Mon. Sep 23rd, 2019

ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਸਦਕਾ ਕਿਸਾਨੀ ਗਹਿਰੇ ਸੰਕਟ ‘ਚ ਫਸੀ- ਪੰਜਾਬ ਕਿਸਾਨ ਸਭਾ

ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਸਦਕਾ ਕਿਸਾਨੀ ਗਹਿਰੇ ਸੰਕਟ ‘ਚ ਫਸੀ- ਪੰਜਾਬ ਕਿਸਾਨ ਸਭਾ

ਬਠਿੰਡਾ: ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਸਦਕਾ ਦੇਸ਼ ਦੀ ਕਿਸਾਨੀ ਗਹਿਰੇ ਸੰਕਟ ਵਿੱਚ ਫਸ ਚੁੱਕੀ ਹੈ ਤੇ ਕਿਸਾਨ ਖੁਦਕਸੀਆਂ ਦੇ ਰੁਝਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਦੇਸ਼ ਲਈ ਘਾਤਕ ਹੈ। ਇਹ ਚਿੰਤਾ ਪ੍ਰਗਟ ਕਰਦਿਆਂ ਪੰਜਾਬ ਕਿਸਾਨ ਸਭਾ ਦੇ ਪ੍ਰਧਾਨ ਕਾ: ਗੁਰਚੇਤਨ ਸਿੰਘ ਬਾਸੀ ਅਤੇ ਜਨਰਲ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕਿਸਾਨੀ ਨੂੰ ਬਚਾਉਣ ਲਈ ਬਿਨਾਂ ਕਿਸੇ ਦੇਰੀ ਦੇ ਸਵਾਮੀਨਾਥਨ ਕਮਿਸਨ ਦੀਆਂ ਸਿਫ਼ਾਰਸਾਂ ਨੂੰ ਲਾਗੂ ਕਰ ਦੇਣਾ ਚਾਹੀਦਾ ਹੈ।

ਕਿਸਾਨ ਆਗੂਆਂ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖੇਤੀਬਾੜੀ ਤਬਾਹੀ ਦੇ ਕੰਢੇ ਤੇ ਪਹੁੰਚ ਗਈ ਹੈ ਅਤੇ ਗਹਿਰੇ ਸੰਕਟ ਵਿੱਚ ਫਸੀ ਕਿਸਾਨੀ ਨੂੰ ਸੰਕਟ ਚੋਂ ਨਿਕਲਣ ਦਾ ਕੋਈ ਹੱਲ ਨਾ ਦਿਸਦਾ ਹੋਣ ਕਰਕੇ ਹੀ ਕਿਸਾਨ ਖੁਦਕਸੀਆਂ ਦੇ ਰੁਝਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਖੇਤੀ ਅਧਾਰਤ ਦੇਸ ਦੀ ਕਿਸਾਨੀ ਨੂੰ ਬਚਾਉਣ ਲਈ ਫੌਰੀ ਤੌਰ ਤੇ ਸਾਰਥਕ ਨੀਤੀਆਂ ਬਣਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਸੰਕਟ ਚੋਂ ਬਾਹਰ ਕੱਢਣ ਲਈ ਰਾਹਤ ਵਜੋਂ ਸਵਾਮੀਨਾਥਨ ਕਮਿਸਨ ਦੀਆਂ ਸਿਫ਼ਾਰਸਾਂ ਨੂੰ ਤੁਰੰਤ ਲਾਗੂ ਕਰਨਾ ਚਾਹੀਦਾ ਹੈ। ਇਹਨਾਂ ਸਿਫ਼ਾਰਸਾਂ ਦੇ ਅਧਾਰ ਤੇ ਕਿਸਾਨਾਂ ਨੂੰ ਉਹਨਾਂ ਦੀਆਂ ਫਸ਼ਲਾਂ ਦਾ ਵਾਜਬ ਮੁੱਲ ਮਿਲ ਸਕੇਗਾ, ਜਿਸ ਵਿੱਚ ਲਾਗਤ ਕੀਮਤ ਤੋਂ ਡੇਢ ਗੁਣਾਂ ਭਾਅ ਮਿਥਣ ਦੀ ਸਿਫ਼ਾਰਸ ਕੀਤੀ ਗ ੀ ਹੈ। ਇਸਤੋਂ ਇਲਾਵਾ ਇਹਨਾਂ ਮੰਗ ਕੀਤੀ ਕਿ ਕਿਸਾਨਾਂ ਸਿਰ ਚੜ੍ਹਿਆ ਸਮੁੱਚਾ ਕਰਜਾ ਇੱਕੋ ਵਾਰ ਮੁਆਫ਼ ਕਰਕੇ ਵੀ ਰਾਹਤ ਦਿੱਤੀ ਜਾਵੇ ਜਿਸ ਨਾਲ ਕਿਸਾਨ ਖੁਦਕਸੀਆਂ ਦੇ ਰੁਝਾਨ ਨੂੰ ਠੱਲ੍ਹ ਪਾਈ ਜਾ ਸਕੇਗੀ।

ਕੇਂਦਰ ਸਰਕਾਰ ਤੇ ਵਰ੍ਹਦਿਆਂ ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਸੱਤ੍ਹਾ ਦੇ ਨਸ਼ੇ ਵਿੱਚ ਮੋਦੀ ਸਰਕਾਰ ਕਿਸਾਨੀ ਨੂੰ ਰਾਹਤ ਦੇਣ ਦੇ ਉਲਟ ਉਹਨਾਂ ਤੇ ਪਾਬੰਦੀਆਂ ਆਇਦ ਕਰ ਰਹੀ ਹੈ ਅਤੇ ਕਿਸਾਨੀ ਸੰਕਟ ਨੂੰ ਦਬਾ ਦੇਣ ਲਈ ਯਤਨਸ਼ੀਲ ਹੈ। ਜਿਸਦੀ ਤਾਜ਼ਾ ਮਿਸਾਲ ਕੇਂਦਰ ਸਰਕਾਰ ਦੇ ਉਸ ਫੈਸਲੇ ਤੋਂ ਮਿਲਦੀ ਹੈ, ਜਿਸ ਵਿੱਚ ਤਹਿ ਕੀਤਾ ਗਿਆ ਹੈ ਕਿ ਕਰਾਈਮ ਬਿਓਰੋ ਜੋ ਖੁਦਕਸੀਆਂ ਦਾ ਰਿਕਾਰਡ ਇਕੱਠਾ ਕਰਦੀ ਰਹੀ ਹੈ, ਹੁਣ ਉਸਤੇ ਰਿਕਾਰਡ ਇਕੱਠਾ ਕਰਨ ਜਾਂ ਪਬਲਿਸ਼ ਕਰਨ ਤੇ ਪਾਬੰਦੀ ਲਗਾਈ ਗਈ ਹੈ। ਉਹਨਾਂ ਕਿਹਾ ਕਿ ਸਰਕਾਰ ਦਾ ਇਹ ਤੁਗਲਕੀ ਫੈਸਲਾ ਆਰਥਿਕ ਮੰਦਹਾਲੀ ਨਾਲ ਜੁਝ ਰਹੀ ਕਿਸਾਨੀ ਲਈ ਸਰੇਆਮ ਧੱਕੇਸ਼ਾਹੀ ਹੈ। ਉਹਨਾਂ ਦੱਸਿਆ ਕਿ ਇੱਥੇ ਹੀ ਬੱਸ ਨਹੀਂ ਦੇਸ਼ ਵਿੱਚ ਨੌਜਵਾਨਾਂ ਦੀ ਵਧ ਰਹੀ ਬੇਰੁਜਗਾਰੀ ਨੂੰ ਰੋਕਣ ਲਈ ਠੋਸ ਕਦਮ ਚੁੱਕਣ ਦੀ ਬਜਾਏ ਕੇਂਦਰ ਸਰਕਾਰ ਨੇ ਬੇਰੁਜਗਾਰੀ ਦੇ ਅੰਕੜੇ ਇਕੱਠੇ ਕਰਨ ਜਾਂ ਪਬਲਿਸ਼ ਕਰਨ ਤੇ ਵੀ ਰੋਕ ਲਾ ਦਿੱਤੀ ਹੈ, ਤਾਂ ਜੋ ਜਨਤਾ ਨੂੰ ਸੱਚਾਈ ਦਾ ਪਤਾ ਨਾ ਲੱਗ ਸਕੇ। ਇਹਨਾਂ ਦੁੱਖ ਜ਼ਾਹਰ ਕੀਤਾ ਕਿ ਦੁਨੀਆਂ ਭਰ ਚੋਂ ਭਾਰਤ ਨੂੰ ਨੌਜਵਾਨ ਦੇਸ਼ ਮੰਨਿਆਂ ਜਾਂਦਾ ਹੈ, ਪਰ ਇਸ ਦੇਸ਼ ਵਿੱਚ ਨੌਜਵਾਨਾਂ ਲਈ ਰੁਜਗਾਰ ਨਹੀਂ ਹੈ।

ਨੇਤਾਵਾਂ ਨੇ ਕਿਹਾ ਕਿ ਫ਼ਸਲਾਂ ਦੀ ਖਰੀਦ ਕਰਨ ਦੀ ਵਿਵਸਥਾ ਵੀ ਸਹੀ ਨਹੀਂ ਹੈ, ਸਰਕਾਰ ਵੱਲੋਂ ਮਿਥੇ ਭਾਅ ਤੋਂ ਘੱਟ ਕੀਮਤ ਤੇ ਵਪਾਰੀ ਤੇ ਆੜ੍ਹਤੀਏ ਫ਼ਸਲ ਦੀ ਖਰੀਦ ਕਰਕੇ ਕਿਸਾਨ ਦੀ ਮਜਬੂਰੀ ਦਾ ਲਾਹਾ ਲੈਂਦੇ ਹਨ। ਉਹਨਾਂ ਕਿਹਾ ਕਿ ਸਰਕਾਰ ਫ਼ਸਲਾਂ ਦੀ ਖਰੀਦ ਦੇ ਪ੍ਰਬੰਧਾਂ ਵਿੱਚ ਸੁਧਾਰ ਲਿਆਵੇ ਅਤੇ ਘੱਟ ਮੁੱਲ ਤੇ ਫ਼ਸਲ ਖਰੀਦਣ ਵਾਲੇ ਵਪਾਰੀਆਂ ਤੇ ਮੁਕੱਦਮੇ ਦਰਜ ਕੀਤੇ ਜਾਣ ਦਾ ਪ੍ਰਬੰਧ ਕੀਤਾ ਜਾਵੇ। ਇਸਤੋਂ ਇਲਾਕਾ ਡੇਕ ਸਫੈਦਾ ਪਾਪੂਲਰ ਆਦਿ ਪੌਦਿਆਂ ਦੀ ਖੇਤੀ ਨੂੰ ਵੀ ਫ਼ਸਲ ਮੰਨ ਕੇ ਉਹਨਾਂ ਦਾ ਘੱਟੋ ਘੱਟ ਭਾਅ ਨਿਸਚਿਤ ਕੀਤਾ ਜਾਵੇ, ਕਿਉਂਕਿ ਕਿਸਾਨ ਇਸਦੀ ਖੇਤੀ ਫ਼ਸਲ ਵਜੋਂ ਕਰਦੇ ਹਨ ਬਾਗਬਾਨੀ ਵਜੋਂ ਨਹੀਂ ਤਿਆਰ ਕਰਦੇ।

ਪੰਜਾਬ ਵਿਚਲੀ ਅਵਾਰਾ ਪਸੂਆਂ ਦੀ ਸਮੱਸਿਆ ਤੇ ਚਿੰਤਾ ਪ੍ਰਗਟ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਅਵਾਰਾ ਕੁੱਤੇ ਦਿਨ ਦਿਹਾੜੇ ਇਨਸਾਨਾਂ ਦਾ ਸ਼ਿਕਾਰ ਕਰ ਰਹੇ ਹਨ, ਬੱਚਿਆਂ ਨੂੰ ਖਾ ਰਹੇ ਹਨ ਪਰ ਰਾਜ ਸਰਕਾਰ ਉਹਨਾਂ ਨੂੰ ਕਾਬੂ ਕਰਨ ਵੱਲ ਕੋਈ ਧਿਆਨ ਨਹੀਂ ਦੇ ਰਹੀ। ਇਸੇ ਤਰ੍ਹਾਂ ਅਵਾਰਾ ਗਊਆਂ ਤੇ ਢੱਠੇ ਨਿੱਤ ਦਿਨ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ, ਇਨਸਾਨੀ ਜਾਨਾਂ ਜਾ ਰਹੀਆਂ ਹਨ। ਪੰਜਾਬ ਦੀ ਕੈਪਟਨ ਸਰਕਾਰ ਲੋਕਾਂ ਤੋਂ ਗਊ ਸੈੱਸ ਦੇ ਨਾਂ ਹੇਠ ਮੋਟਾ ਪੈਸਾ ਵੀ ਇਕੱਤਰ ਕਰਦੀ ਹੈ, ਪਰ ਇਹਨਾਂ ਪਸੂਆਂ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਸੀ ਪੀ ਆਈ ਐੱਮ ਨੇ ਕਈ ਸਾਲ ਪਹਿਲਾਂ ਅਵਾਰਾ ਪਸੂਆਂ ਦਾ ਮੁੱਦਾ ਚੁੱਕਿਆ ਸੀ ਅਤੇ ਸਰਕਾਰ ਤੇ ਪ੍ਰਸਾਸਨ ਦਾ ਧਿਆਨ ਦਿਵਾਉਣ ਲਈ ਅਵਾਰਾ ਪਸੂਆਂ ਨੂੰ ਫੜ ਕੇ ਜਿਲ੍ਹਾ ਪ੍ਰਸ਼ਾਸਨ ਕੰਪਲੈਕਸਾਂ ‘ਚ ਛੱਡਿਆ ਗਿਆ ਸੀ, ਪਰ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤਾ। ਉਹਨਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਅਵਾਰਾ ਪਸੂਆਂ ਨੂੰ ਗਊਸ਼ਲਾਵਾਂ ਤੇ ਢੱਠੇਸ਼ਲਾਵਾਂ ਵਿੱਚ ਇਕੱਠੇ ਕਰਕੇ ਦੁਰਘਟਨਾਵਾਂ ਰੋਕਣ ਲਈ ਠੋਸ ਕਦਮ ਚੁੱਕੇ। ਇਸ ਮੌਕੇ ਸਰਵ ਸ੍ਰੀ ਗੁਰਦੇਵ ਸਿੰਘ ਬਾਂਡੀ ਐਡਵੋਕੇਟ, ਮੇਘ ਨਾਥ, ਗੁਰਚਰਨ ਸਿੰਘ ਚੌਹਾਨ, ਹਰਦੇਵ ਜੰਡਾਂਵਾਲਾ ਤੇ ਇੰਦਰਜੀਤ ਸਿੰਘ ਵੀ ਹਾਜਰ ਸਨ।

Leave a Reply

Your email address will not be published. Required fields are marked *

%d bloggers like this: