Sun. Sep 15th, 2019

ਕੀ ਸਾਹਿੱਤ ਵਿਚ ਵਿਚਾਰਾਂ ਦੀ ਸਾਂਝ ਜ਼ਰੂਰੀ ਨਹੀਂ?

ਕੀ ਸਾਹਿੱਤ ਵਿਚ ਵਿਚਾਰਾਂ ਦੀ ਸਾਂਝ ਜ਼ਰੂਰੀ ਨਹੀਂ?
*ਅੱਜ ਕਲ ਲੇਖਕ ਆਲੋਚਕ ਘੱਟ ਤੇ ਨਿੰਦਕ ਵੱਧ ਗਏ..100 ਚੋਂ 20 ਤਾਂ ਪੱਕੇ
*ਅਸ਼ਲੀਲਤਾ ਫੈਲਾ ਰਹੇ ਕਲਾਕਾਰ ਗੀਤਕਾਰ ਕੀ ਸਾਹਿਤ ਦਾ ਹਿੱਸਾ ਹਨ?

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!
ਸਾਹਿੱਤ ਅਥਾਹ ਡੂੰਘਾ ਸਮੁੰਦਰ ਹੈ ਸਮੁੰਦਰ ਦੀ ਤਾਂ ਕੋਈ ਤਹਿ ਵੀ ਹੈ ਉਸ ਦੀ ਡੁੰਘਾਈ ਨੂੰ ਤਾਂ ਮਾਪਿਆ ਵੀ ਸਕਦਾ ਹੈ ਪਰ ਸਾਹਿੱਤ ਦੀ ਤਾਂ ਕੋਈ ਤਹਿ ਹੀ ਨਹੀਂ ਇਸ ਵਿਚ ਕੋਈ ਸਾਹਿੱਤ ਦਾ ਪ੍ਰੇਮੀ ਸਾਹਿੱਤਕਾਰ, ਲੇਖਕ, ਕਵੀ ਤੇ ਹੋਰ ਬੁੱਧੀਜੀਵੀ ਤਾਰੀ ਲਾਉਂਦਾ ਤੇ ਅਨੰਦ ਮਾਣਦਾ ਹੈ ਤਾਂ ਉਸ ਨੂੰ ਅੰਦਾਜ਼ਾ ਵੀ ਨਹੀਂ ਲੱਗਦਾ ਕਿ ਉਹ ਇਸ ਸਾਹਿੱਤ ਦੇ ਸਮੁੰਦਰ ਦੀ ਕਿੰਨੀ ਕੁ ਗਹਿਰਾਈ ਵਿਚ ਉੱਪੜ ਚੁੱਕਾ ਤੇ ਉਸ ਦੀ ਗਹਿਰਾਈ ਵਿਚ ਲੰਮਾ ਸਮੇਂ ਤੱਕ ਸਮੋ ਜਾਂਦਾ ਹੈ ਤੇ ਆਪਣੇ ਹੀ ਖ਼ਿਆਲਾਂ ਵਿਚ ਇਸ ਸਾਹਿੱਤ ਰੂਪੀ ਸਮੁੰਦਰ ਵਿਚ ਡੁੱਬਿਆ ਆਪਣੀ ਹੀ ਦੁਨੀਆ ਬਣਾਉਣ ਲੱਗ ਪੈਂਦਾ ਹੈ। ਦਾਸ ਤਾਂ ਅਜੇ ਸਾਹਿੱਤ ਦੇ ਸਕੂਲ ਦੀ ਨਰਸਰੀ ਵਿਚ ਵੀ ਦਾਖਲ ਹੋਣ ਜੋਗਾ ਨਹੀਂ ਹੋਇਆ ਮੇਰੇ ਦਾਦਾ ਜੀ ਨਾਹਰ ਸਿੰਘ ਭੱਟ ਜੋ ਕਿ ਮੇਰੇ ਜਨਮ ਤੋਂ ਵੀ ਲਗਭਗ 10 ਸਾਲ ਪਹਿਲਾਂ ਸੰਨ 1973 ਵਿਚ ਸਰੀਰ ਤਿਆਗ ਗਏ ਸਨ ਪਰ ਉਨ੍ਹਾਂ ਦੀ ਪੁਰਾਤਨ ਲਿਖੀ ਡੰਕ ਸ਼ਾਹੀ ਵਾਲੀ ਕਲਮ ਨਾਲ ਲਿਖੀਆਂ ਸੂਫ਼ੀਆਨਾ ਕਵਿਤਾਵਾਂ ਵਾਲੀ ਬਿਰਧ ਕਿਤਾਬ ਜੱਦ ਮੈਨੂੰ ਪੜ੍ਹਨ ਨੂੰ ਮਿਲੀ ਤਾਂ ਮਨ ਵਿਚ ਉਨ੍ਹਾਂ ਵੱਲੋਂ ਰਿਹਾ ਅਧੂਰਾ ਲਿਖਤਾਂ ਦਾ ਕਾਰਜ ਪੂਰਾ ਕਰਨ ਦੇ ਯਤਨ ਕਰਨ ਲੱਗਾ ਉਨ੍ਹਾਂ ਨੂੰ ਆਪਣੇ ਹੀ ਮਨ ਵਿਚ ਆਪਣਾ ਉਸਤਾਦ ਧਾਰ ਕੇ “ਭੱਟ” ਤਖ਼ੱਲਸ ਲਗਾ ਲਿਆ ਤੇ ਸੱਚ ਮੰਨਣਾ ਫਿਰ ਤਾਂ ਬਸ ਫੇਰ ਤਾਂ ਕਲਮ ਨਾਲ ਪਿਆਰ ਹੀ ਹੋ ਗਿਆ। ਜੇਕਰ ਮੁੱਦੇ ਤੇ ਆਵਾਂ ਤਾਂ ਅਸਲ ਵਿਚ ਜੋ ਵੀ ਆਪਣੇ ਆਪ ਵਿਚ ਜਾਂ ਸਮਾਜ ਵਿਚ ਵਾਪਰਦੀਆਂ ਮਾੜੀਆਂ ਚੰਗੀਆਂ ਘਟਨਾਵਾਂ ਨੂੰ ਦੇਖਿਆ ਤੇ ਉਸ ਨੂੰ ਬਗੈਰ ਕੋਈ ਪਿੰਗਲ ਅਰੂਜ ਨੂੰ ਪੜਿਆ ਆਪਣੇ ਜਜਬਾਤੀ ਨਜ਼ਰੀਏ ਤੇ ਨਿਮਾਣੀ ਸੋਚ ਨਾਲ ਕਲਮਬੰਦ ਕੀਤਾ ਤੇ ਅਣਜਾਣ ਪੁਣੇ ਵਿਚ ਉਹ ਲਿਖਣਾ ਲੇਖਾਂ ਜਾਂ ਕਵਿਤਾਵਾਂ ਦਾ ਰੂਪ ਧਾਰ ਗਿਆ ਦਾਸ ਦੇ ਨੇੜਲੇ ਮਿੱਤਰਾਂ ਦੇ ਸਹਿਯੋਗ ਨਾਲ ਉਨ੍ਹਾਂ ਲੇਖਾਂ ਤੇ ਕਵਿਤਾਵਾਂ ਨੂੰ ਛਪਵਾਉਣ ਤੋ ਬਾਅਦ ਜੋ ਵੀ ਪਾਠਕਾਂ ਦਾ ਪਿਆਰ ਭਰਿਆ ਹੁੰਗਾਰਾ ਮਿਲਿਆ ਉਸ ਨਾਲ ਹੋਰ ਵੀ ਲਿਖਣ ਦੇ ਜਜ਼ਬੇ ਨੂੰ ਹੌਸਲਾ ਮਿਲਿਆ।
ਇਸ ਲੇਖ ਨੂੰ ਲਿਖਣ ਦੀ ਮੇਰੇ ਮਨ ਵਿਚ ਤਾਂਘ ਉਸ ਦਿਨ ਤੋ ਲੱਗੀ ਜਦੋਂ ਬੀਤੇ ਦਿਨੀਂ ਸੋਸ਼ਲ ਮੀਡੀਏ ਰਾਹੀ ਉੱਠੇ ਹੋਏ ਇੱਕ ਸਵਾਲ ਨੇ ਮੈਨੂੰ ਘੇਰ ਲਿਆ, ਹੋਇਆ ਇੰਜ ਜਦੋਂ ਮੈਂ ਕਿਸੇ ਹੋ ਰਹੀ ਵਿਚਾਰ ਨੂੰ ਵਹਿਸ਼ ਤੇ ਫਿਰ ਲੜਾਈ ਦਾ ਰੂਪ ਧਾਰਦਾ ਹੋਇਆ ਦੇਖਿਆ, ਜੋ ਕਿ ਸਹੀ ਮਾਅਨੇ ਵਿਚ ਸਾਹਿੱਤ ਨਾਲ ਜੁੜੇ ਸਨ ਉਹ ਤਾਂ ਚੁੱਪ ਕਰ ਗਏ ਪਰ ਕਈ ਮੇਰੇ ਵਰਗੇ ਇਂਜਾਈ ਬਸ ਤੂੰ ਕੋਣ ਤੇ ਮੈਂ ਕੌਣ।
ਮੇਰੇ ਦੋਸਤੋ ਸਵਾਲ ਸੀ “ਕੀ ਸਾਹਿੱਤ ਵਿਚ ਵਿਚਾਰਾਂ ਦੀ ਸਾਂਝ ਜ਼ਰੂਰੀ ਹੈ” ਤਾਂ ਮੈਂ ਹੋਰ ਕਿਸੇ ਬਾਰੇ ਤਾਂ ਕੁੱਝ ਨਹੀਂ ਕਹਿ ਸਕਦਾ ਪਰ ਮੇਰੇ ਮੁਤਾਬਿਕ ਸਾਹਿੱਤ ਵਿਚ
ਵਿਚਾਰਾਂ ਦੀ ਸਾਂਝ ਹੋਣੀ ਜ਼ਰੂਰੀ ਹੈ ਵਿਚਾਰਾਂ ਤੋ ਬਗੈਰ ਸਾਹਿੱਤ ਅਧੂਰਾ ਹੈ ਜੇਕਰ ਕੋਈ ਵਿਚਾਰ ਤੇ ਆਲੋਚਨਾ ਹੀ ਨਹੀਂ ਹੋਵੇਗੀ ਤਾਂ ਸਾਹਿੱਤਕਾਰ ਦੀ ਸੋਚ ਤੋ ਉਪਜੀ ਰਚਨਾ ਨੂੰ ਸਿਖਰ ਨਹੀਂ ਪ੍ਰਾਪਤ ਹੋ ਸਕਦਾ ਪਰ ਫਿਰ ਕਿਉਂ ਮੇਰੇ ਲੇਖਕ ਵੀਰ ਕਿਸੇ ਵੀ ਸਾਹਿੱਤਿਕ ਨਾਮ ਦੇ ਪ੍ਰੋਗਰਾਮ ਦੌਰਾਨ ਕਿਸੇ ਹੋਰ ਲੇਖਕ ਜਾਂ ਸਾਹਿੱਤਕਾਰ ਵੀਰ ਦੀ ਰਚਨਾ ਜਾਂ ਖ਼ਾਸਕਰ ਉਸ ਦੇ ਵਿਚਾਰਾਂ ਨੂੰ ਸੁਣਨ ਵੇਲੇ ਆਪਣੇ ਆਪ ਨੂੰ ਨਿੰਦਰਾਂ/ਬੋਰ ਮਹਿਸੂਸ ਕਰਨ ਲੱਗ ਪੈਂਦੇ ਹਨ ਕਿਸੇ ਦੀ ਕੀ ਗੱਲ ਕਰਾਂ ਸ਼ੁਰੂ ਆਪਣੇ ਤੋ ਹੀ ਸ਼ੁਰੂ ਕਰਦਾ ਹਾਂ ਅਕਸਰ ਜੱਦੋ ਕਿਸੇ ਸਾਹਿੱਤਿਕ ਸਮਾਗਮ ਵਿਚ ਜਾਣ ਦਾ ਸਮਾਂ ਮਿਲਦਾ ਹੈ ਤਾਂ ਹੋਰ ਵੀਰ ਦੀ ਰਚਨਾ ਨੂੰ ਸੁਣਨ ਤੇ ਉਸ ਉੱਪਰ ਆਪਣੇ ਆਪ ਹੀ ਵਿਚਾਰ ਤਾਂ ਦੂਰ ਮੈਨੂੰ ਉਡੀਕ ਰਹਿੰਦੀ ਕਿ ਕਦ ਮੇਰੀ ਵਾਰੀ ਆਵੇ ਤੇ ਮੈਂ ਕੁੱਝ ਸੁਣਾਵਾਂ ਤੇ ਮੇਰੀਆਂ ਰਚਨਾਵਾਂ ਨੂੰ ਸੁਣ ਕੇ ਸਰੋਤੇ ਵਾਹ ਵਾਹ ਕਹਿਣ ਉਪਰੰਤ ਕੋਈ ਹੋਰ ਸੁਣਾਵਾਂ ਚਾਹੇ ਨਾ ਸੁਣਾਵਾਂ ਮੈਨੂੰ ਕੀ ਮੈ ਤਾਂ ਜਾਵਾਂ ਮੈਨੂੰ ਤਾਂ ਹੋਰ ਵੀ ਕੰਮ ਬੜੇ ਨੇ, ਮਾਫ਼ ਕਰਨਾ ਇਹੋ ਜਿਹੀ ਸੋਚ ਦੇ ਮਾਲਕ ਸਾਹਿੱਤਿਕ ਦੁਨੀਆ ਵਿਚ ਬੇਅੰਤ ਹਨ ਜੋ ਕਿ ਆਪਣੇ ਆਪ ਨੂੰ ਸਿਰਮੌਰ ਸਾਹਿੱਤਕਾਰ ਦਾ ਦਰਜਾ ਦੇ ਰਹੇ ਹਨ।
ਇੱਕ ਆਪਣੇ ਆਪ ਨੂੰ ਕਾਫ਼ੀ ਸਿਰਮੌਰ ਸਾਹਿੱਤਕਾਰ ਦਾ ਦਰਜਾ ਦੇਣ ਵਾਲੇ ਲੇਖਕ ਸਾਹਿਬਾਨ ਜੀ ਨਾਲ ਗੱਲ ਹੋਈ ਤਾਂ ਉਨ੍ਹਾਂ ਕਿਹਾ ਕਿ “ਕੋਈ ਵੀ ਰਚਨਾ ਪੇਸ਼ ਕਰਨ ਤੋਂ ਬਾਅਦ ਸ਼ਲਾਘਾ ਦੀ ਆਦਤ ਪਾਉਣਾ ਮੂਰਖਤਾ ਹੈ” ਇਹ ਸੁਣ ਮੈਨੂੰ ਸਮਝ ਨਹੀਂ ਆਇਆ ਕਿ ਉਹ ਇੰਜ ਕਿਉਂ ਕਹਿ ਰਹੇ ਨੇ ਜਦ ਕਿ ਉਨ੍ਹਾਂ ਨੂੰ ਤਾਂ ਚਾਹੀਦਾ ਸੀ ਕਿ ਕੋਈ ਵੀ ਨਵਾਂ ਲੇਖਕ ਵੀਰ ਜਦੋਂ ਆਪਣੀ ਰਚਨਾ ਨੂੰ ਪੇਸ਼ ਕਰਦਾ ਹੈ ਤਾਂ ਉਸ ਦੀ ਸ਼ਲਾਘਾ ਸਿਫ਼ਤ ਕੀਤੀ ਜਾਵੇ ਤਾਂ ਕਿ ਉਸ ਨਵੇਂ ਲੇਖਕ ਵੀਰ ਨੂੰ ਹੌਸਲਾ ਮਿਲੇ ਜੇ ਕੋਈ ਕਮੀ ਨਜ਼ਰ ਆ ਰਹੀ ਹੈ ਤਾਂ ਮਾਰਗਦਰਸਕ ਬਣ ਕੇ ਅਲੋਚਨਾਂਤਮਕ ਸਾਰਥਿਕ ਵਿਚਾਰਾਂ ਰਾਹੀ ਸੇਧ ਦਿੱਤੀ ਜਾਵੇ…… ਪਰ ਅਫ਼ਸੋਸ ਅਜੋਕੇ ਸਮੇਂ ਵਿਚ ਪੁਰਾਣੇ ਸਿਰਮੌਰ ਲੇਖਕ ਨਵੀਆਂ ਕਲਮਾਂ ਦੇ ਲੇਖਕਾ ਨੂੰ ਆਪਣੇ ਅਕਸ ਦੇ ਵਿਰੋਧੀ ਲੇਖਕ (ਕੰਪੀਟੀਟਰ) ਸਮਝਣ ਲੱਗ ਪੈਂਦੇ ਹਨ ।
ਇੱਕ ਛੋਟੀ ਜਿਹੀ ਉਦਾਹਰਨ ਦੇ ਤੌਰ ਤੇ ਨਿੱਕੀ ਉਮਰੇ ਜੱਦੋ ਸਕੂਲ ਵਿਚੋਂ ਅਧਿਆਪਕ ਵੱਲੋਂ ਚੰਗੇ ਨੰਬਰ ਪ੍ਰਾਪਤ ਹੋਣੇ ਤੇ ਗੁੱਡ ਜਾਂ ਸਟਾਰ ਮਿਲਣਾ ਤਾਂ ਇੱਕ ਵੱਖਰੀ ਖੁੱਸੀਆਂ ਦੀ ਦੁਨੀਆ ਵਿਚ ਉੱਚੀਆਂ ਉਡਾਣਾਂ ਜਿਹਾ ਪ੍ਰਤੀਤ ਹੁੰਦਾ ਸੀ ਤੇ ਅਗਾਂਹ ਵਿਚ ਹੋਰ ਵੀ ਵਧੀਆ ਕਾਰਜ ਕਰਨ ਲਈ ਉਤਸ਼ਾਹਿਤ ਹੋ ਉੱਠਦਾ ਸੀ…….ਹੁਣ ਆਪਣੇ ਇਸ ਲੇਖ ਰਾਹੀ ਉਸ ਸਿਰਮੌਰ ਕਵੀ ਲੇਖਕ ਨੂੰ ਪੁੱਛਣਾ ਚਾਹਾਂਗਾ ਕਿ “ਕੀ ਉਸ ਬੱਚੇ ਵਿਚ ਕੋਈ ਹਉਮੈ ਆ ਗਈ ਹੈ?” ਮੈ ਇੱਕ ਹੋਰ ਸਵਾਲ ਵੀ ਪੁੱਛਣਾਂ ਚਾਹਾਂਗਾ ਕਿ ਕੋਈ ਵੀ ਚੰਗਾ ਕਾਰਜ ਕਰਨ ਉਪਰੰਤ ਉਸ ਕੀਤੇ ਕਾਰਜ ਨੂੰ ਸੋਸ਼ਲ ਸਾਈਟਸ ਜਾਂ ਮੀਡੀਏ ਰਾਹੀ ਕਿਉਂ ਜਗ ਜ਼ਾਹਿਰ ਕੀਤਾ ਜਾਂਦਾ ਹੈ? ਇਸ ਦਾ ਜੁਆਬ ਤਾਂ ਹਰ ਪਾਠਕ ਵੀਰ ਵੀ ਜਾਣਦੇ ਹੀ ਹੋਣਗੇ। ਕੁੱਝ ਵੀ ਚੰਗਾ ਕਰ ਕੇ ਸਨਮਾਨਿਤ ਹੋਣਾ ਵੀ ਇੱਕ ਨਵੇਂ ਹੋਰ ਚੰਗੇ ਕਾਰਜ ਨੂੰ ਕਰਨ ਲਈ ਜਨਮ ਅਤੇ ਹੌਸਲੇ ਨੂੰ ਬੁਲੰਦੀਆਂ ਤੇ ਪਹੁੰਚਾਉਂਦਾ ਹੈ ਤੇ ਕਿਸੇ ਹੋਰ ਨਵੇਂ ਦੋਸਤਾਂ ਨੂੰ ਸਮਾਜ ਵਿਚ ਆਪਣੇ ਚੰਗੇ ਕਾਰਜਾਂ ਦੀ ਹੋਂਦ ਦੇ ਦਾਇਰੇ ਨੂੰ ਵਧਾਉਣ ਲਈ ਉਤਸ਼ਾਹਿਤ ਕਰਦਾ ਹੈ। ਕਹਿਣ ਦੇਣਾ ਜੀ ਅੰਤ ਉਸ ਸਜਣ ਸਾਹਿੱਤਕਾਰ ਵੱਡੇ ਵੀਰ ਨਾਮੀ ਵੱਡੇ ਸਹਿਰ ਦੇ ਪੰਜਾਬੀ ਸਾਹਿੱਤ ਸਭਾ ਦੇ ਪ੍ਰਧਾਨ ਜੀ ਨੇ ਮੇਰੇ ਵਿਚਾਰਾਂ ਨਾਲ ਸਾਂਝ ਪਾਉਣ ਤੋਂ ਅਸਮਰਥ ਹੋ ਕੇ ਦਾਸ ਨੂੰ ਬਲੋਕ ਲਿਸਟ ਵਿਚ ਪਾ ਦਿੱਤਾ ਇਹ ਕਾਰਜ ਕਰ ਕੇ ਉਨ੍ਹਾਂ ਦੀ ਸੋਚ ਸ਼ਕਤੀ ਨੇ ਹੋਰ ਵਿਕਸਿਤ
ਹੋ ਕੇ ਜਿੱਤ ਹਾਸਲ ਕਰ ਲਈ ਹੋਣੀ ਆ। ਪਰ ਮੈਨੂੰ ਉਨ੍ਹਾਂ ਵੱਲੋਂ ਨਿਭਾਇਆ ਗਿਆ ਇਹ ਕਾਰਜ ਦੁਬਿਧਾ ਵਿਚ ਪਾ ਗਿਆ ਉਪਰੰਤ ਬੇਅੰਤ ਵੀਰਾਂ ਨਾਲ ਵਿਚਾਰਾਂ ਦੌਰਾਨ ਆਪਣੇ ਆਪ ਨੂੰ ਇੱਕ ਥਾਂ ਤੇ ਸਹੀ ਪਾ ਕੇ ਸਕੂਨ ਮਹਿਸੂਸ ਕੀਤਾ ਤੇ ਇਸ ਲੇਖ ਨੂੰ ਲਿਖਣ ਵਿਚ ਸੰਪੂਰਨ ਹੋ ਸਕਿਆ।
ਹੁਣ ਗੱਲ ਕਰਦੇ ਹਾਂ ਸਾਹਿੱਤ ਦੀ ਆਖ਼ਿਰ ਸਾਹਿੱਤ ਹੈ ਕੀ ਵੈਸੇ ਨਜ਼ਰੀਏ ਵੱਖ ਵੱਖ ਨੇ ਬਹੁਤ ਸਾਰੇ ਵਿਦਵਾਨਾਂ ਨੇ ਆਪਣੀ ਸੂਝ ਤੇ ਸੋਚ ਅਨੁਸਾਰ ਇਸ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕਰ ਕੇ ਸਾਹਿੱਤ ਦੀ ਵਿਆਖਿਆ ਕੀਤੀ ਹੈ ਪਰ ਜਿਨ੍ਹਾਂ ਕੁ ਦਾਸ ਜਾਣਦਾ ਹੈ ਆਪ ਜੀ ਨਾਲ ਜ਼ਰੂਰ ਸਾਂਝਾ ਕਰਾਂਗਾ ਕਹਿੰਦੇ ਨੇ ਸਾਹਿੱਤ ਤਾਂ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਸਾਹਿੱਤ ਹੀ ਸਮਾਜ ਵਿਚ ਵੱਡੇ ਪਰਿਵਰਤਨ ਲਿਆਉਣ ਦੀ ਸ਼ਕਤੀ ਰੱਖਦਾ ਹੈ ਜਿਵੇਂ ਨਾਟਕ, ਨਾਵਲ, ਕਵਿਤਾ, ਜੀਵਨੀਆਂ, ਸਵੈ-ਜੀਵਨੀਆਂ, ਨਿਬੰਧ, ਸਫ਼ਰਨਾਮਾ, ਲੇਖ, ਗ਼ਜ਼ਲਾਂ, ਚਿੱਤਰਕਾਰੀ ਅਤੇ ਹੋਰ ਬਹੁਤ ਸੇਧ ਦੇਣ ਵਾਲੇ ਗੁਰੂਆਂ ਪੀਰਾਂ ਪੈਗ਼ੰਬਰਾਂ ਦੇ ਵਿਚਾਰਾਂ ਰਾਹੀ ਜਾਂ ਗ਼ੁਲਾਮ ਦੇਸ਼
ਨੂੰ ਆਜ਼ਾਦੀ ਦਿਵਾਉਣ ਵਿਚ ਅਹਿਮ ਰੋਲ ਅਤੇ ਮਨੁੱਖੀ ਜੀਵਨ ਵਿਚ ਸਮਾਜਿਕ ਢੰਗ ਨਾਲ ਜਿਊਣ ਲਈ ਲਿਖੇ ਗਏ ਸ਼ਬਦ ਜਾਂ ਬੋਲੇ ਗਏ ਅਲਫਾਜਾਂ ਨੂੰ ਕੀਤਾ ਗਿਆ ਕਲਮਬੰਦ ਸਾਹਿੱਤ ਹੀ ਤਾਂ ਹੈ ਜੋ ਕਿ ਮਨੁੱਖੀ ਜੀਵਨ ਵਿਚ ਆ ਰਹੀਆਂ ਸਮੱਸਿਆਵਾਂ ਤੇ ਦੁਬਿਧਾ ਵਾਂ ਨਾਲ ਜੂਝਣ ਲਈ ਕੋਈ ਸਾਰਥਿਕ ਹੱਲ ਦਸ ਸੱਕੇ ਕੁੱਲ ਮਿਲਾ ਕਿ ਸਾਹਿੱਤ ਉਹ ਹੈ ਜੋ ਕਿ ਮਨੁੱਖ ਨੂੰ ਜ਼ਿੰਦਗੀ ਵਧੀਆ ਢੰਗ ਨਾਲ ਜਿਊਣਾ ਸਿਖਾਏ ਅਤੇ ਨਿਰੋਏ ਸਮਾਜ ਦੀ ਸਿਰਜਨਾ ਕਰ ਸਕੇ। ਪਰ ਅਫਸੋਸ ਅੱਜ ਕੱਲ ਜਜਬਾਤਾਂ ਨੂੰ ਇੱਕ ਬੰਦਿਸ਼ ਵਿਚ ਬਣ ਲਿਆ ਗਿਆ ਹੈ ਹਰ ਲੇਖ, ਰਚਨਾ, ਕਹਾਣੀ ਨੂੰ ਤੋਲ ਮੋਲ ਕੇ ਦੇਖਿਆ ਜਾ ਰਿਹਾ ਹੈ ਨਾ ਕਿ ਉਸ ਵਿਚ ਪੇਸ਼ ਕੀਤੇ ਜਾ ਰਹੇ ਦੁਖਾਂਤ ਨੂੰ ਹੱਲਾਸ਼ੇਰੀ ਦਿਤੀ ਜਾ ਰਹੀ ਹੈ।
ਪਰ ਸਵਾਲ ਇਹ ਵੀ ਹੈ ਕਿ ਅਜੋਕੇ ਸਮੇਂ ਵਿਚ ਜੋ ਅਸ਼ਲੀਲਤਾ ਨਾਲ ਭਰੇ ਗੀਤ, ਲੇਖ, ਕਹਾਣੀਆਂ ਹਨ ਜਿਨ੍ਹਾਂ ਨੂੰ ਫ਼ਿਲਮਾਇਆ ਵੀ ਅਸ਼ਲੀਲ ਤਰੀਕਿਆਂ ਨਾਲ ਜਾਂਦਾ ਹੈ ਫੋਕੀ ਸ਼ੁਹਰਤ ਪ੍ਰਾਪਤ ਕਰਨ ਲਈ ਕੀ ਉਹ ਵੀ ਸਾਹਿੱਤ ਹੈ? ਤਾਂ ਮੇਰਾ ਜੁਆਬ ਹੋਵੇਗਾ ਕਦੇ ਵੀ ਨਹੀਂ……. ਇੱਕ ਹੋਰ ਵਿਚਾਰ ਵੀ ਕਰਨੀ ਚਾਹਾਂਗਾ ਧਾਰਮਿਕ ਗਤੀਵਿਧੀਆਂ ਜਾਂ ਇਤਿਹਾਸ ਨੂੰ ਵਹਿਸ਼ ਬਣਾ ਕੇ ਸਮਾਜ ਨੂੰ ਗ਼ਲਤ ਦਿਸ਼ਾ ਵੱਲ ਲੈ ਕੇ ਜਾਣ ਵਾਲਾ ਇੰਜ ਕਹਿ ਦੇਈਏ ਕਿ ਆਪਣੀ ਹੀ ਗੱਲ ਨੂੰ ਸਿੱਟੇ ਵਜੋਂ ਦਰੁਸਤ ਸਾਬਤ ਕਰਨਾ ਬਗੈਰ ਹੋਰ ਕਿਸੇ ਦੀ ਦਲੀਲ ਨੂੰ ਸੁਣੇ…….. ਜਿਸ ਨਾਲ ਮਨੁੱਖੀ ਜੀਵਨ ਦਾ ਘਾਣ ਹੁੰਦਾ ਹੋਵੇ ਉਹ ਕਦੇ ਵੀ ਸਾਹਿੱਤ ਦਾ
ਰੂਪ ਨਹੀਂ ਹੋ ਸਕਦਾ ਇੱਕ ਲਫ਼ਜ਼ਾਂ ਵਿਚ ਉਸ ਨੂੰ ਅਪਰਾਧ ਦਾ ਦਰਜਾ ਜ਼ਰੂਰ ਦਿੱਤਾ ਜਾ ਸਕਦਾ ਹੈ ਜੋ ਕਿ ਕਾਨੂੰਨੀ ਤੌਰ ਤੇ ਅਪਰਾਧ ਵੀ ਹੈ ।
ਪਰ ਸਮਝ ਨਹੀਂ ਆਉਂਦਾ 18 ਸਾਲ ਤੋ ਉੱਪਰ ਉਮਰ ਲਿਖਣ ਵਾਲੇ ਇਹ ਕਾਨੂੰਨੀ ਅਧਿਕਾਰੀ ਹੀ ਕਿਉਂ ਉਨ੍ਹਾਂ ਗੈਰ ਸਾਹਿੱਤਿਕ ਕਿਤਾਬਾਂ ਅਤੇ ਫਿਲਮਾਏ ਜਾ ਰਹੇ ਦ੍ਰਿਸ਼ਾਂ ਤੇ ਸਖ਼ਤੀ ਨਹੀਂ ਵਰਤ ਰਹੇ ਛੋਟੀ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਇਹੋ ਜਿਹੇ ਲੱਚਰਤਾ ਨਾਲ ਜੋੜ ਕੇ ਦੇਸ਼ ਦੇ ਉੱਜਵਲ ਭਵਿੱਖ ਨੂੰ ਹਨੇਰੇ ਵਿਚ ਡੋਬਿਆ ਜਾ ਰਿਹਾ ਹੈ।
ਆਖਰ ਵਿਚ ਇਹ ਹੀ ਬੇਨਤੀ ਕਰਾਂਗਾ ਕਿ ਜੇਕਰ ਰਚਨਾ ਚ ਕੋਈ ਕਮੀ ਆ ਤੇ ਉਸ ਦੀ ਸੋਧ ਲਈ ਵਿਚਾਰ ਕੀਤੇ ਜਾ ਸਕਦੇ ਹਨ ਇਸੇ ਨੂੰ ਸਾਰਥਿਕ ਅਲੋਚਨਾ ਕਿਹਾ ਜਾਂਦਾ ਹੈ ਪਰ ਜੇਕਰ ਇਹੋ ਜਿਹਾ ਨਹੀਂ ਕਰ ਸਕਦੇ ਤਾਂ ਨਿਰਾਰਥਕ ਤੋਰ ਦੀ ਨਿੰਦਿਆ ਸ਼ੁਰੂ ਕਰ ਦਿੱਤੀ ਜਾਂਦੀ ਆ…….ਪਰ ਇਹ ਵੀ ਸੱਚ ਹੈ ਕਿ ਨਿੰਦਿਆ ਬਗੈਰ ਕੋਈ ਵੀ ਰਚਨਾ ਆਪਣਾ ਸਿਖਰ ਨਹੀਂ ਪਾ ਸਕਦੀ……ਸੋ ਲੋਕ ਜੋ ਨਿੰਦਕ ਹਨ ਆਪਣਾ ਇੱਕ ਸੁੱਚਾ ਫ਼ਰਜ਼ ਵੀ ਨਿਭਾ ਰਹੇ ਆ….. ਮੇਰੇ ਹਿਸਾਬ ਨਾਲ ਸਾਰਥਿਕ ਪ੍ਰਸ਼ੰਸਾ ਕਿਸੇ ਨਵੇਂ ਅਸਥਾਨ ਲਈ ਯੋਗ ਹੁੰਦੀ ਆ….ਯੋਗ ਤੋਂ ਵੱਧ ਪ੍ਰਸ਼ੰਸਾ ਹਉਮੈ ਪੈਦਾ ਕਰਦੀ ਹੈ….ਇੱਕ ਛੋਟੇ ਬੱਚੇ(ਨਵੇਂ ਕਿਸੇ ਵੀ ਖੇਤਰ ਵਿਚ ਵਿਅਕਤੀ ਨੂੰ) ਨੂੰ ਕਿਸੇ ਵਧੀਆ ਕਾਰਜ ਲਈ ਪ੍ਰੇਰਿਤ ਕੀਤਾ ਜਾਵੇ ਤਾਂ ਉਸ ਨੂੰ ਹੌਸਲੇ ਦੀ ਵੀ ਬਹੁਤ ਜ਼ਰੂਰਤ ਹੁੰਦੀ ਆ ਜੋ ਕਿ ਪ੍ਰਸੰਸਾ ਅਤੇ ਯੋਗ ਅਗਵਾਈ ਹੇਠ ਹੀ ਦਿੱਤੀ ਜਾ ਸਕਦੀ ਹੈ…..
ਲੋੜ ਹੈ ਆਉਣ ਵਾਲੀ ਪੀੜੀ ਨੂੰ ਇਹੋ ਜਿਹੇ ਜੀਵਨ ਵਿਚ ਸੁਚੱਜੀ ਸੇਧ ਵਾਲੇ ਸਾਹਿੱਤ ਨਾਲ ਜੋੜਿਆ ਜਾਵੇ ਜਿਸ ਨਾਲ ਉਨ੍ਹਾਂ ਦਾ ਜੀਵਨ ਤਾਂ ਅਨੰਦ ਪੂਰਵਕ ਬਤੀਤ ਹੋਵੇ ਨਾਲ ਦੀ ਨਾਲ ਸਮਾਜ ਦੇ ਸੇਵਾ ਵਿਚ ਅਹਿਮ ਰੋਲ ਅਦਾ ਕਰਨ ਇਸ ਤੋਂ ਇਲਾਵਾ ਦਾਸ ਬੇਨਤੀ ਕਰਦਾ ਹੈ ਉਨ੍ਹਾਂ ਲੇਖਕ, ਕਵੀ ਤੇ ਹੋਰ ਬੁੱਧੀਜੀਵੀ ਵਰਗ ਦੇ ਲੋਕਾਂ ਨੂੰ ਕਿ ਵਿਚਾਰਾਂ ਨੂੰ ਵਿਵਾਦ ਬਣਾ ਕਿ ਕੋਈ ਲੜਾਈ ਦਾ ਮੁੱਦਾ ਨਾ ਬਣਾਇਆ ਜਾਵੇ ਅਤੇ ਆਪਣੀ ਆਤਮਿਕ ਸ਼ਾਂਤੀ ਨੂੰ ਬਰਕਰਾਰ ਰੱਖਿਆ ਜਾਵੇ ਖ਼ਾਸਕਰ ਪੁਰਾਣੇ ਸਤਿਕਾਰ ਯੋਗ ਲੇਖਕ ਸਾਹਿਬਾਨ ਅਜੋਕੇ ਨਵੀਂ ਪੀੜੀ ਵਾਲੇ ਲੇਖਕ ਵੀਰਾਂ ਨੂੰ ਆਪਣੇ ਵਿਰੋਧੀ ਲੇਖਕ ਨਾ ਸਮਝ ਕੇ ਉਨ੍ਹਾਂ ਨਵੀਨ ਕਲਮਾਂ ਨੂੰ
ਨਵੀਂ ਦਿਸ਼ਾ ਦੇਣ ਵਿਚ ਆਪਣੇ ਕੀਮਤੀ ਵਿਚਾਰਾਂ ਰਾਹੀ ਸੇਧ ਦੇਣ ਦਾ ਯਤਨ ਕਰਨ। ਬਾਕੀ ਤੁਸੀਂ ਸਾਰੇ ਪਾਠਕ ਮੇਰੇ ਨਾਲੋਂ ਜ਼ਿਆਦਾ ਤਜਰਬੇ ਵਿਚ ਆਦਰ ਸਤਿਕਾਰ ਵਾਲੀ ਸ਼ਖ਼ਸੀਅਤ ਹੋ ਆਪ ਜੀ ਪਾਸੋਂ ਹਮੇਸ਼ਾ ਹੌਸਲਾ ਹੀ ਮਿਲਿਆ ਹੈ ਧੰਨਵਾਦੀ ਜੀ।

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ!
ਆਖ਼ਿਰ ਵਿਚ ਹੋਇਆਂ ਭੁੱਲਾਂ ਚੁੱਕਾਂ ਦੀ ਖਿਮਾ
ਆਪ ਜੀ ਦਾ ਦਾਸ

ਹਰਮਿੰਦਰ ਸਿੰਘ ਭੱਟ
ਬਿਸਨਗੜ੍ਹ (ਬਈਏਵਾਲ)
ਸੰਗਰੂਰ
09914062205

Leave a Reply

Your email address will not be published. Required fields are marked *

%d bloggers like this: