Thu. Jul 18th, 2019

ਕੇਂਦਰ ਵੱਲੋਂ ਯੂ.ਪੀ. ਨੂੰ ਵੀ ਕੋਰਾ ਜਵਾਬ ਆਪਣੇ ਖਜ਼ਾਨੇ ’ਚੋਂ ਕਰੋ ਕਿਸਾਨਾਂ ਦੇ ਕਰਜ਼ੇ ਮਾਫ

ਕੇਂਦਰ ਵੱਲੋਂ ਯੂ.ਪੀ. ਨੂੰ ਵੀ ਕੋਰਾ ਜਵਾਬ ਆਪਣੇ ਖਜ਼ਾਨੇ ’ਚੋਂ ਕਰੋ ਕਿਸਾਨਾਂ ਦੇ ਕਰਜ਼ੇ ਮਾਫ

ਪੰਜਾਬ,ਤਾਮਿਲਨਾਡੂ ਦੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੇ ਮਾਮਲੇ ਵਿੱਚ ਨਾਂਹ ਕਰ ਚੁੱਕੀ ਕੇਂਦਰ ਸਰਕਾਰ ਨੇ ਅੱਜ ਯੂ.ਪੀ. ਸਰਕਾਰ ਨੂੰ ਵੀ ਕੋਰਾ ਜਵਾਬ ਦਿੰਦਿਆਂ ਕਿਹਾ ਹੈ ਕਿ ਕਿਸਾਨਾਂ ਨਾਲ ਕਰਜਾ ਮਾਫੀ ਦੇ ਵਾਅਦੇ ਕੀਤੇ ਹਨ ਤਾਂ ਇਹ ਵਾਅਦੇ ਆਪਣੇ ਖਜਾਨਿਆਂ ਵਿੱਚੋਂ ਸਾਧਨ ਪੈਦਾ ਕਰਕੇ ਮਾਫ ਕੀਤੇ ਜਾਣ। ਕੇਂਦਰੀ ਖੇਤੀ ਮੰਤਰੀ ਰਾਧਾ ਮੋਹਣ ਸਿੰਘ ਨੇ ਅੱਜ ਕਿਸਾਨਾਂ ਦੇ ਮਜ਼ਬੂਤੀਕਰਨ ਲਈ ਕੇਂਦਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨ ਭਲਾਈ ਯੋਜਨਾਵਾਂ, ਸਿੰਚਾਈ ਯੋਜਨਾਵਾਂ ਲਈ ਅਥਾਹ ਪੈਸਾ ਦਿੱਤਾ ਜਾਂਦਾ ਹੈ। ਸੂਬਾ ਸਰਕਾਰਾਂ ਤੋਂ ਇਹ ਪੈਸਾ ਵੀ ਪੂਰਾ ਖਰਚ ਨਹੀਂ ਹੋ ਰਿਹਾ। ਇਸ ਤੋਂ ਇਲਾਵਾ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਕੁਦਰਤੀ ਆਫਤਾਂ ਦੀ ਸਥਿਤੀ ਵਿੱਚ ਵੀ ਸੂਬਿਆਂ ਨੂੰ ਕੇਂਦਰੀ ਖਜਾਨੇ ਵਿੱਚੋਂ ਪੈਸਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕੇਂਦਰ ਵਿੱਚ ਕਾਂਗਰਸ ਸੀ ਤਾਂ ਉਸ ਸਮੇਂ ਪੰਜ ਸਾਲਾਂ ਦੌਰਾਨ ਸੂਬਿਆਂ ਨੂੰ ਕੁਦਰਤੀ ਆਫਤਾਂ ਨਾਲ ਨਿਪਟਣ ਲਈ 24 ਹਜਾਰ ਕਰੋੜ ਰੁਪਏ ਦਿੱਤੇ ਗਏ, ਪਰ ਸਾਡੀ ਸਰਕਾਰ ਨੇ ਇਸ ਨੂੰ ਵਧਾ ਕੇ 47 ਹਜ਼ਾਰ ਕਰੋੜ ਰੁਪਏ ਕਰ ਦਿੱਤਾ। ਖੇਤੀ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਹੋਰ ਵੀ ਕਈ ਤਰੀਕਿਆਂ ਨਾਲ ਸੂਬਿਆਂ ਦੀ ਮੱਦਦ ਕੀਤੀ ਜਾ ਰਹੀ ਹੈ। ਯੂ.ਪੀ., ਪੰਜਾਬ, ਤਾਮਿਲਨਾਡੂ ਸੂਬਿਆਂ ਦੇ ਕਰਜਾ ਮਾਫੀ ਮਾਮਲਿਆਂ ਦੇ ਨਾਲ-ਨਾਲ ਕਾਂਗਰਸ ਸਮੇਤ ਵਿਰੋਧੀ ਧਿਰਾਂ ਵੱਲੋਂ ਸਾਰੇ ਦੇਸ਼ ਦੇ ਕਿਸਾਨਾਂ ਦੇ ਕਰਜ਼ੇ ਮਾਫ ਕਰਨ ਦੇ ਉਠਾਏ ਜਾ ਰਹੇ ਮੁੱਦਿਆਂ ਸਬੰਧੀ ਕੇਂਦਰੀ ਖੇਤੀ ਮੰਤਰੀ ਨੇ ਕਿਹਾ ਕਿ ਅਸੀਂ ਆਪਣੇ ਯੂ.ਪੀ. ਚੋਣ ਮੈਨੀਫੈਸਟੋ ਵਿੱਚ ਛੋਟੇ ਕਿਸਾਨਾਂ ਦੇ ਛੋਟੀਆਂ ਰਕਮਾਂ ਵਾਲੇ ਕਰਜੇ ਮਾਫ ਕਰਨ ਦੀ ਗੱਲ ਕਹੀ ਸੀ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਮਾਫ ਕਰਨੇ ਸੂਬਾ ਸਰਕਾਰਾਂ ਦੇ ਆਪਣੇ ਕੰਮ ਹਨ ਅਤੇ ਇਹ ਉਨ੍ਹਾਂ ਲਈ ਆਪਣੇ ਖਜਾਨੇ ਵਿੱਚੋਂ ਹੀ ਕਰਨੇ ਹੋਣਗੇ।
ਕੇਂਦਰ ਨੂੰ ਕਿਸਾਨਾਂ ਦੀ ਫਿਕਰ ਨਹੀਂ : ਕਾਂਗਰਸ
ਕਾਂਗਰਸ ਨੇ ਕੇਂਦਰ ਦੀ ਭਾਜਪਾ ਸਰਕਾਰ ਉੱਪਰ ਕਿਸਾਨ ਵਿਰੋਧੀ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਇਸ ਨੂੰ ਮੰਦਹਾਲੀ ਵਿੱਚ ਜੀਅ ਰਹੇ ਕਿਸਾਨਾਂ ਦੀ ਕੋਈ ਚਿੰਤਾ ਨਹੀਂ ਹੈ। ਕਾਂਗਰਸ ਦੀ ਸੰਸਦ ਮੈਂਬਰ ਜਿਓਤੀ ਰਾਓਦਿਤਿਆ ਸਿੰਧਿਆ ਨੇ ਕਿਹਾ ਕਿ ਸਾਡੀ ਕਾਂਗਰਸ ਸਰਕਾਰ ਨੇ ਕਿਸਾਨਾਂ ਦੇ ਕਰਜੇ ਮਾਫੀ ਲਈ 71 ਹਜਾਰ ਕਰੋੜ ਰੁਪਏ ਦੀ ਕਰਜਾ ਮਾਫੀ ਯੋਜਨਾ ਲਿਆਂਦੀ ਸੀ। ਇਸ ਨਾਲ 3.5 ਕਰੋੜ ਕਿਸਾਨਾਂ ਨੂੰ ਫਾਇਦਾ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ, ਯੂ.ਪੀ., ਤਾਮਿਲਨਾਡੂ, ਮਹਾਂਰਾਸ਼ਟਰ ਅਤੇ ਹੋਰ ਸੂਬਿਆਂ ਵਿੱਚ ਕਿਸਾਨ ਕਰਜ਼ਿਆਂ ਤੋਂ ਤੰਗ ਆ ਕੇ ਖੁਦਕੁਸ਼ੀਆਂ ਕਰ ਰਹੇ ਹਨ, ਦਿੱਲੀ ਵਿੱਚ ਧਰਨੇ ਦੇ ਰਹੇ ਹਨ, ਪਰ ਉਨ੍ਹਾਂ ਦੀ ਸੁਣਨ ਵਾਲਾ ਕੋਈ ਨਹੀਂ ਹੈ। ਸਿੰਧੀਆ ਨੇ ਕਿਹਾ ਕਿ ਕਾਂਗਰਸ ਮੰਗ ਕਰਦੀ ਹੈ ਕਿ ਸਮੁੱਚੇ ਦੇਸ਼ ਦੇ ਕਿਸਾਨਾਂ ਦੇ ਕਰਜੇ ਮਾਫ ਕਰਨ ਸਬੰਧੀ ਠੋਸ ਯੋਜਨਾ ਬਣਾਈ ਜਾਵੇ।

Leave a Reply

Your email address will not be published. Required fields are marked *

%d bloggers like this: