Tue. Jun 25th, 2019

ਕੁਦਰਤ ਚੋਂ ਉਪਜੀਆਂ ਕਾਢਾਂ ਕੁਦਰਤ ‘ਤੇ ਭਾਰੀ

ਕੁਦਰਤ ਚੋਂ ਉਪਜੀਆਂ ਕਾਢਾਂ ਕੁਦਰਤ ‘ਤੇ ਭਾਰੀ

ਇਸ ਇੱਕੀਵੀਂ ਸਦੀ ਦੇ ਦੌਰ ਵਿੱਚ ਮਨੁੱਖ ਤਕਨਾਲੋਜੀ ਦੇ ਖੇਤਰ ਵਿੱਚ ਇਸ ਕਦਰ ਬੁਲੰਦੀਆਂ ਨੂੰ ਛੋਹ ਰਿਹਾ ਹੈ ਕਿ ਕੋਈ ਵੀ ਚੀਜ ਮਨੁੱਖ ਲਈ ਨਾ ਮੁਮਕਿਨ ਨਹੀਂ ਰਹੀ। ਕੋਈ ਸਮਾਂ ਸੀ ਜਦੋਂ ਮਨੁੱਖ ਜੰਗਲਾਂ ‘ਚ ਰਹਿੰਦਾ ਸੀ ਅਤੇ ਕੁਦਰਤ ਤੋਂ ਡਰਦਾ ਸੀ। ਪਰ ਜਿਵੇਂ ਸਿਆਣੇ ਕਹਿੰਦੇ ਨੇ ਕਿ ਲੋੜ ਕਾਢ ਦੀ ਮਾਂ ਹੈ ਉਸ ਤਰ੍ਹਾਂ ਪਹੀਏ ਧਾਤਾਂ ਦੀ ਖੋਜ ਤੋਂ ਸ਼ੁਰੂ ਹੋਇਆ ਮਨੁੱਖ ਅੰਤਰਿਕਸ਼ ਵਿੱਚ ਨਵੀਆਂ ਨਵੀਆਂ ਖੋਜਾਂ ਵਿੱਚ ਜੁਟਿਆ ਹੋਇਆ ਹੈ।
ਭਾਵੇਂ ਵਿਗਿਆਨ ਦੀਆਂ ਕਾਢਾਂ ਜਿਵੇਂ ਮੋਬਾਈਲ, ਕੰਪਿਊਟਰ, ਫਰਿੱਜ, ਏਅਰ ਕੰਡੀਸ਼ਨਰ ਆਦਿ ਜਿਹੀਆਂ ਅਣਗਿਣਤ ਕਾਡਾਂ ਨੇ ਮਨੁੱਖੀ ਜੀਵਨ ਸੁਖਾਲਾ ਕਰ ਦਿੱਤਾ ਹੈ ਪਰ ਇਹਨਾਂ ਕਾਡਾਂ ਨੇ ਮਨੁੱਖ ਨੂੰ ਕੁਦਰਤ ਤੋਂ ਵੀ ਦੂਰ ਕੀਤਾ ਹੈ । ਅੱਜ ਦੇ ਸਮੇਂ ਵਿੱਚ ਮੋਬਾਈਲ ਫ਼ੋਨ ਸੰਚਾਰ ਦਾ ਸਭ ਤੋਂ ਵਧੀਆਂ ਸਾਧਨ ਬਣ ਕੇ ਉਭਰਿਆ ਹੈ। ਇਸਦੀਆਂ ਅਨੇਕਾਂ ਐਪਲੀਕੇਸ਼ਨਾਂ
ਜਿੱਥੇ ਮਨੋਰੰਜਨ ਦਾ ਸਾਧਨ ਹਨ ਉੱਥੇ ਸਕਿੰਟਾਂ ਵਿੱਚ ਆਪਣਾ ਸੁਨੇਹਾ ਦੂਰ ਦੁਰਾਡੇ ਪਹੁੰਚਾ ਦਿੰਦੀਆਂ ਹਨ। ਪਰ ਜੇ ਦੂਸਰੇ ਪੱਖ ਤੋਂ ਵੇਖੀਏ ਤਾਂ ਇਸ ਕਾਢ ਨੇ ਜੋੜਨ ਦੇ ਨਾਲ – ਨਾਲ ਤੋੜਨ ਦਾ ਵੀ ਕੰਮ ਕੀਤਾ ਹੈ। ਲੋਕ ਬੱਸਾਂ, ਗੱਡੀਆਂ ਜਾਂ ਘਰਾਂ ਵਿੱਚ ਆਪਸੀ ਗੱਲਬਾਤ ਕਰਨ ਦੀ ਬਜਾਏ ਮੋਬਾਈਲ ‘ਤੇ ਚੈਟਿੰਗ ਕਰਦੇ ਨਜ਼ਰ ਆਉਂਦੇ ਹਨ। ਰਿਸ਼ਤੇਦਾਰੀ ‘ਚ ਮਿਲਣ ਜਾਣ ਨਾਲੋਂ ਫ਼ੋਨ ‘ਤੇ ਗੱਲ ਕਰਨ ਨੂੰ ਹੀ ਅਹਿਮੀਅਤ ਦਿੱਤੀ ਜਾਂਦੀ ਹੈ। ਮੋਬਾਈਲ ਗੇਮਾਂ ਨੇ ਬਚਪਨ ਦੀਆਂ ਖੇਡਾਂ ਅਤੇ ਮੈਦਾਨੀ ਖੇਡਾਂ ਖਤਮ ਕਰ ਦਿੱਤੀਆਂ ਹਨ। ਮੋਬਾਈਲ ਤੇ ਇੰਟਰਨੈਟ ਦੁਬਾਰਾ ਕਈ ਗਲਤ ਚੀਜਾਂ ਅਤੇ ਝੂਠੀਆਂ ਅਫਵਾਹਾਂ ਵੀ ਪ੍ਰਚਾਰੀਆਂ ਜਾਂਦੀਆਂ ਹਨ ਜੋ ਮਨੁੱਖ ਨੂੰ ਕੁਰਾਹੇ ਪਾਉਂਦੀਆਂ ਹਨ। ਇਸਦੇ ਨਾਲ ਹੀ ਥਾਂ-ਥਾਂ ਲੱਗੇ ਟਾਵਰ ਪੰਛੀਆਂ ਦੇ ਦਿਨ -ਬ – ਦਿਨ ਅਲੋਪ ਹੋਣ ਲਈ ਜਿੰਮੇਵਾਰ ਹਨ। ਇਹ ਬਹੁਤ ਸਾਰੀਆਂ ਬਿਮਾਰੀਆਂ ਨੂੰ ਵੀ ਜਨਮ ਦਿੰਦੇ ਹਨ। ਇਸ ਬਾਅਦ ਜੇ ਏਅਰ ਕੰਡੀਸ਼ਨਰ ਦੀ ਗੱਲ ਕਰੀਏ ਤਾਂ ਪਿਛਲੇ ਕੁੱਝ ਸਮੇਂ ਤੋਂ ਧਰਤੀ ‘ਤੇ ਵਧਦੇ ਤਾਪਮਾਨ ਨੂੰ ਦੇਖਦੇ ਹੋਏ ਗੱਡੀਆਂ ਬੱਸਾਂ ਅਤੇ ਘਰਾਂ ਵਿੱਚ ਏਅਰ ਕੰਡੀਸ਼ਨਰ ਦੀ ਸੁਵਿਧਾ ਨੂੰ ਤੀਬਰ ਗਤੀ ਨਾਲ ਉਪਯੋਗ ਵਿੱਚ ਲਿਆਂਦਾ ਜਾ ਰਿਹਾ ਹੈ। ਮਨੁੱਖ ਦੁਬਾਰਾ ਜਿੰਨੇ ਰੁੱਖ ਕੱਟੇ ਜਾ ਰਹੇ ਹਨ, ਓਨੇ ਲਗਾਏ ਨਹੀਂ ਜਾ ਰਹੇ। ਹਰ ਪੱਖੋਂ ਹੋ ਰਹੇ ਪ੍ਰਦੂਸ਼ਣ ਨਾਲ ਵਾਤਾਵਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਜਿਸ ਨਾਲ ਤਾਪਮਾਨ ਵਧਦਾ ਹੀ ਜਾ ਰਿਹਾ ਹੈ।ਹਰ ਵਾਰ ਤਾਪਮਾਨ ‘ਚ ਆਉਂਦੀ ਵੱਡੀ ਤਬਦੀਲੀ ਵੇਖ ਕੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਧਰਤੀ ‘ਤੇ ਚਹੁੰ ਪਾਸੇ ਰੇਗਿਸਤਾਨ ਹੀ ਰੇਗਿਸਤਾਨ ਨਜ਼ਰ ਆਵੇਗਾ। ਏਅਰ ਕੰਡੀਸ਼ਨਰ ਨਾਲ ਭਾਵੇਂ ਗਰਮੀ ਤੋਂ ਰਾਹਤ ਮਿਲਦੀ ਹੈ, ਗਰਮੀ ਦੇ ਝੁਲਸਾ ਦੇਣ ਵਾਲੇ ਰੂਪ ਤੋਂ ਬਚਾਅ ਹੋ ਜਾਂਦਾ ਹੈ। ਪਰ ਇਸ ਕਾਰਨ ਮਨੁੱਖ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਵੀ ਹੋ ਰਿਹਾ ਹੈ। ਏਅਰ ਕੰਡੀਸ਼ਨਰ ਦੇ ਤਾਪਮਾਨ ਦੇ ਘੱਟ ਦਬਾਅ ਕਾਰਨ ਸਿਰ ਦਰਦ, ਘਬਰਾਹਟ, ਅੱਖਾਂ ਦੀ ਖੁਜਲੀ, ਬਲੱਡ ਪ੍ਰੈਸ਼ਰ ਦੀਆਂ ਸੱਮਸਿਆਵਾਂ ਅਤੇ ਸੁਭਾਅ ‘ਚ ਚਿੜ੍ਹਚਿੜ੍ਹਪਨ ਆ ਜਾਂਦਾ ਹੈ। ਕੋਸ਼ਿਕਾਵਾਂ ਸੁੰਗੜ ਜਾਣ ਕਾਰਨ ਸਰੀਰ ਅੰਦਰ ਖੂਨ ਦਾ ਦਬਾਅ ਵੀ ਪ੍ਰਭਾਵਿਤ ਹੁੰਦਾ ਹੈ । ਇਸ ਤਰ੍ਹਾਂ ਸਿਰਫ ਗਰਮੀ ਤੋਂ ਰਾਹਤ ਦੇਣ ਵਾਲਾ ਏਅਰ ਕੰਡੀਸ਼ਨਰ ਅਨੇਕਾਂ ਰੋਗਾਂ ਦਾ ਜਨਮਦਾਤਾ ਬਣ ਚੁੱਕਿਆ ਹੈ। ਕੰਪਿਊਟਰ ਦੀ ਗੱਲ ਕਰੀਏ ਤਾਂ ਇਸਨੇ ਮਨੁੱਖੀ ਜੀਵਨ ਨੂੰ ਐਨਾ ਆਸਾਨ ਕਰ ਦਿੱਤਾ ਹੈ ਕਿ ਸ਼ਾਇਦ ਹੀ ਕੋਈ ਅਜਿਹਾ ਖੇਤਰ ਹੋਵੇ ਜਿੱਥੇ ਕੰਪਿਊਟਰ ਦੀ ਵਰਤੋਂ ਨਾ ਹੁੰਦੀ ਹੋਵੇ. ਸਕੂਲਾਂ, ਕਾਲਜਾਂ, ਬੈਂਕਾਂ, ਘਰਾਂ, ਤਹਿਸੀਲਾਂ, ਹਸਪਤਾਲਾਂ, ਕਚਹਿਰੀਆਂ ਆਦਿ ਹਰ ਖੇਤਰ ਵਿਚ ਕੰਪਿਊਟਰ ਮੋਹਰੀ ਬਣਿਆ ਹੋਇਆ ਹੈ। ਜਿੱਥੇ ਇਸਨੇ ਬਹੁਤ ਸਾਰੇ ਕੱਮਾਂ ਨੂੰ ਸਮੇਟ ਲਿਆ ਹੈ ਤੇ ਰੋਜਗਾਰ ਦਾ ਨਵਾਂ ਸਾਧਨ ਬਣਿਆ ਹੈ। ਉੱਥੇ ਇਸਨੇ ਬਹੁਤ ਸਾਰੇ ਲੋਕਾਂ ਦਾ ਰੁਜਗਾਰ ਵੀ ਖੋਹ ਲਿਆ ਹੈ। ਘਰਾਂ ਵਿੱਚ ਬੱਚੇ ਕੰਪਿਊਟਰ ਨਾਲ ਚਿਪਕੇ ਨਜ਼ਰ ਆਉਂਦੇ ਹਨ ਇਸ ਨਾਲ ਨਿਗ੍ਹਾ ਵੀ ਪ੍ਰਭਾਵਿਤ ਹੁੰਦੀ ਹੈ। ਜੇ ਅੱਗੇ ਗੱਲ ਕਰੀਏ ਫਰਿੱਜ ਦੀ ਤਾਂ ਫਰਿੱਜ ਸਾਨੂੰ ਠੰਡਾ ਪਾਣੀ ਦੇਣ ਦੇ ਨਾਲ ਨਾਲ ਜਿੱਥੇ ਦੁੱਧ, ਸਬਜ਼ੀ ਜਿਹੀਆਂ ਬਹੁਤ ਸਾਰੀਆਂ ਚੀਜਾਂ ਨੂੰ ਖਰਾਬ ਹੋਣ ਤੋਂ ਬਚਾਉਂਦਾ ਹੈ ਉੱਥੇ ਹੀ ਠੰਡਾ ਪਾਣੀ ਪੀਣ ਨਾਲ ਜ਼ੁਕਾਮ, ਗਲਾ ਖਰਾਬ, ਜਿਹੀਆਂ ਬਿਮਾਰੀਆਂ ਲਗਦੀਆਂ ਹਨ। ਜਦੋਂ ਅਸੀਂ ਠੰਡਾ ਪਾਣੀ ਪੀਂਦੇ ਹਾਂ ਤਾਂ ਸਰੀਰਕ ਊਰਜਾ ਉਸ ਪਾਣੀ ਦੇ ਤਾਪਮਾਨ ਨੂੰ ਕੰਟਰੋਲ ਕਰਨ ਵਿੱਚ ਲੱਗ ਜਾਂਦੀ ਹੈ ਜਿਸ ਨਾਲ ਪਾਚਨ ਕਿਰਿਆ ਪ੍ਰਭਾਵਿਤ ਹੁੰਦੀ ਹੈ। ਫਰਿੱਜ ਨੇ ਘੜੇ ਦੇ ਪਾਣੀ ਨੂੰ ਲਗਭਗ ਖਤਮ ਕਰ ਦਿੱਤਾ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਮਨੁੱਖ ਦੁਬਾਰਾ ਕੁਦਰਤ ਦੀ ਗੋਦ ‘ਚੋਂ ਕਰੀਆਂ ਕਾਢਾਂ ਭਾਵੇਂ ਮਨੁੱਖੀ ਜੀਵਨ ਲਈ ਲਾਹੇਵੰਦ ਸਿੱਧ ਹੋਈਆਂ ਹਨ ਪਰ ਇਹਨਾਂ ਦੇ ਬੁਰੇ ਪ੍ਰਭਾਵਾਂ ਨੇ ਮਨੁੱਖ ਨੂੰ ਕੁਦਰਤ ਤੋਂ ਦੂਰ ਕਰਨ ਦਾ ਕੰਮ ਕਰਿਆ ਹੈ । ਜਿਸ ਨਾਲ ਮਨੁੱਖ ਦਾ ਨਾਤਾ ਪਰਿਵਾਰਾਂ ਰਿਸ਼ਤੇਦਾਰਾਂ ਵਾਤਾਵਰਨ ਰੁੱਖਾਂ ਆਦਿ ਨਾਲ ਪਹਿਲਾਂ ਵਰਗਾ ਨਹੀਂ ਰਿਹਾ। ਇਸ ਲਈ ਜਰੂਰੀ ਹੈ ਕਿ ਹਰ ਕਾਢ ਦੀ ਵਰਤੋਂ ਬੇਲੋੜੀ ਨਾ ਕਰਕੇ ਸੀਮਿਤ ਰੂਪ ਵਿੱਚ ਕੀਤੀ ਜਾਵੇ ਤਾਂ ਜੋ ਮਨੁੱਖ ਦੁਬਾਰਾ ਬਣਾਈ ਤਕਨਾਲੋਜੀ ਮਨੁੱਖ ‘ਤੇ ਭਾਰੀ ਨਾ ਪਵੇ।

ਹਰਪ੍ਰੀਤ ਕੌਰ ਘੁੰਨਸ
ਮੋ:-97795-20195

Leave a Reply

Your email address will not be published. Required fields are marked *

%d bloggers like this: