Fri. Oct 18th, 2019

ਕੇਂਦਰ ਸਰਕਾਰ ਹਿਮਾਚਲ ਸਰਕਾਰ ਨੂੰ ਸਵਾਂ ਅਤੇ ਸਰਸਾ ਨਦੀ ‘ਤੇ ਬੰਨ ਬਣਾਉਣ ਲਈ ਦੇਵੇ ਮੱਦਦ: ਸਪੀਕਰ

ਕੇਂਦਰ ਸਰਕਾਰ ਹਿਮਾਚਲ ਸਰਕਾਰ ਨੂੰ ਸਵਾਂ ਅਤੇ ਸਰਸਾ ਨਦੀ ‘ਤੇ ਬੰਨ ਬਣਾਉਣ ਲਈ ਦੇਵੇ ਮੱਦਦ: ਸਪੀਕਰ
ਹੜ ਪ੍ਰਭਾਵਿਤ ਖੇਤਰ ਦੇ ਲੋਕਾਂ ਦੀ ਮੱਦਦ ਲਈ ਨਿਰੰਤਰ ਉਪਰਾਲੇ ਕਰ ਰਿਹੈ ਪ੍ਰਸ਼ਾਸ਼ਨ: ਰਾਣਾ ਕੇ.ਪੀ. ਸਿੰਘ
ਸਪੀਕਰ ਨੇ ਨੰਗਲ, ਸ਼੍ਰੀ ਅਨੰਦਪੁਰ ਸਾਹਿਬ ਦੇ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ

ਨੰਗਲ, 22 ਅਗਸਤ (ਦਵਿੰਦਰਪਾਲ ਸਿੰਘ/ ਅੰਕੁਸ਼): ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਹੈ ਕਿ ਪਹਾੜੀ ਖੇਤਰ ਵਿੱਚ ਹੋਈ ਭਾਰੀ ਬਰਸਾਤ ਨਾਲ ਸਵਾਂ ਅਤੇ ਸਰਸਾ ਨਦੀ ‘ਤੇ ਹੋਰ ਖੱਡਾਂ ਵਿੱਚ 1.80 ਲੱਖ ਕਿਊਸਿਕ ਪਾਣੀ ਆ ਜਾਣ ਨਾਲ ਪੰਜਾਬ ਦੇ ਵੱਖ ਵੱਖ ਖੇਤਰਾਂ ਵਿੱਚ ਹੜਾਂ ਵਰਗੇ ਹਾਲਾਤ ਪੈਦਾ ਹੋਏ। ਭਾਖੜਾ ਡੈਮ ਵਲੋਂ ਛੱਡੇ ਜਾ ਰਹੇ ਪਾਣੀ ਦੀ ਮਾਤਰਾ ਨਾਲ ਹੜਾਂ ਦੀ ਸੰਭਾਵਨਾ ਬੇਹੱਦ ਘੱਟ ਹੈ।
ਸਪੀਕਰ ਰਾਣਾ ਕੇ.ਪੀ. ਸਿੰਘ ਅੱਜ ਨੰਗਲ ਦੇ ਆਲੇ-ਦੁਆਲੇ ਦੇ ਪ੍ਰਭਾਵਿਤ ਪਿੰਡਾਂ ਦਾ ਡਿਪਟੀ ਕਮਿਸ਼ਨਰ ਡਾ. ਸੁਮਿਤ ਜਾਰੰਗਲ ਅਤੇ ਹੋਰ ਅਧਿਕਾਰੀਆਂ ਨੂੰ ਨਾਲ ਲੈ ਕੇ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨਾਂ ਨੇ ਕਿਹਾ ਕਿ ਪਹਾੜੀ ਖੇਤਰ ਵਿੱਚ ਭਾਰੀ ਬਰਸਾਤ ਹੋਣ ਨਾਲ ਹਿਮਾਚਲ ਪ੍ਰਦੇਸ਼ ਤੋਂ ਆਉਣ ਵਾਲੀਆਂ ਨਦੀਆਂ ਅਤੇ ਖੱਡਾਂ ਵਿੱਚ ਪਾਣੀ ਨੂੰ ਰੋਕਣ ਦਾ ਕੋਈ ਪ੍ਰਬੰਧ ਨਹੀਂ ਹੈ। ਇਹ ਪਾਣੀ ਪੰਜਾਬ ਦੇ ਵੱਖ ਵੱਖ ਖੇਤਰਾਂ ‘ਤੇ ਮਾਰ ਕਰਦਾ ਹੈ ਅਤੇ ਇਹ ਕੁਦਰਤੀ ਆਫ਼ਤ ਬਣ ਗਈ ਹੈ। ਉਨਾਂ ਨੇ ਕਿਹਾ ਕਿ ਸਭ ਨੂੰ ਰਲ-ਮਿਲ ਕੇ ਕੇਂਦਰ ਸਰਕਾਰ ਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਉਹ ਹਿਮਾਚਲ ਸਰਕਾਰ ਨੂੰ ਸਵਾਂ ਅਤੇ ਸਰਸਾ ਨਦੀ ‘ਤੇ ਬੰਨ ਬਣਾਉਣ ਲਈ ਹਰ ਸੰਭਵ ਮੱਦਦ ਕਰੇ ਅਤੇ ਇਹ ਬੰਨ ਬੀ.ਬੀ.ਐਮ.ਬੀ. ਦੇ ਹਿੱਸੇ ਵਜੋਂ ਹੀ ਕਾਰਜਸ਼ੀਲ ਹੋਣ। ਉਨਾਂ ਨੇ ਕਿਹਾ ਕਿ ਬਰਸਾਤਾਂ ਦੌਰਾਨ ਇਕੱਠਾ ਹੋਇਆ ਪਾਣੀ ਪੂਰਾ ਸਾਲ ਡਿਸਚਾਰਜ ਕੀਤਾ ਜਾਵੇ, ਜਿਸ ਨਾਲ ਅਜਿਹੇ ਹਾਲਾਤ ਮੁੜ ਪੈਦਾ ਨਾ ਹੋ ਸਕਣ।
ਜ਼ਿਲਾ ਪ੍ਰਸ਼ਾਸਨ ਰੂਪਨਗਰ ਵਲੋਂ ਪ੍ਰਭਾਵਿਤ ਪਿੰਡਾਂ ਵਿੱਚ ਹਰ ਸੰਭਵ ਮੱਦਦ ਪਹੁੰਚਾਉਣ ਦੀ ਸ਼ਲਾਘਾ ਕਰਦੇ ਹੋਏ, ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕਿਹਾ ਕਿ ਜ਼ਿਲੇ ਦੇ ਡਿਪਟੀ ਕਮਿਸ਼ਨਰ ਡਾ. ਸੁਮਿਤ ਜਾਰੰਗਲ ਅਤੇ ਐਨ.ਡੀ.ਆਰ.ਐਫ਼. ਦੀਆਂ ਟੀਮਾਂ ਦੇ ਯਤਨਾਂ ਸਦਕਾ ਪਾਣੀ ਵਿੱਚ ਘਿਰੇ ਲਗਭਗ 500 ਵਿਅਕਤੀ ਦੀ ਜ਼ਿੰਦਗੀ ਬਚਾਈ ਗਈ ਹੈ। ਹਾਲੇ ਵੀ ਬੁਰਜ ਹਰੀਵਾਲ, ਗੰਜਪੁਰ, ਚੰਦਪੁਰ ਕਈ ਪਿੰਡਾਂ ਵਿੱਚ ਪਹੁੰਚ ਬਹੁਤ ਮੁਸ਼ਕਿਲ ਬਣੀ ਹੋਈ ਹੈ। ਪ੍ਰਸ਼ਾਸਨ ਪਸ਼ੂਆਂ ਲਈ ਚਾਰਾ ਅਤੇ ਲੋਕਾਂ ਲਈ ਜ਼ਰੂਰਤ ਦਾ ਲੋੜੀਂਦਾ ਸਮਾਨ ਮੁਹੱਇਆ ਕਰਵਾ ਰਿਹਾ ਹੈ। ਉਨਾਂ ਨੇ ਕਿਹਾ ਕਿ ਅਗਲੇ 2-3 ਦਿਨ ਵਿੱਚ ਹਰ ਪ੍ਰਭਾਵਿਤ ਵਿਅਕਤੀ ਤੱਕ ਮਾਲੀ ਮੱਦਦ ਵੀ ਪਹੁੰਚ ਜਾਵੇਗੀ। ਉਨਾਂ ਨੇ ਕਿਹਾ ਕਿ 1988 ਤੋਂ ਬਾਅਦ ਪਹਿਲੀ ਵਾਰ ਅਜਿਹੇ ਗੰਭੀਰ ਹਾਲਾਤ ਪੈਦਾ ਹੋਏ ਹਨ। ਅਜਿਹੇ ਸਮੇਂ ਵਿੱਚ ਸਮਾਜ ਸੇਵੀ ਸੰਗਠਨਾਂ ਵਲੋਂ ਵੀ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਅਸੀਂ ਪ੍ਰਭਾਵਿਤ ਲੋਕਾਂ ਨਾਲ ਹਰ ਸਮੇਂ ਮੱਦਦ ਲਈ ਹਾਜ਼ਰ ਹਾਂ। ਉਨਾਂ ਅੱਜ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਲੋਕਾਂ ਦਾ ਹਾਲ-ਚਾਲ ਜਾਣਿਆ ਅਤੇ ਉਨਾਂ ਦੀ ਹਰ ਸੰਭਵ ਮੱਦਦ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਅੱਜ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਬੇਲਾ ਧਿਆਨੀ, ਗੋਹਲਣੀ, ਦੌਲਾ ਬਸਤੀ, ਸਿੰਘਪੁਰ ਪਲਾਸੀ, ਬੇਲਾ ਸਿਵ ਸਿੰਘ, ਭੱਲੜੀ, ਸਵਾਮੀਪੁਰ ਆਦਿ ਪਿੰਡਾਂ ਦਾ ਦੌਰਾ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਸੁਮਿਤ ਜਾਰੰਗਲ ਨੇ ਕਿਹਾ ਕਿ ਪ੍ਰਸ਼ਾਸਨ ਦੇ ਅਧਿਕਾਰੀ 24/7 ਲੋਕਾਂ ਦੀ ਸਹੂਲਤ ਲਈ ਦਿਨ ਰਾਤ ਡਟੇ ਹੋਏ ਹਨ। ਉਨਾਂ ਕਿਹਾ ਕਿ ਪ੍ਰਭਾਵਿਤ ਲੋਕਾਂ ਤੱਕ ਹਰ ਤਰਾਂ ਦੀ ਜ਼ਰੂਰਤ ਦੀ ਸਮੱਗਰੀ ਪਹੁੰਚਾਈ ਜਾ ਰਹੀ ਹੈ।
ਇਸ ਮੌਕੇ ਉਨਾਂ ਨਾਲ ਡਿਪਟੀ ਕਮਿਸ਼ਨਰ ਡਾ. ਸੁਮਿਤ ਜਾਰੰਗਲ, ਐਸ.ਡੀ.ਐਮ. ਕੰਨੂ ਗਰਗ, ਡੀ.ਐਸ.ਪੀ. ਦਵਿੰਦਰ ਸਿੰਘ, ਐਕਸੀਅਨ ਡਰੇਨੇਜ਼ ਰੁਪਿੰਦਰ ਸਿੰਘ ਪਾਬਲਾ, ਤਹਿਸੀਲਦਾਰ ਰਾਮ ਕ੍ਰਿਸ਼ਨ, ਅਸ਼ੋਕ ਸਵਾਮੀਪੁਰ, ਰੀਕੂ ਬਾਸ, ਨਾਜਰ ਸਿੰਘ, ਰਾਕੇਸ਼ ਚੌਧਰੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

%d bloggers like this: