Sun. Sep 22nd, 2019

ਕੇਂਦਰੀ ਮੰਤਰੀਆਂ ਦੀਆ ਤਨਖਾਹਾਂ ਅਤੇ ਭਤਿਆਂ ਪੁਰ ਖਰਚ ?

ਕੇਂਦਰੀ ਮੰਤਰੀਆਂ ਦੀਆ ਤਨਖਾਹਾਂ ਅਤੇ ਭਤਿਆਂ ਪੁਰ ਖਰਚ ?

-ਜਸਵੰਤ ਸਿੰਘ ‘ਅਜੀਤ’

ਬੀਤੇ ਦਿਨੀਂ ਸੰਸਦ ਵਿੱਚ ਸਾਲ 2019-2020 ਦੇ ਪੇਸ਼ ਕੀਤੇ ਗਏ ਬਜਟ ਵਿੱਚ ਬੀਤੇ ਵਰ੍ਹੇ ਦੇ ਖਰਚ ਦੇ ਜੋ ਅੰਕੜੇ ਦਿਤੇ ਗਏ ਹਨ, ਉਨ੍ਹਾਂ ਰਾਹੀਂ ਹੋਏ ਖੁਲਾਸੇ ਅਨੁਸਾਰ ਬੀਤੇ ਵਰ੍ਹੇ (2018-2019) ਲਈ ਕੇਂਦਰੀ ਮੰਤਰੀਆਂ ਦੀਆਂ ਤਨਖਾਹਾਂ, ਭਤਿਆਂ ਅਤੇ ਯਾਤਰਾਵਾਂ ਆਦਿ ਲਈ ਜੋ ਰਕਮ ਮੰਤਰੀ ਪ੍ਰੀਸ਼ਦ ਨੂੰ ਅਲਾਟ ਕੀਤੀ ਗਈ ਸੀ, ਉਸ ਵਲੋਂ, ਉਸ ਨਾਲੋਂ ਦੁਗਣਾ ਖਰਚ ਕੀਤਾ ਗਿਆ ਹੈ। ਦੇਸ਼ ਦੇ ਹੋਰ ਵਿਭਾਗਾਂ ਵਾਂਗ ਮੰਤਰੀ ਪ੍ਰੀਸ਼ਦ ਨੂੰ ਵੀ ਆਪਣੇ ਸਾਲ ਭਰ ਦੇ ਖਰਚਿਆਂ ਲਈ ਇੱਕ ਨਿਸ਼ਚਿਤ ਰਕਮ ਅਲਾਟ ਕੀਤੀ ਜਾਂਦੀ ਹੈ। ਜਿਸ ਵਿੱਚ ਮੰਤਰੀਆਂ ਦੀ ਤਨਖਾਹ, ਭੱਤੇ, ਉਨ੍ਹਾਂ ਦੀ ਸ਼ਾਨ-ਸ਼ੌਕਤ ਪੁਰ ਹੋਣ ਵਾਲੇ ਖਰਚ ਦੇ ਨਾਲ ਹੀ ਹਵਾਈ ਸਫਰ, ਬਹੁਤ ਹੀ ਮਹਤੱਤਾ-ਪੂਰਣ ਮੰਤਰੀਆਂ ਨੂੰ ਲਿਜਾਣ ਲਈ ਵਰਤੇ ਜਾਣ ਵਾਲੇ ਜਹਾਜ਼ਾਂ ਦੀ ਦੇਖ-ਭਾਲ ਪੁਰ ਹੋਣ ਵਾਲਾ ਸਮੁਚਾ ਖਰਚ ਵੀ ਸ਼ਾਮਲ ਹੁੰਦਾ ਹੈ। ਮੰਤਰੀ ਪ੍ਰੀਸ਼ਦ ਦੇ ਨਾਂ ਅਲਾਟ ਹੋਣ ਵਾਲੇ ਇਸ ਬਜਟ ਵਿੱਚ ਸਾਰੇ ਕੈਬੀਨਟ ਮੰਤਰੀ, ਰਾਜ ਮੰਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਆਉਂਦੇ ਹਨ। ਪੇਸ਼ ਕੀਤੇ ਗਏ ਬਜਟ ਦੇ ਦਸਤਾਵੇਜ਼ਾਂ ਅਨੁਸਾਰ ਸਾਲ 2018-2019 ਦੇ ਦੌਰਾਨ ਮੰਤਰੀ ਪ੍ਰੀਸ਼ਦ ਲਈ 295.81 ਕਰੋੜ ਰੁਪਏ ਦੀ ਰਕਮ ਅਲਾਟ ਕੀਤੀ ਗਈ ਸੀ। ਪਰ ਉਸ ਸਾਲ ਦਾ ਜੋ ਸੋਧਵਾਂ ਬਜਟ ਮੰਨਜ਼ੂਰ ਕੀਤਾ ਗਿਆ, ਉਸ ਵਿੱਚ ਇਸ ਮਦ ਪੁਰ 599.91 ਕਰੋੜ ਰੁਪਏ ਖਰਚ ਹੋਏ ਵਿਖਾਇਆ ਗਿਆ ਹੈ। ਜੋ ਅਲਾਟ ਕੀਤੇ ਗਏ ਬਜਟ ਦੇ ਦੁਗਣੇ ਨਾਲੋਂ ਵੀ ਕਿਤੇ ਵੱਧ ਹੈ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਕੇਂਦਰੀ ਮੰਤਰੀਆਂ ਦੇ ਖਰਚ ਲਈ ਜੋ ਰਕਮ ਅਲਾਟ ਕੀਤੀ ਗਈ, ਉਹ ਜਾਂ ਤਾਂ ਉਸਦੀਆਂ ਲੋੜਾਂ ਤੋਂ ਬਹੁਤ ਘਟ ਸੀ। ਜਾਂ ਫਿਰ ਮੰਤਰੀਆਂ ਨੇ ਲੋੜ ਤੋਂ ਕਿਤੇ ਵੱਧ ਖਰਚ ਕੀਤਾ ਹੈ। ਉਂਜ ਜੇ 2017-2018 ਦੇ ਅੰਕੜੇ ਵੇਖੇ ਜਾਣ ਤਾਂ ਉਸ ਸਮੇਂ ਮੰਤਰੀ ਪ੍ਰੀਸ਼ਦ ਨੂੰ 395 ਕਰੋੜ ਰੁਪਏ ਅਲਾਟ ਕੀਤੇ ਗਏ ਸਨ। ਜਦਕਿ 2018-2019 ਦੇ ਬਜਟ ਵਿੱਚ ਇਸ ਵਿੱਚ 100 ਕਰੋੜ ਰੁਪਏ ਦੀ ਕਟੌਤੀ ਕਰ ਦਿੱਤੀ ਗਈ। ਹਾਲਾਂਕਿ ਜੋ ਅਸਲ ਖਰਚ ਹੋਇਆ ਹੈ, ਉਹ ਅਲਾਟ ਕੀਤੀ ਗਈ ਰਖਮ ਤੋਂ ਤਿੰਨ ਸੌ ਕਰੋੜ ਜ਼ਿਆਦਾ ਹੋਇਆ ਹੈ। ਇਸ ਵਾਰ ਸ਼ਾਇਦ ਇਨ੍ਹਾਂ ਹੀ ਤਥਾਂ ਨੂੰ ਧਿਆਨ ਵਿੱਚ ਰਖਦਿਆਂ ਸਾਲ 2019-2020 ਦੇ ਲਈ ਮੰਤਰੀ ਪ੍ਰੀਸ਼ਦ ਨੂੰ ਬੀਤੇ ਵਰ੍ਹੇ ਦੀ ਤੁਲਨਾ ਵਿੱਚ ਜ਼ਿਆਦਾ ਬਜਟ ਅਲਾਟ ਕੀਤਾ ਗਿਆ ਹੈ। ਅਰਥਾਤ ਇਸ ਵਾਰ ਉਸਨੂੰ 454.87 ਕਰੋੜ ਰੁਪਏ ਦਿੱਤੇ ਗਏ ਹਨ, ਜੋ ਬੀਤੇ ਵਰ੍ਹੇ ਦੀ ਰਕਮ ਨਾਲੋਂ 50 ਪ੍ਰਤੀਸ਼ਤ ਵੱਧ ਹੈ।
ਦਿੱਲੀ ਵਿੱਚ ਮਾਸੂਮਾਂ ਨਾਲ ਰੋਜ਼ ਹੁੰਦੇ ਨੇ ਦੋ ਕੁਕਰਮ : ਕੇਂਦ੍ਰੀ ਸਰਕਾਰ ਵਲੋਂ ਭਾਵੇਂ 12 ਵਰ੍ਹਿਆਂ ਤੋਂ ਉਮਰ ਦੀਆਂ ਮਾਸੂਮ ਬੱਚੀਆਂ ਨਾਲ ਕੁਕਰਮ ਹੋਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਬਹੁਤ ਹੀ ਸਖਤ ਕਾਨੂੰਨ ਬਣਾ ਦਿੱਤਾ ਗਿਆ ਹੋਇਆ ਹੈ, ਫਿਰ ਵੀ ਰਾਜਧਾਨੀ, ਦਿੱਲੀ ਵਿੱਚ ਉਨ੍ਹਾਂ ਨਾਲ ਕੁਕਰਮ ਹੋਣ ਦੀਆਂ ਘਟਨਾਵਾਂ ਘਟ ਹੋਣ ਦਾ ਨਾਂ ਤਕ ਨਹੀਂ ਲੈ ਰਹੀਆਂ। ਦਿੱਲੀ ਵਿੱਚ ਤਾਂ ਹਰ ਰੋਜ਼ ਦੋ ਮਾਸੂਮਾਂ ਨਾਲ ਦਰਿੰਦਗੀ ਹੋਣ ਦੀਆਂ ਖਬਰਾਂ ਆ ਰਹੀਆਂ ਹਨ। ਸਾਲ 2019 ਦੇ ਅਰੰਭਕ 166 ਦਿਨਾਂ ਦੇ ਦੌਰਾਨ ਦਿੱਲੀ ਵਿੱਚ ਕੁਕਰਮ ਦੀਆਂ 976 ਘਟਨਾਵਾਂ ਹੋਣ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਅੰਕੜਿਆਂ ਤੋਂ ਇਉਂ ਜਾਪਦਾ ਹੈ ਕਿ ਜਿਵੇਂ ਰਾਜਧਾਨੀ, ਦਿੱਲੀ ਵਿੱਚ ਹਰ ਚਾਰ ਘੰਟਿਆਂ ਵਿੱਚ ਕੁਕਰਮ ਦੀ ਘਟਨਾ ਹੋ ਰਹੀ ਹੈ। ਸਾਲ 2019 ਵਿੱਚ ਪਹਿਲੀ ਜਨਵਰੀ ਤੋਂ 30 ਅਪ੍ਰੈਲ ਦੇ ਵਿਚਕਾਰ 282 ਬੱਚੀਆਂ ਦੇ ਨਾਲ ਕੁਕਰਮ ਹੋਣ ਦੀਆਂ ਘਟਨਾਵਾਂ ਵਾਪਰੀਆਂ। ਜਦਕਿ ਪਿਛਲੇ ਵਰ੍ਹੇ ਇਸੇ ਹੀ ਸਮੇਂ ਦੌਰਾਨ ਦਾ ਅੰਕੜਾ 278 ਸੀ। ਪੁਲਿਸ ਪਾਸ ਪਾਕਸੋ ਦੇ ਤਹਿਤ ਆਉਣ ਵਾਲੇ ਮਾਮਲਿਆਂ ਵਿੱਚ ਪੀੜਤਾਵਾਂ ਦੀ ਉਮਰ 10 ਤੋਂ 15 ਵਰ੍ਹਿਆਂ ਦੇ ਵਿਚਕਾਰ ਹੁੰਦੀ ਹੈ। ਉਥੇ ਹੀ, 5 ਵਰ੍ਹਿਆਂ ਤੋਂ ਘਟ ਉਮਰ ਦੀਆਂ ਬਚੀਆਂ ਦੇ ਨਾਲ ਵੀ ਕੁਕਰਮ ਹੋਣ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਅਤੇ ਬਹੁਤੇ ਮਾਮਲਿਆਂ ਵਿੱਚ ਉਨ੍ਹਾਂ ਨੂੰ ਘਰ ਦੇ ਬਾਹਰੋਂ ਚੁਕ ਕੇ ਗੁਨਾਹਗਾਰਾਂ ਨੇ ਘਟਨਾਵਾਂ ਨੂੰ ਅੰਜਾਮ ਦਿੱਤਾ। ਇਸਦਾ ਕਾਰਣ ਇਹ ਮੰਨਿਆ ਜਾਂਦਾ ਹੈ ਕਿ ਬਚੀਆਂ ਨਾਲ ਕੁਕਰਮ ਹੋਣ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਕਾਰ ਵਲੋਂ ਸਖਤ ਕਾਨੂੰਨ ਬਣਾਏ ਜਾਣ ਦੇ ਬਾਵਜੂਦ, ਬਚੀਆਂ ਨੂੰ ਸਮੇਂ ਸਿਰ ਇਨਸਾਫ ਨਹੀਂ ਮਿਲ ਪਾਂਦਾ, ਜਿਸ ਕਾਰਣ ਗੁਨਾਹਗਾਰਾਂ ਵਿੱਚ ਕਾਨੂੰਨ ਦਾ ਜ਼ਰਾ ਜਿਹਾ ਵੀ ਡਰ ਨਹੀਂ। ਇਸਦੇ ਵਿਰੁਧ ਸਮੇਂ ਸਿਰ ਇਨਸਾਫ ਨਾ ਮਿਲ ਪਾਣ ਦੇ ਕਾਰਣ ਪੀੜਤਾ ਅਤੇ ਉਸਦਾ ਪਰਿਵਾਰ ਬੇਬਸ ਹੋ ਕੇ ਰਹਿ ਜਾਂਦੇ ਹਨ।
ਅੰਗ ਦਾਨ ਕਰ, ਨਵਜੀਵਨ ਦਿੱਤਾ: ਏਮਸ ਵਿੱਚ ਮਨੁਖੀ ਅੰਗ ਬਦਲਣ ਦਾ ਕਾਨੂੰਨ ਬਣਨ ਦੀ 25ਵੀਂ ਵਰ੍ਹੇ ਗੰਢ ਦੇ ਮੌਕੇ ਤੇ ਹੋਏ ਇੱਕ ਪ੍ਰੋਗਰਾਮ ਦੌਰਾਨ ਡਾਕਟਰਾਂ, ਅੰਗ ਦਾਨ ਕਰਨ ਵਾਲੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਆਪੋ-ਆਪਣੇ ਤਜਰਬੇ ਸਾਂਝੇ ਕੀਤੇ। ਉਤਰਾਖੰਡ ਦੇ ਰਹਿਣ ਵਾਲੇ ਪ੍ਰੇਮ ਸਿੰਘ ਨੇ ਦਸਿਆ ਕਿ ਉਨ੍ਹਾਂ ਨੇ ਆਪਣੇ ਸੰਸਾਰ ਛੱਡ ਗਏ ਪੁਤਰ ਦੇ ਅੰਗ ਦਾਨ ਕਰ ਚਾਰ ਵਿਅਕਤੀਆਂ ਨੂੰ ਨਵਜੀਵਨ ਦਿੱਤਾ। ਉਨ੍ਹਾਂ ਦਸਿਆ ਕਿ ਬੀਤੇ ਜੂਨ ਮਹੀਨੇ, ਉਨ੍ਹਾਂ ਦਾ ਪੁਤਰ ਇੱਕ ਦੁਰਘਟਨਾ ਦਾ ਸ਼ਿਕਾਰ ਹੋ ਚਲ ਵਸਿਆ ਸੀ। ਉਨ੍ਹਾਂ ਅਪਣੇ ਬੇਟੇ ਦੇ ਅੰਗ ਦਾਨ ਕਰਨ ਦਾ ਫੈਸਲਾ ਲੈ ਲਿਆ। ਉਨ੍ਹਾਂ ਬੇਟੇ ਦਾ ਦਿਲ, ਦੋਵੇਂ ਕਿਡਨੀਆਂ ਅਤੇ ਲਿਵਰ ਦਾਨ ਕਰ ਦਿੱਤੇ। ਉਨ੍ਹਾਂ ਦਸਿਆ ਕਿ ਇਸੇ ਵਰ੍ਹੇ ਅਪ੍ਰੈਲ ਵਿੱਚ ਉਨ੍ਹਾਂ ਦੀ ਪਤਨੀ ਦੀ ਤਬੀਅਤ ਖਰਾਬ ਹੋ ਗਈ ਸੀ ਤਾਂ ਉਨ੍ਹਾਂ ਦੇ ਬੇਟੇ ਨੇ ਇਸ ਸੰਬੰਧ ਵਿੱਚ ਫੋਨ’ਤੇ ਉਨ੍ਹਾਂ ਨੂੰ ਦਸਣ ਬਾਰੇ ਕਈ ਵਾਰ ਕੌਸ਼ਿਸ਼ ਕੀਤੀ। ਪਹਾੜਾਂ ਵਿੱਚ ਘਰ ਹੋਣ ਕਾਰਣ ਨੇੱਟਵਰਕ ਦੀ ਪ੍ਰੇਸ਼ਾਨੀ ਆਉਂਦੀ ਰਹਿੰਦੀ ਹੈ। ਜਦੋਂ ਉਹ ਕਾਫੀ ਦੇਰ ਮੇਰੇ ਨਾਲ ਸੰਪਰਕ ਨਾ ਕਰ ਸਕਿਆ ਤਾਂ ਉਹ ਫੋਨ ਨੂੰ ਨੇੱਟਵਰਕ ਜ਼ੋਨ ਵਿੱਚ ਲਿਜਾਣ ਲਈ ਨੇੜੇ ਦੀ ਇੱਕ ਪਹਾੜੀ ਪੁਰ ਚਲਾ ਗਿਆ। ਜਦੋਂ ਉਹ ਫੋਨ ਪੁਰ ਕਾਲ ਕਰ ਰਿਹਾ ਸੀ, ਤਾਂ ਅਚਾਨਕ ਹੀ ਉਸਦਾ ਪੈਰ ਫਿਸਲ ਗਿਆ ਤੇ ਉਹ 30 ਫੁਟ ਹੇਠਾਂ ਜਾ ਡਿਗਾ। ਉਸਨੂੰ ਜ਼ਿਲਾ ਹਸਪਤਾਲ ਲਿਜਾਇਆ ਗਿਆ। ਦੁਰਘਟਨਾ ਵਿੱਚ ਉਸਦਾ ‘ਬ੍ਰੇਨ ਡੇਡ’ ਹੋ ਗਿਆ ਸੀ। ਡਾਕਟਰਾਂ ਨੇ ਉਸਦੇ ਅੰਗ ਦਾਨ ਕਰਨ ਦੀ ਪ੍ਰੇਰਨਾ ਕੀਤੀ ਤਾਂ ਉਨ੍ਹਾਂ ਨੇ ਬੇਟੇ ਦਾ ਦਿਲ, ਦੋਵੇਂ ਕਿਡਨੀਆਂ ਅਤੇ ਲਿਵਰ ਦਾਨ ਕਰ ਦਿੱਤਾ। ਅੱਜ ਉਸਦਾ ਦਿੱਲ ਕਿਸੇ ਹੋਰ ਦੇ ਸਰੀਰ ਵਿੱਚ ਧੜਕ ਰਿਹਾ ਹੈ।
…ਅਤੇ ਅੰਤ ਵਿੱਚ : ਦਸਿਆ ਗਿਆ ਹੈ ਕਿ ਡੀਐਲਐਫ ਕਾਲੋਨੀ ਲੋਨੀ ਵਿੱਚ ਰਹਿ ਰਹੇ ਇਕ ਬਜ਼ੁਰਗ ਜੋੜੇ ਨੇ ਆਪਣੇ ਬੇਟੇ ਅਤੇ ਬਹੂ ਪੁਰ ਦੋਸ਼ ਲਾਇਆ ਕਿ ਉਹ ਉਨ੍ਹਾਂ ਪਾਸੋਂ ਘਰ ਅਤੇ ਦੁਕਾਨ ਨੂੰ ਹਥਿਆ ਲੈਣ ਦੀ ਨੀਯਤ ਨਾਲ ਉਨ੍ਹਾਂ ਪੁਰ ਜ਼ੁਲਮ ਢਾਹ ਰਹੇ ਹਨ, ਮਾਰ-ਕੁਟ ਅਤੇ ਪ੍ਰੇਸ਼ਾਨ ਕਰਦੇ ਹਨ। ਉਨ੍ਹਾਂ ਦੇ ਰੋ-ਰੋ ਆਪਣਾ ਦੁਖ ਬਿਆਨ ਕਰਦਾ ਇੱਕ ਵੀਡੀਓ ਸੋਸ਼ਲ ਮੀਡੀਆ ਪੁਰ ਵਾਇਰਲ ਹੋ ਗਿਆ। ਜਿਸ ਦੇ ਚਲਦਿਆਂ ਜਲਦੀ ਹੀ ਇਹ ਮਾਮਲਾ ਇਲਾਕੇ ਦੇ ਡੀਐਮ ਦੇ ਨੋਟਿਸ ਵਿੱਚ ਜਾ ਪੁਜਾ। ਉਸਨੇ ਤੁਰੰਤ ਹੀ ਇਸਨੂੰ ਗੰਭੀਰਤਾ ਨਾਲ ਲੈਂਦਿਆਂ, ਉਨ੍ਹਾਂ ਬਜ਼ੁਰਗਾਂ ਦੀ ਮਦਦ ਲਈ ਐਸਡੀਐਮ ਅਤੇ ਸੀਓ ਨੂੰ ਉਨ੍ਹਾਂ ਦੇ ਘਰ ਭੇਜ ਦਿੱਤਾ। ਅਧਿਕਾਰੀਆਂ ਨੇ ਉਨ੍ਹਾਂ ਦੇ ਘਰ ਪੁਜ, ਬਜ਼ੁਰਗਾਂ ਦਾ ਦੁਖ ਦਰਦ ਜਾਣਨ ਲਈ ਦੋਹਾਂ ਧਿਰਾਂ ਨਾਲ ਗਲਬਾਤ ਕੀਤੀ। ਮਾਤਾ-ਪਿਤਾ ਨੇ ਦਸਿਆ ਕਿ ਉਹ ਦੋਵੇਂ ਕਾਫੀ ਸਮੇਂ ਤੋਂ ਬੀਮਾਰ ਚਲੇ ਆ ਰਹੇ ਹਨ। ਉਨ੍ਹਾਂ ਦਾ ਬੇਟਾ ਅਤੇ ਬਹੂ, ਉਨ੍ਹਾਂ ਨੂੰ ਘਰੋਂ ਕਢ, ਉਨ੍ਹਾਂ ਵਲੋਂ ਜ਼ਿੰਦਗੀ ਭਰ ਦੀ ਮਿਹਨਤ ਨਾਲ ਬਣਾਏ ਗਏ ਮਕਾਨ ਅਤੇ ਦੁਕਾਨ ਪੁਰ ਕਬਜ਼ਾ ਕਰਨਾ ਚਾਹੁੰਦੇ ਹਨ। ਅਜਿਹੀ ਹਾਲਤ ਵਿੱਚ ਉਨ੍ਹਾਂ ਨੂੰ ਆਤਮ-ਹਤਿਆ ਕਰਨ ਤੇ ਵੀ ਮਜਬੂਰ ਕੀਤਾ ਜਾ ਸਕਦਾ ਹੈ। ਅਧਿਕਾਰੀਆਂ ਦੇ ਕਹਿਣ ਤੇ ਬੇਟੇ ਅਤੇ ਬਹੂ ਨੇ ਉਨ੍ਹਾਂ ਨੂੰ ਲਿਖਤੀ ਭਰੋਸਾ ਦੁਆਇਆ ਕਿ ਉਹ ਦਸ ਦਿਨਾਂ ਵਿੱਚ ਹੀ ਮਾਪਿਆਂ ਦਾ ਘਰ ਛੱਡ ਕੇ ਚਲੇ ਜਾਣਗੇ।

ਜਸਵੰਤ ਸਿੰਘ ‘ਅਜੀਤ’
ਸੀਨੀਅਰ ਪੱਤਰਕਾਰ
ਰੋਹਿਨੀ ਦਿੱਲੀ
95 82 71 98 90
jaswantsinghajit@gmail.com

Leave a Reply

Your email address will not be published. Required fields are marked *

%d bloggers like this: