Thu. Feb 20th, 2020

ਕੁਦਰਤ ਅਤੇ ਰੱਬ – ਇੱਕ ਵਿਚਾਰ-ਵਟਾਂਦਰਾ

ਕੁਦਰਤ ਅਤੇ ਰੱਬ – ਇੱਕ ਵਿਚਾਰ-ਵਟਾਂਦਰਾ

“ਕਈ ਵਾਰ ਮੈਂ ਸੋਚਦਾ ਹਾਂ ਕਿ ਅਸੀਂ ਇਨਸਾਨਾਂ ਨੇਂ ਧਰਤੀ ਤੇ ਜਨਮ ਕਿਉਂ ਲਿਆ ਹੈ, ਆਖਿਰ ਸਾਡਾ ਇਹ ਜਨਮ ਲੈਣ ਦਾ ਮਕਸਦ ਹੀ ਕੀ ਹੈ? ਸਾਨੂੰ ਇਹ ਜ਼ਿੰਦਗੀ ਦਿੱਤੀ ਕਿਸ ਨੇਂ ਹੈ? ਅਤੇ ਕਿਉਂ ਦਿੱਤੀ ਹੈ? ਸਾਡਾ ਜਿਉਂਣ ਦਾ ਮਕਸਦ ਕੀ ਹੈ? ਇਹ ਸਾਰੇ ਸਵਾਲ ਮੇਰੇ ਦਿਮਾਗ਼ ਵਿੱਚ ਕਈ ਵਾਰ ਚਲਦੇ ਰਹਿੰਦੇ ਹਨ। ਮੇਰੇ ਇਹਨਾਂ ਸਵਾਲਾਂ ਦੇ ਜਵਾਬ ਮੈਂ ਕਿਸ ਤੋਂ ਪੁੱਛਾਂ? ਜੇਕਰ ਪੁੱਛਾਂ ਵੀ ਤਾਂ ਕੌਣ ਇਸਦਾ ਸਹੀ ਉੱਤਰ ਦੇਵੇਗਾ? ਕੋਈ ਧਾਰਮਿਕ ਬਿਰਤੀ ਵਾਲਾ ਇਨਸਾਨ ਇਸਨੂੰ ਰੱਬ ਨਾਲ ਜੋੜੇਗਾ ਤੇ ਕਹੇਗਾ ਇਹ ਜੀਵਨ ਭਗਵਾਨ ਨੇ ਸਾਨੂੰ ਉਸਦੀ ਇਬਾਦਤ ਕਰਨ ਲਈ ਦਿੱਤਾ ਹੈ ਅਤੇ ਮਰਨ ਤੋਂ ਬਾਅਦ ਪ੍ਰਮਾਤਮਾ ਸਾਡੇ ਕੀਤੇ ਹੋਏ ਸਾਰੇ ਕਰਮਾਂ ਦਾ ਹਿਸਾਬ-ਕਿਤਾਬ ਲਏਗਾ। ਕੋਈ ਸਾਇੰਸਦਾਨ ਜਾਂ ਵਿਗਿਆਨ ਵਿੱਚ ਯਕੀਨ ਕਰਨ ਵਾਲਾ ਵਿਅਕਤੀ ਕਹੇਗਾ ਕਿ ਅਸੀਂ ਇਹਨਾਂ ਕੁਦਰਤੀ ਤੱਤਾਂ ਤੋਂ ਬਣੇ ਹਾਂ ਅਤੇ ਸ਼ੁਰੂਆਤ ਵਿੱਚ ਸਾਡੀ ਸ਼ਕਲ ਬਾਂਦਰ ਵਰਗੀ ਸੀ ਵਗੈਰਾ-ਵਗੈਰਾ…। ਇਸੇ ਤਰ੍ਹਾਂ ਹੋਰ ਕਈ ਤੱਥ ਸਾਹਮਣੇ ਆਉਣਗੇ ਕਿਉਂਕਿ ਹਰ ਵਿਅਕਤੀ ਦੀ ਆਪੋ-ਆਪਣੀ ਫ਼ਿਲਾਸਫ਼ੀ ਹੁੰਦੀ ਹੈ। ਹੁਣ ਸਵਾਲ ਖੜ੍ਹਾ ਹੁੰਦਾ ਹੈ ਕਿ ਆਖ਼ਿਰ ਸਹੀ ਕੌਣ ਹੈ? ਖ਼ੈਰ ਇਸ ਸਵਾਲ ਦਾ ਸਹੀ ਉੱਤਰ ਮਿਲਣਾ ਬਹੁਤ ਮੁਸ਼ਿਕਲ ਹੈ ਪਰ ਮੈਂ ਹਮੇਸ਼ਾ ਇਸ ਸਵਾਲ ਦਾ ਉੱਤਰ ਲੱਭਣ ਦੀ ਕੋਸ਼ਿਸ਼ ਵਿੱਚ ਰਹਾਂਗਾ। ਸਾਡੇ ਇਨਸਾਨਾਂ ਦੀ ਇੱਕ ਮੁੱਖ ਬਿਰਤੀ ਇਹ ਹੈ ਕਿ ਅਸੀੰ ਜੋ ਅਸਲੀਅਤ ਵਿੱਚ ਹੈ ਉਸ ਉੱਤੇ ਬੜੀ ਜਲਦੀ ਯਕੀਨ ਕਰ ਲੈਂਦੇ ਹਾਂ। ਪਰ ਕਈ ਲੋਕ ਆਪਣੇ ਖਿਆਲਾਂ ਵਿੱਚ ਹੀ ਉਸ ਚੀਜ਼ ਦਾ ਹੋਣਾ ਸਵੀਕਾਰ ਕਰ ਲੈਂਦੇ ਹਨ ਜੋ ਅਸਲੀਅਤ ਵਿੱਚ ਸ਼ਾਇਦ ਨਾਂ ਹੀ ਹੁੰਦੀ ਹੋਵੇ।” ਕੁਛ ਇਸ ਤਰ੍ਹਾਂ ਦੀਆਂ ਗੱਲਾਂ ਤੇ ਬਹਿਸ ਕਰ ਰਹੇ ਸਨ ਮਾਸਟਰ ਜਸਪ੍ਰੀਤ ਸਿੰਘ ਜੀ ਜਦ ਮੈਂ‌ ਆਪਣੇ ਸਾਥੀ ਅਧਿਆਪਕਾਂ ਕੋਲ ਸਟਾਫ਼ ਰੂਮ ਵਿੱਚ ਗਿਆ। ਇੱਥੇ ਸਾਇੰਸ ਦੇ ਮਾਸਟਰ ਹਰਸਿਮਰਨ ਜੀ ਅਤੇ ਅੰਗਰੇਜ਼ੀ ਦੇ ਮਾਸਟਰ ਇਰਫਾਜ਼ ਜੀ ਜੋ ਕਿ ਆਸਤਿਕ ਵਿਚਾਰਧਾਰਾ ਦੇ ਮਾਲਕ ਸਨ, ਰੱਬ ਦੀ ਹੋਂਦ ਨੂੰ ਸਵੀਕਾਰ ਕਰ ਰਹੇ ਸਨ। ਦੂਸਰੇ ਪਾਸੇ ਪੰਜਾਬੀ ਦੇ ਮਾਸਟਰ ਜਸਪ੍ਰੀਤ ਸਿੰਘ ਜੀ ਕੁਦਰਤ ਹੀ ਰੱਬ ਹੈ ਦਾ ਨਾਅਰਾ ਮਾਰ ਰਹੇ ਸਨ। ਤਿੰਨਾਂ ਜਣਿਆਂ ਨੇ ਮੈਥ ਮਾਸਟਰ ਬਲਦੇਵ ਜੀ ਨੂੰ ਸਵਾਲ ਕੀਤਾ ਜੋ ਕਿ ਇਹਨਾਂ ਸਾਰਿਆਂ ਦੀਆਂ ਗੱਲਾਂ ਨੂੰ ਬੜੀ ਗੌਰ ਨਾਲ ਸੁਣ ਰਹੇ ਸਨ ਅਤੇ ਇੱਕ ਵਿਅੰਗਮਈ ਮੁਸਕਾਨ ਮੁਸਕੁਰਾ ਰਹੇ ਸਨ, “ਮਾਸਟਰ ਜੀ ਤੁਸੀਂ ਦੱਸੋ ਹੁਣ, ਕੀ ਰੱਬ ਅਤੇ ਕੁਦਰਤ ਵਿੱਚ ਕੋਈ ਫਰਕ ਹੈ। ਜੇਕਰ ਹੈ ਤਾਂ ਉਹ ਕੀ ਹੈ?” ਮਾਸਟਰ ਬਲਦੇਵ ਜੀ ਥੋੜ੍ਹਾ ਸਮਾਂ ਚੁੱਪ ਰਹੇ ਤੇ ਫਿਰ ਚੁੱਪ ਨੂੰ ਤੋੜਦੇ ਹੋਏ ਨਿਰਮਾਈ ਪੂਰਵਕ ਬੋਲੇ, “ਜੀ ਇਸ ਬਾਰੇ ਮੇਰੇ ਨਿੱਜੀ ਵਿਚਾਰ ਇਹ ਨੇ ਕਿ ਰੱਬ ਦੀ ਕੋਈ ਹੋਂਦ ਨਹੀਂ ਪਰ ਕੁਦਰਤ ਦੀ ਹੈ। ਅਸੀਂ ਜੇਕਰ ਕੁਦਰਤ ਦੀ ਪੂਜਾ ਕਰੀਏ ਮਤਲਬ ਕੁਦਰਤ ਦੀ ਸਾਂਭ-ਸੰਭਾਲ ਕਰੀਏ ਜਿਵੇਂ ਮੰਦਰ ਜਾਂ ਮਸਜਿਦ ਜਾਂ ਕਿਸੇ ਵੀ ਧਾਰਮਿਕ ਅਦਾਰੇ ਦੀ ਕਰਦੇ ਹਾਂ, ਤਾਂ ਉਸ ਦਾ ਫਲ ਸਾਨੂੰ ਸਾਡੇ ਜਿਊਂਦੇ-ਜੀਅ ਹੀ ਮਿਲ ਜਾਵੇਗਾ। ਪਰ ਰੱਬ ਦੀ ਪੂਜਾ ਚਾਹੇ ਜਿਸ ਢੰਗ ਨਾਲ ਵੀ ਕਰੀਏ ਉਸਦਾ ਸਾਨੂੰ ਜਿਊਂਦੇ ਜੀਅ ਕੋਈ ਫਾਇਦਾ ਨਹੀਂ ਮਿਲਦਾ।”

ਸਾਰੇ ਸਾਥੀ ਬੜੇ ਧਿਆਨ ਨਾਲ ਮਾਸਟਰ ਜੀ ਦੀ ਗੱਲ ਨੂੰ ਸੁਣ ਰਹੇ ਸਨ ਤੇ ਅਚਾਨਕ ਹਰਸਿਮਰਨ ਜੀ ਬੋਲੇ, “ਮਾਸਟਰ ਜੀ ਜੋ ਹੁਣ ਕਰਲਾਂਗੇ ਉਸਦਾ ਫਲ ਮਰਨ ਤੋਂ ਬਾਅਦ ਮਿਲੇਗਾ।” ਬਲਦੇਵ ਜੀ ਉਸੇ ਤਰ੍ਹਾਂ ਨਿਰਮਾਈ ਨਾਲ ਕਹਿਣ ਲੱਗੇ, “ਮਾਸਟਰ ਜੀ ਜੋ ਮਰਨ ਤੋਂ ਬਾਅਦ ਹੋਣਾ ਉਹਦਾ ਸਾਨੂੰ ਫਿਲਹਾਲ ਕੁਝ ਪੱਕਾ ਪਤਾ ਨਹੀਂ। ਪਰ ਜੇ ਮੰਨ ਵੀ ਲਈਏ ਕਿ ਮਰਨ ਤੋਂ ਬਾਅਦ ਅਸੀਂ ਰੱਬ ਕੋਲ ਜਾਣਾ ਹੈ, ਤਾਂ ਮੈਨੂੰ ਨਹੀਂ ਲਗਦਾ ਰੱਬ ਸਾਡੇ ਨਾਲ ਕਿਸੇ ਗੱਲੋਂ ਨਾਰਾਜ਼ ਹੋਵੇਗਾ। ਮੈਨੂੰ ਨਹੀਂ ਲਗਦਾ ਕਿ ਰੱਬ ਨੇ ਸਾਨੂੰ ਆਪਣੀ ਭਗਤੀ ਕਰਨ ਲਈ ਜਾਂ ਪੂਜਾ ਕਰਨ ਲਈ ਹੀ ਇਸ ਜਹਾਨ ਵਿੱਚ ਜਨਮ ਦਿੱਤਾ ਹੈ। ਜੇਕਰ ਅਜਿਹਾ ਹੀ ਹੈ ਤਾਂ ਜਰੂਰ ਰੱਬ ਫਿਰੋਨ ਹੋਵੇਗਾ ਜਾਂ ਰਾਵਣ ਹੋਵੇਗਾ ਜਾਂ ਫਿਰ ਹਰ ਉਹ ਹਾਕਮ ਹੋਵੇਗਾ ਜੋ ਦੁਨੀਆਂ ਨੂੰ ਆਪਣੇ ਕਾਬੂ ਵਿੱਚ ਕਰਨਾ ਚਹੁੰਦਾ ਹੈ।” ਮਾਸਟਰ ਜੀ ਦੀਆਂ ਦਲੀਲਾਂ ਸੁਣ ਕੇ ਸਭ ਚੁੱਪ ਹੋ ਗਏ ਸਨ ਅਤੇ ਇਰਫਾਜ਼ ਜੀ ਫੋਨ ਉੱਤੇ ਨਜ਼ਰ ਟਿਕਾਈ ਕੁਛ ਪੜ੍ਹਨ ਲੱਗੇ ਕਿ ਏਨੇ ਨੂੰ ਜਸਪ੍ਰੀਤ ਜੀ ਬੋਲੇ,”ਵੈਸੇ ਤੁਹਾਡਾ ਕਹਿਣਾ ਬਿਲਕੁਲ ਠੀਕ ਹੈ ਬਲਦੇਵ ਜੀ। ਅਸੀਂ ਰੱਬ ਤੋਂ ਵੀ ਤਾਂ ਤੰਦਰੁਸਤੀ, ਚੰਗੀ ਸਿਹਤ, ਚੰਗਾ ਜੀਵਨ ਹੀ ਮੰਗਦੇ ਹਾਂ ਤੇ ਕੁਦਰਤ ਵੀ ਸਾਨੂੰ ਇਹੋ ਸਭ ਦਿੰਦੀ ਹੈ।”
“ਹਾਂਜੀ ਮਾਸਟਰ ਜੀ ਕੁਦਰਤ ਤਾਂ ਸਾਨੂੰ ਸਭ ਕੁਝ ਦਿੰਦੀ ਹੈ। ਪਰ ਸਾਨੂੰ ਹੀ ਉਸਦਾ ਸਹੀ ਇਸਤੇਮਾਲ ਨਹੀਂ ਕਰਨਾ ਆਉਂਦਾ। ਹੁਣ ਆਹ ਦੇਖਲੋ ਆਸਟ੍ਰੇਲੀਆ ਆਲਿਆਂ ਨੇ ਦਸ ਹਜ਼ਾਰ ਬੋਤੇ ਮਾਰ ਤੇ ਇਹ ਕਹਿ ਕੇ ਕਿ ਬੋਤੇ ਪਾਣੀ ਜ਼ਿਆਦਾ ਪੀਂਦੇ ਨੇ ਅਤੇ ਧਰਤੀ ਤੇ ਪੀਣ ਵਾਲੇ ਪਾਣੀ ਦੀ ਕਮੀ ਹੋ ਰਹੀ ਹੈ। ਨਾ ਭਲਾਂ ਕੋਈ ਪੁੱਛਣ ਆਲਾ ਹੋਵੇ ਇਹਨਾਂ ਨੂੰ ਕਿ ਤੁਹਾਨੂੰ ਇਹ ਹੱਕ ਕਿਸਨੇ ਦਿੱਤਾ ਹੈ ਕਿ ਕਿਸੇ ਬੇਜ਼ੁਬਾਨ ਨੂੰ ਮਾਰ ਹੀ ਦੇਵੋ। ਨਾਲੇ ਉਹ ਤਾਂ ਪਾਣੀ ਨੂੰ ਸਿਰਫ਼ ਪੀਂਦੇ ਹੀ ਨੇ, ਪਰ ਆਪਾਂ ਉਹਨਾਂ ਦੇ ਪੀਣ ਨਾਲੋਂ ਦੁੱਗਣਾ ਪਾਣੀ ਨਹਾਉਣ-ਧੋਣ ‘ਚ ਈ ਖਰਾਬ ਕਰ ਦਿੰਨੇ ਆਂ। ਨਾਂ ਆਪਣੀਆਂ ਆਦਤਾਂ ਨੀਂ ਸੁਧਾਰ ਸਕਦੇ।” ਮਾਸਟਰ ਇਰਫਾਜ਼ ਜੀ ਬੋਲੇ। ਇਹ ਖ਼ਬਰ ਸੁਣ ਕੇ ਸਾਰੇ ਹੀ ਬਹੁਤ ਹੈਰਾਨ ਹੋਏ ਤੇ ਪਾਣੀ ਪ੍ਰਤੀ ਚਿੰਤਿਤ ਵੀ।
“ਵੈਸੇ ਤੁਸੀਂ ਠੀਕ ਹੀ ਕਿਹਾ ਬਲਦੇਵ ਜੀ। ਗੁਰੂ ਨਾਨਕ ਜੀ ਵੀ ਕਹਿ ਗਏ:

ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਰਿਕਾ ਮੰਡਲ ਜਨਕ ਮੋਤੀ ||
ਧੂਪੁ ਮਲਆਨਲੋ ਪਾਵਣੁ ਚਵਰੋ ਕਰੈ ਸਗਲ ਬਨਰਾਇ ਫੂਲੰਤ ਜੋਤੀ ||੧||
ਕੈਸੀ ਆਰਤੀ ਹੋਇ ਭਵਖੰਡਨਾ ਤੇਰੀ ਆਰਤੀ || ਅਨਹਤਾ ਸਬਦ ਵਾਜੰਤ ਭੇਰੀ ||

ਤਾਂ ਮਾਸਟਰ ਜੀ ਹੁਣ ਵੇਲ਼ਾ ਆ ਗਿਆ ਹੈ ਕਿ ਪੱਥਰਾਂ ਦੀ ਪੂਜਾ ਕਰਨ ਦੀ ਬਜਾਏ ਕੁਦਰਤ ਦੀ ਪੂਜਾ ਕਰੀਏ। ਕਿਉਂਕਿ ਰੱਬ ਦੀ ਪੂਜਾ ਤਾਂ ਕੁਦਰਤ ਕਰ ਹੀ ਰਹੀ ਹੈ। ਹੁਣ ਲੋੜ ਆ ਸਾਨੂੰ ਬਾਬੇ ਦੇ ਬੋਲੇ ਹੋਏ ਬੋਲਾਂ ਨੂੰ ਯਾਦ ਕਰਨ ਦੀ ‘ਪਵਨੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’। ਜੇ ਹੁਣ ਪਾਣੀ ਦੀ ਬੱਚਤ ਕਰਲਾਂਗੇ ਤਾਂ ਅਸੀਂ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਵੀ ਕੁਛ ਦੇ ਸਕਾਂਗੇ। ਨਹੀਂ ਤਾਂ ਉਹ ਸਮਾਂ ਵੀ ਦੂਰ ਨਹੀਂ ਕਿ ਇੱਕ ਘੁੱਟ ਪਾਣੀ ਲਈ ਇਨਸਾਨ ਇਨਸਾਨ ਦਾ ਖ਼ੂਨ ਕਰੇਗਾ। ਜੇ ਹੁਣ ਹਵਾ ਨੂੰ ਦੂਸ਼ਿਤ ਹੋਣ ਤੋਂ ਬਚਾ ਲਵਾਂਗੇ ਤਾਂ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਜ਼ਿੰਦਗੀ ਦੇ ਸਕਾਂਗੇ। ਵਰਨਾ ਉਹ ਦਿਨ ਵੀ ਦੂਰ ਨਹੀਂ ਕਿ ਧਰਤੀ ਤੇ ਜ਼ਿੰਦਗੀ ਸ਼ਬਦ ਬੋਲਣ ਵਾਲਾ ਹੀ ਕੋਈ ਨਹੀੰ ਰਹੇਗਾ। ਲੋੜ ਤਾਂ ਹੁਣ ਆ ਪੂਜਾ ਕਰਨ ਦੀ ਪਰ ਮੂਰਤੀਆਂ ਦੀ ਨਹੀਂ, ਕੁਦਰਤ ਦੀ। ” ਬਲਦੇਵ ਜੀ ਦੀਆਂ ਗੱਲਾਂ ਤੋਂ ਅਤੇ ਆਸਟ੍ਰੇਲੀਆ ਦੀ ਘਟਨਾ ਦੀ ਖ਼ਬਰ ਤੋਂ ਪ੍ਰਭਾਵਿਤ ਹੋ ਕੇ ਹਰਸਿਮਰਨ ਜੀ ਬੋਲੇ। ਦੁਪਹਿਰ ਦਾ ਇੱਕ ਵੱਜ ਚੁੱਕਾ ਸੀ ਅਤੇ ਅੱਧੀ ਛੁੱਟੀ ਬੰਦ ਹੋਣ ਦਾ ਸਮਾਂ ਵੀ ਹੋ ਚੁੱਕਾ ਸੀ। ਮਾਸਟਰ ਹਰਸਿਮਰਨ ਜੀ ਨੇਂ ਅੱਜ ਆਪਣੀ ਕਲਾਸ ਨੂੰ ਅੱਧੀ ਛੁੱਟੀ ਤੋਂ ਬਾਅਦ ਧੋਣ ਅਤੇ ਸਾਫ਼ ਕਰਨ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ ਕਿ ਏਨੇਂ ਨੂੰ ਉਹਨਾਂ ਦੀ ਜਮਾਤ ਦਾ ਬੱਚਾ ਆਇਆ ਅਤੇ ਬੋਲਿਆ, “ਸਰ ਜੀ, ਮੈਂ ਨਾਂ ਜੀ, ਮੋਟਰ ਆਲਾ ਪੈਪ ਕਲਾਸ ‘ਚ ਖਿੱਚ ਲਿਆਵਾਂ ਜੀ, ਤੁਸੀਂ ਕਿਹਾ ਸੀ ਵੀ ਅੱਧੀ ਛੁੱਟੀ ਬਾਅਦ ਕਲਾਸ ਧੋਵਾਂਗੇ ਜੀ।”
“ਪਵਨੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਬੋਲ ਕੇ ਹਰਸਿਮਰਨ ਜੀ ਬੱਚੇ ਨੂੰ ਨਾਲ ਲੈ ਕੇ ਕਲਾਸ ਵਿੱਚ ਚਲੇ ਗਏ।

ਲਵੀ ਖਾਨ
86993-00839

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: