ਕੇਜਰੀਵਾਲ ਪਹਿਲਾਂ ਦਿੱਲੀ ‘ਚ ਬਣਾਵੇ ਦਲਿਤ ਡਿਪਟੀ ਸੀ. ਐੱਮ : ਸੁਖਬੀਰ

ss1

ਕੇਜਰੀਵਾਲ ਪਹਿਲਾਂ ਦਿੱਲੀ ‘ਚ ਬਣਾਵੇ ਦਲਿਤ ਡਿਪਟੀ ਸੀ. ਐੱਮ : ਸੁਖਬੀਰ

ਲੁਧਿਆਣਾ (ਪ੍ਰੀਤੀ ਸ਼ਰਮਾ): : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸ਼ਨੀਵਾਰ ਨੂੰਪਿੰਡ ਧਨਾਸੂ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਦੇ ਮੁੱਖ ਮਤੰਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੋ ਪੰਜਾਬ ਵਿਚ ਆ ਕੇ ਪੰਜਾਬੀਆਂ ਨੂੰ ਸਬਜ ਬਾਗ ਦਿਖਾ ਕੇ ਗੁੰਮਰਾਹ ਕੁੰਨ ਬਿਆਨਬਾਜ਼ੀ ਕਰ ਰਹੇ ਹਨ ਉਸ ਵਿਚ ਵਿਚ ਭੋਰਾ ਪਰ ਵੀ ਸੱਚਾਈ ਨਹੀਂ ਹੈ। ਉਨ੍ਹਾਂ ਕੇਜਰੀਵਾਲ ਦੇ ਤਾਜ਼ੇ ਬਿਆਨ ਕਿ ਪੰਜਾਬ ਵਿਚ ਸਰਕਾਰ ਬਣਨ ‘ਤੇ ਦਲਿਤ ਨੂੰ ਉਪ ਮੁੱਖ ਮੰਤਰੀ ਬਣਾਇਆ ਜਾਵੇਗਾ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਪਹਿਲਾਂ ਦਿੱਲੀ ਵਿਚ ਕੇਜਰੀਵਾਲ ਦੀ ਆਪਣੀ ਬਹੁਮਤ ਵਾਲੀ ਸਰਕਾਰ ਹੈ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਦਿੱਲੀ ਵਿਚ ਦਲਿਤ ਆਗੂ ਨੂੰ ਉਪ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇਹ ਲੋਕ ਗੱਲਾਂ ਰਾਹੀਂ ਭਰਮਾਉਣਾ ਚਾਹੁੰਦੇ ਹਨ ਪਰ ਪੰਜਾਬੀ ਇਨ੍ਹਾਂ ਟੋਪੀ ਵਾਲਿਆਂ ਦੀਆਂ ਗੱਲਾਂ ਵਿਚ ਨਹੀਂ ਆਉਣਗੇ। ਐੱਸ.ਵਾਈ ਐੱਲ ਮੁੱਦੇ ‘ਤੇ ਕੇਜਰੀਵਾਲ ਵੱਲੋਂ ਆਪਣੀ ਜ਼ੁਬਾਨ ਨੂੰ ਤਾਲਾ ਲਗਾਉਣਾ ਅਤੇ ਇਸ ਮਾਮਲੇ ਸਬੰਧੀ ਵੱਡੀ ਚੁੱਪ ਵੱਟਣਾ ਤੇ ਮੀਡੀਏ ਤੋਂ ਕੰਨੀਂ ਕਤਰਾਉਣਾ ਇਸ ਗੱਲ ਦਾ ਇਸ਼ਾਰਾ ਕਰਦਾ ਹੈ ਕਿ ਪਾਣੀਆਂ ਦੇ ਮਾਮਲੇ ਵਿਚ ਇਨ੍ਹਾਂ ਦਾ ਦੋਗਲਾ ਸਟੈਂਡ ਹੈ। ਉਨ੍ਹਾਂ ਕੇਜਰੀਵਾਲ ਤੋਂ ਮੰਗ ਕੀਤੀ ਕਿ ਕੇਜਰੀਵਾਲੀ ਆਪਣੀ ਸਥਿਤੀ ਸਪੱਸ਼ਟ ਕਰਨ।
ਉਨ੍ਹਾਂ ਆਮ ਪਾਰਟੀ ਦੇ ਵੱਖ-ਵੱਖ ਚੋਣ ਮੈਨੀਫੈਸਟੋ ‘ਤੇ ਚੋਟ ਕਰਦਿਆਂ ਕਿਹਾ ਕਿ ਇਹ ਵੀ ਲੋਕਾਂ ਨੂੰ ਭਰਮਾਉਣ ਤੇ ਮੂਰਖ ਬਣਾਉਣ ਵਾਲੀ ਚਾਲ ਹੈ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਮੋਦੀ ਨੂੰ ਅੱਖਾਂ ਦਿਖਾਉਣ ਵਾਲਾ ਕੇਜਰੀਵਾਲ ਪੰਜਾਬ ਲਈ ਗਰਾਂਟਾਂ ਲੈਣ ਲਈ ਮੋਦੀ ਦੇ ਪੈਰ ਚੁੰਮਣ ਦੀ ਗੱਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਡਰਾਮੇਬਾਜ਼ੀ ਹੈ। ਬਾਦਲ ਨੇ ਅੱਗੇ ਕਿਹਾ ਕਿ ਪੰਜਾਬ ਵਿਚ ਜਿਹੜੇ ਵਿਕਾਸ ਕਾਰਜ ਹੋਏ ਹਨ ਉਨ੍ਹਾਂ ਨੂੰ ਦੇਖ ਕੇ ਇਹ ਲੋਕ ਆਪਣੇ ਵੱਲੋਂ ਕੁਝ ਨਾ ਹੋਣ ਤੇ ਭੰਡੀ ਪ੍ਰਚਾਰ ‘ਤੇ ਉਤਰ ਆਏ ਹਨ ਪਰ ਪੰਜਾਬ ਵਿਚ ਹੋਇਆ ਵਿਕਾਸ ਆਪਣੇ ਮੂੰਹੋਂ ਗਵਾਹੀ ਭਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਚੋਣ ਲੜਾਈ ਕਾਂਗਰਸ ਨਾਲ ਮੰਨਦਾ ਹੈ ਅਤੇ ਆਮ ਪਾਰਟੀ ਦਾ ਪੰਜਾਬ ਵਿਚ ਕੋਈ ਵਜੂਦ ਨਹੀਂ ਹੈ।

Share Button

Leave a Reply

Your email address will not be published. Required fields are marked *