Sat. May 25th, 2019

ਕੁਲਦੀਪ ਨਈਅਰ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਬਾਜ ਆਵੇ: ਸੰਤ ਗਿਆਨੀ ਹਰਨਾਮ ਸਿੰਘ ਖਾਲਸਾ

ਕੁਲਦੀਪ ਨਈਅਰ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਤੋਂ ਬਾਜ ਆਵੇ: ਸੰਤ ਗਿਆਨੀ ਹਰਨਾਮ ਸਿੰਘ ਖਾਲਸਾ

1 copyਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਉੱਘੇ ਕਾਲਮਨਵੀਸ ਕੁਲਦੀਪ ਨਈਅਰ ਵੱਲੋਂ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਪ੍ਰਤੀ ਭੱਦੀ ਸ਼ਬਦਾਵਲੀ ਵਰਤਣ ਅਤੇ ਉਹਨਾਂ ਦੀ ਤੁਲਣਾ ਸਿਰਸਾ ਦੇ ਡੇਰਾ ਮੁਖੀ ਨਾਲ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਨਈਅਰ ਵਰਗੇ ਫਿਰਕਾਪ੍ਰਸਤ ਲੋਕਾਂ ਨੇ ਅਤੀਤ ਤੋਂ ਕੋਈ ਸਬਕ ਨਹੀਂ ਸਿੱਖਿਆ ਹੈ, ਉਹ ਫਿਰਕਾਪ੍ਰਸਤ ਲਿਖਤਾਂ ਰਾਹੀਂ ਸਿੱਖ ਮਨੋਂ ਭਾਵਨਾਵਾਂ ਨੂੰ ਭੜਕਾ ਕੇ ਸਿੱਖਾਂ ਦੇ ਧਾਰਮਿਕ ਵਿਸ਼ਵਾਸ ਨੂੰ ਬਹੁਤ ਵੱਡੀ ਸੱਟ ਮਾਰਦਿਆਂ ਪੰਜਾਬ ਨੂੰ ਫਿਰ ਤੋਂ ਲਾਂਬੂ ਲਾਉਣਾ ਚਾਹੁੰਦਾ ਹੈ, ਜਿਸ ਪ੍ਰਤੀ ਸਿੱਖ ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ।
ਦਮਦਮੀ ਟਕਸਾਲ ਦੇ ਮੁਖੀ ਨੇ ਕਿਹਾ ਕਿ ਉਹ ਪ੍ਰੈੱਸ ਦੀ ਆਜ਼ਾਦੀ ਦੇ ਮੁਦਈ ਹਨ ਅਤੇ ਮੀਡੀਆ ਦਾ ਪੂਰਾ ਸਤਿਕਾਰ ਕਰਦੇ ਹਨ ਪਰ ਨਈਅਰ ਦੀ ਸੰਤ ਭਿੰਡਰਾਂਵਾਲਿਆਂ ਪ੍ਰਤੀ ਭੱਦੀ ਸ਼ਬਦਾਵਲੀ ਨਾਲ ਸੂਬੇ ਦਾ ਮਾਹੌਲ ਪ੍ਰਭਾਵਿਤ ਹੋਵੇਗਾ ਕਿਉਂਕਿ ਸਿੱਖ ਕੌਮ ਸੰਤ ਭਿੰਡਰਾਂਵਾਲਿਆਂ ਨੂੰ ਆਪਣਾ ਨਾਇਕ ਮੰਨਦਾ ਹੈ ਅਤੇ ਕੌਮ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੁਆਰਾ ਉਹਨਾਂ ਨੂੰ ਵੀਹਵੀਂ ਸਦੀ ਦਾ ਮਹਾਨ ਸਿੱਖ ਜਰਨੈਲ ਅਤੇ ਸ਼ਹੀਦ ਐਲਾਨਿਆ ਹੈ। ਉਹਨਾਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਨੇ ਸਿੱਖ ਅਤੇ ਪੰਜਾਬ ਦੇ ਹੱਕਾਂ ਹਿਤਾਂ ਲਈ ਵੱਡੀ ਪਹਿਰੇਦਾਰੀ ਕਰਦਿਆਂ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕੀਤੀ,  ਉਹਨਾਂ ਦੀ ਕੁਰਬਾਨੀ ਨੇ ਸੁੱਤੀ ਕੌਮ ਨੂੰ ਹਲੂਣਾ ਦੇ ਕੇ ਜਗਾਇਆ। ਉਹਨਾਂ ਕਿਹਾ ਕਿ ਨਈਅਰ ਨੇ ਸੰਤਾਂ ਪ੍ਰਤੀ ਹਿੰਦੂ ਮਿਥਿਹਾਸ ਦੇ ਕਿਰਦਾਰ (ਭਸਮਾਸੁਰ) ਵਰਗੀ ਭੱਦੀ ਸ਼ਬਦਾਵਲੀ ਰਾਹੀਂ ਫਿਰਕੂ ਜ਼ਹਿਰ ਵਰਤਾ ਕੇ ਆਪਣੀ ਫਿਰਕਾਪ੍ਰਸਤ ਬਿਮਾਰ ਮਾਨਸਿਕਤਾ ਦਾ ਖਲਲ ਖੁੱਲ੍ਹਾ ਪ੍ਰਗਟਾਵਾ ਕੀਤਾ ਹੈ। ਉਹਨਾਂ ਸੰਤ ਭਿੰਡਰਾਂਵਾਲਿਆਂ ਨੂੰ ਅਤਿਵਾਦੀ ਕਹਿਣ ਦੀ ਤੰਗ ਨਜ਼ਰੀਏ ਪ੍ਰਤੀ ਨਈਅਰ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਨਈਅਰ ਲੰਮੇ ਸਮੇਂ ਤੋਂ ਆਏ ਦਿਨ ਸੰਤਾਂ ਪ੍ਰਤੀ ਵਿਰੋਧੀ ਭਾਵਨਾ ਅਤੇ ਜ਼ਹਿਰ ਉਗਲਨ ਦੇ ਬਾਵਜੂਦ ਅੱਜ ਤਕ ਇੱਕ ਵੀ ਅਜਿਹਾ ਠੋਸ ਸਬੂਤ ਜਾਂ ਪ੍ਰਮਾਣ ਨਹੀਂ ਦੇ ਸਕਿਆ ਜਿਸ ਨਾਲ ਸੰਤ ਜੀ ਨੂੰ ਅਤਿਵਾਦੀ ਸਿੱਧ ਕੀਤਾ ਜਾ ਸਕੇ । ਉਹਨਾਂ ਨਈਅਰ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਭਾਰਤੀ ਗ੍ਰਹਿ ਵਿਭਾਗ ਅਤੇ ਪੰਜਾਬ ਦੀ ਪੁਲੀਸ ਪ੍ਰਸ਼ਾਸਨ ਨੇ ਆਰ ਟੀ ਆਈ ਦੇ ਜਵਾਬ ਵਿੱਚ ਸਪਸ਼ਟ ਕਿਹਾ ਹੈ ਕਿ 6 ਜੂਨ 1984 ਤੱਕ ਕਿਸੇ ਵੀ ਥਾਣੇ ਵਿੱਚ ਸੰਤ ਜੀ ਖ਼ਿਲਾਫ਼ ਕੋਈ ਕੇਸ ਦਰਜ ਨਹੀਂ ਸੀ। ਉਹਨਾਂ ਕਿਹਾ ਕਿ ਨਈਅਰ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸੇ ਵੀ ਸਟੇਟ ਜਾਂ ਕੇਂਦਰ ਸਰਕਾਰ ਦੀ ਤਰਫ਼ੋਂ ਸੰਤ ਭਿੰਡਰਾਂਵਾਲਿਆਂ ਨੂੰ ਨਾ ਤਾਂ ਭਗੌੜਾ ਕਰਾਰ ਦਿੱਤਾ ਗਿਆ, ਨਾ ਹੀ ਕਿਸੇ ਕਿਸਮ ਦਾ ਕੇਸ ਦਰਜ ਹੋਇਆ ਅਤੇ ਨਾ ਹੀ ਉਹਨਾਂ ਦੀਆਂ ਧਾਰਮਿਕ ਗਤੀਵਿਧੀਆਂ ‘ਤੇ ਕਿਸੇ ਨੇ ਕੋਈ ਇਤਰਾਜ਼ ਜਤਾਇਆ, ਨਾ ਹੀ ਕਿਸੇ ਸਰਕਾਰ ਜਾਂ ਅਦਾਲਤ ਨੇ ਉਹਨਾਂ ਨੂੰ ਅਤਿਵਾਦੀ ਠਹਿਰਾਇਆ।
ਉਹਨਾਂ ਸੰਤਾਂ ਨੂੰ ਕਾਂਗਰਸ ਪਾਰਟੀ ਦੀ ਸ਼ਹਿ ਹੋਣ ਦਾਅਵੇ ਨੂੰ ਝੂਠ ਅਤੇ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਨੇ ਕਾਂਗਰਸ ਦੀਆਂ ਵਧੀਕੀਆਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਅਤੇ ਸੰਘਰਸ਼ ਨੂੰ ਆਪਣੀ ਕੁਰਬਾਨੀ ਤਕ ਅੰਜਾਮ ‘ਤੇ ਪਹੁੰਚਾਇਆ। ਟਕਸਾਲ ਮੁਖੀ ਨੇ ਸੰਤ ਭਿੰਡਰਾਂਵਾਲਿਆਂ ਦੀ ਸਿਰਸਾ ਡੇਰਾ ਮੁਖੀ ਨਾਲ ਤੁਲਣਾ ਕਰਨ ‘ਤੇ ਨਈਅਰ ਦੀ ਅੰਤਰ ਆਤਮਾ ਨੂੰ ਝੰਜੋੜਦਿਆਂ ਸਵਾਲ ਕੀਤਾ ਕਿ ਜਿਸ ਸੰਤ ਵਿਅਕਤੀ ਨੇ ਕੌਮ ਅਤੇ ਪੰਜਾਬ ਦੇ ਹੱਕ ਸੱਚ ਅਤੇ ਇਨਸਾਫ਼ ਖ਼ਾਤਰ ਵੱਡੀ ਲੜਾਈ ਲੜੀ ਹੋਵੇ ਅਤੇ ਜਿਸ ਨੇ ਰਾਜ-ਸੱਤਾ ਹਾਸਲ ਕਰਨ ਦੀ ਖੁਵਾਇਸ਼ ਤਾਂ ਛੱਡੋ ਆਪਣੀ ਸੰਸਥਾ ‘ਚ ਵੀ ਆਪਣੇ ਕਿਸੇ ਪਰਿਵਾਰਕ ਮੈਂਬਰ ਲਈ ਥਾਂ ਨਾ ਦਿੱਤੀ ਹੋਵੇ ਅਤੇ ਜਿਸ ਨੇ ਆਪਣੀ ਜਾਂ ਆਪਣੇ ਪਰਿਵਾਰ ਲਈ ਇੱਕ ਇੰਚ ਜ਼ਮੀਨ ਵੀ ਨਾ ਬਣਾਈ ਹੋਵੇ ਉਸ ਦੀ ਤੁਲਣਾ ਇੱਕ ਵਿਭਚਾਰੀ ਅਤੇ ਇਸਤਰੀਆਂ ਦਾ ਸ਼ੋਸ਼ਣ ਕਰਨ ਵਾਲੇ ਦੇਹਧਾਰੀ ਪਾਖੰਡੀ ਨਾਲ ਕਰਨਾ ਕਿੱਥੋਂ ਦਾ ਤਰਕਸੰਗਤ ਹੈ? ਉਹਨਾਂ ਕਿਹਾ ਕਿ ਅਜਿਹੀਆਂ ਲਿਖਤਾਂ ਵਾਲੇ ਵਿਅਕਤੀ ਦੀ ਮਾਨਸਿਕਤਾ ਕਿੱਥੇ ਖੜੀ ਹੈ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈ। ਉਹਨਾਂ ਕੁਲਦੀਪ ਨਈਅਰ ਦੀਆਂ ਲਿਖਤਾਂ ਖ਼ਿਲਾਫ਼ ਸਿੱਖ ਜਥੇਬੰਦੀਆਂ ਅਤੇ ਸੰਸਥਾਵਾਂ ਨੂੰ ਇੱਕਜੁੱਟ ਹੋਣ ਦਾ ਸਦਾ ਦਿੱਤਾ ਤਾਂ ਕਿ ਉਹਨਾਂ ਵਿਰੁੱਧ ਕੋਈ ਨਿਰਣਾਇਕ ਫੈਸਲਾ ਲਿਆ ਜਾ ਸਕੇ।

Leave a Reply

Your email address will not be published. Required fields are marked *

%d bloggers like this: