ਕੀ ਇਹੋ ਸੀ ਸਰਦਾਰ ਭਗਤ ਸਿੰਘ ਅਤੇ ਬਾਕੀ ਸ਼ਹੀਦਾਂ ਦੇ ਸੁਪਨਿਆਂ ਵਾਲਾ ਦੇਸ਼?

(ਸ਼ਹੀਦੇ ਆਜ਼ਮ ਸ.ਭਗਤ ਸਿੰਘ ਦੇ ਜਨਮਦਿਨ ‘ਤੇ ਵਿਸੇਸ਼)
ਕੀ ਇਹੋ ਸੀ ਸਰਦਾਰ ਭਗਤ ਸਿੰਘ ਅਤੇ ਬਾਕੀ ਸ਼ਹੀਦਾਂ ਦੇ ਸੁਪਨਿਆਂ ਵਾਲਾ ਦੇਸ਼?

ਅੰਗਰੇਜਾਂ ਤੋਂ ਦੇਸ ਨੂੰ ਅਜਾਦ ਕਰਵਾਉਣ ਲਈ ਅਨੇਕਾਂ ਦੇਸ ਭਗਤਾਂ ਨੇਂ ਆਪਣੀਆਂ ਜਾਨਾਂ ਦੀ ਕੁਰਬਾਨੀ ਦਿੱਤੀ।ਗੁਲਾਮੀਂ ਦੀਆਂ ਜੰਜ਼ੀਰਾਂ ਵਿੱਚ ਜਕੜੇ ਲੱਖਾਂ ਭਾਰਤੀ ਲੋਕਾਂ ਦੀ ਮਾਨਸਿਕਤਾ ਗੁਲਾਮੀ ਨੂੰ ਸਵੀਕਾਰ ਕਰ ਚੁੱਕੀ ਸੀ ਉਹ ਗੁਲਾਮ ਰਹਿਣ ਅਤੇ ਜੁਲਮ ਸਹਿਣ ਦੇ ਆਦੀ ਹੋ ਚੁੱਕੇ ਸਨ।ਪਰ ਜਦੋਂ ਵੀ ਕਿਸੇ ਦੇ ਅੰਦਰ ਅਜ਼ਾਦੀ ਹਾਸ਼ਿਲ ਕਰਨ ਦੀ ਤਾਂਘ ਅਤੇ ਤੜਫ਼ ਉੱਠਦੀ ਤਾਂ ਵਿਦਰੋਹ ਦੀ ਚਿੰਗਾੜੀ ਨੂੰ ਭਾਬੜ ਬਣਨ ਤੋਂ ਪਹਿਲਾਂ ਹੀ ਅੰਗਰੇਜ਼ ਹਕੂਮਤ ਵਲੋਂ ਆਪਣੇ ਜੁਲਮਾਂ ਅਤੇ ਤਸੱਦਦਾਂ ਨਾਲ਼ ਉਸਨੂੰ ਸੁਆਹ ਕਰ ਦਿੱਤਾ ਜਾਂਦਾ।ਪਰ ਫਿਰ ਵੀ ਗੁਲਾਮੀ ਤੋਂ ਛੁਟਕਾਰਾ ਪਾਉਣ ਅਤੇ ਆਪਣੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਅਜ਼ਾਦੀ ਦੇ ਬੀਜ ਨੇਂ ਕੁਝ ਰੌਸ਼ਨ ਦਿਮਾਗ ਅਤੇ ਆਪਣੇ ਦਿਲ ਦੇ ਅੰਦਰ ਦੇਸ਼ ਭਗਤੀ ਦਾ ਜਜ਼ਬਾ ਰੱਖਣ ਵਾਲੇ ਅਜਾਦੀ ਦੇ ਪ੍ਰਵਾਨਿਆਂ ਦੇ ਮਨਾਂ ਅੰਦਰ ਪੁੰਗਰਨਾ ਸ਼ੁਰੂ ਕਰ ਦਿੱਤਾ ਸੀ।ਇੰਨ੍ਹਾਂ ਅਜਾਦੀ ਦੇ ਪ੍ਰਵਾਨਿਆਂ ਵਿੱਚ ਇੱਕ ਅਜਿਹੇ ਪ੍ਰਵਾਨੇ ਦਾ ਨਾਮ ਮੁਢਲੀਆਂ ਸਫ਼ਾਂ ਵਿੱਚ ਆਉਦਾ ਹੈ ਜੋ 28 ਸਤੰਬਰ 1907 ਨੂੰ ਪਿਤਾ ਸ.ਕਿਸ਼ਨ ਸਿੰਘ ਦੇ ਗ੍ਰਹਿ ਵਿਖੇ ਮਾਤਾ ਵਿਦਿਆਵਤੀ ਦੀ ਕੁੱਖੋਂ ਜਨਮਿਆ ਲੋਕਮਨਾਂ ਦਾ ਨਾਇਕ ਸ਼ਹੀਦੇਆਜ਼ਮ ਸ. ਭਗਤ ਸਿੰਘ ਹੈ।ਸਰਦਾਰ ਭਗਤ ਸਿੰਘ ਨੂੰ ਦੇਸ ਭਗਤੀ ਦਾ ਜਜ਼ਬਾ ਆਪਣੇ ਖੂਨ ਅਤੇ ਵਿਰਾਸ਼ਤ ਵਿੱਚੋਂ ਹੀ ਮਿਲਿਆ ਕਿਉਂਕਿ ਚਾਚਾ ਅਜੀਤ ਸਿੰਘ ਭਗਤ ਸਿੰਘ ਦੇ ਜਨਮ ਸਮੇਂ ਕਾਲੇਪਾਣੀ ਤੋਂ ਰਿਹਾਅ ਹੋਕੇ ਆਏ ਸੀ।ਏਸੇ ਜਜ਼ਬੇ ਸਦਕਾ ਹੀ ਭਗਤ ਸਿੰਘ ਨੇਂ ਦੇਸ਼ ਨੂੰ ਅਜ਼ਾਦ ਕਰਵਾੳਣ ਲਈ ਬਚਪਨ ਵਿੱਚ ਹੀ ਦਬੂੰਖਾਂ ਬੀਜਣੀਆਂ ਸ਼ੁਰੂ ਕਰ ਦਿੱਤੀਆਂ ਸਨ ਅਤੇ ਅਜ਼ਾਦੀ ਦੀ ਸ਼ਮਾਂ ਨੂੰ ਜਗਦੀ ਰੱਖਣ ਲਈ ਆਪਣੇ ਦੇਸ ਲਈ ਆਪਣੇ ਖੂਨ ਦਾ ਕਤਰਾਕਤਰਾ ਅਰਪਣ ਕਰ ਦਿੱਤਾ।ਭਗਤ ਸਿੰਘ ਵਾਂਗ ਹੀ ਅਨੇਕਾਂ ਸੂਰਵੀਰਾਂ ਨੇਂ ਆਪਣੇ ਸੁਪਨਿਆਂ ਦਾ ਭਾਰਤ ਸਿਰਜਣ ਅਤੇ ਦੇਸ਼ ਨੂੰ ਪਈਆਂ ਗੁਲਾਮੀ ਦੀਆਂ ਬੇੜੀਆਂ ਕੱਟਣ ਲਈ ਆਪਾ ਨਿਛਾਵਰ ਕਰ ਦਿੱਤਾ।ਇੰਨ੍ਹਾਂ ਦੇਸ ਭਗਤਾਂ ਦੀਆਂ ਕੁਰਬਾਨੀਆਂ ਸਦਕਾ ਲੰਘੇ 15 ਅਗਸਤ ਨੂੰ ਅਸੀਂ ਦੇਸ਼ ਨੂੰ ਅਜਾਦੀ ਮਿਲਣ ਦੀ 70ਵੀਂ ਵਰ੍ਹੇਗੰਢ ਮਨ੍ਹਾ ਚੁੱਕੇ ਹਾਂ ਯਾਨੀ ਦੇਸ਼ ਨੂੰ ਅਜ਼ਾਦ ਹੋਇਆਂ ਪੂਰੇ ਸੱਤ ਦਹਾਕੇ ਬੀਤ ਚੁੱਕੇ ਹਨ।ਦੇਸ਼ ਨੂੰ ਹਰ ਪਾਸਿਓ ਲੁੱਟਣ ਵਾਲੇ ਗੋਰੇ ਅੰਗਰੇਜਾਂ ਨੂੰ ਭਾਰਤ ਨੂੰ ਛੱਡਕੇ ਗਿਆਂ ਪੂਰੇ ਸੱਤਰ ਸਾਲ ਬੀਤ ਚੁੱਕੇ ਹਨ, ਪਰ ਕੀ ਅਸੀਂ ਵਾਕਿਹੀ ਅਜ਼ਾਦ ਹੋਏ? ਕੀ ਦੇਸ਼ ਅੰਗਰੇਜਾਂ ਤੋਂ ਅਜ਼ਾਦ ਕਰਵਾਉਣ ਉਪਰੰਤ ਸਾਡੇ ਦੇਸ਼ ਭਗਤਾਂ ਦੇ ਅਜ਼ਾਦ ਭਾਰਤ ਨੂੰ ਲੈਕੇ ਸਜਾਏ ਸੁਪਨੇ ਪੂਰੇ ਹੋਏ ? ਇਹ ਸਾਰੇ ਸਵਾਲ ਅੱਜ ਸਾਡੇ ਮਹਾਨ ਸ਼ਹੀਦ ਦੇ ਜਨਮਦਿਨ ‘ਤੇ ਸਾਡੇ ਸਾਰਿਆਂ ਕੋਲੋਂ ਜਵਾਬ ਮੰਗਦੇ ਹਨ।ਹੁਣ ਵੀ ਕਈ ਬਜੁਰਗ ਇਹ ਆਖਣ ਲਈ ਕਿਉਂ ਮਜ਼ਬੂਰ ਹਨ ਕਿ ਇਸ ਨਾਲੋਂ ਤਾਂ ਅੰਗਰੇਜਾਂ ਦਾ ਰਾਜ ਹੀ ਚੰਗਾ ਸੀ ? ਜਾਂ ਅੱਜ ਵੀ ਸਾਨੂੰ ਬੜੀਆਂ ਕੁਰਬਾਨੀਆਂ ਨਾਲ਼ ਦੇਸ਼ ਵਿੱਚੋਂ ਕੱਢੇ ਅੰਗਰੇਜਾਂ ਦੀ ਗੁਲਾਮੀ ਕਰਨ ਉਨ੍ਹਾਂ ਦੇ ਦੇਸ਼ਾਂ ਵਿੱਚ ਪੈਸੇ ਖ਼ਰਚਕੇ ਜਾਣਾਂ ਵੀ ਮਾਣ ਵਾਲਾ ਕੰਮ ਕਿਉਂ ਲੱਗਦਾ ਹੈ ? ਅਜਿਹਾ ਕਿੱਥੇ ਨੁਕਸ ਰਹਿ ਗਿਆ ਅਜ਼ਾਦੀ ਵਿੱਚ ਜਾਂ ਸਿਰਫ਼ ਨਾਮ ਦੀ ਹੀ ਅਜ਼ਾਦੀ ਮਿਲੀ ਸੀ ? ਅੱਜ ਸਾਡਾ ਦੇਸ਼ ਗ਼ਰੀਬੀ, ਭੁੱਖਮਰੀ, ਭ੍ਰਿਸ਼ਟਾਚਾਰ, ਲਾਇਲਾਜ ਬਿਮਾਰੀਆਂ, ਮਹਿੰਗੀਆਂ ਦਵਾਈਆਂ, ਬੇਰੁਜਗਾਰੀ, ਵਧ ਰਹੀ ਜਨਸੰਖਿਆਂ, ਧਾਰਮਿਕ ਕੱਟੜਤਾ, ਡੇਰਾਵਾਦ ਆਦਿ ਅਨੇਕਾਂ ਸਮੱਸਿਆਵਾਂ ਦੀ ਦਲਦਲ ਵਿੱਚ ਬੁਰੀ ਤਰ੍ਹਾਂ ਧਸਿਆ ਪਿਆ ਹੈ।ਕੁੱਤੀ ਚੋਰਾਂ ਨਾਲ਼ ਰਲੀ ਹੋਈ ਹੈ ਅਤੇ ਵਾੜ ਖੇਤ ਨੂੰ ਖਾਅ ਰਹੀ ਹੈ, ਦੁੱਧ ਦੀ ਰਾਖੀ ਕਰਨ ਲਈ ਬਿੱਲੇ ਬੈਠੇ ਹਨ, ਸਾਧਾ ਦੇ ਚੋਲਿਆਂ ਵਿੱਚ ਚੋਰ ਬਲਾਤਕਾਰੀ ਅਤੇ ਕਾਤਲ ਸ਼ਰੇਆਮ ਘੁੰਮ ਰਹੇ ਹਨ।ਹੈਵਾਨੀਅਤ ਦਾ ਨੰਗਾ ਨਾਚ ਹੋ ਰਿਹਾ ਹੈ ਦੋਦੋ ਸਾਲ ਦੀਆਂ ਮਾਸੂਮ ਬਾਲੜੀਆਂ ਨਾਲ਼ ਬਲਾਤਕਾਰ ਹੋ ਰਹੇ ਹਨ, ਸੜ੍ਹਕਾਂ ਦੀਆਂ ਮਾੜ੍ਹੀਆਂ ਹਾਲਤਾਂ ਕਾਰਨ ਨਿੱਤ ਹੀ ਸੈਂਕੜੇ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ ਪਰ ਨੀਰੋ ਬੈਠਾ ਅਰਾਮ ਨਾਲ਼ ਬੰਸ਼ਰੀ ਵਜਾ ਰਿਹਾ ਹੈ।ਅੱਛੇ ਦਿਨਾਂ ਦੀ ਉਡੀਕ ਵਿੱਚ ਬੈਠੇ ਅੱਸੀ ਫ਼ੀਸਦੀ ਤੋਂ ਜਿਆਦਾ ਲੋਕ ਬੇਹੱਦ ਬੁਰੇ ਦਿਨਾਂ ਵਿੱਚੋਂ ਗੁਜ਼ਰ ਰਹੇ ਹਨ।ਤੇਤੀ ਫ਼ੀਸਦੀ ਤੋਂ ਜਿਆਦਾ ਭਾਰਤ ਵਾਸੀ ਗਰੀਬੀ ਰੇਖਾ ਤੋਂ ਵੀ ਹੇਠਾਂ ਵਾਲਾ ਜੀਵਨ ਬਸ਼ਰ ਕਰਨ ਲਈ ਮਜ਼ਬੂਰ ਹਨ, ਅਮੀਰ ਹੋਰ ਅਮੀਰ ‘ਤੇ ਗ਼ਰੀਬ ਹੋਰ ਗ਼ਰੀਬ ਹੋ ਰਿਹਾ ਹੈ।ਕੀ ਇਹੋ ਸੀ ਸ਼ਹੀਦ ਭਗਤ ਸਿੰਘ ਅਤੇ ਬਾਕੀ ਦੇਸ਼ ਭਗਤਾਂ ਦੇ ਸੁਪਨਿਆਂ ਦਾ ਦੇਸ਼ ? ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੀ ਨੌਜਵਾਨ ਸ਼ਕਤੀ ਬੇਰੁਜ਼ਗਾਰੀ ਦੀ ਝੰਬੀ ਹੋਈ ਨਸ਼ਿਆਂ ਦੀ ਦਲਦਲ ਵਿੱਚ ਧਸ ਰਹੀ ਹੈ।ਅੱਜ ਲੋੜ ਹੈ ਦੇਸ਼ ਦੇ ਹਰ ਜਿੰਮੇਵਾਰ ਨਾਗਰਿਕ ਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ ਅੱਗੇ ਆਉਣ ਦੀ ਅਤੇ ਦੇਸ਼ ਨੂੰ ਘੁਣ ਵਾਂਗ ਖਾਅ ਰਹੀਆਂ ਅਲਾਮਤਾਂ ਨਾਲ਼ ਆਪਣੇ ਵਿਵੇਕ ਅਤੇ ਬੁੱਧੀ ਨਾਲ਼ ਨਜਿੱਠਣ ਦੀ, ਆਪਾਂ ਕੀ ਲੈਣਾ ਦੀ ਨੀਤੀ ਨੂੰ ਛੱਡਕੇ, ਆਪਾਂ ਹੀ ਲੈਣਾ ਹੈ ਦੀ ਸੋਚ ਅਪਣਾਉਣ ਦੀ, ਕੁਰਸੀ ਦੇ ਭੁੱਖੇ ਲੀਡਰਾਂ ਨੂੰ ਲਾਂਭੇ ਕਰਕੇ ਅਸਲ ਲੋਕਰਾਜ ਦੀ ਸਥਾਪਨਾ ਕਰਨ ਦੀ, ਤਦ ਹੀ ਸਾਡੇ ਮਹਾਨ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਸਿਰਜਿਆ ਜਾ ਸਕਦਾ ਹੈ।ਆਉ ਅੱਜ ਸਾਰੇ ਮਿਲਕੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮਦਿਨ ‘ਤੇ ਇੱਕ ਕਸਮ ਖਾਈਏ ਆਪੋਆਪਣੇ ਮਨਾਂ ਵਿੱਚ ਸ਼ਹੀਦਾਂ ਦੀ ਸੋਚ ਨੂੰ ਵਸਾਕੇ ਆਪਣੇ ਨਿੱਜੀ ਹਿੱਤਾਂ ਨਾਲੋਂ ਉੱਪਰ ਉੱਠਕੇ ਦੇਸ਼ ਦੇ ਹਿੱਤਾਂ ਲਈ ਸੋਚਣਾ ਸ਼ੁਰੂ ਕਰੀਏੇ ਤਾਂ ਹੀ ਸਾਡਾ ਦੇਸ਼ ਤਰੱਕੀ ਦੀਆਂ ਰਾਹਾਂ ਤੇ ਅੱਗੇ ਵਧ ਸਕਦਾ ਹੈ।ਜਦੋਂ ਅਸੀਂ ਸਾਰੇ ਰਲਕੇ ਉੱਚਨੀਚ, ਰੰਗਨਸ਼ਲ, ਜਾਤਪਾਤ ਅਤੇ ਧਰਮਾਂਮਜ਼੍ਹਬਾਂ ਦੇ ਪਾੜੇ ਖ਼ਤਮ ਕਰਕੇ ਇਨਸਾਨੀਅਤ ਦੇ ਫਲਸਫ਼ੇ ਨੂੰ ਸਮਝਦੇ ਹੋਏ ਸਮੁੱਚੀ ਮਾਨਵਤਾ ਦੀ ਭਲਾਈ ਲਈ ਅੱਗੇ ਅਵਾਂਗੇ ਤਾਂ ਹੀ ਸਾਡਾ ਸ਼ਹੀਦਾ ਦੇ ਜਨਮਦਿਨ ਅਤੇ ਉਨ੍ਹਾਂ ਦੀਆਂ ਯਾਦਾਂ ਮਨਾਉਣ ਦਾ ਅਸਲ ਮਾਇਨਿਆ ਵਿੱਚ ਫ਼ਾਇਦਾ ਹੋਵੇਗਾ।

ਲੇਖਕ: ਸੁਖਵਿੰਦਰ ਸਿੰਘ ਅਟਵਾਲ
ਮੋਬਾਇਲ: 9915629076

Share Button

Leave a Reply

Your email address will not be published. Required fields are marked *

%d bloggers like this: