Mon. Sep 23rd, 2019

ਕੀਮਤੀ ਜਾਨਾਂ ਦੇ ਦੁਸ਼ਮਣ ਬਣ ਰਹੇ ਉਦਯੋਗਿਕ ਹਾਦਸੇ

ਕੀਮਤੀ ਜਾਨਾਂ ਦੇ ਦੁਸ਼ਮਣ ਬਣ ਰਹੇ ਉਦਯੋਗਿਕ ਹਾਦਸੇ

ਪਿਛਲੇ ਹਫਤੇ ਦੇਸ਼ ਦੇ ਕਈ ਇਲਾਕਿਆਂ ਵਿੱਚ ਅਜਿਹੇ ਚਾਰ ਵੱਡੇ ਹਾਦਸੇ ਹੋ ਗਏ, ਜਿਨ੍ਹਾਂ ਵਿੱਚ ਲਗਪਗ 50 ਲੋਕਾਂ ਨੁੰ ਆਪਣੀ ਜਾਣ ਗਵਾਉਣੀ ਪਈ।ਮਹਾਂਰਾਸ਼ਟਰ ਵਿੱਚ ਇਕ ਰਸਾਇਣਕ ਕਾਰਖਾਨੇ ਵਿੱਚ ਰਸਾਇਣ ਦੇ ਰਿਸਾਅ ਨਾਲ ਲੱਗੀ ਅੱਗ ਕਾਰਨ 15 ਲੋਕਾਂ ਦੀ ਮੌਤ ਹੋ ਗਈ। ਫਿਰ ਦੇਸ਼ ਦੀ ਸਭ ਤੋਂ ਵੱਡੀ ਤੇਲ ਅਤੇ ਕੁਦਰਤੀ ਗੈਸ ਏਜੰਸੀ ਓਐਨਜੀਸੀ ਦੀ ਮੁੰਬਈ ਯੁਨਿਟ ਵਿੱਚ ਭਿਆਨਕ ਅੱਗ ਨਾਲ ਵੀ ਕਈ ਲੋਕਾਂ ਦੀ ਮੌਤ ਹੋ ਗਈ।

  ਓਐਨਜੀਸੀ ਦੀ ਅੱਗ ਹਾਲੇ ਸ਼ਾਂਤ ਨਹੀਂ ਸੀ ਹੋਈ ਕਿ ਪੰਜਾਬ ਦੇ ਬਟਾਲਾ ਵਿਖੇ ਇਕ ਪਟਾਕਾ ਫੈਕਟਰੀ ਵਿੱਚ ਅੱਗ ਲੱਗ ਗਈ, ਜਿਸ ਵਿਚ ਤਕਰੀਬਨ 23 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਆਈ। ਤਕਰੀਬਨ ਪੰਜ ਕੁ ਮਹੀਨੇ ਪਹਿਲਾਂ ਅਮ੍ਰਿਤਸਰ ਵਿੱਚ ਇਸੇ ਤਰ੍ਹਾਂ ਇਕ ਪਟਾਕਾ ਫੈਕਟਰੀ ਵਿੱਚ ਅੱਗ ਲੱਗੀ ਸੀ, ਜਿਸ ਵਿਚ 13 ਲੋਕਾਂ ਨੇ ਆਪਣੀ ਕੀਮਤੀ ਜਾਨ ਗਵਾਈ ਸੀ।ਪਿਛਲੇ ਵੀਰਵਾਰ ਨੂੰ ਪੰਜਾਬ ਦੇ ਹੀ ਤਰਨਤਾਰਨ ਵਿੱਚ ਇਕ ਫੈਕਟਰੀ ਵਿੱਚ ਅੱਗ ਲੱਗਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਾਫੀ ਜਖ਼ਮੀ ਹੋ ਗਏ ਸਨ। ਇਹ ਸਾਰੀਆਂ ਘਟਨਾਵਾਂ ਇਹ ਦੱਸਣ ਲਈ ਕਾਫੀ ਹਨ ਕਿ ਉਦਯੋਗਿਕ ਇਲਾਕਿਆਂ ਵਿੱਚ ਚੱਲ ਰਹੇ ਕਾਰਖਾਨਿਆਂ ਵਿੱਚ ਕੰਮ ਕਰਨ ਵਾਲੇ ਕਾਮੇ ਕਿਸ ਤਰ੍ਹਾਂ ਸੁਰੱਖਿਆ ਦੀ ਘਾਟ ਦੇ ਸ਼ਿਕਾਰ ਹੋ ਰਹੇ ਹਨ।ਹਾਦਸਿਆਂ ‘ਤੇ ਕਾਬੂ ਪਾਉਣ ਅਤੇ ਕਾਰਖਾਨਿਆਂ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਸੁਰੱਖਿਆ ਦੇ ਪੁਖਤਾ ਇੰਤਜਾਮ ਕਰਨ ਦੀ ਜਰੂਰਤ ਲੰਮੇ ਸਮੇਂ ਤੋਂ ਉਜਾਗਰ ਕੀਤੀ ਜਾਂਦੀ ਰਹੀ ਹੈ। ਪਰ ਹਜੇ ਤੱਕ ਇਸ ਦਿਸ਼ਾ ਵਿੱਚ ਲੋੜੀਂਦਾ ਧਿਆਨ ਨਹੀਂ ਦਿੱਤਾ ਗਿਆ ਹੈ। ਨਤੀਜਨ ਕਾਰਖਾਨਿਆਂ ਵਿੱਚ ਅੱਗ ਲੱਗਣ ਰਸਾਇਣ ਅਤੇ ਗੈਸ ਆਦਿ ਦੇ ਰਿਸਾਅ ਨਾਲ ਵੱਡੇ ਹਾਦਸੇ ਹੁੰਦੇ ਰਹਿੰਦੇ ਹਨ। ਅਫਸੋਸ ਦੀ ਗੱਲ ਹੈ ਕਿ ਵਾਰਵਾਰ ਅਜਿਹੇ ਹਾਦਸਿਆਂ ਤੋਂ ਨਾ ਤਾਂ ਕਾਰਖਾਨਿਆਂ ਦੇ ਮਾਲਕ ਹੀ ਕੋਈ ਸਬਕ ਲੈਂਦੇ ਹਨ ਅਤੇ ਨਾ ਹੀ ਸਰਕਾਰ ਹੀ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਵਿੱਚ ਕਾਮਯਾਬ ਹੁੰਦੀ ਹੈ।

ਇਸੇ ਲਈ ਆਏ ਦਿਨ ਅਜਿਹੇ ਹਾਦਸੇ ਹੁੰਦੇ ਰਹਿੰਦੇ ਹਨ। ਇਹ ਜ਼ਿਕਰਯੋਗ ਹੈ ਕਿ ਛੋਟੇ ਉਦਯੋਗ ਘਟ ਪੂੰਜੀ ਨਾਲ ਚਲਾਏ ਜਾਂਦੇ ਹਨ, ਇਸੇ ਲਈ ਆਮਤੌਰ ‘ਤੇ ਉਹਨਾਂ ਲਈ ਇਮਾਰਤਾਂ ਅਤੇ ਸੁਰੱਖਿਆ ਸਬੰਧੀ ਹੀਲਿਆਂ ‘ਤੇ ਲੋੜ ਮੁਤਾਬਿਕ ਕੰਮ ਅਤੇ ਖਰਚ ਨਹੀਂ ਹੋ ਪਾਉਂਦਾ ਹੈ। ਅਜਿਹੇ ਵਿੱਚ ਉਦਯੋਗਪਤੀ ਕਾਰਖਾਨਿਆਂ ਵਿੱਚ ਅੱਗ, ਰਸਇਣ ਅਤੇ ਗੈਸ ਆਦਿ ਦੇ ਰਿਸਾਅ ਦੇ ਹਲਾਤਾਂ ਤੋਂ ਬਚਣ ਲਈ ਸੁਰੱਖਿਆ ਤਕਨੀਕਾਂ ਆਦਿ ‘ਤੇ ਖਰਚ ਨੂੰ ਫਿਜੂਲਖਰਚੀ ਮੰਨਦੇ ਹਨ। ਉਨ੍ਹਾਂ ਵੱਲੋਂ ਹੋ ਰਹੀ ਕਾਨੂੰਨ ਦੀ ਅਣਦੇਖੀ ਨੂੰ ਸਬੰਧਤ ਸਰਕਾਰੀ ਮਹਿਕਮੇ ਦੇ ਅਫਸਰ ਜਾਂ ਸਰਪ੍ਰਸਤਾਂ ਦੀ ਵੀ ਸ਼ਹਿ ਹੁੰਦੀ ਹੈ। ਜੇਕਰ ਓਐਨਜੀਸੀ ਜਿਹੇ ਵੱਡੇ ਅਤੇ ਸੁਚੱਜੇ ਸਰਕਾਰੀ ਉਦਯੋਗਾਂ ਵਿੱਚ ਵੀ ਅਜਿਹੇ ਹਾਦਸੇ ਹੋ ਜਾਂਦੇ ਹਨ ਤਾਂ ਫੇਰ ਉਦਯੋਗਿਕ ਸੁਰੱਖਿਆ ਨੂੰ ਲੈਕੇ ਸਵਾਲ ਉਠਣੇ ਲਾਜਮੀ ਹੋ ਜਾਂਦੇ ਹਨ। ਅਜਿਹੇ ਹਾਦਸਿਆਂ ਨੂੰ ਦੇਖਦੇ ਹੋਏ ਹੀ ਪਰਮਾਣੂ ਬਿਜਲੀ ਘਰਾਂ ਦਾ ਵਿਰੋਧ ਹੁੰਦਾ ਰਿਹਾ ਹੈ ਕਿਉਂਕਿ ਜੇਕਰ ਕਿਤੇ ਥੋੜੀ ਜਿਹੀ ਚੁੱਕ ਜਾਂ ਅਣਗਹਿਲੀ ਹੋਈ ਤਾਂ ਉਨ੍ਹਾਂ ਵਿੱਚ ਵਾਪਰੇ ਹਾਦਸੇ ਭਿਆਨਕ ਤਬਾਹੀ ਦਾ ਕਾਰਨ ਬਣ ਸਕਦੇ ਹਨ।

ਭੋਪਾਲ ਦਾ ਯੁਨਿਅਨ ਕਾਰਬਾਈਡ ਕਾਰਖਾਨੇ ਦਾ ਹਾਦਸਾ ਭਲਾਂ ਕੌਣ ਭੁੱਲ ਸਕਦਾ ਹੈ ਜਿਸ ਵਿੱਚ ਗੈਸ ਦੇ ਰਿਸਾਅ ਨੇ ਹਜਾਰਾਂ ਜਾਨਾਂ ਲੈ ਲਈਆਂ ਅਤੇ ਲੱਖਾਂ ਦੀ ਗਿਣਤੀ ਵਿੱਚ ਲੋਕ ਅਪਾਹਜ ਹੋ ਗਏ ਸਨ। ਭਾਰਤ ਵਿੱਚ ਉਦਯੋਗਿਕ ਹਾਦਸਿਆਂ ਦੀ ਇਹ ਸਭ ਤੋਂ ਵੱਡੀ ਮਿਸਾਲ ਮੰਨੀ ਜਾਂਦੀ ਹੈ। ਉਕਤ ਹਾਦਸੇ ਤੋਂ ਬਾਅਦ ਸੁਰੱਖਿਆ ‘ਤੇ ਖਾਸ ਧਿਆਨ ਦਿੱਤਾ ਜਾਣ ਲੱਗਿਆ ਸੀ, ਪਰ ਹੈਰਾਨੀ ਦੀ ਗੱਲ ਹੈ ਕਿ ਕੰਪਿਊਟਰੀਕਰਨ ਅਤੇ ਆਧੁਨਿਕ ਸੂਚਨਾ ਪ੍ਰਣਾਲੀ ਦੇ ਬਾਵਜੂਦ ਸਮਾਂ ਰਹਿੰਦਿਆਂ ਓਐਨਜੀਸੀ ਜਿਹੇ ਹਾਦਸਿਆਂ ‘ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ ਸੀ। ਜ਼ਾਹਿਰ ਹੈ ਕਿ ਉਦਯੋਗਿਕ ਹਾਦਸਿਆਂ ਦੇ ਮਾੜੇ ਅਸਰ ਸਿਰਫ ਕੁਝ ਲੋਕਾਂ ਦੀ ਮੌਤ ਹੋਣ ਤੱਕ ਸੀਮਤ ਨਹੀਂ ਰਹਿੰਦੇ, ਕਈ ਵਾਰ ਉਨ੍ਹਾਂ ਦੇ ਅਸਰ ਸਾਲਾਂ ਬੱਧੀ ਬਰਕਰਾਰ ਰਹਿੰਦੇ ਹਨ।ਰਸਾਇਣਕ ਗੈਸਾਂ ਦੇ ਰਿਸਾਅ ਨਾਲ ਹੋਣ ਵਾਲੇ ਹਾਦਸੇ ਕਾਰਖਾਨਿਆਂ ਤੋਂ ਬਾਹਰ ਵੱਸਦੇ ਲੋਕਾਂ ਦੀ ਸਿਹਤ ‘ਤੇ ਵੀ ਬਹੁਤ ਮਾੜਾ ਅਸਰ ਪਾਉਂਦੇ ਹਨ, ਭੋਪਾਲ ਗੈਸ ਕਾਂਡ ਇਸਦੀ ਢੁਕਵੀਂ ਮਿਸਾਲ ਹੈ।

ਦੇਖਿਆ ਜਾਵੇ ਤਾਂ ਅੱਜ ਵੀ ਸਾਰੇ ਦੇਸ਼ ਵਿੱਚ ਚੱਲਣ ਵਾਲੀਆਂ ਅਨੇਕਾਂ ਛੋਟੀਆਂ ਉਦਯੋਗਿਕ ਇਕਾਈਆਂ ਵਿੱਚ ਕਾਮਿਆਂ ਦੇ ਲਈ ਜਰੂਰੀ ਦਸਤਾਨੇ, ਹੈਲਮੇਟ, ਐਨਕਾਂ ਅਤੇ ਮਾਸਕ ਆਦਿ ਉਪਲਬਧ ਨਹੀਂ ਹੁਦੇ ਹਨ।ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਜੇਕਰ ਇਹ ਇਕਾਈਆਂ ਇਹਨਾਂ ਬੁਨਿਆਦੀ ਲੋੜਾਂ ਨੂੰ ਪੂਰਾ ਨਹੀਂ ਕਰ ਸਕਦੀਆਂ ਤਾਂ ਫਿਰ ਉਹ ਹਾਦਿਸਆਂ ਦੀ ਰੋਕਥਾਮ ਸਬੰਧੀ ਉਪਰਕਣਾ ਅਤੇ ਤਕਨੀਕਾਂ ‘ਤੇ ਕਿੰਨਾ ਕੁ ਧਿਆਨ ਦੇ ਪਾਉਦੀਆਂ ਹੋਣਗੀਆਂ? ਪਟਾਕੇ ਬਣਾਉਣ ਵਾਲੀਆਂ ਫੈਕਟਰੀਆਂ ਵਿੱਚ ਵੱਡੀ ਗਿਣਤੀ ਵਿੱਚ ਛੋਟੇ ਬੱਚੇ ਕੰਮ ਕਰਦੇ ਹਨ, ਉਨ੍ਹਾਂ ਦੇ ਸਾਹਾਂ ਵਿੱਚ ਬਰੂਦ ਘੁਲ੍ਹਦਾ ਰਹਿੰਦਾ ਹੈ ਅਤੇ ਉਹ ਸਾਹ ਅਤੇ ਫੇਫੜਿਆਂ ਆਦਿ ਸਬੰਧੀ ਬਿਮਾਰੀਆਂ ਦੀ ਗ੍ਰਿਫਤ ਵਿੱਚ ਆ ਜਾਂਦੇ ਹਨ। ਉਤੋਂ ਅੱਗ ਨਲ ਉਨ੍ਹਾਂ ਦੀ ਜਾਨ ਦਾ ਜ਼ੋਖਮ ਹਮੇਸ਼ਾ ਬਣਿਆ ਰਹਿੰਦਾ ਹੈ। ਅੱਜ ਸਭ ਤੋਂ ਜਰੂਰੀ ਉਦਯੋਗਿਕ ਸੁਰੱਖਿਆ ‘ਤੇ ਗੱਭੀਰਤਾ ਨਾਲ ਧਿਆਨ ਦਿੱਤੇ ਜਾਣ ਦੀ ਜਰੂਰਤ ਮਹਿਸੂਸ ਕੀਤੀ ਜਾ ਰਹੀ ਹੈ। ਉਮੀਦ ਕੀਤੀ ਜਾਂਦੀ ਹੈ ਕਿ ਸਰਕਾਰ ਇਸ ‘ਤੇ ਜਲਦ ਅਤੇ ਸਖਤ ਕਦਮ ਚੁੱਕੇਗੀ।

ਹਰਪ੍ਰੀਤ ਸਿੰਘ ਬਰਾੜ
CERTIFIED COUNSELOR
ਸਾਬਕਾ ਡੀ ਓ ,174 ਮਿਲਟਰੀ ਹਸਪਤਾਲ
ਮੇਨ ਏਅਰ ਫੋਰਸ ਰੋਡ,ਬਠਿੰਡਾ

Leave a Reply

Your email address will not be published. Required fields are marked *

%d bloggers like this: