ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Mon. Jun 1st, 2020

ਕੁਦਰਤ ਨੇ ਮਹਾਮਾਰੀ ਦੇ ਬਹਾਨੇ ਕੀਤੀ ਦੁਨੀਆਂ ਰੀਸੈਟ

ਕੁਦਰਤ ਨੇ ਮਹਾਮਾਰੀ ਦੇ ਬਹਾਨੇ ਕੀਤੀ ਦੁਨੀਆਂ ਰੀਸੈਟ

ਅੱਜ ਰੀਸੈਟ ਦਾ ਮਤਲਬ ਸਾਰੇ ਸਮਝਦੇ ਹਨ। ਖਾਸ ਕਰਕੇ ਮੋਬਾਇਲ ਫੋਨ ਵਰਤਨ ਵਾਲੇ ਲੋਕ। ਜਦ ਗੈਰ ਜਰੂਰੀ ਐਪ ਜਾਂ ਹੋਰ ਵਾਧੂ ਸਮੱਗਰੀ ਜਿਆਦਾ ਇਕੱਠੀ ਹੋ ਜਾਵੇ। ਚਾਹੇ ਗਲਤੀ ਨਾਲ ਚਾਹੇ ਜਰੂਰਤ ਮੁਤਾਬਕ ਅਪਲੋਡ ਕੀਤੇ ਪ੍ਰੋਗਰਾਮ ਸਾਨੂੰ ਫਾਇਦੇ ਦੀ ਜਗ੍ਹਾ ਨੁਕਸਾਨ ਕਰਨ ਲੱਗ ਪੈਣ, ਸਾਡਾ ਫੋਨ ਬੰਦ ਹੋਣ ਲੱਗ ਪਵੇ, ਹੈਗ ਹੋਣ ਲੱਗ ਪਵੇ ਤਾਂ ਅਸੀਂ ਚਾਹੁੰਦੇ ਹਾਂ ਕਿ ਸਾਡਾ ਫੋਨ ਮੁੜ ਪਹਿਲਾ ਵਾਲੀ ਸਥਿਤੀ ਵਿੱਚ ਆ ਜਾਵੇਂ। ਇਸ ਵਾਸਤੇ ਅਸੀਂ ਆਪਣੇ ਫੋਨ ਨੂੰ ਰੀਸੈਟ ਕਰ ਦਿੰਦੇ ਹਾਂ। ਅੱਜ ਦੀ ਤਾਰੀਖ ਵਿੱਚ ਕੁਦਰਤ ਨੇ ਵੀ ਅਜਿਹਾ ਹੀ ਕੀਤਾ ਹੈ।

ਅੱਜ ਦੇ ਹਾਲਾਤ ਵਿੱਚ ਸਾਰੀ ਦੁਨੀਆਂ ਦੇ ਲੋਕ ਵਿਗਿਆਨਕ ਤਰੱਕੀ ਦੇ ਨਾਮ ਤੇ ਕੁਦਰਤ ਨਾਲ ਖਿਲਵਾੜ ਕਰਨ ਲੱਗੇ ਹੋਏ ਹਨ। ਕਈ ਲੋਕ ਆਪਣੇ ਨਿਜੀ ਮੁਨਾਫਿਆਂ ਲਈ ਲੋਕਾਈ ਨਾਲ ਲੁੱਟ-ਘਸੁੱਟ ਕਰਨ ਲੱਗੇ ਹੋਏ ਹਨ। ਮਿੰਟ-ਮਿੰਟ ਬਾਅਦ ਹਰ ਦੇਸ਼ ਦੇ ਏਅਰਪੋਰਟ ਤੋਂ ਆਕਾਸ਼ ਵਿੱਚ ਉਡਦੇ ਜਹਾਜਾਂ ਨੇ ਸਾਰੇ ਅਕਾਸ਼ ਦੀ ਹਵਾ ਪਲੀਤ ਕਰ ਰੱਖੀ ਹੈ। ਤਰੱਕੀ ਦੇ ਨਾਮ ਤੇ ਸਰਕਾਰਾਂ ਵੱਲੋਂ ਵੇਚੀਆਂ ਜਾ ਰਹੀਆਂ ਸੜਕਾਂ ਤੇ ਰੋਡ ਚੋੜੇ ਕਰਨ ਦੇ ਬਹਾਨੇ ਕਈ ਦੇਸ਼ਾ ਵੱਲੋਂ ਕੱਟੇ ਗਏ ਕਰੋੜਾਂ ਦਰਖਤਾਂ ਨਾਲ ਕੁਦਰਤ ਨਾਲ ਖਿਲਵਾੜ ਹੋ ਰਿਹਾ ਹੈ। ਚੀਨ ਅਤੇ ਇਸ ਵਰਗੇ ਹੋਰ ਕਈ ਦੇਸ਼ਾ ਵਿੱਚ ਆਪਣੇ ਵਪਾਰ ਨੂੰ ਸਾਰੀ ਦੁਨੀਆਂ ਵਿੱਚ ਫੈਲਾਉਣ ਦੇ ਮਨਸੂਬਿਆ ਕਾਰਨ ਸਮੁੰਦਰ ਵਿਚ ਚੱਲ ਰਹੇ ਵੱਡੇ-ਵੱਡੇ ਸਮੁੰਦਰੀ ਜਹਾਜ਼ਾ ਕਾਰਨ ਸਮੁੰਦਰ ਵਿੱਚ ਉਥਲ-ਪੁਥਲ ਕੀਤੀ ਜਾ ਰਹੀ ਸੀ। ਚੀਨ ਵਰਗੇ ਦੇਸ਼ਾ ਦੇ ਲੋਕ ਰਾਕਸ਼ਸਾ ਵਾਲੀਆ ਭੈੜੀਆ ਪ੍ਰਵਿਰਤੀ ਰੱਖਦੇ ਹੋਏ ਕੁਦਰਤੀ ਜੀਵ ਜੰਤੂਆ ਨੂੰ ਜਿਉਂਦਿਆਂ ਨੂੰ ਖਾਂ ਜਾਦੇ ਹਨ। ਸਾਰੀ ਦੁਨੀਆਂ ਆਪਣੇ ਕੰਮਾ ਕਾਰਾਂ ਵਿੱਚ ਵਿਅਸਤ ਹੋਈ ਪਈ ਹੈ, ਅੱਜ ਕੋਈ ਵਿਅਕਤੀ ਆਪਣੇ ਬੁੱਢੇ ਮਾਪਿਆਂ ਕੋਲ ਬੈਠ ਕੇ ਉਨ੍ਹਾ ਨਾਲ ਕੋਈ ਗੱਲ ਨਹੀਂ ਕਰ ਰਿਹਾ ਸੀ, ਬੱਚੇ ਫੋਨਾਂ ਨਾਲ ਖੇਡ ਰਹੇ ਸਨ ਕਿਉਂਕਿ ਮਾਪਿਆਂ ਕੋਲ ਆਪਣੇ ਬੱਚਿਆ ਨਾਲ ਖੇਡਣ ਦਾ ਟਾਈਮ ਨਹੀਂ ਸੀ। ਪਤੀ-ਪਤਨੀ ਆਪੋ ਆਪਣੇ ਕੰਮਾਂ ਵਿੱਚ ਵਿਅਸਤ ਸੀ ਉਨ੍ਹਾ ਕੋਲ ਇਕ ਦੂਜੇ ਨਾਲ ਕਿਸੇ ਕਿਸਮ ਦੀ ਕੋਈ ਵਿਚਾਰ ਕਰਨ ਦਾ ਟਾਈਮ ਨਹੀਂ ਸੀ। ਕਿਸੇ ਕੋਲ ਇਕ ਦੂਜੇ ਨੂੰ ਸਮਝਣ ਦਾ ਟਾਈਮ ਨਹੀਂ ਸੀ ਜਿਸ ਕਾਰਨ ਰਿਸ਼ਤੇ, ਨਾਤੇ ਟੁਟਦੇ ਜਾ ਰਹੇ ਸਨ।

ਇਸ ਸਭ ਕੁੱਝ ਦੇ ਬਚਾਅ ਲਈ ਜਰੂਰੀ ਸੀ ਇੱਕ ਖੜੋਤ। ਪਰ ਇਹ ਕਿਵੇਂ ਸੰਭਵ ਸੀ। ਅਸੀਂ ਕਦੇ ਕਲਪਨਾ ਵੀ ਨਹੀਂ ਕਰ ਸਕਦੇ ਸੀ ਕਿ ਇਸ ਤਰ੍ਹਾਂ ਕੋਈ ਸਾਰੇ ਸੰਸਾਰ ਨੂੰ ਰੋਕ ਦੇਵੇਗਾ। ਦੁਨੀਆਂ ਦੇ ਕਿਸੇ ਵੀ ਰਾਜੇ ਮਹਾਰਾਜੇ ਵਿੱਚ ਸੀ ਸਕਤੀ ਅਜਿਹਾ ਕਰਨ ਦੀ ? ਪਰ ਕੁਦਰਤ ਨੇ ਕੁੱਝ ਪਲਾ ਵਿੱਚ ਇਹ ਸਭ ਕੁੱਝ ਕਰਨ ਲਈ ਮਜਬੂਰ ਕਰ ਦਿੱਤਾ। ਇਹ ਹੈ ਕੁਦਰਤ ! ਕੁਦਰਤ ਨੇ ਕਰੋਨਾ ਵਰਗੀ ਮਹਾ-ਮਾਰੀ ਦੇ ਬਹਾਨੇ ਦੁਨੀਆਂ ਨੂੰ ਰੀਸੈਟ ਕਰ ਦਿੱਤਾ।
ਕੁਦਰਤ ਨੂੰ ਨਾ ਮੰਨਣ ਵਾਲੇ ਲੋਕ ਕਹਿਣਗੇ ਕਿ ਇਹ ਮਹਾਮਾਰੀ ਤਾਂ ਚੀਨ ‘ਚੋ ਆਈ ਹੈ, ਕੁਦਰਤ ਨੇ ਨਹੀਂ ਲਿਆਂਦੀ ! ਪਰ ਯਾਦ ਰੱਖਿਓ ਕਿ ਕੁਦਰਤ ਹਮੇਸ਼ਾ ਕੋਈ ਨਾ ਕੋਈ ਬਹਾਨਾ ਬਣਾਉਂਦੀ ਹੈ। ਚੀਨ ਜਿਹੜਾ ਸਾਰੀ ਦੁਨੀਆਂ ਨਾਲ ਆਪਣੇ ਬਣਾਏ ਸਾਮਾਨ ਦਾ ਵਪਾਰ ਕਰਦਾ ਸੀ ਉਹ ਕਦੋਂ ਚਾਹੁੰਦਾ ਸੀ ਕਿ ਹੁਣ ਸਾਰੀ ਦੁਨੀਆਂ ਉਸ ਨੂੰ ਲਾਹਨਤਾਂ ਪਾਵੇ। ਚੀਨ ਨੇ ਨਕਲੀ ਚੰਦ ਬਣਾ ਕੇ ਕੁਦਰਤ ਦੀ ਰੀਸ ਕਰਨੀ ਸ਼ੁਰੂ ਕਰ ਦਿੱਤੀ ਸੀ। ਉਹ ਆਪ ਰੱਬ ਬਣ ਕੇ ਬੈਠ ਗਿਆ ਸੀ। ਇਸ ਲਈ ਰੱਬ ਨੇ ਚੀਨ ਨੂੰ ਇੱਕ ਟਰੇਲਰ ਵਿਖਾਇਆ ਹੈ ਕਿ ਕੁਦਰਤ ਚਾਹੇ ਤਾਂ ਪਲ ਵਿੱਚ ਸਭ ਅਸਤ-ਵਿਅਸਤ ਕਰ ਸਕਦੀ ਹੈ।

ਕੋਈ ਕਹਿ ਰਿਹਾ ਹੈ ਕਿ ਕਰੋਨਾ ਰਾਈਰਸ ਚਮਗਾਦੜ ਦੇ ਸੂਪ ‘ਚੋਂ ਆਇਆ ਹੈ। ਕੋਈ ਕਹਿ ਰਿਹਾ ਹੈ ਕਿ ਚੀਨ ਕੋਈ ਖਤਰਨਾਕ ਪ੍ਰਮਾਣੂ ਬਣਾ ਰਿਹਾ ਸੀ ਉਹ ਲੀਕ ਹੋ ਗਿਆ। ਕਈ ਪੁਰਾਣੇ ਬਜੂਰਗਾਂ ਤੋਂ ਸੁਣੀਆਂ ਹੈ ਕਿ ੧੯੬੫ ਦੀ ਜੰਗ ਵੇਲੇ ਚੀਨ ਨੇ ਕੁੱਝ ਨਕਲੀ ਆਰਮੀ ਮੈਨ (ਫੋਜੀ) ਬਣਾ ਕੇ ਸਰਹੰਦ ਤੇ ਬਿਠਾ ਦਿਤੇ ਸੀ ਜਿਹੜੇ ਰਿਮੋਟ ਤੇ ਚਲਦੇ ਸਨ। ਮਰਦਾ ਤਾਂ ਉਹ ਵਿਅਕਤੀ ਹੈ ਜਿਸ ਵਿੱਚ ਜਾਨ ਹੁੰਦੀ ਹੈ, ਬੇ-ਜਾਨ ਚੀਜ ਕਿਵੇਂ ਮਰੇਗੀ ਇਸ ਕਾਰਨ ਚੀਨ ਦੇ ਨਕਲੀ ਫੋਜੀ ਜੰਗ ਵਿੱਚ ਕਈ-ਕਈ ਫੋਜਾ ਨੂੰ ਮਾਤ ਪਾਉਦੇ ਰਹੇ। ਇਸੇ ਆਧਾਰ ਤੇ ਚੀਨ ਵਾਈਰਸ ਤਿਆਰ ਕਰ ਰਿਹਾ ਸੀ ਕਿ ਲੜਾਈਆ ਕਰਨ ਦੇ ਬਜਾਏ ਵਾਈਰਸ ਨਾਲ ਹੀ ਜੰਗਾਂ ਜਿੱਤੀਆਂ ਜਾ ਸਕਣ ਅਤੇ ਹੋ ਉਲਟ ਗਿਆ। ਉਨ੍ਹਾ ਦਾ ਵਾਈਰਸ ਲੀਕ ਹੋ ਕੇ ਸਭ ਤੋਂ ਪਹਿਲਾ ਉਨ੍ਹਾ ਤੇ ਹੀ ਭਾਰੂ ਪੈ ਗਿਆ। ਖੈਰ! ਇਨ੍ਹਾ ਗੱਲਾ ਵਿੱਚ ਕਿੰਨੀ ਸਚਾਈ ਹੈ ਇਹ ਤਾਂ ਟਾਈਮ ਪੈ ਕੇ ਹੀ ਪਤਾ ਲੱਗੇਗਾ। ਅੱਜ ਤਾਂ ਸਾਰੀ ਦੁਨੀਆ ਦੀ ਲੜਾਈ ਕਰੋਨਾ ਵਾਈਰਸ ਨਾਲ ਹੈ।
ਰੱਬ ਦੀ ਹੋਦ ਨਾ ਮੰਨਣ ਵਾਲੇ ਅੱਜ ਰੌਲਾ ਪਾ ਰਹੇ ਹਨ ਕਿ ਗੁਰਦੁਆਰੇ ਬਹੁਤ ਬਣ ਗਏ, ਮੰਦਿਰ ਬਹੁਤ ਬਣਾ ਲਏ ਸਾਨੂੰ ਚਾਹੀਦਾ ਸੀ ਕਿ ਅਸੀਂ ਹਸਪਤਾਲ ਬਣਾਉਂਦੇ ਤਾਂ ਆਹ ਦਿਨ ਨਾ ਵੇਖਣੇ ਪੈਦੇ। ਭਲਿਓ ਮਾਨਸੋ! ਜਰਾ ਸੋਚੋ? ਜਿਥੋਂ ਇਹ ਬੀਮਾਰੀ ਆਈ ਹੈ ‘ਚੀਨ’ ਉਥੇਂ ਤਾਂ ਕੋਈ ਗੁਰਦੁਆਰਾ ਵੀ ਨਹੀਂ ਹੈ, ਕੋਈ ਮੰਦਿਰ ਵੀ ਨਹੀਂ ਹੈ ਤੇ ਹਸਪਤਾਲ ਵੀ ਵਾਧੂ ਹਨ। ਡਾਕਟਰੀ ਸਹੂਲਤਾ ਬੇਸ਼ੁਮਾਰ ਹਨ। ਫਿਰ ਉਥੇਂ ਇਹ ਬੀਮਾਰੀ ਕਿਵੇਂ ਆ ਗਈ। ਜੋ ਹੋਣਾ ਹੈ ਉਹ ਹੋਣਾ ਹੈ, ਜੋ ਕੁਦਰਤ ਨੇ ਕਰਨਾ ਹੈ ਉਸ ਨੂੰ ਕੋਈ ਵਿਗਿਆਨੀ ਨਹੀਂ ਰੋਕ ਸਕਦਾ। ਮੈਂ ਇਹ ਨਹੀਂ ਕਹਿੰਦਾ ਕਿ ਹਸਪਤਾਲ ਨਾ ਬਣਾਓ, ਜੰਮ-ਜੰਮ ਬਣਾਓ। ਪਰ ਹਸਪਤਾਲ ਆਪਣੀ ਜਗ੍ਹਾ ਹਨ, ਗੁਰਦੁਆਰਾ, ਮਸਜਿਦ, ਚਰਚ ਤੇ ਮੰਦਿਰ ਆਪਣੀ ਜਗ੍ਹਾ। ਪੰਜਾਬ, ਸਾਰਾ ਭਾਰਤ ਹੀ ਕਹਿ ਲਵੋ (ਦਿੱਲੀ ਨੂੰ ਛੱਡ ਕੇ) ਇਸ ਵਿੱਚ ਜਿਹੜੇ ਹਸਪਤਾਲ ਬਣੇ ਹੋਏ ਹਨ ਉਨ੍ਹਾਂ ਵਿੱਚ ਕੀ ਸਹੂਲਤਾਂ ਹਨ? ਇਕੱਲੀਆਂ ਹਸਪਤਾਲਾ ਦੀ ਬਿਲਡਿੰਗਾਂ ਬਣਾਉਣ ਨਾਲ ਤਾਂ ਹੱਲ ਨਹੀਂ ਹੋਣਾ! ਖਾਲਸਾ ਏਡ ਵਰਗੀਆਂ ਸੰਸਥਾਵਾਂ ਨੂੰ ਕਹਿ ਕੇ ਵੇਖੋ! ਅੱਜ ਪੰਜਾਬ ਵਿੱਚ ੧੦੦ ਹਸਪਤਾਲ ਖੜਾ ਕਰ ਦੇਣਗੀਆਂ, ਪਰ ਇਨ੍ਹਾ ਨੂੰ ਚਲਾਓ ਕੌਣ? ਡਾਕਟਰ ਕਿਥੋਂ ਆਉਣਗੇ? ਲੈਬਾ ਤਾਂ ਬਣ ਜਾਣਗੀਆਂ ਪਰ ਲੈਬ ਟੈਕਨੀਸੀਅਨ ਕਿਥੋਂ ਲਿਆਉਗੇ।

ਜੇਕਰ ਚੀਨ ਵਿੱਚ ਗੁਰਦੁਆਰੇ, ਮਸਜਿਦ, ਚਰਚ ਤੇ ਮੰਦਿਰ ਹੁੰਦੇ ਤਾਂ ਘੱਟੋ-ਘੱਟ ਅੱਧੇ ਲੋਕ ਤਾਂ ਧਰਮ ਦੇ ਪ੍ਰਭਾਵ ਥੱਲੇ ਆ ਕੇ ਜਿਆਉਦੇਂ ਜੀਵ ਜੰਤੂ ਨਾ ਖਾਦੇ ਹੁੰਦੇ। ਫਿਰ ਸਾਈਦ ਅਜਿਹੀ ਮਹਾ-ਮਾਰੀ ਨਾ ਹੀ ਫੈਲਦੀ। ਜਿਉਂਦੇ ਜੀਵਾ ਨੂੰ ਖਾਣ ਵਾਲੇ ਲੋਕਾਂ ਵਿੱਚ ਕਿਸੇ ਲਈ ਕਦੇ ਕੋਈ ਦਿਆ ਭਾਵਨਾ ਹੋ ਸਕਦੀ ਹੈ? ਜਿਹੜੇ ਜਿਉਂਦੇ ਜੀਵ ਜੰਤੂਆ ਨੂੰ ਖਾ ਸਕਦੇ ਹਨ ਉਹ ਇਨਸਾਨ ਨੂੰ ਵੀ ਖਾ ਸਕਦੇ ਹਨ। ਜਿਹੜੇ ਰਾਕਸ਼ਸਾਂ ਦੀਆਂ ਆਪਾਂ ਕਹਾਣੀਆਂ ਪੜ੍ਹਦੇ ਸੁਣਦੇ ਹਾਂ ਉਹ ਸਿੰਗਾ ਵਾਲੇ ਨਹੀਂ ਹੁੰਦੇ, ਉਹ ਅਜਿਹੇ ਲੋਕ ਹੀ ਹੁੰਦੇ ਹਨ। ਧਰਮ ਨਾਲ ਜੁੜੇ ਲੋਕ ਫਿਰ ਵੀ ਦਿਆ, ਭਾਵਨਾ ਅਤੇ ਦਾਨ ਪੁੰਨ ਵਾਲੇ ਬਣਦੇ ਹਨ।

ਜਿਨ੍ਹਾ ਨਿਯਮਾਂ ਦੀ ਪਾਲਣਾ ਅਸੀਂ ਅੱਜ ਕਰੋਨਾ ਦੀ ਮਹਾਮਾਰੀ ਦੇ ਡਰੋਂ ਕਰ ਰਹੇ ਹਾਂ ਅਜਿਹੇ ਨਿਯਮ ਸਾਡੇ ਗੁਰੂ ਸਾਹਿਬਾਨ ਸਾਡੇ ਲਈ ਸੈਕੜੇ ਸਾਲ ਪਹਿਲਾਂ ਬਣਾ ਗਏ ਸਨ। ਪਰ ਉਨ੍ਹਾ ਦੀਆਂ ਸਖਿਆਵਾਂ ਵੱਲ ਅਸੀਂ ਧਿਆਨ ਨਹੀਂ ਦਿੰਦੇ। ਉਨ੍ਹਾ ਨੇ ਨਿਯਮ ਬਣਾਇਆ ਸੀ ਕਿ ਹੱਥ ਸੁਚੇ ਰੱਖਣੇ ਭਾਵ ਵਾਰ-ਵਾਰ ਹੱਥ ਧੋਣੇ, ਕਿਸੇ ਨੂੰ ਹੱਥ ਮਿਲਾ ਕੇ ਮਿਲਣ ਦੀ ਜਗਾ ਹੱਥ ਜੋੜ ਕੇ ਫਤਹਿ ਬੁਲਾਉਣੀ, ਕਿਸੇ ਨਸ਼ੇ ਕਰਨ ਵਾਲੇ ਬੰਦੇ ਦੇ ਹੱਥ ਦਾ ਬਣਿਆ ਭੋਜਣ ਨਾ ਛਕਣਾ, ਆਪਣਾ ਬਰਤਨ ਆਪ ਸਾਫ ਕਰਣਾ, ਟੂਟੀ/ ਨਲਕੇ ਤੋਂ ਜਲ ਛਕਣ ਲੱਗਿਆ ਪਹਿਲੇ ਟੂਟੀ ਨੂੰ ਮਾਂਝਣਾ, ਖੰਘਣ ਜਾਂ ਛਿਕ ਮਾਰਣ ਲੱਗੇ ਮੂੰਹ ਅੱਗੇ ਕੱਪੜਾ ਕਰਣਾ, ਕਿਸੇ ਨਾਲ ਖਾਣਾ ਨਾ ਖਾਣਾ। ਅੱਜ ਇਹ ਸਭ ਸਲਾਹਾਂ ਡਾਕਟਰ ਦੇ ਰਹੇਂ ਹਨ ਤਾਂ ਅਸੀਂ ਇਹ ਠੀਕ ਮੰਨਣ ਲੱਗ ਪਏ ਜਾਂ ਮਜਬੂਰੀ ਕਾਰਨ ਇਹ ਸਭ ਕਰਨ ਲੱਗ ਪਏ।

ਅੱਜ ਦੁਨੀਆਂ ਭਰ ਵਿੱਚ ਮਾਨਵਤਾ ਦੀ ਸੇਵਾ ਨਿਭਾਉਣ ਵਾਲੇ ਲੋਕ ਗੁਰਦੁਆਰਾ ਸਾਹਿਬ, ਮਸਜਿਦ, ਚਰਚ ਤੇ ਮੰਦਿਰਾ ਨਾਲ ਸਬੰਧਿਤ ਹਨ। ਉਹ ਬਿਨਾਂ ਕਿਸੇ ਭੇਦ-ਭਾਵ ਦੇ ਸੇਵਾ ਕਰਦੇ ਹਨ। ਕੱਟੜਤਾ ਤੇ ਵਿਖਾਵਾ ਕਰਨ ਵਾਲਿਆ ਦਾ ਕੋਈ ਧਰਮ ਨਹੀਂ ਹੁੰਦਾ, ਉਨ੍ਹਾ ਦੀ ਸੇਵਾ ਵੀ ਨੇਫਲ ਹੁੰਦੀ ਹੈ। ਅੱਜ ਦੁਨੀਆਂ ਭਰ ਵਿੱਚ ਲੋਕਾਂ ਨੂੰ ਸਰਨ ਦੇਣ ਲਈ ਗੁਰਦੁਆਰਾ ਸਾਹਿਬ ਹੀ ਕੰਮ ਆ ਰਹੇ ਹਨ। ਰੱਬ ਨਾ ਕਰੇ ਜੇਕਰ ਮਹਾਮਾਰੀ ਫੈਲਦੀ ਹੈ ਤਾਂ ਲੰਗਰ ਗੁਰਦੁਆਰਾ ਸਾਹਿਬ ਵਿੱਚੋਂ ਹੀ ਆਉਣਗੇ ਅਤੇ ਲੰਗਰ ਬਣਾਉਣ ਤੇ ਵਰਤਾਉਣ ਦੀ ਸੇਵਾ ਵੀ ਗੁਰੂ ਘਰ ਦੀਆਂ ਸੰਗਤਾ ਹੀ ਨਿਭਾਉਣਗੀਆਂ। ਪ੍ਰਮਾਤਮਾ ਕਰੇ ਅਜਿਹਾ ਮੌਕਾ ਨਾ ਆਵੇ। ਅਸੀਂ ਲੰਗਰ ਖੁਸ਼ੀ ਅਤੇ ਸ਼ੁਕਰਾਨੇ ਵਜੋਂ ਹੀ ਲਾਈਏ।
ਮੰਨੋ ਜਾਂ ਨਾ ਮੰਨੋ ਪਰ ਅਰਦਾਸ ਵਿੱਚ ਸ਼ਕਤੀ ਹੈ। ਸਾਡੇ ਭਾਰਤ ਕੋਲ ਕੀ ਸਹੂਲਤਾਂ ਹਨ? ਜੇਕਰ ਇਥੇ ਮਹਾ-ਮਾਰੀ ਫੈਲ ਜਾਦੀ ਤਾਂ ਮਿੰਟਾ ਵਿੱਚ ਪਰਲੋ ਆ ਜਾਣੀ ਸੀ। ਸਾਡੀਆਂ ਸਹੂਲਤਾਂ ਦੇ ਮੁਕਾਬਲੇ ਸਾਡੀ ਆਬਾਦੀ ਇੰਨੀ ਹੈ ਕਿ ਅਸੀਂ ਕਿਸੇ ਬੀਮਾਰੀ ਦਾ ਮੁਕਾਬਲਾ ਨਹੀਂ ਕਰ ਸਕਦੇ। ਸਾਨੂੰ ਸਿਰਫ ਅਰਦਾਸਾ ਹੀ ਬਚਾ ਰਹੀਆਂ ਹਨ। ਸਿਆਣਿਆਂ ਨੇ ਕਿਹਾ ਹੈ ਕਿ ਸਵੇਰ ਦਾ ਭੁੱਲਿਆ ਜੇਕਰ ਸ਼ਾਮ ਨੂੰ ਘਰ ਮੁੜ ਆਵੇ ਉਸ ਨੂੰ ਭੁਲਿਆ ਨਹੀਂ ਕਹਿੰਦੇ। ਹੁਣ ਵੀ ਵੇਲਾ ਹੈ ਗੁਰੂ ਸਾਹਿਬ ਜੀ ਨੂੰ ਸਮਰੱਥ ਸਮਝਦੇ ਹੋਏ ਗੁਰ ਪੰਰਪਰਾਵਾਂ ਨੂੰ ਮੰਨੀਏ।

ਅਰਦਾਸਾਂ ਕਰੋ ਕਿ ਹੇ ਪ੍ਰਮਾਤਮਾ ਅਸੀਂ ਤੁਹਾਡੀ ਤਾਕਤ ਵੇਖ ਲਈ ਹੈ। ਤੁਸੀਂ ਦੁਨੀਆਂ ਰੀਸੈਟ ਕਰਨ ਲਈ ਜੋ ਖੜੋਤ ਲਿਆਦੀ ਮਹਾ-ਮਾਰੀ ਦੇ ਬਹਾਨੇ ਉਹ ਮਹਾ-ਮਾਰੀ ਦੂਰ ਕਰੋ। ਅੱਜ ਕੁਦਰਤ ਨੇ ਥੋੜਾ ਹੱਥ ਵਿਖਾਇਆ ਹੈ ਤਾਂ ਇਸ ਬ੍ਰਹਿਮੰਡ ਦੀਆਂ ਗਲੀਆਂ ਖਾਲੀ ਹੋ ਗਈਆਂ ਹਨ। ਪੂਰੀ ਦੁਨੀਆਂ ਵਿੱਚ ਸਾਰੇ ਰੁੱਖ ਸ਼ੁੱਧ ਹਵਾ ਵਿੱਚ ਝੂਲ ਰਹੇ ਹਨ। ਸਮੁੰਦਰੀ ਜਹਾਜ ਸਮੁੰਦਰ ਦੇ ਪਾਣੀ ਵਿਚ ਉਥਲ-ਪੁਥਲ ਨਹੀਂ ਕਰ ਰਹੇ, ਕੋਈ ਵੀ ਹੁਣ ਸਮੁੰਦਰ ਦੇ ਪਾਣੀ ਨੂੰ ਗੰਦਾ ਨਹੀਂ ਕਰ ਰਿਹਾ ਹੈ। ਲੋਕ ਜੀਵ ਹੱਤਿਆ ਨੂੰ ਬੰਦ ਕਰਕੇ ਸ਼ਾਕਾਹਾਰੀ ਭੋਜਨ ਖਾਣ ਲੱਗੇ ਹਨ। ਵੈਨੇਸ ਦੇਸ਼ ਵਿੱਚ ਨਹਿਰਾਂ ਦੇ ਪਾਣੀ ਦਾ ਰੰਗ ਨੀਲਾ ਹੋ ਗਿਆ ਹੈ। ਜਪਾਨ ਦੀਆਂ ਗਲੀਆਂ ਵਿੱਚ ਹਿਰਨ ਦਿਖਾਈ ਦੇ ਰਹੇਂ ਹਨ। ਥਾਈਲੈਂਡ ਵਿੱਚ ਬਾਦਰ ਸੈਰ ਸਪਾਟਾ ਕਰ ਰਹੇ ਹਨ। ਸਾਰੀ ਦੁਨੀਆਂ ਦੇ ਦੇਸ਼ਾ ਵਿੱਚ ਖਾਸ ਕਰਕੇ ਚੀਨ ਵਿੱਚ ਪ੍ਰਦੂਸ਼ਨ ਦੀ ਰਿਕਾਰਡ ਤੋੜ ਗਿਰਾਵਟ ਹੋ ਗਈ ਹੈ। ਮਨੁੱਖਾ ਦੇ ਅੰਦਰ ਵੜ ਜਾਣ ਕਾਰਨ ਕੁਦਰਤੀ ਦੇ ਜੀਵ ਜੰਤੂਆ ਨੇ ਟਹਿਲਨਾ ਸ਼ੁਰੂ ਕਰ ਦਿੱਤਾ ਹੈ। ਅੱਜ ਕਈ ਹਮੇਸ਼ਾ ਵਿਅਸਤ ਰਹਿਣ ਵਾਲੇ ਵਿਅਕਤੀ ਆਪਣੇ ਬੁੱਢੇ ਮਾਪਿਆਂ ਕੋਲ ਬੈਠ ਕੇ ਉਨ੍ਹਾ ਨਾਲ ਗੱਲਾਂ ਕਰ ਰਹੇ ਹਨ, ਨਿੱਕੇ ਬੱਚੇ ਆਪਣੇ ਮੰਮੀ-ਪਾਪਾ ਨਾਲ ਖੇਡ ਰਹੇ ਹਨ, ਪਤੀ-ਪਤਨੀ ਇਕ ਦੂਜੇ ਨਾਲ ਸਮਾਂ ਬਿਤਾ ਰਹੇ ਹਨ।

ਹੋਰ ਤਾਂ ਹੋਰ ਅੱਜ ਨਸ਼ਾ ਤਸਕਰਾਂ ਦੀ ਚੈਨ ਵੀ ਟੁੱਟ ਗਈ ਹੋਵੇਗੀ। ਨਸ਼ਈ ਲੋਕ ਵੀ ਨਸ਼ੇ ਤੋਂ ਬਗੈਰ ਜਿਉਣ ਦੇ ਯੋਗ ਬਣ ਚੱਲੇ ਹੋਣਗੇ। ਇਹ ਸਭ ਸਾਡੇ ਵੱਸ ਦਾ ਰੋਗ ਨਹੀਂ ਸੀ। ਬੰਦੇ ਦੀ ਕੀ ਔਕਾਤ ਹੈ ਕਿ ਉਹ ਕਿਸੇ ਵੀ ਤਰੀਕੇ ਕੁੱਦਰਤ ਦਾ ਸੰਤੁਲਨ ਕਰ ਸਕੇ। ਇਹ ਸਭ ਕੁਦਰਤ ਦੀਆਂ ਖੇਡਾਂ ਹਨ।

ਭਵਨਦੀਪ ਸਿੰਘ ਪੁਰਬਾ
(ਮੁੱਖ ਸੰਪਾਦਕ ‘ਮਹਿਕ ਵਤਨ ਦੀ ਲਾਈਵ’ ਬਿਓਰੋ)
ਅਜੀਤ ਨਗਰ, ਮੋਗਾ (ਪੰਜਾਬ)

Leave a Reply

Your email address will not be published. Required fields are marked *

%d bloggers like this: