ਕੇਜਰੀਵਾਲ ਪੰਜਾਬ ਦਾ ਦੁਸ਼ਮਣ, ਐਸ.ਵਾਈ.ਐਲ ‘ਤੇ ਯੂ-ਟਰਨ ਨਾਲ ਪੰਜਾਬੀਆਂ ਦੀ ਪਿੱਠ ‘ਚ ਮਾਰਿਆ ਛੁਰਾ: ਸੁਖਬੀਰ ਬਾਦਲ

ss1

ਕੇਜਰੀਵਾਲ ਪੰਜਾਬ ਦਾ ਦੁਸ਼ਮਣ, ਐਸ.ਵਾਈ.ਐਲ ‘ਤੇ ਯੂ-ਟਰਨ ਨਾਲ ਪੰਜਾਬੀਆਂ ਦੀ ਪਿੱਠ ‘ਚ ਮਾਰਿਆ ਛੁਰਾ: ਸੁਖਬੀਰ ਬਾਦਲ

ਜਲੰਧਰ, 15 ਦਸੰਬਰ (ਪ.ਪ.): : ਐਸ.ਵਾਈ.ਐਲ ਮੁੱਦੇ ‘ਤੇ ਅਰਵਿੰਦ ਕੇਜਰੀਵਾਲ ਵੱਲੋਂ ਲਏ ਯੂ-ਟਰਨ ਦੀ ਸਖਤ ਸ਼ਬਦਾਂ ਵਿਚ ਆਲੋਚਨਾ ਕਰਦਿਆਂ ਡਿਪਟੀ ਸੀ ਐੱਮ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਕੇਜਰੀਵਾਲ ਪੰਜਾਬ ਦਾ ਦੁਸ਼ਮਣ ਹੈ ਅਤੇ ਉਸ ਨੇ ਦੂਜੀ ਵਾਰ ਪੰਜਾਬ ਦੇ ਪਾਣੀਆਂ ਦੀ ਵੰਡ ‘ਤੇ ਪੰਜਾਬੀਆਂ ਨਾਲ ਧ੍ਰੋਹ ਕਮਾਇਆ ਹੈ। ਡਿਪਟੀ ਸੀ ਐੱਮ ਨੇ ਕਿਹਾ ਕਿ ਕੇਜਰੀਵਾਲ ਵੱਲੋਂ ਇਸ ਮਸਲੇ ‘ਤੇ ਪੰਜਾਬ ਵਿਰੋਧੀ ਗੱਲ ਕਰਕੇ ਅਤੇ ਦੂਜੇ ਸੂਬਿਆਂ ਦੇ ਪੱਖ ‘ਚ ਗੱਲ ਕਰਨ ਨਾਲ ਉਸ ਦਾ ਪੰਜਾਬ ਵਿਰੋਧੀ ਚਿਹਰਾ ਸਾਹਮਣੇ ਆ ਗਿਆ ਹੈ ਅਤੇ ਹੁਣ ਉਸ ਦੀ ਪਾਰਟੀ ਦਾ ਪੰਜਾਬ ‘ਚੋਂ ਸਫਾਇਆ ਹੋਣਾ ਨਿਸ਼ਚਿਤ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦੇ ਗੁੱਸੇ ਕਾਰਣ ਆਮ ਆਦਮੀ ਪਾਰਟੀ ਨੂੰ ਪੰਜਾਬ ‘ਚ ਇਕ ਵੀ ਸੀਟ ਨਹੀਂ ਮਿਲਣੀ।

ਕੇਜਰੀਵਾਲ ਵੱਲੋਂ ਪੰਜਾਬ ਦੇ ਪਾਣੀਆਂ ‘ਤੇ ਹਰਿਆਣਾ ਅਤੇ ਦਿੱਲੀ ਸਮੇਤ ਹੋਰਨਾਂ ਸੂਬਿਆਂ ਦਾ ਹੱਕ ਦੱਸਣ ਵਾਲੇ ਬਿਆਨ ਦੀ ਨਿੰਦਾ ਕਰਦਿਆਂ ਬਾਦਲ ਨੇ ਕਿਹਾ ਕਿ ਇਹ ਬੰਦਾ ਦੋਗਲਾ ਹੈ ਅਤੇ ਇਸ ਨੇ ਹੁਣ ਫੇਰ ਸ਼ਰੇਆਮ ਪੰਜਾਬੀਆਂ ਨਾਲ ਧੋਖਾ ਕੀਤਾ ਹੈ ਜਿਸ ਬਦਲੇ ਪੰਜਾਬ ਦੇ ਲੋਕ ਇਸ ਨੂੰ ਵਿਧਾਨ ਸਭਾ ਚੋਣਾਂ ‘ਚ ਸਬਕ ਸਿਖਾਉਣਗੇ।ਉਨ੍ਹਾਂ ਕਿਹਾ ਕਿ ਪਹਿਲਾਂ ਵੀ ਕੇਜਰੀਵਾਲ ਪੰਜਾਬ ਦੇ ਦਰਿਆਈ ਪਾਣੀਆਂ ‘ਤੇ ਹੋਰਨਾਂ ਸੂਬਿਆਂ ਦਾ ਹੱਕ ਹੋਣ ਦੀ ਗੱਲ ਆਖ ਚੁੱਕਾ ਹੈ। ‘ਆਪ’ ਆਗੂਆਂ ਵੱਲੋਂ ਰੋਜ਼ਾਨਾ ਪਾਰਟੀ ਛੱਡਣ ਅਤੇ ਪਾਰਟੀ ਆਗੂਆਂ ਉੱਤੇ ਇਲਜ਼ਾਮ ਲਾਉਣ ਦੇ ਸੰਦਰਭ ਵਿਚ ਸ. ਬਾਦਲ ਨੇ ਕਿਹਾ ਕਿ ਉਂਝ ਵੀ ਹੁਣ ਤਾਂ ਸਭ ਨੂੰ ਪਤਾ ਲੱਗ ਚੁੱਕਾ ਹੈ ਕਿ ਕੇਜਰੀਵਾਲ ਨੇ ਪੈਸੇ ਲੈ ਕੇ ਟਿਕਟਾਂ ਵੰਡੀਆਂ ਹਨ ਅਤੇ ਉਸ ਦੇ 35-40 ਉਮੀਦਵਾਰਾਂ ਖਿਲਾਫ ਸੰਗੀਨ ਅਪਰਾਧਿਕ ਮਾਮਲੇ ਵੀ ਦਰਜ ਹਨ।

ਇੱਥੇ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਪੰਜਾਬ ਦੀਆਂ ਦੁਸ਼ਮਣ ਪਾਰਟੀਆਂ ਦੱਸਦਿਆਂ ਪੰਜਾਬ ਦੇ ਡਿਪਟੀ ਸੀ ਐੱਮ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਸੱਤਾ ਪ੍ਰਾਪਤੀ ਲਈ ਇਨ੍ਹਾਂ ਦੋਵਾਂ ਪਾਰਟੀਆਂ ਨੇ ਆਪਸ ਵਿਚ ਗੁਪਤ ਸਮਝੌਤਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮਝੌਤੇ ਤਹਿਤ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਆਪਣੀ ਹਰੇਕ ਰੈਲੀ ਵਿਚ ਜਾਣਬੁੱਝ ਕੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਹੀ ਆਲੋਚਨਾ ਕਰਦਾ ਹੈ ਅਤੇ ਰੈਲੀਆਂ ਵੀ ਉਸ ਨੇ ਜਲਾਲਾਬਾਦ ਜਾਂ ਮਜੀਠਾ ਹਲਕਿਆਂ ਵਿਚ ਹੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਗੁਪਤ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਮਦਦ ਕਰ ਰਿਹਾ ਹੈ ਅਤੇ ਇਹੀ ਕਾਰਣ ਹੈ ਉਸ ਨੇ ਪਟਿਆਲਾ ਹਲਕੇ ਤੋਂ ਵੀ ਆਪਣੀ ਪਾਰਟੀ ਦੀ ਟਿਕਟ ਕਮਜ਼ੋਰ ਅਤੇ ਗੁੰਮਨਾਮ ਜਿਹੇ ਵਿਅਕਤੀ ਨੂੰ ਦਿੱਤੀ ਹੈ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਸਲ ਵਿਚ ਕੇਜਰੀਵਾਲ ਖੁਦ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਸੁਪਨੇ ਵੇਖ ਰਿਹਾ ਹੈ ਅਤੇ ਪਾਰਟੀ ਨੂੰ ਵੀ ਉਹ ਤਾਨਾਸ਼ਾਹ ਤਰੀਕੇ ਨਾਲ ਚਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਕਨਵੀਨਰ ਨਾ ਤਾਂ ਪਾਰਟੀ ਵਿਚ ਕਿਸੇ ਹੋਰ ਆਗੂ ਨੂੰ ਉੱਠਣ ਦਿੰਦਾ ਹੈ ਅਤੇ ਜੇਕਰ ਕੋਈ ਵਿਅਕਤੀ ਉਸ ਨੂੰ ਪਾਰਟੀ ਵਿਚ ਉੱਪਰ ਉੱਠਦਾ ਦਿੱਸਦਾ ਦਿੰਦਾ ਹੈ ਤਾਂ ਉਹ ਉਸ ਨੂੰ ਖੂੰਜੇ ਲਾਉਣ ਵਿਚ ਕੋਈ ਕਸਰ ਨਹੀਂ ਛੱਡਦਾ ਅਤੇ ਇਸ ਦੀ ਤਾਜ਼ਾ ਉਦਾਹਰਣ ਭਗਵੰਤ ਮਾਨ ਅਤੇ ਹਿੰਮਤ ਸਿੰਘ ਸ਼ੇਰਗਿੱਲ ਹਨ ਜੋ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਬਣਨ ਦੀ ਦਾਆਵੇਦਾਰੀ ਪੇਸ਼ ਕਰ ਰਹੇ ਸਨ ਪਰ ਕੇਜਰੀਵਾਲ ਨੇ ਦੋਵਾਂ ਦੀਆਂ ਜ਼ਮਾਨਤਾਂ ਜ਼ਬਤ ਕਰਾਉਣ ਲਈ ਇਕ ਨੂੰ ਉਨ੍ਹਾਂ ਖਿਲਾਫ (ਸੁਖਬੀਰ ਸਿੰਘ ਬਾਦਲ) ਅਤੇ ਦੂਜੇ ਨੂੰ ਸ. ਬਿਕਰਮ ਸਿੰਘ ਮਜੀਠੀਆ ਖਿਲਾਫ ਖੜ੍ਹਾ ਕਰਨ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਪਣੀ ਇਸੇ ਮਾਨਸਿਕਤਾ ਕਾਰਣ ਕੇਜਰੀਵਾਲ ਨੇ ਨਵਜੋਤ ਸਿੱਧੂ ਨੂੰ ਵੀ ਪਾਰਟੀ ਵਿਚ ਵੜ੍ਹਨ ਨਹੀਂ ਦਿੱਤਾ।

ਕਾਂਗਰਸ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂ ਇਸ ਵੇਲੇ ਪੂਰੇ ਨਿਰਾਸ਼ਾ ਦੇ ਆਲਮ ਵਿਚ ਹਨ ਅਤੇ ਕਾਂਗਰਸੀ ਖੁਦ ਆਪਣੀ ਪਾਰਟੀ ਨੂੰ ਹਰਾਉਣਾ ਚਾਹੁੰਦੇ ਹਨ। ਉਨ੍ਹਾਂ ਤਨਜ਼ ਕੱਸਦਿਆਂ ਕਿਹਾ ਕਿ ਬਹੁਤੇ ਹਲਕਿਆਂ ਵਿਚ ਤਾਂ ਕਾਂਗਰਸ ਕੋਲ ਖੜ੍ਹੇ ਕਰਨ ਲਈ ਆਪਣੇ ਉਮੀਦਵਾਰ ਵੀ ਨਹੀਂ ਲੱਭ ਰਹੇ ਹਨ। ਕਾਂਗਰਸ ਵਿਚ ਧੜੇਬੰਦੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵੇਲੇ ਅਮਰਿੰਦਰ, ਭੱਠਲ, ਬਾਜਵਾ, ਰਾਜਾ ਵੜਿੰਗ ਅਤੇ ਮੁਨੀਸ਼ ਤਿਵਾੜੀ ਧੜਾ ਆਪੋ-ਆਪੇ ਤਰੀਕੇ ਨਾਲ ਪਾਰਟੀ ਚਲਾ ਰਹੇ ਹਨ ਅਤੇ ਇਨ੍ਹਾਂ ਸਭਨਾਂ ਦਾ ਮਿਸ਼ਨ ਕਾਂਗਰਸ ਨੂੰ ਹਰਾਉਣਾ ਹੈ। ਡਿਪਟੀ ਸੀ ਐੱਮ ਨੇ ਕਿਹਾ ਕਿ ਕਾਂਗਰਸ ਅਤੇ ਆਪ ਏਜੰਡਾ-ਰਹਿਤ ਪਾਰਟੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਪਿਛਲੇ ਦਸ ਸਾਲਾਂ ਵਿਚ ਸ਼੍ਰੋਮਣੀ ਅਕਾਲੀ ਦਲ ਬੇਹੱਦ ਮਜ਼ਬੂਤ ਹੋਇਆ ਹੈ ਅਤੇ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਸੂਬੇ ਨੂੰ ਤਰੱਕੀ ਦੀਆਂ ਨਵੀਆਂ ਬੁਲੰਦੀਆਂ ‘ਤੇ ਪਹੁੰਚਾਇਆ ਹੈ ਅਤੇ ਪੰਜਾਬ ਵਿਚ ਹੋਏ ਵਿਕਾਸ ਬਦੌਲਤ ਹੀ ਪੰਜਾਬ ਵਾਸੀ ਤੀਜੀ ਵਾਰ ਵੀ ਭਾਰੀ ਬਹੁਮਤ ਨਾਲ ਅਕਾਲੀ-ਭਾਜਪਾ ਸਰਕਾਰ ਨੂੰ ਸੱਤਾ ਸੰਭਾਲ ਕੇ ਸੇਵਾ ਦਾ ਮੌਕਾ ਦੇਣਗੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਮਨੋਰੰਜਨ ਕਾਲੀਆ, ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਕੁਮਾਰ ਟੀਨੂੰ ਅਤੇ ਡਿਪਟੀ ਸੀ ਐੱਮ ਦੇ ਸਲਾਹਕਾਰ ਮਨਜਿੰਦਰ ਸਿੰਘ ਸਿਰਸਾ ਤੇ ਓਐਸਡੀ ਚਰਨਜੀਤ ਸਿੰਘ ਬਰਾੜ, ਸੀਨੀਅਰ ਅਕਾਲੀ ਆਗੂ ਸੇਠ ਸਤਪਾਲ ਮੱਲ ਤੇ ਸਰਬਜੀਤ ਸਿੰਘ ਮੱਕੜ ਅਤੇ ਸਰਬਜੋਤ ਸਿੰਘ ਸਾਬੀ ਸਮੇਤ ਸੀਨੀਅਰ ਅਕਾਲੀ-ਭਾਜਪਾ ਆਗੂ ਹਾਜ਼ਰ ਸਨ ।

Share Button

Leave a Reply

Your email address will not be published. Required fields are marked *