Fri. Jul 19th, 2019

ਕਿੰਨੇ ਸੋਹਣੇ ਦਿਨ ਸੀ ਸੱਜਣਾਂ

ਕਿੰਨੇ ਸੋਹਣੇ ਦਿਨ ਸੀ ਸੱਜਣਾਂ

 

ਨਾ ਸੀ ਖੋਹ ਖਿੰਝ ਦੀਆਂ ਚੀਕਾਂ ਨਾ ਮੰਦਿਰ ਮਸਜਿਦ ਦੀਆਂ ਲੀਕਾ,
ਨਾ ਇੱਕ ਦੂਜੇ ਦੀ ਪੱਤ ਸੀ ਰੋਲੀ ਅਸਾਂ ਨਾ ਖੇਡੀ ਖੂਨ ਦੀ ਹੋਲੀ,
ਤੇਰਾ ਘਰ ਸੋ ਮੇਰਾ ਘਰ ਸਾਨੂੰ ਇਹੋ ਪਹਾੜੇ ਹੀ ਯਾਦ ਹੁੰਦੇ ਸੀ,
ਕਿੰਨੇ ਸੋਹਣੇ ਦਿਨ ਸੀ ਸੱਜਣਾਂ ਜਦੋ ਆਪਾਂ ਵੀ ਅਬਾਦ ਹੁੰਦੇ ਸੀ।

ਕਦੇ ਨਾ ਚੁੰਨੀਆਂ ਲੀਰਾਂ ਹੋਈਆਂ ਨਾ ਸੀ ਵਹਿਸ਼ੀ ਜਮੀਰਾਂ ਹੋਈਆ,
ਵਿੱਚ ਤ੍ਰਿੰਝਣਾ ਸੀ ਗੂੰਜਦੇ ਹਾਸੇ ਨਾ ਸੀ ਭਰੇ ਭਰੇ ਤੇਜਾਬੀ ਕਾਸੇ,
ਬੁਲਬੁਲਾਂ ਤਾ ਸੀ ਐਪਰ ਨਾ ਇਹ ਚੰਦਰੇ ਸੱਯਾਦ ਹੁੰਦੇ ਸੀ,
ਕਿੰਨੇ ਸੋਹਣੇ ਦਿਨ ਸੀ ਸੱਜਣਾਂ ਜਦੋ ਆਪਾਂ ਵੀ ਅਬਾਦ ਹੁੰਦੇ ਸੀ।

ਨਾ ਸੀ ਦਰਿਆ ਚਿੱਟੇ ਦੇ ਵੱਗਦੇ ਨਾ ਹੀ ਰਾਖੇ ਖੇਤਾਂ ਨੂੰ ਠੱਗਦੇ,
ਨਾ ਸੀ ਠੇਡੇ ਖਾਂਦੀ ਜਵਾਨੀ ਤੋਰਾਂ ਵਿੱਚ ਸੀ ਬੜੀ ਰਵਾਨੀ,
ਚੰਗਾ ਸਿਸਟਮ ਸਤਯੁੱਗ ਕਹਾਵੇ ਨਸ਼ਿਆਂ ਤੋਂ ਅਜਾਦ ਹੁੰਦੇ ਸੀ,
ਕਿੰਨੇ ਸੋਹਣੇ ਦਿਨ ਸੀ ਸੱਜਣਾਂ ਜਦੋ ਆਪਾਂ ਵੀ ਅਬਾਦ ਹੁੰਦੇ ਸੀ।

ਰੱਸੀਆਂ ਪੱਖੇ ਅਸੀਂ ਵੀ ਡਿੱਠੇ ਜਿਊਣ ਦੇ ਸੁਪਨੇ ਬੜੇ ਸੀ ਮਿੱਠੇ,
ਨਾ ਕੀਤੀ ਕਦੇ ਮਰਨ ਦੀ ਗੱਲ ਕਾਇਰਾਂ ਵਾਂਗੂੰ ਹਰਨ ਦੀ ਗੱਲ,
ਵਾਂਗ ਪਹਾੜਾਂ ਜੇਰੇ ਸਾਡੇ ਨਾ ਖੁਦਕੁਸ਼ੀਆਂ ਕਰ ਬਰਬਾਦ ਹੁੰਦੇ ਸੀ,
ਕਿੰਨੇ ਸੋਹਣੇ ਦਿਨ ਸੀ ਸੱਜਣਾਂ ਜਦੋਂ ਅਸੀਂ ਵੀ ਅਬਾਦ ਹੁੰਦੇ ਸੀ।

ਕਾਸ਼ ਭਾਗਾਂ ਵਾਲਾ ਦਿਨ ਉਹ ਆਵੇ ਸਮਾਂ ਪੰਜੇ ਦਰਿਆ ਵਹਾਵੇ,
ਕਮਾਲ ਕੋਈ ਤੂੰ ਐਸਾ ਕਰਦੇ ਸਾਹਾਂ ਵਿੱਚ ਸਰਗਮ ਜਿਹੀ ਭਰਦੇ,
ਫਿਰ ਢੋਲੇ ਟੱਪੇ ਮਾਹੀਏ ਅੱਜ ਸੁਣੀਏ ਨਾ ਲੱਚਰ ਸਵਾਦ ਹੁੰਦੇ ਸੀ,
ਕਿੰਨੇ ਸੋਹਣੇ ਦਿਨ ਸੀ ਸੱਜਣਾਂ ਜਦੋ ਅਸੀਂ ਅਬਾਦ ਹੁੰਦੇ।

 

ਲੇਖਕ ਕੁਲਜੀਤ ਕੌਰ ਮੰਡ

Leave a Reply

Your email address will not be published. Required fields are marked *

%d bloggers like this: