ਕੇਂਦਰ ਦੀ ਸੌੜੀ ਸੋਚ ਦੇ ਬਾਵਜੂਦ ਜਸਟਿਨ ਟਰੂਡੋ ਦਾ ਭਾਰਤ ਦੌਰਾ ਸਿੱਖਾਂ ਦੇ ਸਨਮਾਨ ਅਤੇ ਪਹਿਚਾਣ ਲਈ ਬੇਹੱਦ ਮਹੱਤਵਪੂਰਨ

ss1

ਕੇਂਦਰ ਦੀ ਸੌੜੀ ਸੋਚ ਦੇ ਬਾਵਜੂਦ ਜਸਟਿਨ ਟਰੂਡੋ ਦਾ ਭਾਰਤ ਦੌਰਾ ਸਿੱਖਾਂ ਦੇ ਸਨਮਾਨ ਅਤੇ ਪਹਿਚਾਣ ਲਈ ਬੇਹੱਦ ਮਹੱਤਵਪੂਰਨ

ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿੱਖ ਭਾਈਚਾਰੇ ਅੰਦਰ ਅਪਣੀ ਵਿਸ਼ੇਸ਼ ਜਗਾਹ ਬਣਾ ਕਈ ਹੈ। ਉਹਨਾਂ ਨੇ ਅਮ੍ਰਿਤਸਰ ਆਉਂਦਿਆ ਹੀ ਸਭ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਤੇ ਲੰਗਰ ਵਿੱਚ ਪਰਿਵਾਰ ਸਮੇਤ ਸੇਵਾ ਕੀਤੀ। ਭਾਵੇਂ ਸਿੱਖ ਭਾਈਚਾਰੇ ਨੇ ਵੀ ਉਹਨਾਂ ਦੇ ਸਵਾਗਤ ਵਿੱਚ ਕੋਈ ਕਸਰ ਨਹੀ ਛੱਡੀ, ਪਰੰਤੂ ਜੋ ਸਨਮਾਨ ਜਸਟਿਨ ਟਰੂਡੋ ਨੇ ਸਿੱਖ ਕੌਮ ਨੂੰ ਦਿੱਤਾ ਹੈ ਉਹਦੇ ਲਈ ਸਮੁੱਚੀ ਕੌਮ ਉਹਨਾਂ ਦੀ ਹਮੇਸਾਂ ਰਿਣੀ ਰਹੇਗੀ। ਹਾਲਾਤ ਬਦਲਦੇ ਰਹਿੰਦੇ ਹਨ। ਅਜੇ ਕੁੱਝ ਸਮਾ ਪਹਿਲਾਂ ਦੀ ਗੱਲ ਹੈ ਜਦੋਂ ਕਨੇਡਾ ਦੇ ਰੱਖਿਆ ਮੰਤਰੀ ਸ੍ਰ ਹਰਜੀਤ ਸਿੰਘ ਸੱਜਣ ਭਾਰਤ ਦੌਰੇ ਤੇ ਆਏ ਸਨ ਤਾਂ ਉਸ ਸਮੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਮਿਲਣ ਤੋ ਇਨਕਾਰ ਹੀ ਨਹੀ ਸੀ ਕੀਤਾ ਬਲਕਿ ਉਹਨਾਂ ਤੇ ਅਜਿਹੇ ਦੋਸ਼ ਲਾਏ ਸਨ ਜਿਸ ਨਾਲ ਸਮੁੱਚੇ ਸਿੱਖ ਭਾਈਚਾਰੇ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਸੀ। ਕੈਪਟਨ ਵੱਲੋਂ ਅਜਿਹੇ ਦੋਸ ਲਾਉਣ ਪਿੱਛੇ ਉਹਨਾਂ ਤੇ ਕੇਂਦਰ ਦਾ ਦਵਾਅ ਵੀ ਦੱਸਿਆ ਜਾ ਰਿਹਾ ਸੀ।ਖੈਰ ਕੈਪਟਨ ਨੂੰ ਬਗੈਰ ਮਿਲੇ ਤੋ ਹਰਜੀਤ ਸਿੰਘ ਸੱਜਣ ਉਸ ਮੌਕੇ ਵਾਪਸ ਚਲੇ ਗਏ ਸਨ। ਕੈਪਟਨ ਦੇ ਇਸ ਰਵੱਈਏ ਕਾਰਨ ਪੂਰੇ ਵਿਸ਼ਵ ਵਿੱਚ ਵਸਦੇ ਸਿੱਖ ਭਾਈਚਾਰੇ ਨੇ ਉਹਨਾਂ ਨੂੰ ਰੱਜ ਕੇ ਕੋਸਿਆ ਸੀ। ਹੁਣ ਜਦੋ ਕਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਪਣੇ ਮੰਤਰੀ ਮੰਡਲ ਸਮੇਤ ਭਾਰਤ ਦੇ ਦੌਰੇ ਤੇ ਆਏ ਹਨ, ਤਾਂ ਕੇਂਦਰ ਦੇ ਢਿੱਡ ਵਿੱਚ ਫਿਰ ਪੀੜ ਹੋਣੀ ਸ਼ੁਰੂ ਹੋ ਗਈ। ਇਹ ਸੋਚਣ ਵਾਲੀ ਗੱਲ ਹੈ ਕਿ ਦੁਨੀਆਂ ਦੇ ਵੱਡੇ 10 ਮੁਲਕਾਂ ਚੋ ਇੱਕ ਮੁਲਕ ਦੇ ਪ੍ਰਧਾਨ ਮੰਤਰੀ ਦਾ ਅਪਣੇ ਮੰਤਰੀ ਮੰਡਲ ਸਮੇਤ ਉਸ ਮੌਕੇ ਭਾਰਤ ਦੌਰੇ ਤੇ ਆਉਣਾ ਕੋਈ ਛੋਟੀ ਗੱਲ ਨਹੀ ਸਮਝੀ ਜਾਣੀ ਚਾਹੀਦੀ, ਜਦੋ ਭਾਰਤੀ ਦਾ ਪ੍ਰਧਾਨ ਮੰਤਰੀ ਕੋਈ ਅਜਿਹਾ ਸ਼ਖਸ਼ ਹੋਵੇ ਜਿਸ ਨੇ ਖੁਦ ਅਰਬ ਅਤੇ ਯੂਰਪ ਸਮੇਤ ਅੱਧੀ ਦੁਨੀਆਂ ਦਾ ਦੌਰਾ ਕੀਤਾ ਹੋਵੇ ਤੇ ਹਰ ਛੋਟੇ ਤੋਂ ਛੋਟੇ ਮੁਲਕ ਦੇ ਹਾਕਮਾਂ ਨੂੰ ਭਾਰਤ ਆਉਣ ਦਾ ਸੱਦਾ ਵੀ ਦਿੱਤਾ ਹੋਵੇ ਅਤੇ ਇੱਥੇ ਆਉਣ ਤੇ ਹਰ ਛੋਟੇ ਵੱਡੇ ਮੁਲਕ ਦੇ ਮੁਖੀਆਂ ਦਾ ਗਰਮਜੋਸ਼ੀ ਨਾਲ ਸਵਾਗਤ ਵੀ ਕਰਦਾ ਰਿਹਾ ਹੋਵੇ, ਪਰੰਤੂ ਜਸਟਿਨ ਟਰੂਡੋ ਪ੍ਰਤੀ ਦਿਖਾਏ ਰੁੱਖੇਪਣ ਨੂੰ ਗੰਭੀਰਤਾ ਨਾਲ ਲੈਣ ਦੀ ਜਰੂਰਤ ਹੈ। ਭਾਰਤ ਦੇ ਇਸ ਰੱੁਖੇਪਣ ਦਾ ਸਪੱਸਟ ਮਤਲਬ ਹੈ ਭਾਰਤੀ ਹਾਕਮਾਂ ਦੀ ਤੰਗਦਿਲੀ, ਭਾਰਤੀ ਹਾਕਮਾਂ ਦੀ ਸੌੜੀ ਸੋਚ, ਕਿਉਕਿ ਟਰੂਡੋ ਮੰਤਰੀ ਮੰਡਲ ਵਿੱਚ ਚਾਰ ਸਿੱਖਾਂ ਦਾ ਮੰਤਰੀ ਹੋਣਾ ਕੇਂਦਰ ਨੂੰ ਹਜਮ ਨਹੀ ਹੋ ਰਿਹਾ। ਜਿਸ ਕੌਮ ਨੂੰ ਕੇਂਦਰੀ ਤਾਕਤਾਂ ਦੂਜੇ ਦਰਜੇ ਦੇ ਸਹਿਰੀ ਬਣਾਕੇ ਗੁਲਾਮਾਂ ਵਾਲਾ ਜੀਵਨ ਬਸਰ ਕਰਨ ਲਈ ਮਜਬੂਰ ਕਰ ਰਹੀਆਂ ਹਨ, ਉਸ ਭਾਈਚਾਰੇ ਦੇ ਲੋਕ ਕਨੇਡਾ ਵਰਗੇ ਖੁਸ਼ਹਾਲ ਮੁਲਕ ਵਿੱਚ ਮਾਣ ਇੱਜਤ ਵਾਲਾ ਜੀਵਨ ਬਤੀਤ ਕਰਨ, ਇਹ ਸੌੜੀ ਸੋਚ ਦੇ ਭਾਰਤੀ ਹਾਕਮਾਂ ਨੂੰ ਮਨਜੂਰ ਨਹੀ, ਇਹੋ ਕਾਰਨ ਹੈ ਕਿ ਉਹਨਾਂ ਨੇ ਕਿਸੇ ਵਿਸ਼ਾਲ ਰਾਸ਼ਟਰ ਦੇ ਪ੍ਰਧਾਨ ਮੰਤਰੀ ਦਾ ਬੜੀ ਗਰਮਜੋਸ਼ੀ ਨਾਲ ਸਵਾਗਤ ਕਰਨ ਦੀ ਵਜਾਏ ਅਪਣੇ ਤੀਜੇ ਨੰਬਰ ਦੇ ਮੰਤਰੀ ਨੂੰ ਜਸਟਿਨ ਟਰੂਡੋ ਦੇ ਸਵਾਗਤ ਲਈ ਭੇਜਣਾ ਉਹਨਾਂ ਦੀ ਈਰਖਾਲੂ ਸੋਚ ਨੂੰ ਪਰਗਟ ਕਰਦਾ ਹੈ। ਰਹੀ ਗੱਲ ਪੰਜਾਬ ਸਰਕਾਰ ਦੀ, ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਮੇਤ ਪੂਰੇ ਦੁਨੀਆਂ ਦੇ ਪੰਜਾਬੀਆਂ ਦੀ ਨਰਾਜਗੀ ਨੂੰ ਸਮਝ ਲਿਆ ਹੈ, ਜਿਸ ਕਰਕੇ ਉਹਨਾਂ ਦੀ ਮਜਬੂਰੀ ਬਣ ਗਈ ਕਨੇਡਾ ਦੇ ਪ੍ਰਧਾਨ ਮੰਤਰੀ ਨੂੰ ਮਿਲਣਾ, ਜਿਸ ਲਈ ਉਹਨਾਂ ਨੂੰ ਹੁਣ ਮੀਟਿੰਗ ਲੈਣ ਲਈ ਕਾਫੀ ਤਰੱਦਦ ਵੀ ਕਰਨਾ ਪਿਆ। ਕੈਪਟਨ ਅਮਰਿੰਦਰ ਸਿੰਘ ਵੱਲੋਂ ਕਨੇਡੀਅਨ ਪਰਧਾਨ ਮੰਤਰੀ ਨੂੰ ਮਿਲਣ ਸਮੇ ਵੱਖਵਾਦੀ ਅਨਸਰਾਂ ਸਬੰਧੀ ਕੀਤੀ ਗਈ ਗੱਲਬਾਤ ਤੋਂ ਜਾਪਦਾ ਹੈ ਕਿ ਕੈਪਟਨ ਸਰਕਾਰ ਕੇਂਦਰ ਦੇ ਭਾਰੀ ਦਵਾਅ ਹੇਠ ਕੰਮ ਕਰ ਰਹੀ ਹੈ, ਕਿਉਕਿ ਇਹ ਇੱਕ ਅਜਿਹਾ ਸੁਨਹਿਰੀ ਮੌਕਾ ਸੀ ਜਿਸ ਦਾ ਫਾਇਦਾ ਉਠਾ ਕੇ ਪੰਜਾਬ ਸਰਕਾਰ ਦੇ ਮੁਖੀ ਪੰਜਾਬ ਦੇ ਲੋਕਾਂ ਵਿੱਚ ਕੁੱਝ ਹੱਦ ਤੱਕ ਅਪਣਾ ਸਨਮਾਨ ਬਹਾਲ ਕਰਵਾ ਸਕਦੇ ਸਨ। ਭਾਵੇ ਕਨੇਡਾ ਸਰਕਾਰ ਨੇ ਪਹਿਲਾਂ ਹੀ ਪੰਜਾਬ ਲਈ ਅਪਣੀਆਂ ਵੀਜ਼ਾ ਨੀਤੀਆਂ ਵਿੱਚ ਫਰਾਖ਼-ਦਿਲੀ ਨਾਲ ਤਬਦੀਲੀ ਕੀਤੀ ਹੋਈ ਹੈ ਅਤੇ ਕੈਪਟਨ ਵੱਲੋਂ ਉਚੇਰੀ ਸਿੱਖਿਆ ਲਈ ਵਿਦਿਆਰਥੀਆਂ ਦੇ ਅਦਾਨ ਪਰਦਾਨ, ਵਿਗਿਆਨਿਕ ਖੋਜ, ਤਕਨਾਲੋਜੀ, ਫਸਲਾਂ ਅਤੇ ਕੁੱਝ ਹੋਰ ਅਹਿਮ ਮੁੱਦਿਆਂ ਤੇ ਗੱਲਵਾਤ ਕੀਤੀ ਵੀ ਗਈ ਪਰੰਤੂ ਕੈਪਟਨ ਅਜਿਹੀ ਕੋਈ ਵੀ ਠੋਸ ਗੱਲਵਾਤ ਕਰਨ ਤੋਂ ਪਛੜ ਗਿਆ ਹੈ, ਜਿਹੜੀ ਪੰਜਾਬ ਦੇ ਲੋਕਾਂ ਦੇ ਭਲੇ ਵਾਲੀ ਸਿੱਧ ਹੋ ਸਕਦੀ।

ਭਾਰਤ ਪੱਧਰ ਤੇ ਭਾਵੇਂ ਕਨੇਡੀਅਨ ਵਫਦ ਦਾ ਸਵਾਗਤ ਚੰਗਾ ਨਹੀ ਹੋਇਆ ਪਰੰਤੂ ਪੰਜਾਬ ਦੇ ਲੋਕਾਂ ਨੇ ਜਸਟਿਨ ਟਰੂਡੋ ਦੇ ਸਵਾਗਤ ਲਈ ਕੋਰੀ ਕਸਰ ਬਾਕੀ ਨਹੀ ਛੱਡੀ। ਜਸਟਿਨ ਟਰੂਡੋ ਦੇ ਪਰਿਵਾਰ ਅਤੇ ਉਹਨਾਂ ਦੇ ਮੰਤਰੀ ਮੰਡਲ ਦਾ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਸਨਮਾਨ ਸਲਾਹਗਾਯੋਗ ਹੈ, ਪਰੰਤੂ ਹੋਰ ਵੀ ਚੰਗਾ ਹੁੰਦਾ ਜੇ ਕੇਂਦਰ ਦੀ ਅਪਣੀ ਵਜੀਰੀ ਦੀ ਪਰਵਾਹ ਕੀਤੀਆਂ ਬਗੈਰ ਬੀਬੀ ਹਰਸਿਮਰਤ ਕੌਰ ਬਾਦਲ ਵੀ ਕਨੇਡੀਅਨ ਵਫਦ ਦੇ ਸਵਾਗਤ ਲਈ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਦੇ ਨਾਲ ਅਮ੍ਰਿਤਸਰ ਵਿੱਚ ਹਾਜਰ ਰਹਿੰਦੀ, ਪ੍ਰੰਤੂ ਉਹਨਾਂ ਨੇ ਵੀ ਪੰਜਾਬ ਸਮੇਤ ਵਿਦੇਸ਼ਾਂ ਵਿੱਚ ਵਸਦੇ ਸਿੱਖ ਭਾਈਚਾਰੇ ਤੋਂ ਮਿਲਣ ਵਾਲੇ ਪਿਆਰ ਦਾ ਸੁਨਹਿਰੀ ਮੌਕਾ ਖੰੁਝਾ ਦਿੱਤਾ ਹੈ। ਫਿਰ ਵੀ ਆਖਿਆ ਜਾ ਸਕਦਾ ਹੈ ਕਿ ਪੰਜਾਬ ਦੀਆਂ ਸਮੁੱਚੀਆਂ ਧਿਰਾਂ ਹੀ ਇਸ ਗੱਲ ਲਈ ਵਧਾਈ ਦੀਆਂ ਪਾਤਰ ਹਨ ਜਿੰਨਾਂ ਨੇ ਮੌਕੇ ਦੀ ਨਜਾਕਤ ਨੂੰ ਪਛਾਣਦਿਆਂ ਕਨੇਡੀਅਨ ਵਫਦ ਦਾ ਜੋਰਦਾਰ ਢੰਗ ਨਾਲ ਸਵਾਗਤ ਕੀਤਾ ਹੈ।ਕੈਪਟਨ ਅਮਰਿੰਦਰ ਸਿੰਘ ਵੱਲੋਂ ਜਸਟਿਨ ਟਰੂਡੋ ਨਾਲ ਗਰਮ ਖਿਆਲੀ ਸਿੱਖਾਂ ਦੇ ਮੁੱਦੇ ਤੇ ਗੱਲ ਕਰਨ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਵਿੱਚ ਭਾਵੇਂ ਕਿਸੇ ਵੀ ਧਿਰ ਦੀ ਸਰਕਾਰ ਹੋਵੇ ਤੇ ਕੇਂਦਰ ਵਿੱਚ ਵੀ ਭਾਵੇ ਕੋਈ ਵੀ ਪਾਰਟੀ ਰਾਜ ਕਰਦੀ ਹੋਵੇ, ਪਰੰਤੂ ਸੂਬਾ ਸਰਕਾਰ ਨੂੰ ਨੱਚਣਾ ਕੇਂਦਰ ਦੇ ਇਸਾਰਿਆਂ ਤੇ ਹੀ ਪਵੇਗਾ। ਜੇ ਕੇਂਦਰ ਵਿੱਚ ਕਾਂਗਰਸ ਹੁੰਦੀ ਤੇ ਸੂਬੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਰਾਜ ਹੁੰਦਾ ਤਾਂ ਜੋ ਪਹੁੰਚ ਹੁਣ ਕੈਪਟਨ ਨੇ ਅਪਣਾਈ ਹੈ ਉਹ ਹੀ ਸ੍ਰ ਬਾਦਲ ਨੇ ਅਪਨਾਉਣੀ ਸੀ ਤੇ ਫਿਰ ਕੈਪਟਨ ਨੇ ਨਾਂ ਹਰਜੀਤ ਸਿੰਘ ਸੱਜਣ ਨੂੰ ਖਾਲਿਸਤਾਨੀ਼ਆਂ ਦਾ ਪੱਖੀ ਕਹਿਣਾ ਸੀ ਤੇ ਨਾ ਹੁਣ ਕੋਈ ਅਜਿਹੀ ਗੱਲ ਕਰਨੀ ਸੀ ਜਿਹੜੀ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀ ਹੁੰਦੀ। ਕੈਪਟਨ ਟਰੂਡੋ ਦੀ ਮੀਟਿੰਗ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮੁੱਦੇ ਤੇ ਹੋਈ ਗੱਲਵਾਤ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹਾ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਅਦਾਲਤਾਂ ਜੇਲ ਭੇਜ ਦਿੰਦੀਆਂ ਹਨ, ਇਹ ਵੀ ਕੈਪਟਨ ਨੇ ਕੇਂਦਰ ਨੂੰ ਖੁਸ਼ ਕਰਨ ਲਈ ਕਿਹਾ ਹੈ ,ਜਦੋ ਕਿ ਅਸਲ ਸਚਾਈ ਤਾਂ ਇਹ ਹੈ ਮਨੁਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਅਧਿਕਾਰੀਆਂ ਨੂੰ ਕਿਸੇ ਵੀ ਸਰਕਾਰ ਤੋਂ ਕੋਈ ਖਤਰਾ ਨਹੀ ਹੁੰਦਾ, ਇਸ ਗੱਲ ਦੀ ਮਿਸ਼ਾਲ ਪਿਛਲੇ ਸਾਲਾਂ ਵਿੱਚ ਬਾਦਲ ਸਰਕਾਰ ਮੌਕੇ ਹੋਈ ਸਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦਾ ਸਾਂਤਮਈ ਢੰਗ ਨਾਲ ਰੋਸ ਪਰਗਟ ਕਰ ਰਹੀਆਂ ਸਿੱਖ ਸੰਗਤਾਂ ਤੇ ਸ਼ਰੇਆਮ ਗੋਲੀਆਂ ਚਲਾ ਕੇ ਦੋ ਸਿੱਖ ਨੌਜਵਾਨਾਂ ਦਾ ਕਤਲ ਕਰਨ ਅਤੇ ਸੈਕੜਿਆਂ ਨੂੰ ਗੰਭੀਰ ਜਖਮੀ ਕਰ ਦੇਣ ਵਾਲੇ ਪੁਲਿਸ ਅਫਸਰਾਂ ਦੀ ਦੁਨੀਆ ਦੇ ਸਾਹਮਣੇ ਹੈ ਜਦੋਂ ਕੈਪਟਨ ਨੇ ਵੀ ਗੁਟਕਾ ਸਾਹਿਬ ਮੱਥੇ ਨੂੰ ਲਾਕੇ ਇਹ ਕਸਮ ਖਾਧੀ ਸੀ ਕਿ ਜੇਕਰ ਕਾਂਗਰਸ ਦੀ ਸਰਕਾਰ ਬਣੀ ਤਾਂ ਉਹ ਦੋਸ਼ੀ ਪੁਲਿਸ ਅਧਿਕਾਰੀਆਂ ਤੇ ਪਰਚੇ ਦਰਜ ਕਰਕੇ ਉਹਨਾਂ ਨੂੰ ਜੇਲ੍ਹਾਂ ਵਿੱਚ ਸੁੱਟ ਦੇਣਗੇ, ਪਰ ਅਜਿਹਾ ਕੁੱਝ ਵੀ ਨਹੀ ਹੋਇਆ।ਸੋ ਕਨੇਡਾ ਦੇ ਪਰਧਾਨ ਮੰਤਰੀ ਦਾ ਅਪਣੇ ਪਰਿਵਾਰ ਅਤੇ ਮੰਤਰੀ ਮੰਡਲ ਸਮੇਤ ਭਾਰਤੀ ਦੌਰਾ ਭਾਵੇਂ ਕਿਹੋ ਜਿਹਾ ਵੀ ਰਿਹਾ ਹੋਵੇ ਪਰ ਪੰਜਾਬੀ ਭਾਈਚਾਰੇ ਖਾਸ ਕਰਕੇ ਸਿੱਖ ਭਾਈਚਾਰੇ ਲਈ ਇਹ ਦੌਰਾ ਸ਼ੁਭ ਹੀ ਮੰਨਿਆ ਜਾਵੇਗਾ, ਕਿਉਕਿ ਕਨੇਡੀਅਨ ਵਫਦ ਦਾ ਇਹ ਦੌਰਾ ਜਿਥੇ ਸਿੱਖਾਂ ਦੇ ਸਨਮਾਨ ਅਤੇ ਪਹਿਚਾਣ ਲਈ ਬੜਾ ਮਹੱਤਵਪੂਰਨ ਸਮਝਿਆ ਜਾ ਰਿਹਾ ਹੈ, ਓਥੇ ਕਨੇਡਾ ਸਰਕਾਰ ਵੱਲੋਂ ਅਮ੍ਰਿਤਧਾਰੀ ਸਿੱਖਾਂ ਨੂੰ ਜਹਾਜ ਵਿੱਚ ਛੋਟੀ ਸ਼ਿਰੀ ਸਾਹਿਬ ਪਹਿਨਣ ਦੀ ਦਿੱਤੀ ਗਈ ਇਜ਼ਾਜਤ ਨੂੰ ਪੂਰੀ ਦੁਨੀਆਂ ਵਿੱਚ ਸਿੱਖ ਕੌਂਮ ਦੀ ਚੜਦੀ ਕਲਾ ਵਜੋਂ ਦੇਖਿਆ ਜਾ ਰਿਹਾ ਹੈ।

ਬਘੇਲ ਸਿੰਘ ਧਾਲੀਵਾਲ
99142-58142

Share Button

Leave a Reply

Your email address will not be published. Required fields are marked *