ਕੀ ਸਾਡੀ ਸਿਖਿਆ ਪ੍ਰਣਾਲੀ—-

ਕੀ ਸਾਡੀ ਸਿਖਿਆ ਪ੍ਰਣਾਲੀ—-

ਕੀ ਸਾਡੀ ਸਿਖਿਆ ਪ੍ਰਣਾਲੀ ਠੀਕ ਹੈ?ਕੀ ਏਹ ਸੱਭ ਨੂੰ ਰੋਜ਼ੀ ਰੋੋਟੀ ਦੇ ਕਾਬਿਲ ਬਣਾ ਰਹੀ ਹੈ?ਕੀ ਸਰਕਾਰਾਂ ਇਸ ਪ੍ਰਤੀ ਗੰਭੀਰ ਹਨ?ਇਸਦੇ ਨਾਲ ਅਨੇਕਾਂ ਹੋਰ ਸਵਾਲ ਤੇ ਮੁਸੀਬਤਾਂ ਜੁੜੀਆਂ ਹੋੋੋਈਆਂ ਹਨ।ਹਰ ਸਮਸਿਆ ਇੱਕ ਸਮਸਿਆ ਵਿੱਚੋਂ

ਜਨਮ ਲੈਂਦੀ ਹੈ ਪਰ ਜਿਥੇ ਇਸ ਸਮਸਿਆ ਦੀ ਜੜ੍ਹ ਹੈ ਉਥੇ ਕੋਈ ਨਹੀਂ ਪਹੁੰਚਦਾ।ਪੱਤੇ ਝਾੜਿਆਂ ਤਾਂ ਖਲਾਰਾ ਹੀ ਪੈਣਾ ਹੈ।ਅਸਲੀਅਤ ਵਿੱਚ ਵਾਪਰ ਵੀ ਏਹ ਹੀ ਰਿਹਾ ਹੈ।ਸਰਕਾਰੀ ਸਕੂਲਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸ਼ੁਰੂ ਵਿੱਚ, ਉਹ ਸੀ—-ਪ੍ਰਾਇਮਰੀ, ਮਿਡਲ ਤੇ ਸੀਨੀਅਰ ਸੈਕੰਡਰੀ ਸਕੂਲ,ਇਸ ਦੇ ਨਾਲ ਹਾਈ ਸਕੂਲ।ਵੀ ਸਨ।ਪ੍ਰਾਇਮਰੀ ਸਕੂਲਾਂ ਵਿੱਚ ਪੰਜਵੀਂ ਤੱਕ ਦੀ ਸਿਖਿਆ ਦਿੱਤੀ ਜਾਂਦੀ,ਇਸ ਵਿੱਚ ਬੱਚੇ ਨੂੰ ਭਾਸ਼ਾ ਦੀ ਪਕੜ,ਪਹਾੜਿਆਂ ਦੀ ਮਜ਼ਬੂਤੀ ਨਾਲ ਤਿਆਰ ਕੀਤਾ ਜਾਂਦਾ।ਜਮਾਤ ਵਿੱਚ ਇੱਕ ਬੱਚਾ ਅੱਗੇ ਬੋਲਦਾ ਤੇ ਬਾਕੀ ਉਸਦੇ ਪਿੱਛੇ ਬੋਲਦੇ।ਮਾਤਰਾਵਾ,ਉਂਕੜ,ਕੰਨੇ ਬਿੰਦੀਆਂ ਪੱਕੀਆਂ ਕਰ ਦਿੱਤੀਆਂ ਜਾਂਦੀਆਂ।ਪਹਾੜਿਆਂ ਨਾਲ ਗੁਣਾਂ, ਤਕਸੀਮ ਜੋੜ ਘਟਾ ਦੀਆਂ ਕਈ ਤਰਕੀਬਾਂ ਅਧਿਆਪਕ ਸਿਖਾ ਦਿੰਦੇ।ਅੱਜ ਦੇ ਬੱਚਿਆਂ ਵਾਂਗ ਕੈਲਕੁਲੇਟਰ ਨਹੀਂ ਸੀ ਵਰਤਿਆ ਜਾਂਦਾ।ਇਵੇਂ ਹੀ ਮਿਡਲ,ਹਾਈ ਤੇ ਸੀਨੀਅਰ ਸਕੈਡੰਰੀ ਸਕੂਲਾਂ ਵਿੱਚ ਬੱਚਿਆਂ ਨੂੰ ਚੰਡਿਆ ਤੇ ਤਰਾਸ਼ਿਆ ਜਾਂਦਾ ਸੀ।ਬੱਚਿਆਂ ਨੂੰ ਜੋ ਵੀ ਪੜ੍ਹਾਇਆ ਜਾਂਦਾ, ਉਸ ਵਿੱਚ ਨੈਤਿਕਤਾ ਦਾ ਪਾਠ ਜ਼ਰੂਰ ਹੁੰਦਾ।ਪਰ ਵੇਖੋ ਸਾਡੇ ਸਿਆਸਤਦਾਨਾਂ ਦੀ ਮਿਹਨਤ ਲਗਨ,ਬਿਉਰੋਕਰੈਸੀ ਦੇ ਤੇਜ਼ ਤੇ ਤਿੱਖੇ ਦਿਮਾਗਾਂ ਦਾ ਨਤੀਜਾ ਕਿ ਸਕੂਲਾਂ ਦੀ ਹੋਂਦ ਹੀ ਖਤਰੇ ਵਿੱਚ ਪੈ ਗਈ।ਪ੍ਰਾਇਵੇਟ ਸਕੂਲ ਬਹੁਤ ਪਹਿਲਾਂ ਕ੍ਰਿਸਚੀਅਨਜ਼ ਨੇ ਸ਼ੁਰੂ ਕੀਤੇ, ਬਹੁਤ ਵਧੀਆ ਪੜ੍ਹਾਈ,ਅਨੁਸ਼ਾਸਨ ਤੇ ਘੱਟ ਖਰਚਾ, ਖਾਲਸਾ ਸਕੂਲ ਵੀ ਖੁੱਲੇ ਪਰ ਹੌਲੀ ਹੌਲੀ ਸਰਕਾਰੀ ਸਕੂਲ ਗਿਰਾਵਟ ਵੱਲ ਜਾਣ ਲੱਗ ਗਏ ਤੇ ਪ੍ਰਾਇਵੇਟ ਸਕੂਲ ਬਿਜ਼ਨਸ ਕਲਾਸ ਦੇ ਹੱਥਾਂ ਵਿੱਚ ਜਾਣ ਲੱਗ ਗਏ।ਸਿਆਸਤਦਾਨਾਂ ਤੇ ਬਿਉਰੋਕਰੇਸੀ ਨੇ ਵੀ ਇੰਨਾ ਨਾਲ ਹੱਥ ਮਿਲਾਉਣੇ ਸ਼ੁਰੂ ਕਰ ਦਿੱਤੇ।ਹਿੱਸੇ ਪੱਤੀਆਂ ਚੱਲਣ ਲੱਗ ਗਈਆਂ।ਏਹ ਪੈਸੇ ਕਮਾਉਣ ਦਾ ਵਧੀਆ ਸਾਧਨ ਬਣ ਗਿਆ।ਸਿਖਿਆ ਵਿਚਾਰੀ ਤਾਂ ਪਰਉਪਕਾਰੀ ਸੀ ਏਹ ਵਪਾਰ ਬਣਾ ਦਿੱਤੀ ਗਈ।ਚਲੋ ਜੀ ਵੱਡੇ ਵੱਡੇ ਸਕੂਲ ਬਣ ਗਏ, ਥਾਂ ਥਾਂ ਕਾਲਿਜ ਖੁੱਲ ਗਏ, ਯੂਨੀਵਰਸਿਟੀਆਂ ਦੀ ਵੀ ਗਿਣਤੀ ਜੋਰਾਂ ਸ਼ੋਰਾਂ ਨਾਲ ਵੱਧ ਗਈ, ਪਰ ਕੀ ਸਾਡੀ ਸਿਖਿਆ ਪ੍ਰਣਾਲੀ ਠੀਕ ਹੈ,ਇਸ ਨਾਲ ਬੱਚਿਆਂ,ਮਾਪਿਆਂ,ਪਰਿਵਾਰਾਂ ਤੇ ਸਮਾਜ ਨੂੰ ਕੋਈ ਫਾਇਦਾ ਹੋਇਆ?ਦੇਸ਼ ਦੀ ਤਰੱਕੀ ਹੋਈ?ਬਹੁਤ ਸਾਰੇ ਸਵਾਲ ਤੇ ਸਮਸਿਆਵਾਂ ਇੱਕ ਦੂਸਰੇ ਵਿੱਚ ਵੜੇ ਬੈਠੇ ਨੇ,ਜਿਸ ਬਾਰੇ ਲਿਖਣ ਦੀ ਤੇ ਤੁਹਾਡੇ ਨਾਲ ਵਿਚਾਰ ਸਾਂਝੇ ਕਰਨ ਦੀ ਕੋਸ਼ਿਸ਼ ਕਰਾਂਗੀ।ਅਧਿਆਪਕ ਦਾ ਸਨਮਾਨ, ਇੱਜ਼ਤ ਤੇ ਉਸ ਦੇ ਝਿੜਕਣ ਦਾ ਕਦੇ ਬੁਰਾ ਨਹੀਂ ਮਨਾਉਣਾ ਚਾਹੀਦਾ,ਏਸ ਵਕਤ ਏਹ ਤਿੰਨੇ ਹੀ ਮਨਫੀ ਹਨ।ਗੀਤਾ ਦਾ ਉਪਦੇਸ਼ ਹੈ,”ਉਸਤਾਦ ਤੇ ਮਾਂ ਜ਼ੁਬਾਨ ਦੇ ਕੌੜੇ ਹੋ ਸਕਦੇ ਹਨ ਪਰ ਉਹ ਮਨ ਦੇ ਮੈਲੇ ਨਹੀਂ ਹੁੰਦੇ।”ਹਾਂ ਅੱਜ ਕੱਲ ਕੁੱਝ ਘਣੋਨੀਆਂ ਖਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਜੋ ਮੰਦਭਾਗੀਆਂ ਵੀ ਹਨ।ਸਕੂਲ ਕਰੇਆਨੇ ਦੀ ਦੁਕਾਨ ਵਾਂਗ ਖੁੱਲ ਗਏ ਤੇ ਸਿਖਿਆ ਦਾ ਮਿਆਰ ਹੇਠਾਂ ਹੇਠਾਂ ਜਾਣਾ ਸ਼ੁਰੂ ਹੋ ਗਿਆ।ਮਕਸਦ ਪੈਸੇ ਕਮਾਉਣਾ ਸੀ।ਜਦੋਂ ਪ੍ਰਸ਼ਾਸਨ ਵਿੱਚ ਬੈਠਿਆਂ ਦੇ ਸਕੂਲ,ਕਾਲਜ ਹੋਣਗੇ, ਸਿਆਸਤਦਾਨਾਂ ਦੇ ਸਕੂਲ ਕਾਲਜ ਹੋਣਗੇ ਤਾਂ ਉਹ ਸਰਕਾਰੀ ਸਕੂਲਾਂ ਵੱਲ ਧਿਆਨ ਕਿਉਂ ਦੇਣਗੇ।ਵੇਖੋ ਵੇਖੀ,ਥੋੜੇ ਜਿਹੇ ਸਮੇਂ ਵਿੱਚ ਖੁੰਭਾ ਵਾਂਗ ਕਾਲਜਾਂ ਸਕੂਲਾਂ ਤੇ ਯੂਨੀਵਰਸਿਟੀਆਂ ਦੀ ਖੇਤੀ ਹੋਈ ਤੇ ਧੜਾ ਧੜ ਇਸ ਵਿੱਚੋਂ ਡਿਗਰੀਆਂ ਲੈਕੇ ਨੌਜਵਾਨ ਬਾਹਰ ਨਿਕਲਣ ਲੱਗੇ।ਪਰ ਸ਼ਾਬਸ਼ੇ ਸਿਆਸਤਦਾਨਾਂ ਦੇ ਉਦਯੋਗ ਸਾਰੇ ਪੰਜਾਬ ਤੋਂ ਬਾਹਰ ਚਲੇ ਗਏ ਤੇ ਏਹ ਚੁੱਪ ਚਾਪ ਤਮਾਸ਼ਾ ਵੇਖਦੇ ਰਹੇ।ਬੱਚਿਆਂ ਨੂੰ ਫੇਲ ਨਾ ਕਰਨ ਦਾ ਫਰਮਾਨ ਕਰ ਦਿੱਤਾ, ਬੱਚਿਆਂ ਨੂੰ ਪੜ੍ਹਾਉਣ ਦੀ ਜ਼ਿਹਮਤ ਕੋਈ ਕਿਉਂ ਕਰੇਗਾ।ਬੱਚਿਆਂ ਦੀ ਹਾਲਤ ਏਹ ਕਰ ਦਿੱਤੀ ਕਿ ਨਾ ਉਹ ਪੜ੍ਹੇ ਹੋਏ ਨੇ ਤੇ ਨਾ ਅਨਪੜ੍ਹ।ਚੰਗੀਆਂ ਕੰਪਨੀਆਂ ਵਿੱਚ ਨੌਕਰੀ ਕਰਨ ਦੇ ਮਿਆਰ ਦੀ ਇੰਨਾ ਨੂੰ ਸਿਖਿਆ ਹੀ ਨਹੀਂ ਦਿੱਤੀ ਹੁੰਦੀ।ਇੰਟਰਵਿਊ ਵਿੱਚ ਏਹ ਗੱਲਬਾਤ ਕਰਨ ਵਿੱਚ ਖਰੇ ਨਹੀਂ ਉੱਤਰਦੇ।ਕੁਝ ਬੱਚੇ ਹੀ ਨੌਕਰੀਆਂ ਲੈਣ ਵਿੱਚ ਸਫਲ ਹੁੰਦੇ ਨੇ।ਸੱਭ ਨੂੰ ਬੇਕਾਰ ਕਰਕੇ ਰੱਖ ਦਿੱਤਾ।ਚੰਗੀ ਨੌਕਰੀ ਦੇ ਕਾਬਲ ਹੈ ਨਹੀਂ ਤੇ ਮਾੜੀ ਕਰਨੀ ਨਹੀਂ।ਅਗਰ ਇਹ ਕਹਿ ਲਿਆ ਜਾਏ ਕਿ ਸਾਡੀ ਸਿਖਿਆ ਪ੍ਰਣਾਲੀ ਨੇ ਨੌਜਵਾਨਾਂ ਨੂੰ ਨਸ਼ਿਆਂ ਵਿੱਚ ਧਕੇਲਿਆ,ਖੋਹਾਂ ਖਿੰਝਾ ਦੇ ਰਸਤੇ ਪਾਇਆ ਤਾਂ ਅਤਿਕਥਨੀ ਨਹੀਂ ਹੋਏਗੀ।ਸਿਖਿਆ ਨੀਤੀ ਕੋਈ ਢੰਗ ਦੀ ਹੈ ਨਹੀਂ ਤੇ ਨਾ ਹੀ ਸਰਕਾਰਾਂ ਤੇ ਇਨ੍ਹਾਂ ਦੇ ਸਲਾਹਕਾਰਾਂ ਨੂੰ ਇਸ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ।ਇੰਨਾ ਦੇ ਬੱਚਿਆਂ ਨੇ ਵਿਦੇਸ਼ਾਂ ਵਿੱਚ ਪੜ੍ਹ ਲੈਣਾ ਹੈ,ਆਕੇ ਰਾਜਨੀਤੀ ਚ ਚਲੇ ਜਾਣਾ ਹੈ ਤੇ ਬਾਕੀਆਂ ਨੇ ਪੈਸੇ ਖਰਚਕੇ ਬਿਜ਼ਨਸ ਸ਼ੁਰੂ ਕਰ ਲੈਣਾ ਜਾਂ ਖੋਲੇ ਹੋਏ ਸਕੂਲ ਵਿੱਚ ਬੈਠ ਜਾਣਾ।ਇੰਨਾ ਨੂੰ ਜਨਤਾ ਨਾਲ ਕੀ।ਜਿਸ ਤਰ੍ਹਾਂ ਦੀ ਸਾਡੀ ਸਿਖਿਆ ਪ੍ਰਣਾਲੀ ਹੈ ਉਸਨੇ ਬਹੁਗਿਣਤੀ ਨੌਜਵਾਨਾਂ ਵਿੱਚ ਨਿਰਾਸ਼ਾ ਤਲਖੀ ਤੇ ਘਬਰਾਹਟ ਪੈਦਾ ਕੀਤੀ ਹੈ।ਸਰਕਾਰਾਂ ਦੀ ਜ਼ੁਮੇਵਾਰੀ ਹੈ ਵਧੀਆ ਸਿਖਿਆ ਤੇ ਰੋਜ਼ਗਾਰ, ਸਰਕਾਰਾਂ ਬੁਰੀ ਤਰ੍ਹਾਂ ਫੇਲ੍ਹ ਹੋਈਆਂ ਨੇ।ਸਿਰਫ ਡਿਗਰੀਆਂ ਦੇਣਾ ਸਿਖਿਆ ਨਹੀਂ ਤੇ ਨਾ ਹੀ ਏਹ ਵਿਕਾਸ ਹੈ।ਥਾਂ ਥਾਂ ਸਕੂਲ,ਕਾਲਜ ਤੇ ਯੂਨੀਵਰਸਿਟੀਆਂ ਖੋਲਣਾ ਕੋਈ ਪ੍ਰਾਪਤੀ ਨਹੀਂ ਤੇ ਨਾ ਹੀ ਪਿੱਠ ਠੋਕਣ ਵਾਲੀ ਗੱਲ ਹੈ।ਵਿਕਾਸ ਉਹ ਹੈ ਜਦੋਂ ਨੌਕਰੀ ਮਿਲੇਗੀ, ਟੈਂਕੀਆਂ ਤੇ ਨੌਜਵਾਨਾਂ ਨੂੰ ਚੜ੍ਹਨਾ ਨਹੀਂ ਪਵੇਗਾ।ਜਿਸ ਤਰ੍ਹਾਂ ਦਾ ਨਿਘਾਰ ਆ ਰਿਹਾ ਹੈ ਸੰਕੇਤ ਵਧੀਆ ਨਹੀਂ ਨੇ।ਬਾਇਰਨ ਨੇ ਲਿਖਿਆ ਹੈ,”ਕਿਸੇ ਕੌਮ ਦੇ ਉਸਾਰਨ ਵਿੱਚ ਹਜ਼ਾਰਾਂ ਵਰ੍ਹੇ ਲੱਗਦੇ ਹਨ ਪਰ ਉਸਦੇ ਤਬਾਹ ਹੁੰਦਿਆਂ ਦੇਰ ਨਹੀਂ ਲੱਗਦੀ।”ਪੜ੍ਹੇ ਲਿਖੇ ਨੌਜਵਾਨਾਂ ਦੀ ਤਲਖੀ,ਪ੍ਰੇਸ਼ਾਨੀ ਤੇ ਸੰਕੇਤਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ,ਜ਼ਰੂਰੀ ਹੀ ਨਹੀਂ ਸਮੇਂ ਦੀ ਮੰਗ ਹੈ।ਆਪਣੇ ਸਵਾਰਥਾਂ ਤੋਂ ਉਪਰ ਉੱਠਕੇ ਦੇਸ਼ ਦੇ ਭਵਿੱਖ ਕਹੇ ਜਾਂਦੇ ਨੌਜਵਾਨਾਂ ਲਈ ਗੰਭੀਰ ਹੋ ਜਾਉ।ਸਾਡੀ ਸਿਖਿਆ ਪ੍ਰਣਾਲੀ ਊਣਤਾਈਆਂ ਭਰਪੂਰ ਹੈ।ਹਰ ਬੱਚੇ ਨੂੰ ਉਸਦੀ ਯੋਗਤਾ ਮੁਤਾਬਿਕ ਸਿਖਿਆ ਤੇ ਫੇਰ ਨੌਕਰੀ ਮਿਲਣੀ ਚਾਹੀਦੀ ਹੈ।ਹਰ ਵਰਗ ਹਰ ਜ਼ੁਮੇਵਾਰ ਸ਼ਖਸ ਨੂੰ ਏਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਕੀ ਸਾਡੀ ਸਿਖਿਆ ਪ੍ਰਣਾਲੀ, ਸਾਡੀ ਲੋੜ ਮੁਤਾਬਿਕ, ਤੇ ਜਿੰਨਾ ਕੰਪਨੀਆਂ ਨੇ ਨੌਕਰੀਆਂ ਦੇਣੀਆਂ,ਇੰਨਾ ਸੱਭ ਤੇ ਖਰੀ ਉੱਤਰਦੀ ਹੈ।
Prabhjot Kaur Dillon
Contact No. 9815030221
Share Button

Leave a Reply

Your email address will not be published. Required fields are marked *

%d bloggers like this: