤੁਹਾਡੇ ਉੱਤੇ ਬੋਝ ਹਾਂ ਜਾਂ ਤੁਸੀਂ ਮੈਨੂੰ ਬਹੁਤ ਸੰਭਾਲਦੇ ਹੋਂ, ਤਾਂ ਕਹੋ ਕਿ ਨਹੀਂ ਅਜਿਹੀ ਬੋਝ ਵਾਲੀ ਕੋਈ ਗੱਲ ਨਹੀਂ ਹੈ ਤੂੰ ਠੀਕ ਹੈਂ, ਦਵਾਈ ਵੀ ਕੋਈ ਮਹਿੰਗੀ ਨਹੀਂ ਹੈ, ਕਾਫੀ ਦਵਾਈ ਹਸਪਤਾਲ ਵਿੱਚੋਂ ਫਰੀ ਮਿਲ ਰਹੀ ਹੈ, ਤੂੰ ਠੀਕ ਹੈਂ ਇਸ ਲਈ ਤੇਰੀ ਸੰਭਾਲ ਵੀ ਕੋਈ ਔਖੀ ਨਹੀਂ ਹੈ, ਤੂੰ ਆਪਣਾ ਸਾਰਾ ਕੁੱਝ ਆਪ ਹੀ ਕਰ ਰਿਹਾ ਹੈਂ ਅਸੀਂ ਤਾਂ ਬੱਸ ਤੇਰਾ ਥੋੜ੍ਹਾ ਜਿਹਾ ਸਹਿਯੋਗ ਹੀ ਕਰ ਰਹੇ ਹਾਂ, ਇਹ ਕੋਈ ਤੇਰੇ ਉਤੇ ਅਹਿਸਾਨ ਵੀ ਨਹੀਂ ਹੈ, ਇਹ ਸਾਡਾ ਫਰਜ ਵੀ ਬਣਦਾ ਹੈ, ਜੇ ਅਸੀਂ ਬਿਮਾਰ ਹੁੰਦੇ ਫਿਰ ਤੈਂ ਵੀ ਸਾਡਾ ਸਾਥ ਇਸੇ ਤਰ੍ਹਾਂ ਦੇਣਾ ਸੀ।
ਮਰੀਜ ਨੂੰ ਕਹੋ ਕਿ ਤੇਰੇ ਵਿੱਚ ਹੌਸਲਾ ਬਹੁਤ ਹੈ, ਤੂੰ ਦਲੇਰ ਬਹੁਤ ਹੈਂ, ਤੂੰ ਡੋਲਦਾ ਨਹੀਂ ਹੈਂ, ਤੂੰ ਬਿਮਾਰੀ ਨਾਲ ਮੁਕਾਬਲਾ ਕਰ ਸਕਦਾ ਹੈਂ, ਤੂੰ ਹੋਰ ਮਰੀਜ਼ਾਂ ਨਾਲੋਂ ਬਹੁਤ ਠੀਕ ਹੈਂ। ਭਾਵੇਂ ਸਾਰੇ ਮਰੀਜ ਤਾਂ ਇੱਕੋ ਜਿਹੇ ਨਹੀਂ ਹੁੰਦੇ ਪਰ ਬਿਮਾਰੀ ਦੇ ਭੈਅ ਅਤੇ ਤੇਜ ਦਵਾਈਆਂ ਕਾਰਨ ਮਰੀਜ ਦੇ ਸੁਭਾਅ ਵਿੱਚ ਚਿੜਚਿੜਾ ਪਣ ਅਤੇ ਗੁੱਸਾ ਕਾਫੀ ਵੱਧ ਜਾਂਦਾ ਹੈ, ਕਈ ਵਾਰ ਉਹ ਗਲਤ ਗੱਲਾਂ ਵੀ ਕਰਨ ਲੱਗ ਜਾਂਦਾ ਹੈ, ਉਹ ਤੁਹਾਨੂੰ ਰੁੱਖਾ ਵੀ ਬੋਲੇਗਾ, ਪਰ ਤੁਹਾਨੂੰ ਇਹ ਸੱਭ ਝੱਲਣਾ ਪਵੇਗਾ ਅਤੇ ਝੱਲਣਾ ਵੀ ਚਾਹੀਂਦਾ ਹੈ। ਜੇ ਤੁਸੀਂ ਹਸਪਤਾਲ ਨੂੰ ਤੁਰੇ ਜਾ ਰਹੇ ਹੋਂ, ਜਾਣਾ ਵੀ ਜਲਦੀ ਹੋਵੇ ਪਰ ਰਸਤੇ ਵਿੱਚ ਮਰੀਜ ਕਹੇ ਰੁਕਣਾ ਹੈ ਤਾਂ ਤੁਰੰਤ ਹੀ ਬਿਨਾਂ ਸਵਾਲ ਕੀਤੇ ਰੁੱਕ ਜਾਓ, ਰੁਕਣ ਤੋਂ ਬਾਅਦ ਉਸਨੂੰ ਆਪਣੇ ਢੰਗ ਨਾਲ ਕਹੋ ਕਿ ਗੱਲ ਤਾਂ ਤੇਰੀ ਠੀਕ ਹੈ ਆਪਾਂ ਨੂੰ ਰੁਕਣਾ ਚਾਹੀਂਦਾ ਹੈ, ਪਰ ਗੱਲ ਇਸ ਤਰ੍ਹਾਂ ਹੈ ਕਿ ਕਿਤੇ ਆਪਾਂ ਲੇਟ ਨਾ ਹੋ ਜਾਈਏ ਜਾਂ ਫਿਰ ਆਪਣੀ ਬੱਸ ਗੱਡੀ ਦਾ ਟਾਈਮ ਨਹੀਂ ਰਹਿਣਾ ਆਦਿ, ਪਰ ਇਕਦਮ ਉਸ ਨੂੰ ਜਵਾਬ ਨਾ ਦਿਓ। ਮਰੀਜ ਨੂੰ ਹਰ ਰੋਜ ਨਹਾਉਣ ਲਈ ਕਹੋ, ਅਤੇ ਉਸ ਦੇ ਕੱਪੜੇ ਵੀ ਸਾਫ ਸੁਥਰੇ ਪਾ ਕੇ ਰੱਖੋ, ਆਪਣੇ ਵਿਤ ਅਨੁਸਾਰ ਪੰਜ ਸੱਤ ਸੌ ਰੁਪਏ ਜਾਂ ਇਸ ਤੋਂ ਵੱਧ ਰੁਪਏ ਉਸ ਦੀ ਜੇਬ ਵਿੱਚ ਪੱਕੇ ਤੌਰ ਤੇ ਹੀ ਰੱਖੋ। ਜਦੋਂ ਵੀ ਮਰੀਜ ਕੁੱਝ ਖਾਣ ਪੀਣ ਲਈ ਕੁੱਝ ਵੀ ਮੰਗੇ ਤਾਂ ਜਿੰਨਾ ਜਲਦੀ ਹੋ ਸਕੇ ਓਨਾ ਹੀ ਜਲਦੀ ਉਸਨੂੰ ਖਾਣ ਪੀਣ ਲਈ ਦਿਓ, ਜੇ ਤੁਸੀਂ ਕੋਈ ਕੰਮ ਕਰ ਰਹੇ ਹੋਂ ਤਾਂ ਉਸ ਨੂੰ ਤੁਰੰਤ ਉੱਥੇ ਹੀ ਛੱਡ ਦਿਓ ਕਿਉਂਕਿ ਉਸ ਦਾ ਮੂੜ ਹੁੰਦਾ, ਜੇ ਤੁਸੀਂ ਪੰਜ ਮਿੰਟ ਵੀ ਲੇਟ ਹੋ ਗਏ ਤਾਂ ਹੋ ਸਕਦੈ ਉਹ ਕਹਿ ਦੇਵੇ ਕਿ ਹੁਣ ਤਾਂ ਮੈਨੂੰ ਲੋੜ ਨਹੀਂ ਹੈ। ਮਰੀਜ਼ ਤੋਂ ਉਸ ਦੀ ਬਿਮਾਰੀ ਨੂੰ ਨਾ ਛੁਪਾਓ, ਸਗੋਂ ਉਸ ਨੂੰ ਸਹੀ ਬਿਮਾਰੀ ਦਾ ਨਾਮ ਦੱਸ ਕੇ ਉਸ ਬਿਮਾਰੀ ਨਾਲ ਲੜਨ ਦੇ ਯੋਗ ਬਣਾਓ। ਜੇ ਕਿਸੇ ਦੀ ਮੌਤ ਹੋ ਜਾਵੇ ਤਾਂ ਤੁਰੰਤ ਮਰੀਜ ਨੂੰ ਨਾ ਦੱਸੋ, ਜਦੋਂ ਮਰੀਜ ਰੋਟੀ ਪਾਣੀ ਛੱਕ ਲਵੇ ਅਤੇ ਠੀਕ ਮੂੜ ਵਿੱਚ ਹੋਵੇ ਉਦੋਂ ਉਸ ਨੂੰ ਦੱਸ ਦਿਓ, ਨਾਲ ਇਹ ਵੀ ਕਹੋ ਕਿ ਵੇਖ ਲੈ ਫਲਾਣਾ ਮਰ ਗਿਆ, ਉਸ ਨੂੰ ਕਿਹੜਾ ਕੈਂਸਰ ਸੀ, ਉਸ ਨੂੰ ਕਹੋ ਕਿ ਮੌਤ ਤੋਂ ਡਰਨ ਦੀ ਲੋੜ ਨਹੀਂ ਹੈ, ਇਹ ਤਾਂ ਕਿਸੇ ਤੰਦਰੁਸਤ ਨੂੰ ਵੀ ਆ ਸਕਦੀ ਹੈ, ਮੌਤ ਦਾ ਕੈਂਸਰ ਜਾਂ ਕਿਸੇ ਹੋਰ ਬਿਮਾਰੀ ਨਾਲ ਕੋਈ ਸਬੰਧ ਨਹੀਂ ਹੈ, ਮਰੀਜ ਨੂੰ ਇਹ ਵੀ ਕਹੋ ਮੌਤ ਦੀ ਚਿੰਤਾ ਛੱਡ ਕੇ ਰਹਿੰਦੀ ਜਿੰਦਗੀ ਮੌਜਾਂ ਮਾਣ, ਮਰ ਤਾਂ ਹਰੇਕ ਨੇ ਹੀ ਜਾਣਾ ਹੈ, ਤੂੰ ਆਪਣੀ ਜਿੰਦਗੀ ਪਰੋਹਣਿਆਂ ਵਾਂਗ ਜਿਉਂ, ਥੋੜ੍ਹੇ ਸਮੇਂ ਦੀ ਜਿੰਦਗੀ ਵਿੱਚ ਹੀ ਲੰਮੀ ਉਮਰ ਜਿੰਨਾਂ ਅਨੰਦ ਲੈ ਲੈ, ਜੇ ਤੂੰ ਖੁਸ਼ ਨਾ ਰਿਹਾ ਜਾਂ ਦੁੱਖੀ ਹੁੰਦਾ ਰਿਹਾ ਫਿਰ ਅਜਿਹੀ ਲੰਮੀ ਉਮਰ ਤੋਂ ਵੀ ਕੀ ਕਰਵਾਉਣਾ ਹੈ, ਇੱਕ ਖਿਆਲ ਜਰੂਰ ਰੱਖੋ ਕਿ ਮਰੀਜ ਨੂੰ ਕਦੇ ਵੀ, ਕਿਸੇ ਦੇ ਵੀ ਮਰਗਤ ਦੇ ਪਰੋਗਰਾਮ ਵਿੱਚ ਨਾਂ ਜਾਣ ਦਿਓ।
ਜੇ ਤੁਹਾਨੂੰ ਕਦੇ ਆਰਥਿਕ ਤੌਰ ਤੇ ਤੰਗੀ ਆ ਜਾਵੇ ਤਾਂ ਕੋਸ਼ਿਸ਼ ਕਰੋ ਕਿ ਮਰੀਜ਼ ਨੂੰ ਇਸ ਵਾਰੇ ਪਤਾ ਨਾ ਲੱਗੇ। ਸਾਰੇ ਹਸਪਤਾਲਾਂ ਵਿੱਚ ਕੈਂਸਰ ਦੇ ਇਲਾਜ ਦੀ ਦਵਾਈ ਕੀਮੋਂ ਅਤੇ ਸੇਕੇ ਹੀ ਹਨ, ਇਹ ਇਲਾਜ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲਾਂ ਵਿੱਚ ਇੱਕੋ ਤਰ੍ਹਾਂ ਦਾ ਹੀ ਹੈ, ਸਰਕਾਰੀ ਹਸਪਤਾਲਾਂ ਵਿੱਚ ਇਲਾਜ ਬਹੁਤ ਸਸਤਾ ਪੈਂਦਾ ਹੈ, ਹਾਂ ਸਰਕਾਰੀ ਹਸਪਤਾਲਾਂ ਵਿੱਚ ਥੋੜ੍ਹੀ ਜਿਹੀ ਖੱਜਲ ਖੁਆਰੀ ਤਾਂ ਵੱਧ ਹੁੰਦੀ ਹੈ, ਪਰ ਉਸ ਤੋਂ ਘਬਰਾਓ ਨਾ, ਇਹ ਵੀ ਨਾ ਸੋਚੋ ਕਿ ਅਸੀਂ ਸਾਡੇ ਮਰੀਜ ਦਾ ਕਿਸੇ ਮਹਿੰਗੇ ਪ੍ਰਾਈਵੇਟ ਹਸਪਤਾਲ ਵਿੱਚ ਇਲਾਜ ਨਹੀਂ ਕਰਵਾ ਸਕੇ, ਪਤਾ ਨੀ ਤਾਂ ਹੀ ਸਾਡਾ ਮਰੀਜ ਠੀਕ ਨਹੀਂ ਹੋਇਆ, ਕਿਉਂਕਿ ਜੇ ਗੱਲ ਸਿਰਫ ਮਹਿੰਗੇ ਇਲਾਜ ਦੀ ਹੁੰਦੀ ਤਾਂ ਪਰਕਾਸ਼ ਸਿੰਘ ਬਾਦਲ ਆਪਣੇ ਘਰਵਾਲੀ ਨੂੰ ਕੈਂਸਰ ਨਾਲ ਕਦੇ ਨਾ ਮਰਨ ਦਿੰਦਾ, ਉਸ ਕੋਲ ਤਾਂ ਪੈਸਾ ਵੀ ਬਹੁਤ ਸੀ, ਅਤੇ ਇਲਾਜ ਲਈ ਵੀ ਅਮਰੀਕਾ ਲੈ ਗਿਆ ਸੀ, ਇਹ ਤਾਂ ਬਿਮਾਰੀ ਦੀ ਕਿਸਮ ਅਤੇ ਪੜਾਅ ਦੀ ਗੱਲ ਹੁੰਦੀ ਹੈ, ਕਿ ਤੁਹਾਨੂੰ ਕਿਹੋ ਜਿਹੀ ਬਿਮਾਰੀ ਹੈ ਜਾਂ ਕਿੰਨੀ ਕੁ ਵੱਧ ਘੱਟ ਹੈ, ਜਾਂ ਕਿਹੋ ਜਿਹੀ ਥਾਂ ਉੱਤੇ ਹੈ। ਦਵਾਈਆਂ ਵਿੱਚ ਵੀ ਅੰਨ੍ਹੀ ਲੁੱਟ ਹੁੰਦੀ ਹੈ, ਜੋ ਕੀਮੋਂ ਦਵਾਈ 4700/5000 ਰੁਪਏ ਦੀ ਮਿਲਦੀ ਹੈ, ਇਹ ਤੁਹਾਨੂੰ ਦਸ ਪੰਦਰਾਂ ਹਜਾਰ ਰੁਪਏ ਤੋਂ ਲੈ ਕੇ ਵੀਹ ਇੱਕੀ ਹਜਾਰ ਤੱਕ ਵੀ ਲਗਾਈ ਜਾ ਸਕਦੀ ਹੈ, ਉਹ ਵੀ ਲੈੱਸ ਕਰਕੇ ਕਿਉਂਕਿ ਇਸ ਉੱਤੇ ਪ੍ਰਿੰਟ ਰੇਟ 22000 ਰੁਪਏ ਤੱਕ ਹੁੰਦਾ ਹੈ, ਇਸ ਲਈ ਵੱਖ ਵੱਖ ਦੁਕਾਨਾਂ ਉਤੇ ਰੇਟ ਦਾ ਪਤਾ ਕਰ ਲੈਣਾ ਚਾਹੀਂਦਾ ਹੈ। ਮਰੀਜ ਦੇ ਵਾਲ (ਕੇਸ) ਲਹਿ ਜਾਣ ਤੋਂ ਨਾ ਡਰੋ, ਵਾਲਾਂ ਦੇ ਲਹਿ ਜਾਣ ਨਾਲ ਕੈਂਸਰ ਦਾ ਕੋਈ ਮੇਲ ਨਹੀਂ ਹੁੰਦਾ, ਵਾਲ ਤਾਂ ਕੀਮੋਂ ਦਵਾਈ ਨਾਲ ਉੱਤਰਦੇ ਹਨ, ਇਹ ਕੀਮੋਂ ਜੇ ਤੰਦਰੁਸਤ ਬੰਦੇ ਦੇ ਵੀ ਲਾ ਦੇਈਏ ਤਾਂ ਉਸ ਦੇ ਸਰੀਰ ਉੱਤੇ ਵੀ ਇੱਕ ਵੀ ਵਾਲ ਨਹੀਂ ਰਹੇਗਾ, ਜਦੋਂ ਮਰੀਜ ਦੇ ਕੀਮੋਂ ਲੱਗੇਗੀ ਤਾਂ ਸਾਰੇ ਵਾਲ ਲਹਿ ਜਾਣਗੇ, ਜਦੋਂ ਕੀਮੋਂ ਬੰਦ ਹੋ ਗਈ ਤਾਂ ਸਾਰੇ ਵਾਲ ਉਸੇ ਤਰਾਂ ਦੁਬਾਰਾ ਆ ਜਾਣਗੇ, ਇਸ ਲਈ ਕਦੇ ਵੀ ਕਿਸੇ ਦੇ ਵਾਲ ਝੜਨ ਤੋਂ ਕੈਂਸਰ ਵਾਰੇ ਅੰਦਾਜਾ ਨਹੀਂ ਲਗਾਉਣਾ ਚਾਹੀਂਦਾ। ਡਾਕਟਰ ਵਾਰੇ ਮਰੀਜ ਦੇ ਮਨ ਵਿੱਚ ਵਿਸਵਾਸ ਭਰੋ ਕਿ ਆਪਾਂ ਨੂੰ ਡਾਕਟਰ ਬਹੁਤ ਵਧੀਆ ਮਿਲਿਆ ਹੈ, ਇਹ ਬਹੁਤ ਧਿਆਨ ਨਾਲ ਮਰੀਜ ਨੂੰ ਵੇਖਦਾ ਹੈ, ਡਾਕਟਰ ਨਾਲ ਗੱਲ ਕਰਨ ਲਈ ਵੀ ਉਸਨੂੰ ਹੌਸਲਾ ਦਿਓ ਤਾਂ ਕਿ ਉਹ ਆਪਣੇ ਵਾਰੇ ਡਾਕਟਰ ਨਾਲ ਖੁਦ ਗੱਲ ਕਰ ਸਕੇ ਅਤੇ ਆਪਣਾ ਦੁੱਖ ਦੱਸ ਸਕੇ, ਜੇ ਕਦੇ ਤੁਸੀਂ ਡਾਕਟਰ ਕੋਲ ਬਿਨਾ ਮਰੀਜ ਤੋਂ ਇਕੱਲੇ ਦਵਾਈ ਲੈਣ ਜਾਉਂ ਤਾਂ ਆਕੇ ਮਰੀਜ ਨੂੰ ਕਹੋ ਕਿ ਡਾਕਟਰ ਤੇਰੀ ਬਹੁਤ ਤਾਰੀਫ ਕਰਦਾ ਸੀ, ਤੁਹਾਡੇ ਵਾਰੇ ਉਸਨੇ ਵਿਸ਼ੇਸ਼ ਪੁੱਛਿਆ ਅਤੇ ਭਰੋਸਾ ਦਿੱਤਾ ਹੈ ਕਿ ਤੁਸੀਂ ਜਲਦੀ ਠੀਕ ਹੋ ਜਾਉਂਗੇ ਆਦਿ, ਇਸ ਤਰਾਂ ਕਰਨ ਨਾਲ ਮਰੀਜ ਦੀ ਉਮਰ ਤਾਂ ਬੇਸੱਕ ਨਾ ਵੱਧੇ ਪਰ ਤੁਹਾਨੂੰ ਅਤੇ ਮਰੀਜ ਨੂੰ ਰਾਹਤ ਬਹੁਤ ਮਿਲੇਗੀ।

ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ: ਬਹਾਦਰਪੁਰ,
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ ਪੰਜਾਬ
94170-23911

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: