Fri. Apr 26th, 2019

ਕੀ ਬ੍ਰਿਧ ਆਸ਼ਰਮ ਚਾਹੀਦੇ ਨੇ ਜਾਂ ਨਹੀਂ?

ਕੀ ਬ੍ਰਿਧ ਆਸ਼ਰਮ ਚਾਹੀਦੇ ਨੇ ਜਾਂ ਨਹੀਂ?

ਏਹ ਇੱਕ ਅਜਿਹਾ ਸਵਾਲ ਹੈ ਜਿਸ ਨੂੰ ਪੁੱਛਣਾ ਜਿੰਨਾ ਕੌੜਾ ਹੈ,ਜਵਾਬ ਦੇਣਾ ਤੇ ਸੁਣਨਾ ਵੀ ਉਵੇਂ ਹੀ ਕੌੜਾ ਲੱਗੇਗਾ।ਸਾਡੇ ਦੇਸ਼ ਵਿੱਚ ਬ੍ਰਿਧ ਆਸ਼ਰਮਾ ਨੂੰ ਕੋਈ ਬਹੁਤਾ ਵਧੀਆ ਨਹੀਂ ਮੰਨਿਆ ਜਾਂਦਾ ਸੀ ਤੇ ਨਾ ਹੀ ਹੁਣ ਮੰਨਿਆ ਜਾ ਰਿਹਾ ਹੈ।ਪਹਿਲੇ ਵਕਤ ਵਿੱਚ ਅਗਰ ਕਿਸੇ ਦੇ ਬੱਚਾ ਨਹੀਂ ਵੀ ਹੁੰਦਾ ਸੀ ਤਾਂ ਭਰਾ ਭਤੀਜੇ ਸੰਭਾਲ ਲੈਂਦੇ ਸੀ।ਉਸਦੀਆਂ ਲੋੜਾਂ ਜ਼ਰੂਰਤਾਂ ਉਹ ਪੂਰੀਆਂ ਕਰਦੇ ਰਹਿੰਦੇ ਸੀਆਮ ਕਰਕੇ ਉਸਦੀ ਜਾਇਦਾਦ ਸੰਭਾਲਣ ਵਾਲਾ ਹੀ ਲੈਂਦਾ ਸੀ।ਵਕਤ ਬਦਲਿਆ, ਵੱਡੇ ਘਰ ਤੇ ਦਿਲ ਛੋਟੇ ਹੋਣ ਲੱਗੇ।ਹੁਣ ਦੂਸਰੇ ਬਜ਼ੁਰਗਾਂ ਨੂੰ ਸੰਭਾਲਣ ਦੀ ਗੱਲ ਤਾਂ ਦੂਰ ਦੀ ਹੈ ਆਪਣੇ ਮਾਂ ਬਾਪ ਨੂੰ ਵੀ ਪੁੱਤ ਨੂੰਹਾਂ ਸੰਭਲਣ ਨੂੰ ਤਿਆਰ ਨਹੀਂ।ਮਾਪਿਆਂ ਦੇ ਕਪੜਿਆਂ ਵਿੱਚੋਂ ਬਦਬੂ ਆਉਂਦੀ ਹੈ।ਉਹ ਮਾਂ ਜਿਹੜੀ ਬੱਚੇ ਨੂੰ ਸੁੱਕੇ ਥਾਂ ਪਾਕੇ, ਆਪ ਉਸਦੇ ਕੀਤੇ ਪਿਸ਼ਾਬ ਵਾਲੀ ਗਿੱਲੀ ਥਾਂ ਤੇ ਸੌਂ ਜਾਂਦੀ ਸੀ।ਹਰ ਕੋਈ ਏਹ ਕਹਿੰਦਾ ਹੈ ਕਿ ਧੀਆਂ ਮਾਪਿਆਂ ਦਾ ਧਿਆਨ ਰੱਖਦੀਆਂ ਹਨ,ਪਰ ਉਹ ਸੱਸ ਸੁਹਰੇ ਦਾ ਧਿਆਨ ਰੱਖਦੀਆਂ ਹਨ ਤੇ ਨਾ ਪੁੱਤਾਂ ਨੂੰ ਉਨ੍ਹਾਂ ਦੇ ਮਾਂ ਬਾਪ ਦਾ ਧਿਆਨ ਰੱਖਣ ਦਿੰਦੀਆਂ ਹਨ।ਮਾਪਿਆਂ ਦੀ ਘਰਾਂ ਵਿੱਚ ਹਾਲਤ ਖਰਾਬ ਹੋ ਜਾਂਦੀ ਹੈ।ਕਿਸੇ ਆਏ ਮਹਿਮਾਨ ਕੋਲ ਉਹ ਬੈਠ ਨਹੀਂ ਸਕਦੇ ਕਿਉਂਕਿ ਨੂੰਹ ਪੁੱਤ ਨੂੰ ਉਹ ਚੰਗਾ ਨਹੀਂ ਲੱਗਦਾ, ਫੋਨ ਤੇ ਗੱਲ ਕਰਨਾ ਵੀ ਨੂੰਹ ਪੁੱਤ ਨੂੰ ਹਜ਼ਮ ਨਹੀਂ ਹੁੰਦਾ, ਉਨਾਂ ਦਾ ਘਰੋਂ ਬਾਹਰ ਜਾਣਾ ਵੀ ਔਖਾ ਲੱਗਦਾ ਹੈ।ਗੱਲ ਇਵੇਂ ਦੀ ਲੱਗਦੀ ਹੈ,”ਮੈਂ ਤੇਰੇ ਘਰ ਨਹੀਂ ਵੱਸਣਾ,ਤੇਰੀ ਰੋਟੀ ਖਾਂਦੇ ਦੀ ਦਾੜ੍ਹੀ ਹਿਲਦੀ ਹੈ”।ਬਜ਼ੁਰਗ ਇਕੱਲੇਪਨ ਦਾ ਸ਼ਿਕਾਰ ਹੋ ਰਹੇ ਨੇ ਤੇ ਮਾਨਸਿਕ ਤੌਰ ਤੇ ਵੀ ਪ੍ਰੇਸ਼ਾਨ ਰਹਿਣ ਲੱਗ ਜਾਂਦੇ ਨੇ।ਸਵੇਰੇ ਜਲਦੀ ਉੱਠ ਗਏ ਤਾਂ ਮੁਸੀਬਤ, ਸੁੱਤੇ ਰਹੇ ਤਾਂ ਲੜਾਈ।
ਰੋਟੀ ਸਿਰਫ਼ ਬਜ਼ੁਰਗਾਂ ਦੀ ਬਣਾਉਣੀ ਔਖੀ ਹੈ।ਚਾਹੇ ਮਾਂ ਬਾਪ ਦੋਨੋਂ ਨੇ ਜਾਂ ਇਕੱਲੇ।ਮੈਂ ਇੱਕ ਦਿਨ ਪੜ੍ਹੀ ਲਿਖੀ ਮਾਂ ਦੀ ਵਿਡੀਉ ਵੇਖੀ ਜੋ ਕਿਸੇ ਬ੍ਰਿਧ ਆਸ਼ਰਮ ਵਿੱਚ ਸੀ।ਅੱਖਾਂ ਦੇ ਹੰਝੂ ਰੋਕਦੇ ਹੋਏ ਦੱਸ ਰਹੀ ਸੀ ਕਿ ਹਰ ਵਕਤ ਤੇਰੀ ਮਾਂ,ਤੇਰੀ ਮਾਂ,ਤੇਰੀ ਮਾਂ ਦਾ ਰੌਲਾ ਰਹਿੰਦਾ ਸੀ।ਪੁੱਤ ਕਿਸੇ ਝਮੇਲੇ ਵਿੱਚ ਨਾ ਪਵੇ ,ਮੈਂ ਇਥੇ ਆ ਗਈ।ਹੁਣ ਆਪਾਂ ਸੱਭ ਤੋਂ ਬਾਦ ਬ੍ਰਿਧ ਆਸ਼ਰਮ ਦੀ ਗੱਲ ਕਰਦੇ ਹਾਂ।ਅਗਰ ਬਜ਼ੁਰਗ ਮਾਪਿਆਂ ਨੂੰ ਸੰਭਾਲਣਾ ਨਹੀਂ ਤਾਂ ਉਨਾਂ ਦੇ ਬਣੇ ਘਰ ਤੇ ਜਾਇਦਾਦ ਵਿੱਚੋਂ ਨਿਕਲ ਜਾਉ,ਆਪਣਾ ਸੱਭ ਕੁਝ ਆਪ ਬਣਾਉ।ਉਹ ਕਿਵੇਂ ਰਹਿੰਦੇ ਨੇ, ਉਹ ਆਪੇ ਵੇਖ ਲੈਣਗੇ।ਸਰਕਾਰ ਨੇ ਕਾਨੂੰਨ ਤਾਂ ਬਣਾ ਦਿੱਤਾ ਪਰ ਬਜ਼ੁਰਗ ਉਸਦਾ ਲਾਭ ਨਹੀਂ ਉਠਾ ਸਕਦੇ।ਕੋਈ ਵੀ ਉਨਾਂ ਨਾਲ ਤੁਰਨ ਨੂੰ ਤਿਆਰ ਨਹੀਂ ਹੁੰਦਾ ਕਿਉਂਕਿ ਨੂੰਹ ਪੁੱਤ ਉਹਨਾਂ ਨਾਲ ਲੜਦੇ ਨੇ।ਜ਼ਮੀਨ ਜਾਇਦਾਦ ਜਿਉਂਦੇ ਮਾਪਿਆਂ ਦੀ ਕਿਸੇ ਵੀ ਹਾਲਤ ਵਿੱਚ ਪੁੱਤਰਾਂ ਦੇ ਨਾਮ ਨਾ ਕੀਤੀ ਜਾਵੇ ਕਿਉਂਕਿ ਬਹੁਤੀ ਵਾਰ ਮਾਪਿਆਂ ਨੂੰ ਡਰਾ ਧਮਕਾਕੇ ਤੇ ਫੁੱਸਲਾਕੇ ਆਪਣੇ ਨਾਮ ਕਰਵਾ ਲੈਂਦੇ ਹਨ।ਹਾਂ, ਜਿਵੇਂ ਦੇ ਹਾਲਾਤ ਬਜ਼ੁਰਗਾਂ ਦੇ ਕਈ ਵਾਰ ਘਰਾਂ ਵਿੱਚ ਹੁੰਦੇ ਹਨ ਉਹ ਵੇਖਕੇ ਤਾਂ ਲੱਗਦਾ ਹੈ ਕਿ ਬ੍ਰਿਧ ਆਸ਼ਰਮ ਹੋਣੇ ਚਾਹੀਦੇ ਹਨ।ਘੱਟੋ ਘੱਟ ਆਪਣੀ ਉਮਰ ਦੇ ਲੋਕਾਂ ਨਾਲ ਬੈਠਕੇ ਗੱਲ ਬਾਤ ਤਾਂ ਕਰ ਸਕਦੇ ਹਨ।ਹਾਂ, ਬ੍ਰਿਧ ਆਸ਼ਰਮ,ਉਵੇਂ ਦੇ ਨਾ ਹੋਣ ਕਿ ਅਸਮਾਨੋਂ ਡਿੱਗੀ,ਖਜ਼ੂਰ ਚ ਅਟਕੀ ਵਾਲੀ ਗੱਲ ਹੋ ਜਾਵੇ।ਪਿੰਡ ਦੇ ਵਿੱਚ ਸਰਪੰਚ ਦੀ ਜ਼ੁਮੇਵਾਰੀ ਹੋਵੇ ਕਿ ਬਜ਼ੁਰਗਾਂ ਨਾਲ ਅਗਰ ਗਲਤ ਹੋ ਰਿਹਾ ਹੈ ਤਾਂ ਉਹਨਾਂ ਦਾ ਸਾਥ ਦੇਵੇ, ਬਜ਼ੁਰਗਾਂ ਦੀ ਜਾਇਦਾਦ ਦੀ ਆਮਦਨ ਬਜ਼ੁਰਗ ਕੋਲ ਜਾਵੇ ਅਗਰ ਔਲਾਦ ਅਜਿਹਾ ਨਹੀਂ ਕਰਦੀ ਤਾਂ ਪ੍ਰਸ਼ਾਸਨ ਕੋਲ ਦੱਸੇ।ਇਵੇਂ ਹੀ ਸ਼ਹਿਰਾਂ ਵਿੱਚ ਬਣੇ ਵਾਰਡਾਂ ਦੇ ਚੁਣੇ ਹੋਏ ਨੁਮਾਇੰਦੇ ਏਹ ਕੰਮ ਕਰਨ।ਅਗਰ ਬਜ਼ੁਰਗ ਕਿਸੇ ਵੀ ਹਾਲਾਤ ਵਿੱਚ ਬ੍ਰਿਧ ਆਸ਼ਰਮ ਵਿੱਚ ਹੈ ਤਾਂ ਉਸ ਵੱਲੋਂ ਬਣਾਈ ਗਈ ਸਾਰੀ ਜਾਇਦਾਦ ਦੀ ਆਮਦਨ ਉਸਨੂੰ ਪਹੁੰਚਾਈ ਜਾਵੇ।ਮਸਲਾ ਬ੍ਰਿਧ ਆਸ਼ਰਮ ਦਾ ਹੋਣਾ ਜਾਂ ਨਾ ਹੋਣ ਦਾ ਨਹੀਂ, ਸਮਸਿਆ ਏਹ ਹੈ ਕਿ ਨੂੰਹ ਪੁੱਤ ਜਾਇਦਾਦ ਸਾਰੀ ਹੜਪ ਲੈਂਦੇ ਨੇ ਤੇ ਬਜ਼ੁਰਗਾਂ ਨੂੰ ਖਾਲੀ ਹੱਥ ਕਰਕੇ ਬਿਠਾ ਦੇਂਦੇ ਨੇ।ਜਿਹੜੀ ਜਾਇਦਾਦ ਬੁਢਾਪੇ ਲਈ ਬਣਾਈ ਹੁੰਦੀ ਹੈ ਉਹ ਹੀ ਮੁਸੀਬਤ ਬਣ ਜਾਂਦੀ ਹੈ।ਅਗਰ ਸਮਾਜ ਦੇ ਬਦਲਾ ਦੇ ਨਾਲ ਚੱਲੀਏ ਤਾਂ ਬ੍ਰਿਧ ਆਸ਼ਰਮ ਬੁਰੀ ਚੀਜ਼ ਨਹੀਂ ਹਨ।ਜਿਨ੍ਹਾਂ ਨੇ ਪਰਿਵਾਰ ਤੇ ਸਮਾਜ ਨੂੰ ਚਾਲੀ ਕੁ ਸਾਲ ਦਿੱਤੇ ਹਨ,ਉਨਾਂ ਨੂੰ ਆਰਾਮ, ਇੱਜ਼ਤ ਤੇ ਚੈਨ ਨਾਲ ਬੁਢਾਪੇ ਵਿੱਚ ਰੱਖਣਾ ਚਾਹੀਦਾ ਹੈ।ਹਾਂ, ਸੱਭ ਤੋਂ ਮਹੱਤਵਪੂਰਨ ਤੇ ਧਿਆਨ ਦੇਣ ਵਾਲੀ ਗੱਲ ਏਹ ਹੈ ਕਿ ਜਿਉਂਦੇ ਜੀ ਕਿਸੇ ਵੀ ਬਜ਼ੁਰਗ ਦੀ ਜਾਇਦਾਦ ਪੁੱਤਾਂ ਦੇ ਨਾਮ ਨਾ ਲਗਾਈ ਜਾਏ।ਅਗਰ ਅਜਿਹਾ ਹੋ ਜਾਂਦਾ ਹੈ ਤਾਂ ਪ੍ਰਸ਼ਾਸਨ ਨੂੰ ਪੁੱਤ ਤੋਂ ਪੁੱਛੇ ਬਗੈਰ, ਜਾਇਦਾਦ ਬਜ਼ੁਰਗ ਦੇ ਨਾਮ ਬਦਲ ਦੇਣੀ ਚਾਹੀਦੀ ਹੈ ਤੇ ਉਸਦੀ ਸਾਰੀ ਆਮਦਨ ਉਸਦੀ ਮੌਤ ਤੱਕ ਉਸਦੇ ਖਾਤੇ ਵਿੱਚ ਜਾਣੀ ਚਾਹੀਦੀ ਹੈ।ਅਗਰ ਮਾਪੇ ਨਹੀਂ ਸੰਭਾਲੇ ਜਾਂਦੇ ਤਾਂ ਬ੍ਰਿਧ ਆਸ਼ਰਮ ਜਾ ਸੀਨੀਅਰ ਸਿਟੀਜ਼ਨ ਹੋਮ ਵਿੱਚ ਉਨ੍ਹਾਂ ਦੀ ਦੇਖਭਾਲ ਹੋ ਸਕੇ।ਬ੍ਰਿਧ ਆਸ਼ਰਮ ਤੇ ਸੀਨੀਅਰ ਸਿਟੀਜ਼ਨ ਹੋਮ ਹੋਣੇ ਚਾਹੀਦੇ ਹਨ।ਹਰ ਬਜ਼ੁਰਗ ਨੂੰ ਇੱਜ਼ਤ ਨਾਲ ਜਿਉਣ ਦਾ ਹੱਕ ਹੈ,ਉਸਨੂੰ ਆਰਾਮ ਤੇ ਚੈਨ ਕਿਥੇ ਮਿਲਦਾ ਹੈ ਏਹ ਵਧੇਰੇ ਮਹੱਤਵਪੂਰਨ ਹੈ।
Prabhjot Kaur Dillon
Contact No. 9815030221
Share Button

Leave a Reply

Your email address will not be published. Required fields are marked *

%d bloggers like this: