Thu. Jun 20th, 2019

ਕੇਜਰੀਵਾਲ ਦਾ ਦਾਅਵਾ – ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਫੜ ਕੇ ਦਿੱਤੀਆਂ ਜਾਣਗੀਆਂ ਸਖਤ ਸਜਾਵਾਂ

ਕੇਜਰੀਵਾਲ ਦਾ ਦਾਅਵਾ – ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਫੜ ਕੇ ਦਿੱਤੀਆਂ ਜਾਣਗੀਆਂ ਸਖਤ ਸਜਾਵਾਂ

ਤਰਨਤਾਰਨ (ਅੰਮ੍ਰਿਤਸਰ), 13 ਦਸੰਬਰ (ਪ.ਪ.): ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਬਾਦਲ ਸਰਕਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਦੀ ਪਹਿਚਾਣ ਕਰਕੇ ਉਨਾਂ ਨੂੰ ਫੜਨ ਅਤੇ ਸਜਾ ਦੇਣ ਵਿੱਚ ਅਸਫਲ ਸਾਹਿਬ ਹੋਈ ਹੈ ਅਤੇ ਬਰਗਾੜੀ ਵਿੱਚ ਜੋ ਨਿਰਦੋਸ਼ ਲੋਕਾਂ ਦੀ ਜੋ ਹੱਤਿਆ ਹੋਈ ਹੈ, ਉਸ ਨਾਲ ਬਾਦਲਾਂ ਦੀ ਨੀਅਤ ਉਤੇ ਸ਼ੱਕ ਪੈਦਾ ਹੁੰਦਾ ਹੈ।  ਜੇਕਰ ਦੋਵੇਂ ਬਾਦਲ ਪੰਥ ਹਿਤੈਸ਼ੀ ਹਨ, ਤਾਂ ਕੀ ਉਨਾਂ ਨੇ ਇਸ ਮਾਮਲੇ ਵਿੱਚ ਤੇਜੀ ਅਤੇ ਗੰਭੀਰਤਾ ਨਾਲ ਕੰਮ ਕੀਤਾ ਹੈ। ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਫੜ ਕੇ ਸਖਤ ਸਜਾਵਾਂ ਦਿੱਤੀਆਂ ਜਾਣਗੀਆਂ।

ਤਰਨਤਾਰਨ ਵਿਖੇ ਇਨਕਲਾਬ ਰੈਲੀ ਦੌਰਾਨ ਲੋਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਸਰਹੱਦੀ ਜਿਲਿਆਂ ਨੂੰ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਹਮੇਸ਼ਾਂ ਨਜਰ-ਅੰਦਾਜ ਕੀਤਾ ਗਿਆ ਹੈ। ਉਨਾਂ ਕਿਹਾ ਕਿ 2017 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਉਤੇ ਗੋਵਿੰਦਵਾਲ ਸਾਹਿਬ ਅਤੇ ਸ਼ੇਰੋਂ ਸ਼ੂਗਰਮਿੱਲ ਨੂੰ ਇੰਡਸਟ੍ਰੀ ਦਾ ਧੁਰਾ ਬਣਾਇਆ ਜਾਵੇਗਾ, ਜਿਸ ਨਾਲ ਇਸ ਇਲਾਕੇ ਦੇ ਨੌਜਵਾਨਾਂ ਲਈ ਰੋਜਗਾਰ ਦੇ ਮੌਕੇ ਪ੍ਰਦਾਨ ਹੋਣਗੇ।

ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਤੇ ਬਿਕਰਮ ਸਿੰਘ ਮਜੀਠੀਆ ਉਤੇ ਵਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦੋਵਾਂ ਵੱਲੋਂ ਇੱਕ-ਦੂਜੇ ਨੂੰ ਬਚਾਉਣ ਲਈ ਗੁਪਤ ਸਮਝੌਤਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਬਾਦਲਾਂ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਭ੍ਰਿਸ਼ਟਾਚਾਰ ਦੇ ਕੇਸ ਬੰਦ ਕਰ ਦਿੱਤੇ ਹਨ ਅਤੇ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਵੇਲੇ ਉਨਾਂ ਨੇ ਬਿਕਰਮ ਮਜੀਠੀਆ ਦੀ ਸੀਬਾਆਈ ਜਾਂਚ ਬਾਹਰ ਕੱਢਣ ਲਈ ਸੋਨੀਆ ਗਾਂਧੀ ਤੱਕ ਪਹੁੰਚ ਕੀਤੀ ਸੀ। ਜੇਕਰ ਕੈਪਟਨ ਨੇ ਦਖਲ ਨਾ ਦਿੱਤਾ ਹੁੰਦਾ ਤਾਂ ਬਿਕਰਮ ਮਜੀਠੀਆ ਜੇਲ ਵਿੱਚ ਬੰਦ ਹੁੰਦਾ।  ਉਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚ ਧੱਕਣ ਕਾਰਨ ਬਿਕਰਮ ਮਜੀਠੀਆ ਨੂੰ ਆਮ ਆਦਮੀ ਪਾਰਟੀ ਜੇਲ ਵਿੱਚ ਸੁੱਟੇਗੀ।

ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਮਾਤਮਾ ਨੇ ਉਨਾਂ ਨੂੰ ਦਿੱਲੀ ਦੀ ਸੇਵਾ ਕਰਨ ਦਾ ਇੱਕ ਮੌਕਾ ਪ੍ਰਦਾਨ ਕੀਤਾ ਹੈ ਅਤੇ ਡੇਢ ਸਾਲ ਦੇ ਥੋੜੇ ਜਿਹੇ ਸਮੇਂ ਵਿੱਚ ਹੀ ਉਨਾਂ ਨੇ ਸਿਹਤ ਅਤੇ ਸਿੱਖਿਆ ਖੇਤਰ ਨੂੰ ਨਿਜੀ ਸੰਸਥਾਵਾਂ ਦੇ ਬਰਾਬਰ ਖੜਾ ਕਰ ਦਿੱਤਾ ਹੈ।  ਕੇਜਰੀਵਾਲ ਨੇ ਕਿਹਾ ਕਿ ਉਨਾਂ ਨੇ ਭ੍ਰਿਸ਼ਟਾਚਾਰ ਨੂੰ ਖਤਮ ਕੀਤਾ ਹੈ, ਜਿਸ ਕਾਰਨ ਸਕੂਲਾਂ ਅਤੇ ਹਸਪਤਾਲਾਂ ਤੋਂ ਆਮਦਨ ਪ੍ਰਾਪਤ ਹੋਣ ਲੱਗੀ ਹੈ। ਕੇਜਰੀਵਾਲ ਨੇ ਭ੍ਰਿਸ਼ਟਾਚਾਰ ਅਤੇ ਨਸ਼ਾ-ਮੁਕਤ ਪੰਜਾਬ ਦਾ ਅਹਿਦ ਲੈਂਦਿਆਂ ਕਿਹਾ ਕਿ ਉਹ ਅਜਿਹੀਆਂ ਨੀਤੀਆਂ ਤਿਆਰ ਕਰਨਗੇ, ਜਿਸ ਨਾਲ ਪੰਜਾਬ ਮੁੜ ਵਿਕਾਸ ਦੀਆਂ ਲੀਹਾਂ ਉਤੇ ਆ ਜਾਵੇਗਾ। ਉਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਗੈਰ-ਕਾਨੂੰਨੀ ਖੁਦਾਈ, ਕੇਬਲ ਅਤੇ ਟ੍ਰਾਂਸਪੋਰਟ ਮਾਫੀਆ ਨੂੰ ਨੱਥ ਪਾਵੇਗੀ।

ਇਸ ਮੌਕੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਤਾਰ ਪਹਿਲਵਾਨ, ਭੁਪਿੰਦਰ ਸਿੰਘ ਬਿੱਟੂ, ਰਣਜੀਤ ਸਿੰਘ ਚੀਮਾ ਅਤੇ ਦਲਬੀਰ ਸਿੰਘ ਤੋਂਗ ਨੇ ਵੀ ਸੰਬੋਧਨ ਕੀਤਾ।

Leave a Reply

Your email address will not be published. Required fields are marked *

%d bloggers like this: