ਕੇਂਦਰੀ ਹਕੂਮਤ ਸਿੱਖਾਂ ਨੂੰ ਵਾਰ-ਵਾਰ ਬੇਗਾਨਗੀ ਦਾ ਅਹਿਸਾਸ ਕਰਾਉਣਾ ਬੰਦ ਕਰੇ : ਬਾਬਾ ਹਰਨਾਮ ਸਿੰਘ ਖ਼ਾਲਸਾ

ss1

ਕੇਂਦਰੀ ਹਕੂਮਤ ਸਿੱਖਾਂ ਨੂੰ ਵਾਰ-ਵਾਰ ਬੇਗਾਨਗੀ ਦਾ ਅਹਿਸਾਸ ਕਰਾਉਣਾ ਬੰਦ ਕਰੇ : ਬਾਬਾ ਹਰਨਾਮ ਸਿੰਘ ਖ਼ਾਲਸਾ

ਕਿਹਾ ਭਾਰਤ ਛੱਡੋ ਅੰਦੋਲਨ ਦੀ 75ਵੀਂ ਵਰ੍ਹੇਗੰਢ ਮੌਕੇ ਪ੍ਰਧਾਨ ਮੰਤਰੀ ਨੇ ਆਜ਼ਾਦੀ ਲਈ ਸਿੱਖਾਂ ਦੇ ਬਲੀਦਾਨ ਨੂੰ ਮਨਫ਼ੀ ਕਰਦਿਆਂ ਸਿੱਖ ਮਨਾਂ ਨੂੰ ਗਹਿਰੀ ਠੇਸ ਪਹੁੰਚਾਈ

ਅੰਮ੍ਰਿਤਸਰ, 11 ਅਗਸਤ: ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਆੜੇ ਹੱਥੀਂ ਲੈਂਦਿਆਂ ਦੋਸ਼ ਲਾਇਆ ਕਿ ਉਹਨਾਂ  ਵੱਲੋਂ ਭਾਰਤ ਛੱਡੋ ਅੰਦੋਲਨ ਦੀ 75 ਵੀਂ ਵਰ੍ਹੇਗੰਢ ਮੌਕੇ ਸੰਸਦ ਵਿੱਚ ਸੰਬੋਧਨ ਦੌਰਾਨ ਆਜ਼ਾਦੀ ਲਈ ਸਿੱਖਾਂ ਦੇ ਬਲੀਦਾਨ ਨੂੰ ਇੱਕ ਗਹਿਰੀ ਸਾਜ਼ਿਸ਼ ਤਹਿਤ ਮਨਫ਼ੀ ਕਰਦਿਆਂ ਸਿੱਖ ਮਨਾਂ ਤੇ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਗਈ ਹੈ।
ਸੰਤ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਸਿੱਖ ਭਾਈਚਾਰੇ ਵੱਲੋਂ ਆਬਾਦੀ ‘ਚ ਦੋ ਫੀਸਦੀ ਹੋਣ ਦੇ ਬਾਵਜੂਦ ਕੁਰਬਾਨੀਆਂ ‘ਚ 87 ਫੀਸਦੀ ਯੋਗਦਾਨ ਪਾ ਕੇ ਭਾਰਤ ਨੂੰ ਆਜ਼ਾਦ ਕਰਾਉਣ ਨੂੰ ਇਤਿਹਾਸ ‘ਚੋਂ ਮਿਟਾਇਆ ਅਤੇ ਮਨਫ਼ੀ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਪਿਛਲੇ ਸਾਲ  ਗਣਤੰਤਰ ਦਿਵਸ ਦੀ ਪਰੇਡ ਵਿੱਚ ਸਿੱਖ ਰੈਜੀਮੈਟ ਨੂੰ ਸ਼ਾਮਿਲ ਨਾ ਕਰਨਾ ਅਤੇ ਹੁਣ ਸ੍ਰੀ ਮੋਦੀ ਵੱਲੋਂ ਆਪਣੇ ਭਾਸ਼ਨ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਛੁਟਿਆਉਣ ਦੀ ਕੀਤੀ ਗਈ ਕੋਸ਼ਿਸ਼ ਨਾਲ ਇਹ ਗਲ ਇੱਕ ਵਾਰ ਫਿਰ ਉੱਠ ਖੜੀ ਹੋਈ ਹੈ ਕਿ ਕੇਂਦਰੀ ਹਕੂਮਤਾਂ ਸਿੱਖਾਂ ਨੂੰ ਬੇਗਾਨਗੀ ਦਾ ਵਾਰ ਵਾਰ ਅਹਿਸਾਸ ਕਰਾ ਰਹੀਆਂ ਹਨ। ਉਹਨਾਂ ਕਿਹਾ ਕਿ ਆਜ਼ਾਦ ਭਾਰਤ ਵਿੱਚ ਕਦਮ ਕਦਮ ‘ਤੇ ਸਿੱਖ ਭਾਈਚਾਰੇ ਨਾਲ ਵਿਤਕਰਾ ਅਤੇ ਬੇਇਨਸਾਫ਼ੀਆਂ ਹੋਈਆਂ ਹਨ। ਉਹਨਾਂ ਕਿਹਾ ਕਿ ਆਜ਼ਾਦੀ ਸੰਘਰਸ਼ ਦੇ ਵਰਤਾਰੇ ਅਤੇ ਸੰਦਰਭ ਨੂੰ ਤੋੜ ਮਰੋੜ ਕੇ ਪੇਸ਼ ਕੀਤੇ ਜਾਣਾ ਆਜ਼ਾਦੀ ਲਈ ਮਰ ਮਿਟਣ ਵਾਲਿਆਂ ਨਾਲ ਧ੍ਰੋਹ ਕਮਾਉਣ ਦੇ ਬਰਾ ਬਰ ਹੈ। ਜਦ ਕਿ ਇਸ ਮੌਕੇ ਵੱਖ ਵੱਖ ਲਹਿਰਾਂ ਦੇ ਸਮੁੱਚੇ ਆਜ਼ਾਦੀ ਸੰਗਰਾਮੀਆਂ ਦੀ ਵੱਡੀ ਦੇਣ ਨੂੰ ਸਿਜਦਾ ਕੀਤਾ ਜਾਣਾ ਚਾਹੀਦਾ ਸੀ। ਉਹਨਾਂ ਕਿਹਾ ਕਿ ਭਾਰਤੀ ਹਕੂਮਤ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਸਿੱਖਾਂ ਨੇ ’47 ਦੌਰਾਨ ਫਿਰਕੂ ਮਾਹੌਲ ਦੇ ਬਾਵਜੂਦ ਆਪਣੀ ਕਿਸਮਤ ਭਾਰਤ ਨਾਲ ਜੋੜਿਆ। ਦੇਸ਼ ਦੀ ਵੰਡ ਦੌਰਾਨ ਵੀ ਸਿੱਖ ਭਾਈਚਾਰੇ ਨੇ ਅਣਗਿਣਤ ਜਾਨੀ ਅਤੇ ਮਾਲੀ ਨੁਕਸਾਨ ਸਹਿਣਾ ਕੀਤਾ।
ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਜੇ ਹਕੂਮਤ ਨੇ ਸਿੱਖਾਂ ਨਾਲ ਵਿਤਕਰਾ ਬੰਦ ਨਾ ਕੀਤਾ ਤਾਂ ਭਵਿੱਖ ਦੌਰਾਨ ਵੀ ਸਿੱਖ ਮਨਾਂ ਵਿੱਚੋਂ ਰੋਸ ਨੂੰ ਸ਼ਾਂਤ ਨਹੀਂ ਕੀਤਾ ਜਾ ਸਕੇਗਾ।
ਇਸ ਮੌਕੇ ਉਹਨਾਂ ਸਿੱਖ ਕਕਾਰਾਂ ਉੱਤੇ ਭਾਰੀ ਜੀ ਐਸ ਟੀ ਲਗਾਉਣ ਦਾ ਸਖ਼ਤ ਵਿਰੋਧ ਕੀਤਾ ਅਤੇ ਆਜ਼ਾਦੀ ਲਈ ਸਿੱਖਾਂ ਵੱਲੋਂ ਪਾਏ ਗਏ ਵਡਮੁੱਲੇ ਯੋਗਦਾਨ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਅਤੇ ਵਿਤ ਮੰਤਰੀ ਨੂੰ ਸਿੱਖ ਕਕਾਰਾਂ ਨੂੰ ਜੀ ਐਸ ਟੀ ਮੁਕਤ ਕਰਨ ਲਈ ਕਿਹਾ।ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਕਕਾਰਾਂ ‘ਤੇ ਕੋਈ ਟੈਕਸ ਲਾਗੂ ਨਹੀਂ ਸੀ, ਅੱਜ ਕੱਚ ਅਤੇ ਪਲਾਸਟਿਕ ਦੀਆਂ ਚੂੜੀਆਂ ਨੂੰ ਤਾਂ ਟੈਕਸ ਛੋਟ ਹੈ ਪਰ ਕੜੇ ‘ਤੇ 18 ਫੀਸਦੀ, ਕਿਰਪਾਨ ‘ਤੇ 12 ਫੀਸਦੀ, ਗਾਤਰਾ ‘ਤੇ 5 ਅਤੇ ਕੰਘਾ ‘ਤੇ 12 ਫੀਸਦੀ ਜੀ ਐਸ ਟੀ ਲਾਗੂ ਕਰਦਿਤੀ ਗਈ ਹੈ। ਉਹਨਾਂ ਗੁਰਧਾਮਾਂ ਦੇ ਲੰਗਰ ਰਸਦ ‘ਤੇ ਵੀ ਜੀ ਐਸ ਟੀ ਤੋਂ ਛੋਟ ਦੀ ਮੰਗ ਕੀਤੀ ਹੈ।

Share Button

Leave a Reply

Your email address will not be published. Required fields are marked *