ਕੇਂਦਰ ਵੱਲੋਂ ਪੰਜਾਬ ਨੂੰ GST ਮੁਆਵਜ਼ੇ ਦੇ 2,228 ਕਰੋੜ ਜਾਰੀ ਕਰਨ ਦਾ ਐਲਾਨ

ਕੇਂਦਰ ਵੱਲੋਂ ਪੰਜਾਬ ਨੂੰ GST ਮੁਆਵਜ਼ੇ ਦੇ 2,228 ਕਰੋੜ ਜਾਰੀ ਕਰਨ ਦਾ ਐਲਾਨ
ਆਰਥਿਕ ਸੰਕਟ ਝੱਲ ਰਹੀ ਪੰਜਾਬ ਸਰਕਾਰ ਨੂੰ ਕੁਝ ਰਾਹਤ ਮਿਲ ਗਈ ਹੈ ਕਿਉਂਕਿ ਕੇਂਦਰ ਸਰਕਾਰ ਨੇ ਮੁਲਤਵੀ ਪਏ GST ਮੁਆਵਜ਼ੇ ਦੀ ਰਕਮ ਵਿੱਚੋਂ 2,228 ਕਰੋੜ ਰੁਪਏ ਜਾਰੀ ਕਰਨ ਲਈ ਆਪਣੀ ਝੰਡੀ ਦੇ ਦਿੱਤੀ ਹੈ। ਕੇਂਦਰ ਸਰਕਾਰ ਨੇ ਦੇਸ਼ ਦੇ ਵੱਖੋ–ਵੱਖਰੇ ਸੂਬਿਆਂ ਲਈ ਕੁੱਲ 35,000 ਕਰੋੜ ਰੁਪਏ ਜਾਰੀ ਕੀਤੇ ਹਨ। ਕੇਂਦਰ ਸਰਕਾਰ ਵੱਲੋਂ ਹੁਣ ਜਾਰੀ ਕੀਤੀ ਜਾਣ ਵਾਲੀ ਇਹ 2,228 ਕਰੋੜ ਰੁਪਏ ਦੀ ਰਕਮ ਅਗਸਤ ਤੇ ਸਤੰਬਰ ਮਹੀਨਿਆਂ ਦੇ ਕੁੱਲ 4,000 ਕਰੋੜ ਰੁਪਏ ਦੇ GST ਮੁਆਵਜ਼ੇ ਦਾ ਹਿੱਸਾ ਹੈ।
ਕੇਂਦਰ ਸਰਕਾਰ ਬਾਕੀ ਦੀ ਰਕਮ ਬਾਅਦ ’ਚ ਜਾਰੀ ਕਰੇਗਾ। ਪਰ ਇਸ ਨਾਲ ਪੰਜਾਬ ਸਰਕਾਰ ਦੀਆਂ ਔਕੜਾਂ ਕੋਈ ਬਹੁਤੀਆਂ ਖ਼ਤਮ ਨਹੀਂ ਹੋਣੀਆਂ ਕਿਉਂਕਿ 4,000 ਕਰੋੜ ਰੁਪਏ ਤਾਂ ਸੂਬਾ ਸਰਕਾਰ ਨੇ ਬਿਜਲੀ ਸਬਸਿਡੀ ਦੇ ਹੀ ਦੇਣੇ ਹਨ ਤੇ 5,900 ਕਰੋੜ ਰੁਪਏ ਉਸ ਨੂੰ ਹੋਰ ਬਹੁਤ ਸਾਰੇ ਬਿਲ ਅਦਾ ਕਰਨ ਲਈ ਚਾਹੀਦੇ ਹਨ।
ਪੰਜਾਬ ਦੇ ਪ੍ਰਿੰਸੀਪਲ ਸਕੱਤਰ (ਵਿੱਤ) ਅਨਿਰੁਧ ਤਿਵਾੜੀ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਮਿਲਣ ਵਾਲੀ ਇਹ ਰਕਮ ਬਹੁਤ ਸੂਝਬੂਝ ਨਾਲ ਖ਼ਰਚ ਕੀਤੀ ਜਾਵੇਗੀ। ਇਸ ਦਸੰਬਰ ਮਹੀਨੇ ਦੇ ਅੰਤ ਤੱਕ ਪੰਜਾਬ ਸਰਕਾਰ ਕੇਂਦਰ ਤੋਂ ਅਕਤੂਬਰ ਤੇ ਨਵੰਬਰ ਮਹੀਨੇ ਦਾ GST ਮੁਆਵਜ਼ਾ ਲੈਣ ਦੀ ਹੱਕਦਾਰ ਹੋ ਜਾਵੇਗੀ।
ਚੇਤੇ ਰਹੇ ਕਿ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬੀਤੇ ਦਿਨੀਂ ਆਖਿਆ ਸੀ ਕਿ ਕੇਂਦਰ ਵੱਲ ਸੂਬੇ ਦੇ 6,100 ਕਰੋੜ ਰੁਪਏ ਬਕਾਇਆ ਖੜ੍ਹੇ ਹਨ। ਇੰਝ ਹੁਣ 2,228 ਕਰੋੜ ਰੁਪਏ ਦੀ ਜਿਹੜੀ ਰਕਮ ਜਾਰੀ ਕੀਤੀ ਜਾਣੀ ਹੈ, ਉਹ ਕੁੱਲ ਬਕਾਇਆ ਰਕਮ ਦਾ ਸਿਰਫ਼ ਇੱਕ–ਤਿਹਾਈ ਹੈ।
ਇਸ ਤੋਂ ਪਹਿਲਾਂ ਬੀਤੀ 24 ਨਵੰਬਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ’ਚ ਦਖ਼ਲ ਦੇਣ ਲੀ ਇੱਕ ਚਿੱਠੀ ਲਿਖੀ ਸੀ।
ਇੱਥੇ ਇਹ ਵੀ ਵਰਨਣਯੋਗ ਹੈ ਕਿ ਪੰਜਾਬ ਸਰਕਾਰ ਨੂੰ 1,325 ਕਰੋੜ ਰੁਪਏ ਦੀ ਗ਼ੈਰ–ਟੈਕਸ ਆਮਦਨ ਵੀ ਹੋਈ ਸੀ; ਜਦ ਕਿ ਸਤੰਬਰ ਮਹੀਨੇ ਤੱਕ ਇਹ ਅਨੁਮਾਨ ਲਾਇਆ ਗਿਆ ਸੀ ਕਿ ਅਜਿਹੀ ਆਮਦਨ 9,477 ਕਰੋੜ ਰੁਪਏ ਹੋ ਜਾਵੇਗੀ। ਇਸ ਤੋਂ ਇਲਾਵਾ ਸਰਕਾਰ ਨੂੰ ਪਹਿਲੇ ਛੇ ਮਹੀਨਿਆਂ ਭਾਵ ਅਪ੍ਰੈਲ ਤੋਂ ਸਤੰਬਰ ਤੱਕ ਟੈਕਸਾਂ ਰਾਹੀਂ 18,726 ਕਰੋੜ ਰੁਪਏ ਦੀ ਆਮਦਨ ਹੋਈ ਸੀ।
ਇਸ ਤੋਂ ਇਲਾਵਾ ਪੰਜਾਬ ਸਰਕਾਰ ਨੂੰ ਨਵੰਬਰ ਮਹੀਨੇ ਦੇ ਤਨਖ਼ਾਹ ਤੇ ਪੈਨਸ਼ਨ ਬਿਲਾਂ ਦੀ ਅਦਾਇਗੀ ਲਈ 600 ਕਰੋੜ ਰੁਪਏ ਦਾ ਕਰਜ਼ਾ ਲੈਣਾ ਪਿਆ ਸੀ।