ਕੀ ਦਹੇਜ ਕਾਨੂੰਨ ਦਾਨਵ ਹੈ?

ਕੀ ਦਹੇਜ ਕਾਨੂੰਨ ਦਾਨਵ ਹੈ?

ਦਹੇਜ ਦਾ ਮਸਲਾ ਬੇਹੱਦ ਗੰਭੀਰ ਹੈ।ਇਸ ਵਕਤ ਦਹੇਜ ਦੇ ਕੇਸਾਂ ਦੀ ਗਿਣਤੀ ਵੱਧ ਰਹੀ ਹੈ।ਇਸ ਨੂੰ ਵਿਕਾਸ ਜਾਂ ਲੋਕਾਂ ਦਾ ਜਾਗਰੂਕ ਹੋਣਾ ਕਹਿਣਾ ਬੇਹੱਦ ਗਲਤ ਹੈ।ਇਸ ਨਾਲ ਪਰਿਵਾਰ ਤੇ ਸਮਾਜ ਟੁੱਟ ਰਿਹਾ ਹੈ, ਇਹ ਮਾਨਸਿਕਤਾ ਫੇਰ ਦੇਸ਼ ਵਾਸਤੇ ਵੀ ਘਾਤਿਕ ਸਿਧ ਹੋ ਰਹੀ ਹੈ।ਕਾਨੂੰਨ ਬਣਾ ਦੇਣਾ,ਕੋਈ ਹੱਲ ਨਹੀਂ।ਇਸ ਨੂੰ ਕਿਵੇਂ ਵਰਤਿਆ ਜਾ ਰਿਹਾ ਹੈ ਜਾਂ ਵਰਤਿਆ ਹੀ ਨਹੀਂ ਜਾ ਰਿਹਾ ਵੇਖਣਾ ਵੀ ਜ਼ਰੂਰੀ ਹੈ।ਦਹੇਜ ਕਾਨੂੰਨ ਸੱਚੀ ਦਾਨਵ ਹੈ।ਏਹ ਕਹਿਣਾ ਬਿਲਕੁੱਲ ਗਲਤ ਹੈ ਕਿ ਸਿਰਫ਼ ਲੜਕੀ ਤੇ ਲੜਕੀ ਦੇ ਮਾਪੇ ਪ੍ਰੇਸ਼ਾਨ ਹੁੰਦੇ ਹਨ।ਜਦ ਕੁੱਝ ਟੁੱਟਦਾ ਹੈ ਤਾਂ ਉਹ ਸਾਰੀ ਚੀਜ਼ ਟੁਕੜੇ ਟੁਕੜੇ ਹੁੰਦੀ ਹੈ, ਉਸ ਦੇ ਕਿਸੇ ਹਿੱਸੇ ਨੂੰ ਬਚਾਇਆ ਨਹੀਂ ਜਾ ਸਕਦਾ।ਟੁਕੜੇ ਤਕਰੀਬਨ ਬਰਾਬਰ ਜਿਹੇ ਹੀ ਹੁੰਦੇ ਹਨ।ਕਾਨੂੰਨ ਦੀ ਵਰਤੋਂ ਤੇ ਦੁਰਵਰਤੋਂ ਤੇ ਧਿਆਨ ਜ਼ਰੂਰ ਰਖਣਾ ਚਾਹੀਦਾ ਹੈ।ਏਸ ਵਕਤ ਦਹੇਜ ਕਾਨੂੰਨ ਦੀ ਹੋ ਰਹੀ ਵਰਤੋਂ ਤੇ ਸਵਾਲੀਆ ਚਿੰਨ੍ਹ ਲੱਗ ਰਿਹਾ ਹੈ।ਐਮਰਸਨ ਨੇ ਠੀਕ ਹੀ ਕਿਹਾ ਹੈ,”ਮੈਨੂੰ ਕਾਨੂੰਨਾਂ ਵਿੱਚ ਕੋਈ ਸੁਰੱਖਿਆ ਨਜ਼ਰ ਨਹੀਂ ਆਉਂਦੀ, ਸਗੋਂ ਏਹ ਲੋਕਾਂ ਦੇ ਸੁਭਾਅ ਵਿੱਚ ਹੈ।”,ਬਹੁਤ ਸਾਰੇ ਸਰਵੇਖਣ ਹੋਏ, ਜਿੰਨਾ ਵਿੱਚਲੇ ਅੰਕੜੇ ਵੇਖਕੇ ਹੈਰਾਨੀ ਹੁੰਦੀ ਹੈ ਕਿ ਅਸੀਂ ਪਰਿਵਾਰ ਅਤੇ ਸਮਾਜ ਪ੍ਰਤੀ ਗੰਭੀਰ ਹੀ ਨਹੀਂ ਹਾਂ।ਇੱਕ ਤਰਫ਼ੀ ਸੋਚ ਤੇ ਇੱਕ ਤਰਫ਼ੇ ਕਾਨੂੰਨ ਨੇ ਪਰਿਵਾਰਾਂ ਦੇ ਪਰਿਵਾਰ ਉਜਾੜ ਦਿੱਤੇ।ਵਿਆਹ ਤੋਂ ਬਾਦ ਖ਼ੁਦਕੁਸ਼ੀਆਂ ਦੇ ਵੱਧ ਰਹੇ ਰੁਝਾਨ ਤੇ ਸਰਵੇਖਣ ਹੋਇਆ ਤੇ ਜੋ ਅੰਕੜੇ ਸਾਹਮਣੇ ਆਏ,ਉਹ ਚੌਂਕਾ ਦੇਣ ਵਾਲੇ ਸੀ।2005ਵਿੱਚ 52483 ਮੁੰਡਿਆਂ ਨੇ ਖੁਦਕੁਸ਼ੀਆਂ ਕੀਤੀਆਂ,28188 ਕੁੜੀਆਂ ਨੇ ਖੁਦਕੁਸ਼ੀ ਕੀਤੀ।2010 ਵਿੱਚ 64453 ਮੁੰਡਿਆਂ ਨੇ ਆਤਮਹੱਤਿਆ ਕੀਤੀ,31354 ਕੁੜੀਆਂ ਨੇ ਆਤਮਹੱਤਿਆ ਕੀਤੀ।2012 ਵਿਚ 64000 ਮੁੰਡਿਆਂ ਨੇ ਆਤਮਹੱਤਿਆ ਕੀਤੀ ਜਦ ਕਿ 32000ਕੁੜੀਆਂ ਨੇ ਖੁਦਕੁਸ਼ੀ ਕੀਤੀ।ਏਹ ਗਿਣਤੀ ਇਸੇ ਅਨੁਪਾਤ ਨਾਲ ਜਾਂ ਥੋੜਾ ਬਹੁਤ ਉਪਰ ਨੀਚੇ ਹੋਏਗੀ ਜੋ ਲਗਾਤਾਰ ਸਿਲਸਲਾ ਚੱਲ ਰਿਹਾ ਹੈ।ਪਰ ਬਦਕਿਸਮਤੀ ਕਿ ਮੁੰਡਿਆਂ ਦੀ ਮੌਤ ਬਾਰੇ ਉਨੀ ਉੱਚੀ ਆਵਾਜ਼ ਕੋਈ ਨਹੀਂ ਚੁੱਕਦਾ।ਏਸ ਤੋਂ ਵੀ ਵੱਧ ਹੈਰਾਨੀ ਦੀ ਗੱਲ ਏਹ ਹੈ ਕਿ ਔਰਤਾਂ ਤੇ ਬੱਚਿਆਂ ਦੀ ਭਲਾਈ ਵਾਸਤੇ ਮੰਤਰਾਲਾ ਬਣਿਆ ਹੋਇਆ ਹੈ, ਜਾਨਵਰਾਂ ਦੀ ਭਲਾਈ ਤੇ ਤਕਲੀਫਾਂ ਨੂੰ ਸੁਣਨ ਤੇ ਸੁਲਝਾਉਣ ਲਈ ਮੰਤਰਾਲਾ ਬਣਿਆ ਹੋਇਆ ਹੈ ਪਰ ਪੁਰਸ਼ਾਂ ਵਾਸਤੇ ਕੋਈ ਮੰਤਰਾਲਾ ਨਹੀਂ।ਏਹ ਸਰਕਾਰ ਅੱਗੇ ਸਵਾਲ ਵੀ ਹੈ ਤੇ ਗੰਭੀਰ ਚਿੰਤਾ ਦਾ ਵਿਸ਼ਾ ਵੀ ਹੈ।ਦਹੇਜ ਕਾਨੂੰਨ ਨੂੰ ਦਾਨਵ ਕਹਿਣਾ ਗਲਤ ਨਹੀਂ ਹੈ ਕਿਉਂਕਿ ਇਸ ਦੀ ਦੁਰਵਰਤੋਂ ਇਸ ਹੱਦ ਤੱਕ ਵੱਧ ਗਈ ਹੈ ਕਿ ਪਰਿਵਾਰਾਂ ਨੂੰ ਨਿਗਲ ਰਿਹਾ ਹੈ।ਵੂਮੈਨ ਸੈਲ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਜਿਵੇਂ ਵੀ ਘੁੰਮ ਘੁੰਮਾਕੇ ਦਰਜ ਕੀਤਾ ਜਾਂਦਾ ਹੈ, ਉਸ ਵਿੱਚ ਮੁੰਡੇ ਦੇ ਮਾਪਿਆਂ ਜਾਂ ਮੁੰਡੇ ਦੀ ਗੱਲ ਸੁਣਨ ਨੂੰ ਕੋਈ ਤਿਆਰ ਨਹੀਂ ਹੁੰਦਾ, ਕਈ ਵਾਰ ਸੁਣਨ ਨੂੰ ਮਿਲਿਆ ਕਿ ਸਾਨੂੰ ਪਤਾ ਹੈ ਕਿ ਲੜਕੇ ਵਾਲਿਆਂ ਦਾ ਕਸੂਰ ਨਹੀਂ ਹੈ ਪਰ ਇਸ ਦੇ ਬਾਵਜੂਦ ਅਸੀਂ ਮਦਦ ਨਹੀਂ ਕਰ ਸਕਦੇ।ਏਹ ਕਿਵੇਂ ਦੀ ਮਜ਼ਬੂਰੀ ਹੈ, ਏਹ ਕਿਵੇਂ ਦਾ ਕਾਨੂੰਨ ਹੈ ਕਿ ਪਤਾ ਹੁੰਦਿਆਂ ਵੀ,ਬੇਕਸੂਰ ਨੂੰ ਸਜ਼ਾ ਮਿਲ ਰਹੀ ਹੈ, ਉਨ੍ਹਾਂ ਦਾ ਘਰ ਤਬਾਹ ਹੋ ਰਿਹਾ ਹੈ,ਬਰਬਾਦ ਹੋ ਰਿਹਾ ਹੈ।ਵਕੀਲਾਂ ਕੋਲ ਬਣੇ ਹੋਏ ਪੇਪਰ ਨੇ ਜਿੰਨਾ ਵਿੱਚ ਸਿਰਫ ਨਾਮ ਭਰਿਆ ਜਾਂਦਾ ਹੈ,ਬਾਕੀ ਕੇਸ,ਕਾਰਨ,ਘਟਨਾਵਾਂ ਸੱਭ ਇੱਕੋ ਹੀ ਹੁੰਦੀਆਂ ਹਨ, ਥਾਣਿਆਂ ਵਿੱਚ ਵੀ ਘੜੇ ਘੜਾਏ ਕਾਰਨ ਤੇ ਘਟਨਾਵਾਂ ਲਿਖੀਆਂ ਹੁੰਦੀਆਂ ਹਨ।ਸੱਸ ਬੋਲੇ ਚਾਹੇ ਨਾ,ਸੱਸ ਸੁਹਰਾ ਨਾਲ ਰਹਿੰਦੇ ਹੋਣ ਜਾਂ ਨਾ,ਲੜਕੇ ਦੀ ਭੈਣ ਵਿਆਹੀ ਹੋਵੇ ਜਾਂ ਕੁਆਰੀ ਸੱਭ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਹਨ,ਸੱਭ ਦਹੇਜ ਮੰਗਦੇ ਹਨ।ਬਸ ਲੜਕਾ ਵਿਆਹ ਕੇ ਮੁਲਜ਼ਮਾਂ ਦੀ ਸ਼੍ਰੇਣੀ ਵਿੱਚ ਆ ਖੜੇ।ਹਾਂ,2009 ਵਿੱਚ ਜਦੋਂ ਜ਼ਰੂਰਤ ਤੋਂ ਵੱਧ ਦੁਰਵਰਤੋਂ ਹੋਣ ਲੱਗ ਗਈ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਇਸਨੂੰ,”ਕਾਨੂੰਨੀ ਆਤੰਕਵਾਦ”ਦਾ ਨਾਮ ਦਿੱਤਾ।ਇਸ ਮਸਲੇ ਅਤੇ ਕਾਨੂੰਨ ਤੇ ਗੰਭੀਰ ਹੋਣਾ ਵਕਤ ਦੀ ਜ਼ਰੂਰਤ ਹੈ।।                                ਕਿੰਨੀ ਸ਼ਰਮ ਤੇ ਦੁੱਖ ਦੀ ਗੱਲ ਹੈ ਕਿ ਲੜਕਿਆਂ ਨੂੰ ਭਾਵਨਾਵਾਂ ਰਹਿਤ ਤੇ ਬੇਜਾਨ ਮਾਸ ਦਾ ਥੋਥਾ ਸਮਝ ਲਿਆ,ਉਸ ਦੇ ਮਾਪਿਆਂ ਨੂੰ ਜਾਹਲ,ਮੂਰਖ ਤੇ ਘਟੀਆ ਕਰਾਰ ਦੇਣਾਂ ਸ਼ੁਰੂ ਕਰ ਦਿੱਤਾ।ਬਹੁਤ ਸਾਰੇ ਕੇਸਾਂ ਵਿੱਚ ਕੁੜੀਆਂ ਵਲੋਂ ਕੇਸ ਝੂਠੇ ਦਰਜ ਕਰਵਾਏ ਗਏ ਸਾਬਿਤ ਹੋ।ਆਦਲਤ ਨੂੰ ਗੁੰਮਰਾਹ ਕਰਨ,ਝੂਠੇ ਬਿਆਨ ਦੇਣ,ਮੁੰਡੇ ਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਨ,ਹਿੰਸਾ ਜੋ ਲੜਕੀ ਤੇ ਉਹਦੇ ਮਾਪਿਆਂ ਨੇ ਕੀਤੀ, ਉਨ੍ਹਾਂ ਉਪਰ ਕੇਸ ਦਰਜ ਕਰਨ ਦੇ ਅਦਾਲਤ ਵਲੋਂ ਹੁਕਮ ਦਿੱਤੇ ਜਾਣ ਤਾਂ ਕੁਝ ਠੱਲ ਪੈ ਸਕਦੀ ਹੈ।ਏਸ ਕਾਨੂੰਨ ਦੀ ਵਰਤੋਂ ਬਦਲਾਖੋਰੀ ਤੇ ਹੰਕਾਰ ਨੂੰ ਸੰਤੁਸ਼ਟ ਕਰਨ ਵਾਸਤੇ ਹੀ ਵਰਤਿਆ ਜਾ ਰਿਹਾ ਹੈ।ਮਾਪੇ ਲੜਕੀਆਂ ਨੂੰ ਆਪਣੇ ਘਰ ਬਹੁਤ ਸਾਰੇ ਕੰਮਾਂ ਤੋਂ ਵਰਜਦੇ ਹੋਣਗੇ, ਵੇਲੇ ਕੁਵੇਲੇ ਆਉਣ ਤੇ ਪੁੱਛਦੇ ਹੋਣਗੇ, ਪਰ ਸਹੁਰੇ ਪਰਿਵਾਰ ਵਿੱਚ ਮਾਪਿਆਂ ਨੇ ਅਗਰ ਅਜਿਹਾ ਕੀਤਾ ਤਾਂ ਘਰੇਲੂ ਹਿੰਸਾ, ਦਖਲ ਅੰਦਾਜੀ ਹੋ ਜਾਂਦੀ ਹੈ।ਇੱਕ ਟੀ.ਵੀ ਚੈਨਲ ਤੇ ਵਿਚਾਰ ਵਟਾਂਦਰੇ ਵਿੱਚ 498ਏ ਉਪਰ ਬਹਿਸ ਚਲ ਰਹੀ ਸੀ,ਜਿਸ ਵਿੱਚ ਕਵਿਤਾ ਸ਼੍ਰੀਵਾਸਤਵ ਜਿਸ ਤਰ੍ਹਾਂ ਬੋਲ ਰਹੀ ਸੀ,ਉਸ ਮੁਤਾਬਿਕ ਪ੍ਰਭਾਵ ਪੈ ਰਿਹਾ ਸੀ ਕਿ ਲੜਕੇ ਦੀ ਦਾਦੀ, ਮਾਂ,ਭੈਣਾਂ, ਤਾਈ,ਚਾਚੀ ਕੋਈ ਵੀ ਔਰਤ ਦੀ ਸ਼੍ਰੇਣੀ ਵਿੱਚ ਨਹੀਂ, ਸਿਰਫ ਨੂੰਹ ਹੀ ਹੈ ਜੋ ਔਰਤ ਹੈ,ਉਹ ਹੀ ਠੀਕ ਹੈ, ਉਹ ਹੀ ਤੰਗ ਪ੍ਰੇਸ਼ਾਨ ਹੋ ਰਹੀ ਹੈ।ਏਹ ਮਾਨਸਿਕਤਾ ਨੇ ਹੀ ਪਰਿਵਾਰਾਂ ਤੇ ਸਮਾਜ ਨੂੰ ਖੇਰੂੰ ਖੇਰੂੰ ਕਰ ਦਿੱਤਾ।ਲੜਕੀ ਆਪਣੇ ਸਹੁਰੇ ਪਰਿਵਾਰ ਦੀ ਨਿੱਕੀ ਤੋਂ ਨਿੱਕੀ ਗੱਲ ਮਾਪਿਆਂ ਨੂੰ ਦੱਸਦੀ ਹੈ,ਖਾਸ ਕਰਕੇ ਮਾਂ ਨੂੰ,ਲੜਕੇ ਦਾ ਪਰਿਵਾਰ ਤਾਂ ਮੁੰਡਾ ਵਿਆਹ ਕੇ ਨੰਗਾ ਹੋ ਜਾਂਦਾ ਹੈ।ਲੜਕੀ ਸਹੁਰੇ ਪਰਿਵਾਰ ਵਿੱਚ ਘੱਟ ਤੇ ਪੇਕੇ ਪਰਿਵਾਰ ਵਿੱਚ ਵਧੇਰੇ ਹੁੰਦੀ ਹੈ।ਲੜਕੀ ਦੇ ਮਾਪੇ ਆਪਣੇ ਹਿਸਾਬ ਨਾਲ,ਜਵਾਈ ਦੇ ਮਾਪਿਆਂ ਤੇ ਘਰ ਨੂੰ ਚਲਾਉਣ ਲੱਗ ਜਾਂਦੇ ਹਨ।ਲੜਕੇ ਨੂੰ ਇਸ ਹੱਦ ਤੱਕ ਦਬਾਅ ਪਾਇਆ ਜਾਂਦਾ ਹੈ ਕਿ ਉਹ ਮਜ਼ਬੂਰ ਹੋ ਜਾਂਦਾ ਹੈ ਉਨ੍ਹਾਂ ਦੀਆਂ ਗੱਲਾਂ ਮੰਨਣ ਵਾਸਤੇ, ਮਾਪਿਆਂ ਦਾ ਵੀ ਬੋਲਣਾ ਗੱਲ ਕਰਨਾ ਕੁਛ ਕਹਿਣਾ ਪੁੱਛਣਾ,ਲੜਾਈ ਦਾ ਕਾਰਨ ਬਣ ਜਾਂਦਾ ਹੈ।ਜਦੋਂ ਲੜਕਾ,ਕੁੜੀ ਦੇ ਮਾਪਿਆਂ ਦੀ ਗੱਲ ਮੰਨਣ ਤੋਂ ਜਵਾਬ ਦੇਂਦਾ ਹੈ ਤਾਂ ਉਨ੍ਹਾਂ ਵਾਸਤੇ ਉਹ ਬਰਦਾਸ਼ਤ ਕਰਨਾ ਔਖਾ ਹੋ ਜਾਂਦਾ ਹੈ।ਫਿਰ ਕੇਸ ਤੇ ਅਲੱਗ ਅਲੱਗ ਧਾਰਾਵਾਂ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ, ਸਾਰੇ ਪਰਿਵਾਰ ਨੂੰ ਜੇਲ ਭੇਜਣ ਦਾ ਕੰਮ ਸ਼ੁਰੂ ਹੋ ਜਾਂਦਾ ਹੈ।ਦਿੱਲੀ ਵਿੱਚ ਜੱਜ ਸਾਹਿਬਾ ਕਾਮਨੀ ਨੇ ਫੈਸਲਾ ਸੁਣਾਉਂਦੇ ਹੋਏ ਇਕ ਕੇਸ ਵਿੱਚ ਕਿਹਾ ਕਿ ਏਸ ਵਿੱਚ ਤੱਥਾਂ ਦੀ ਜਾਂਚ ਵਿੱਚ ਕੁਤਾਹੀ ਹੋਈ ਹੈ ਤੇ ਭ੍ਰਿਸ਼ਟਾਚਾਰ ਵਿਖਾਈ ਦੇ ਰਿਹਾ ਹੈ।ਇੰਜ ਹੀ ਇੱਕ ਹੋਰ ਜੱਜ ਸਾਹਿਬਾ ਨਿਵੇਦਤਾ ਨੇ ਵੀ ਇਵੇਂ ਦਾ ਹੀ ਫੈਸਲਾ ਦਿੱਤਾ।ਹੈਦਰਾਬਾਦ ਹਾਈਕੋਰਟ, ਦਿੱਲੀ ਹਾਈਕੋਰਟ ਤੇ ਕੁੱਝ ਹੋਰ ਹਾਈਕੋਰਟਾਂ ਨੇ ਵੀ ਅਜਿਹੇ ਫੈਸਲੇ ਕੀਤੇ, ਜਿਸ ਵਿੱਚ ਦਹੇਜ ਕਾਨੂੰਨ ਦੀ ਦੁਰਵਰਤੋਂ ਦੀ ਗੱਲ ਕਹੀ ਗਈ।ਮਾਣਯੋਗ ਸਰਵ ਉਚ ਅਦਾਲਤ ਨੇ ਵੀ ਉਸੇ ਵਕਤ ਗ੍ਰਿਫਤਾਰੀ ਤੇ ਰੋਕ ਲਗਾ ਦਿੱਤੀ, ਕਿਉਂਕਿ ਹਫੜਾ ਦਫੜੀ ਵਿੱਚ ਘਰਦੇ ਬਜ਼ੁਰਗਾਂ, ਬੀਮਾਰ, ਬੱਚਿਆਂ ਤੇ ਰਿਸ਼ਤੇਦਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਹੈ।ਏਸ ਦਾ ਅੰਦਾਜ਼ਾ ਏਸ ਤੋਂ ਲਗਾਇਆ ਜਾ ਸਕਦਾ ਹੈ ਕਿ ਕਈ ਵਾਰ ਅੱਸੀ ਸਾਲ ਦੇ ਦਾਦੇ ਤੇ ਮੰਜੇ ਤੇ ਪਾਈ ਬੀਮਾਰ ਮਾਂ ਨੂੰ ਵੀ ਏਸ ਕਰਕੇ ਫਸਾ ਦਿੱਤਾ ਜਾਂਦਾ ਹੈ ਕਿ ਏਸ ਨਾਲ ਦਬਾਅ ਵਧੇਰੇ ਪੈ ਸਕੇ।ਟੀ.ਵੀ ਚੈਨਲ ਤੇ ਯੂ ਪੀ ਦੇ ਰਿਟਾਇਰ ਡੀ.ਜੀ.ਪੀ ਡਾ:ਵਿਕਰਮ ਸਿੰਘ ਨੇ ਕਿਹਾ ਕਿ ਮੈਨੂੰ ਆਪਣੀ 37ਸਾਲ ਦੀ ਨੌਕਰੀ ਵਿੱਚ ਏਹ ਮਹਿਸੂਸ ਹੋਇਆ ਕਿ ਏਸ ਕਾਨੂੰਨ ਦੀ ਦੁਰਵਰਤੋਂ ਹੋ ਰਹੀ ਹੈ ਤੇ ਇਹ ਵੱਧਦੀ ਹੀ ਜਾ ਰਹੀ ਹੈ।ਉਨ੍ਹਾਂ ਅਨੁਸਾਰ,ਅਗਰ ਸਾਡੇ ਦੇਸ਼ ਦੀ ਮਾਨਯੋਗ ਸਰਵ ਉੱਚ ਅਦਾਲਤ ਏਸ ਨੂੰ “ਕਾਨੂੰਨੀ ਆਤੰਕਵਾਦ”ਕਹਿ ਰਹੀ ਹੈ ਤਾਂ ਇਸ ਤੇ ਕਿੰਤੂ ਪਰੰਤੂ ਦੀ ਗੁੰਜਾਇਸ਼ ਨਹੀਂ।ਸਿਰਫ ਲੜਕੀ ਦੇ ਮਾਪਿਆਂ ਤੇ ਰਹਿਮ ਕਰਨਾ, ਸਿਰਫ ਉਨ੍ਹਾਂ ਦੇ ਖਰਚੇ ਦੀ ਗੱਲ ਕਰਨਾ ਗਲਤ ਹੈ,ਲੜਕੇ ਦੇ ਮਾਪੇ ਵੀ ਤੇ ਲੜਕਾ ਵੀ ਉਸ ਤਰ੍ਹਾਂ ਹੀ ਖਰਚੇ ਕਰਦੇ ਹਨ।ਬਹੁਤ ਸਾਰੇ ਅਜਿਹੇ ਲੜਕੇ ਵਾਲੇ ਹਨ ਜਿੰਨਾ ਨੇ ਦਹੇਜ ਲਿਆ ਹੀ ਨਹੀਂ ਪਰ ਇਸ ਕਾਨੂੰਨ ਕਰਕੇ ਫਸਾ ਦਿੱਤੇ ਗਏ ਤੇ ਫੇਰ ਪੈਸੇ ਦੇਕੇ ਲੜਕੀ ਨੂੰ ਛੁੱਟੇ।ਏਹ ਕਾਨੂੰਨ ਪਰਿਵਾਰਾਂ ਤੇ ਸਮਾਜ ਨੂੰ ਨਿਆਂ ਨਹੀਂ ਦੇ ਰਿਹਾ।ਬਸ ਘਰਾਂ ਨੂੰ ਨਿਗਲ ਰਿਹਾ ਹੈ।ਮਾਰਟਿਨ ਲੂਥਰ ਕਿੰਗ ਦਾ ਕਹਿਣਾ ਹੈ,”ਕਿਸੇ ਵੀ ਥਾਂ ਤੇ ਹੋਣ ਵਾਲਾ ਅਨਿਆ,ਨਿਆਂ ਦੀ ਵਿਵਸਥਾ ਨੂੰ ਖਤਰਾ ਹੈ।”ਲੜਕਿਆਂ ਨਾਲ ਤੇ ਉਸ ਦੇ ਮਾਪਿਆਂ ਦੀ ਜੋ ਹਾਲਤ ਏਸ ਵਕਤ ਹੈ ਉਹ ਦਿਨੋਂ ਦਿਨ ਬੁਰੀ ਹੁੰਦੀ ਜਾ ਰਹੀ ਹੈ।ਏਸ ਵੱਲ ਹਰ ਸੰਬੰਧਿਤ ਵਿਭਾਗ ਦੇ ਕਰਮਚਾਰੀ ਤੇ ਅਧਿਕਾਰੀ ਨੂੰ ਚੌਕੰਨਾ ਤੇ ਹਾਲਾਤ ਨੂੰ ਮੱਧੇ ਨਜ਼ਰ ਰੱਖਕੇ ਕਾਰਵਾਈ ਕਰਨੀ ਚਾਹੀਦੀ ਹੈ।।          ਲੜਕੀਆਂ ਦੇ ਪੜ੍ਹੇ ਲਿਖੇ ਹੋਣ ਦਾ,ਆਪਣੇ ਪੈਰਾਂ ਤੇ ਖੜੇ ਹੋਣ ਦਾ,ਪਰਿਵਾਰ ਤੇ ਸਮਾਜ ਨੂੰ ਤਾਂ ਹੀ ਫਾਇਦਾ ਹੈ,ਅਗਰ ਘਰ ਪਰਿਵਾਰ ਤੇ ਸਮਾਜ ਦੀ ਬੁਨਿਆਦ ਨੂੰ ਮਜ਼ਬੂਤ ਕਰੇ।ਜਿੰਨਾ ਲੜਕੀਆਂ ਨਾਲ ਹਕੀਕਤ ਵਿੱਚ ਜ਼ਿਆਦਤੀ ਹੋ ਰਹੀ ਹੈ, ਏਹ ਉਨ੍ਹਾਂ ਵਾਸਤੇ ਕਾਨੂੰਨ ਹੈ।ਘਰ ਨੂੰ ਤਬਾਹ ਕਰਨ ਅਤੇ ਹੰਕਾਰ ਵੱਸ ਹੋਕੇ ਇਸ ਦੀ ਵਰਤੋਂ ਜਿਸ ਤਰ੍ਹਾਂ ਹੋ ਰਹੀ ਹੈ ਏਹ ਦੋਨੋਂ ਪਰਿਵਾਰਾਂ ਨੂੰ ਨਸ਼ਟ ਕਰ ਰਿਹਾ ਹੈ।ਏਹ ਕਹਿਣਾ ਸਰਾ ਸਰ ਗਲਤ ਹੈ ਕਿ ਲੜਕੀ ਵਾਲੇ ਬਰਬਾਦ ਹੋ ਗਏ, ਉਸੇ ਤਰ੍ਹਾਂ ਦਾ ਦਰਦ ਤੇ ਬਰਬਾਦੀ ਲੜਕੇ ਪਰਿਵਾਰ ਦੀ ਵੀ ਹੁੰਦੀ ਹੈ।ਹਰ ਮਾਂ ਬਾਪ ਦੀ ਖਾਹਿਸ਼ ਹੁੰਦੀ ਹੈ ਕਿ ਉਸਦਾ ਬੱਚਾ ਖੁਸ਼ ਰਹੇ।ਅਗਰ ਲੜਕੀ ਦੇ ਮਾਪੇ ਏਹ ਖਾਹਿਸ਼ ਰਖਦੇ ਹਨ ਤਾਂ ਲੜਕੇ ਦੇ ਮਾਪਿਆਂ ਨੂੰ ਵੀ ਏਸ ਦਾ ਬਰਾਬਰ ਹੱਕ ਹੈ।ਲੜਕੀ ਅਤੇ ਉਸ ਦੇ ਮਾਪਿਆਂ ਮੁਤਾਬਿਕ ਘਰ ਤੇ ਸਾਰੇ ਪਰਿਵਾਰ ਨੂੰ ਬਦਲਣਾ,ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ।ਕੀ ਲੜਕੀ ਦੇ ਮਾਪੇ,ਲੜਕੇ ਦੇ ਮਾਪਿਆਂ ਮੁਤਾਬਿਕ ਆਪਣਾ ਘਰ ਚਲਾਉਣ ਤੇ ਆਪਣੇ ਆਪ ਨੂੰ ਬਦਲਣ ਵਾਸਤੇ ਤਿਆਰ ਹੋ ਜਾਣਗੇ?ਹਰ ਘਰ ਆਪਣੇ ਆਪ ਵਿੱਚ ਇੱਕ ਸੰਸਥਾ ਹੈ, ਉਸ ਸੰਸਥਾ ਦੇ ਮੋਢੀਆਂ ਨੂੰ ਪਤਾ ਹੈ ਕਿ ਇਸ ਨੂੰ ਕਿਵੇਂ ਚਲਾਉਣਾ ਹੈ।ਜਦ ਲੜਕੀ ਸਹੁਰੇ ਪਰਿਵਾਰ ਵਿੱਚ ਆਕੇ ਕਾਰ, ਜਾਇਦਾਦ ਜਾਂ ਹੋਰ ਚੀਜ਼ਾਂ ਦੀ ਮੰਗ ਕਰਦੀ ਹੈ ਤਾਂ ਉਹ ਗਲਤ ਕਿਉਂ ਨਹੀਂ?ਜਦ ਲੜਕਾ ਮੰਗਦਾ ਹੈ ਤਾਂ ਉਹ ਗਲਤ ਕਿਉਂ ਹੈ?ਲੜਕਾ, ਲੜਕੀ ਬਰਾਬਰ ਹਨ ਤਾਂ ਸਾਰੇ ਹੱਕ ਹਕੂਕ ਵੀ ਬਰਾਬਰ ਹੋਣੇ ਚਾਹੀਦੇ ਹਨ।ਏਸ ਕਾਨੂੰਨ ਵਿੱਚ ਤਬਦੀਲੀ, ਜ਼ਰੂਰੀ ਹੋ ਗਈ ਹੈ।ਏਹ ਕਾਨੂੰਨ ਬਹੁਤ ਤੇਜੀ ਨਾਲ ਪਰਿਵਾਰਾਂ ਨੂੰ ਨਿਗਲ ਰਿਹਾ ਹੈ।ਜਿਸ ਤਰ੍ਹਾਂ ਲਾਵਾਂ ਵੇਲੇ ਗਵਾਹਾਂ ਦੇ ਦਸਤਖ਼ਤ ਹੁੰਦੇ ਹਨ ਸੱਭ ਕੁੱਝ ਲੈਣ ਦੇਣ, ਜੋ ਲੜਕੇ ਤੇ ਲੜਕੀ ਵਾਲਿਆਂ ਨੇ ਕੀਤਾ ਹੈ,ਰਜਿਸਟਰ ਹੋਵੇ।ਜਦੋਂ ਅਜਿਹੀ ਸਥਿਤੀ ਬਣਦੀ ਹੈ ਤਾਂ ਖਰਚੇ ਦੋਹਾਂ ਪਰਿਵਾਰਾਂ ਦੇ ਸਾਹਮਣੇ ਰੱਖੇ ਜਾਣ।ਸਿਰਫ਼ ਲੜਕੇ ਦੇ ਪਰਿਵਾਰ ਨੂੰ ਨਾ ਨਚੋੜਿਆ ਜਾਵੇ।ਦੋਨਾਂ ਧਿਰਾਂ ਦਾ ਸਮਾਨ ਵਾਪਿਸ ਕੀਤਾ ਜਾਵੇ।ਏਸ ਸੋਚ ਵਿਚੋਂ ਨਿਕਲਣਾ ਬੇਹੱਦ ਜ਼ਰੂਰੀ ਹੈ ਕਿ ਦੁੱਖ ਸਿਰਫ ਲੜਕੀਆਂ ਦੇ ਮਾਪਿਆਂ ਤੇ ਲੜਕੀ ਨੂੰ ਹੁੰਦਾ ਹੈ।ਲੜਕਿਆਂ ਦੀਆਂ ਖੁਦਕੁਸ਼ੀਆਂ ਦੇ ਅੰੰਕੜਿਆਂ ਤੇ ਵੀ ਗੌਰ ਕੀਤਾ ਜਾਵੇ।ਕਾਨੂੰਨ ਉਹ ਹੋਵੇ ਜੋ ਕਿਸੇ ਨਾਲ ਜ਼ਿਆਦਤੀ ਨਾ ਕਰੇ।’ਦਹੇਜ ਕਾਨੂੰਨ ‘ ਦਾਨਵ ਹੈ,ਖਾ ਤਾਂ ਏਹ ਪਰਿਵਾਰਾਂ ਨੂੰ ਰਿਹਾ ਹੀ ਹੈ।
Prabhjot Kaur Dillon

Contact No. 9815030221

Share Button

Leave a Reply

Your email address will not be published. Required fields are marked *

%d bloggers like this: