ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sun. May 31st, 2020

ਕਿੰਨਾ ਸੱਚ ਕਿੰਨਾ ਝੂਠ ?

ਕਿੰਨਾ ਸੱਚ ਕਿੰਨਾ ਝੂਠ ?

ਗੁਰਕੀਰਤ ਪਿਛਲੇ ਕਈ ਸਾਲਾਂ ਤੋਂ ਇੱਕ ਨਾਮੀ ਸਕੂਲ ਵਿੱਚ ਬਤੌਰ ਅਧਿਆਪਕ ਕੰਮ ਕਰ ਰਿਹਾ ਸੀ।ਸਕੂਲ ਦਾ ਚੰਗਾ ਮਹੌਲ, ਅਗਾਂਹ ਵਧੂ ਸੋਚ ਉਸਨੂੰ ਹਮੇਸ਼ਾ ਆਪਣੀ ਸਕੂਲ ਸੰਬੰਧੀ ਚੋਣ ‘ਤੇ ਮਾਣ ਮਹਿਸੂਸ ਕਰਵਾਉਂਦੇ ਰਹਿੰਦੇ। ਸਕੂਲ ਵਿੱਚ ਵੀ ਬੱਚਿਆਂ ਦੇ ਪੜ੍ਹਾਈ ਦੇ ਨਾਲ-ਨਾਲ ਸਰਵਪੱਖੀ ਵਿਕਾਸ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ। ਇਸ ਤੋਂ ਵੀ ਅਹਿਮ ਗੱਲ ਉਸਨੂੰ ਇਹ ਲਗਦੀ ਕਿ ਇੱਥੇ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾਇਆ ਜਾਂਦਾ ਹੈ। ਜੋ ਅੱਜਕੱਲ੍ਹ ਦੀ ਪਨੀਰੀ ‘ਚੋਂ ਲੁਪਤ ਹੁੰਦੇ ਦਿਖਾਈ ਦੇ ਰਹੇ ਹਨ। ਇਹਨਾਂ ਗੱਲਾਂ ਕਰਕੇ ਸਕੂਲ ਦੇ ਚਹੁੰ- ਪਾਸੇ ਚਰਚੇ ਹੋ ਰਹੇ ਸਨ।
ਹਰ ਮਹੀਨੇਵਾਰ ਦੀ ਤਰ੍ਹਾਂ ਸ਼ਨੀਵਾਰ ਨੂੰ ਸਕੂਲ ਵਿੱਚ ਮਾਪੇ- ਅਧਿਆਪਕ ਮਿਲਣੀ ਰੱਖੀ ਗਈ। ਜਿਸ ਵਿੱਚ ਕਈ ਮਾਪੇ ਇਸ ਮਿਲਣੀ ‘ਤੇ ਬੱਚਿਆਂ ਸਮੇਤ ਵੀ ਆਏ। ਹਰ ਵਾਰ ਦੀ ਤਰ੍ਹਾਂ ਇਹ ਮੀਟਿੰਗ ਵੀ ਵਧੀਆ ਤਰੀਕੇ ਨਾਲ ਨੇਪਰੇ ਚੜ੍ਹੀ।
ਉਧਰ ਅਚਾਨਕ ਇੱਕ ਗੱਲ ਸਾਹਮਣੇ ਆਈ ਜਿਸ ਅਨੁਸਾਰ ਲੱਗਭਗ ਪੰਜ ਕੁ ਸਾਲ ਦੀ ਬੱਚੀ ਦੀ ਸਕੂਲੋਂ ਘਰੇ ਜਾ ਕੇ ਤਬੀਅਤ ਖ਼ਰਾਬ ਹੋਈ ਅਤੇ ਦੂਜੇ ਦਿਨ ਉਸਦੇ ਮਾਪਿਆਂ ਨੇ ਉਸਨੂੰ ਜਦੋਂ ਹਸਪਤਾਲ ‘ਚ ਭਰਤੀ ਕਰਾਇਆ ਤਾਂ ਇਹ ਗੱਲ ਕਹੀ ਗਈ ਕਿ ਬੱਚੀ ਨਾਲ ਜਬਰ ਜਿਨਾਹ ਹੋਇਆ ਹੈ। ਜਿਸ ਲਈ ਜਿੰਮੇਵਾਰ ਸਕੂਲ ਵੈਨ ਦੇ ਕੰਡਕਟਰ ਨੂੰ ਠਹਿਰਾਇਆ ਗਿਆ। ਪ੍ਰਿੰਸੀਪਲ ਸਮੇਤ ਸਮੂਹ ਸਟਾਫ਼ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿ ਅਜਿਹਾ ਕਿਵੇਂ ਹੋ ਸਕਦਾ ਹੈ? ਸਟਾਫ਼ ਦੇ ਜਿਸ ਜਿਸ ਮੈਂਬਰ ਨੇ ਉਸ ਬੱਚੀ ਨੂੰ ਮਾਂ ਨਾਲ ਮੀਟਿੰਗ ਤੇ ਆਉਂਦੇ ਅਤੇ ਖੇਡਦੇ ਵੇਖਿਆ ਸੀ ਉਹਨਾਂ ਦਾ ਹਿਰਦਾ ਭੋਰਾ ਵੀ ਇਸ ਘਟਨਾ ਤੇ ਯਕੀਨ ਨਹੀਂ ਸੀ ਕਰ ਰਿਹਾ। ਉਧਰ ਜਦੋਂ ਉਸ ਕੰਡਕਟਰ ਨੂੰ ਪੁਲਿਸ ਦੁਬਾਰਾ ਫੜਿਆ ਗਿਆ ਤਾਂ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਪਰਿਵਾਰ ਨਾਲ ਸੀ। ਉਸਨੂੰ ਵੇਖ ਕੇ ਅਜਿਹਾ ਲੱਗ ਹੀ ਨਹੀਂ ਸੀ ਰਿਹਾ ਕਿ ਉਸਨੇ ਕੋਈ ਐਸੀ ਹਰਕਤ ਕੀਤੀ ਹੋਵੇਗੀ। ਸਾਰਿਆਂ ਦੇ ਦਿਮਾਗ ਇਸੇ ਉਲਜਣ ਤਾਣੀ ‘ਚ ਉਲਝੇ ਰਹੇ ਕਿ ਆਖਰ ਸੱਚ ਕੀ ਹੈ? ਗੁੱਸੇ ‘ਚ ਆਏ ਲੋਕਾਂ ਨੇ ਕਈ ਦਿਨ ਧਰਨੇ ਲਗਾਏ। ਪ੍ਰਿੰਸੀਪਲ ਅਤੇ ਸਟਾਫ਼ ਨੇ ਇਹੋ ਕਿਹਾ ਕਿ ਜੇਕਰ ਇਹ ਸੱਚ ਹੈ ਤਾਂ ਅਸੀਂ ਬੱਚੀ ਅਤੇ ਪਰਿਵਾਰ ਦੇ ਨਾਲ ਹਾਂ। ਅਸੀਂ ਖ਼ੁਦ ਦੋਸ਼ੀ ਨੂੰ ਸਜ਼ਾ ਦਿਵਾਉਣ ਦੇ ਹੱਕ ਵਿੱਚ ਹਾਂ। ਸਕੂਲ ਨੂੰ ਜਿੰਦਰਾ ਲਗਾ ਦਿੱਤਾ ਗਿਆ। ਜਦੋਂ ਗੁਰਕੀਰਤ ਘਰ ਆਇਆ ਤਾਂ ਉਹ ਅਖਬਾਰ ਅਤੇ ਸ਼ੋਸ਼ਲ ਮੀਡੀਆ ਦੁਆਰਾ ਪ੍ਰਚਾਰੇ ਜਾ ਰਹੇ ਝੂਠ ਨੂੰ ਵੇਖ ਕੇ ਅੱਗ ਬਬੂਲਾ ਹੋ ਗਿਆ। ਜਿਸ ਵਿੱਚ ਕਿਹਾ ਗਿਆ ਸੀ ਕਿ ਪ੍ਰਿੰਸੀਪਲ,ਮੈਨੇਜਮੈਂਟ ਅਤੇ ਸਟਾਫ਼ ਗੱਲ ਨੂੰ ਦਬਾਉਣ ਦਾ ਯਤਨ ਕਰ ਰਹੇ ਹਨ। ਉਸਨੇ ਤੁਰੰਤ ਆਪਣੇ ਅਧਿਆਪਕ ਸਾਥੀ ਨੂੰ ਫੋਨ ਕਰਿਆ ਅਤੇ ਕਿਹਾ, “ਸੁਖਜਿੰਦਰ ਤੈਨੂੰ ਵੀਡੀਓ ਤੇ ਅਖਬਾਰ ਦੀ ਕਟਿੰਗ ਭੇਜਦਾਂ, ਦੇਖ ਆਪਣੇ ਬਾਰੇ ਕਿਵੇਂ ਝੂਠਾ ਪ੍ਰਚਾਰ ਹੋ ਰਿਹਾ। ਸੁਖਜਿੰਦਰ ਬੜੇ ਠਰੰਮੇ ਨਾਲ ਲੰਮਾ ਸਾਹ ਲੈਂਦਾ ਬੋਲਿਆ, “ਮੈਨੂੰ ਪਤਾ ਸਭ,ਪਰ ਆਪਾਂ ਕੀ ਕਰ ਸਕਦੇ ਆਂ? ਇਹ ਮੀਡਿਆ ਯੁੱਗ ਹੈ, ਲੋਕ ਵੀ ਤਾਂ ਅੱਖਾਂ ਬੰਦ ਕਰਕੇ ਵਿਸ਼ਵਾਸ਼ ਕਰ ਰਹੇ ਹਨ।” “ਚਲ ਚੰਗਾ, ਵੇਖਦੇ ਆਂ ਕੀ ਸੱਚਾਈ ਸਾਹਮਣੇ ਆਉਂਦੀ ਆ” ਏਨਾ ਕਹਿ ਕੇ ਗੁਰਕੀਰਤ ਨੇ ਫੋਨ ਕੱਟ ਦਿੱਤਾ। ਘਟਨਾ ਸੁਣ ਗੁਰਕੀਰਤ ਨੂੰ ਰਿਸ਼ਤੇਦਾਰਾਂ ਦੇ ਫ਼ੋਨ ਆਉਣ ਲੱਗ ਗਏ। ਲੋਕਾਂ ਦੇ ਵੀ ਇਸ ਘਟਨਾ ਸੰਬੰਧੀ ਅਲੱਗ-ਅਲੱਗ ਮਤ ਸਨ, ਕੋਈ ਇਸਨੂੰ ਡੂੰਘੀ ਸਾਜਿਸ਼ ਦੱਸ ਰਿਹਾ ਸੀ ਤੇ ਕੋਈ ਸੱਚੀ ਘਟਨਾ। ਦੋਸ਼ੀ ਕਰਾਰ ਕਰਮਚਾਰੀ ਅਤੇ ਕੁੱਝ ਪ੍ਰਬੰਧਕ ਮੈਂਬਰਾਂ ‘ਤੇ ਮੁਕੱਦਮਾ ਸ਼ੁਰੂ ਹੋ ਗਿਆ ਸੀ। ਹੌਲੀ ਹੌਲੀ ਕਈ ਦਿਨ ਬਾਅਦ ਮਹੌਲ ਸ਼ਾਂਤ ਹੋਇਆ ਅਤੇ ਸਕੂਲ ਦੁਬਾਰਾ ਤੋਂ ਪਹਿਲਾਂ ਵਾਂਗ ਲੱਗਣ ਲੱਗ ਗਿਆ। ਸਕੂਲ ‘ਚ ਕਮਰਾ ਸੁੰਬਰਦੀ ਇੱਕ ਮਾਈ ਨੇ ਦੂਜੀ ਨੂੰ ਕਿਹਾ, ” ਭੈਣੇ ਆਹ ਕੀ ਭਾਣਾ ਵਰਤ ਗਿਆ?” ਰੱਬ ਜਾਣੇ ਭੈਣੇ, ਉਂ ਲਗਦਾ ਤਾਂ ਹੈਨੀ ਸੀ ਚੰਦਰਾ ਅਹੇ ਜਾ, ਉਹਦੇ ਆਵਦੇ ਜਵਾਕ ਵੀ ਤਾਂ ਏਸੇ ਸਕੂਲ ‘ਚ ਪੜ੍ਹਦੇ ਆ, ਫਿਰ ਭਲਾ ਏਸ ਤਰ੍ਹਾਂ ਕਿਵੇਂ ਕਰ ਸਕਦਾ?’ ਦੂਜੀ ਮਾਈ ਨੇ ਜਵਾਬ ਦਿੱਤਾ,” ਕੀ ਬੁੱਝੀਏ ਭੈਣੇ; ਇਹ ਤਾਂ ਜਾਂ ਉਹ ਜਾਣਦਾ ਜਾਂ ਰੱਬ ਕਿ ਸੱਚ ਕੀ ਆ, ਆਪਾਂ ਵੀ ਇਹੋ ਚਾਹੁੰਦੇ ਆਂ ਕਿ ਜੇ ਉਹ ਦੋਸ਼ੀ ਆ ਤਾਂ ਉਸਨੂੰ ਸਖਤ ਤੋਂ ਸਖ਼ਤ ਸਜ਼ਾ ਮਿਲੇ ਪਰ ਕੋਈ ਬੇਕਸੂਰ ਨਾ ਜੇਲ੍ਹ ਦੀ ਚੱਕੀ ਪੀਸੇ।”
ਉਧਰ ਮੈਡਮਾਂ ਆਪਸ ‘ਚ ਗੱਲ ਕਰ ਰਹੀਆਂ ਸਨ। ਇੱਕ ਨੇ ਕਿਹਾ,” ਸਮਝ ਨਹੀਂ ਆਉਂਦੀ ਕਿ ਇਹ ਹੋ ਕੀ ਗਿਆ?
ਬੱਚੀ ਆਪਣੇ ਮਾਪਿਆਂ ਨਾਲ ਹੱਸਦੀ-ਖੇਡਦੀ ਆਈ ਤੇ ਹੱਸਦੀ-ਖੇਡਦੀ ਵਾਪਸ ਗਈ, ਜੇ ਘਟਨਾ ਸੱਚ ਹੁੰਦੀ ਕੀ ਬੱਚੀ ਬਿਨਾਂ ਰੋਏ ਘਰ ਜਾਂਦੀ?
ਦੂਜੀ ਮੈਡਮ ਨੇ ਕਿਹਾ,” ਮੇਰੇ ਵੱਲ ਜਾਂਦੀ ਹੋਈ ਵੀ ਸਮਾਈਲ ਕਰਕੇ ਤੇ ਬਾਏ ਬੋਲ ਕੇ ਗਈ ਆ, ਸਮਝ ਨਹੀਂ ਆਉਂਦੀ ਕਿ ਇਹ ਹੋ ਕਿਵੇਂ ਸਕਦਾ ?”
ਇੱਕ ਹੋਰ ਨੇ ਕਿਹਾ,” ਜਦੋਂ ਸਕੂਲ ਆਉਂਦੇ ਹਾਂ ਤਾਂ ਲੋਕ ਅੱਖਾਂ ਕੱਢ ਕੱਢ ਏਦਾਂ ਵੇਖਦੇ ਜਿਵੇਂ ਅਸੀਂ ਦੋਸ਼ੀ ਹੋਈਏ।”
ਉਧਰ ਪ੍ਰਿੰਸੀਪਲ ਮੈਡਮ ਜਿਸਨੂੰ ਇਸ ਮਾਮਲੇ ਦੌਰਾਨ ਪੁਲਿਸ ਦੁਆਰਾ ਗ੍ਰਿਫਤਾਰ ਕੀਤਾ ਗਿਆ ਸੀ, ਇੱਕ ਪ੍ਰਕਾਰ ਨਾਲ ਸੁੰਨ ਹੋ ਗਈ। ਉਸਨੂੰ ਜੇਲ੍ਹ ਵਿੱਚ ਲਿਜਾਇਆ ਗਿਆ ਅਤੇ ਆਮ ਕੈਦੀਆਂ ਵਾਂਗੂੰ ਰੱਖਿਆ ਗਿਆ। ਜਿੱਥੇ ਥਾਣੇ ਦਾ ਭੈਭੀਤ ਕਰਨ ਵਾਲਾ ਵਾਤਾਵਰਨ ਉਸਨੂੰ ਨਿਗਲਣ ਨੂੰ ਆਉਂਦਾ।ਇੱਕ ਸਮਾਜ ਸੁਧਾਰਕ ਅਤੇ ਸਮਾਜ ਹਿੱਤ ‘ਚ ਕੰਮ ਕਰਨ ਵਾਲੀ ਉਸ ਔਰਤ ਲਈ ਇਹ ਘੜੀ ਅਜਿਹੀ ਘੜੀ ਸੀ ਜਿਸਨੇ ਉਸਨੂੰ ਕੱਖਾਂ ਤੋਂ ਵੀ ਹੌਲੀ ਕਰ ਦਿੱਤਾ। ਉਹ ਅੰਦਰੋ-ਅੰਦਰੀ ਸੋਚ ਰਹੀ ਸੀ ਕਿ ਕੀ ਜਨ ਹਿੱਤ ‘ਚ ਜੀਵਨ ਲਗਾਉਣ ਦਾ ਇਹ ਫ਼ਲ ਮਿਲਦਾ ਹੈ? ਉਹ ਮਹਿਸੂਸ ਕਰ ਰਹੀ ਸੀ ਜਿਵੇਂ ਉਸ ਕੋਲ ਕੁੱਝ ਬਚਿਆ ਹੀ ਨਾ ਹੋਵੇ। ਸਾਰਾ ਸਮਾਜ ਉਸਨੂੰ ਆਪਣੇ ਵੱਲ ਘੂਰਦੀਆਂ ਨਜ਼ਰਾਂ ਨਾਲ ਝਾਕਦਾ ਲਗਦਾ। ਜੋ ਥਾਣਾ ਉਸਨੇ ਸਾਰੀ ਉਮਰ ‘ਚ ਨਹੀਂ ਸੀ ਦੇਖਿਆ, ਹੋਣੀ ਨੇ ਅੱਖ ਝਪਕਦਿਆਂ ਦਿਖਾ ਦਿੱਤਾ।ਇੱਕ ਘਟਨਾ ਨੇ ਜਿਸ ਵਿੱਚ ਉਹਦਾ ਕੋਈ ਕਸੂਰ ਵੀ ਨਹੀਂ, ਨੇ ਉਸਦੀ ਪ੍ਰਤਿਸ਼ਠਾ ਨੂੰ ਬੜੀ ਭੈੜੀ ਸੱਟ ਮਾਰੀ। ਜਿਸਨੇ ਉਸਨੂੰ ਅੰਦਰ ਤੱਕ ਹਲੂਣ ਕੇ ਰੱਖ ਦਿੱਤਾ।
ਦੂਜੇ ਪਾਸੇ ਪ੍ਰਧਾਨ ਦੇ ਰਿਸ਼ਤੇਦਾਰ ਵਾਰ-ਵਾਰ ਫ਼ੋਨ ਕਰਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਸਨ। ਕਿਉਂਕਿ ਉਸਨੂੰ ਵੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ।
ਇਸ ਦੁੱਖ ਦੀ ਘੜੀ ‘ਚ ਇੱਕ ਦੋ ਰਿਸ਼ਤੇਦਾਰ ਵਾਰੋ-ਵਾਰੀ ਪ੍ਰਧਾਨ ਦੇ ਘਰੇ ਰੁਕਦੇ ਅਤੇ ਪਰਿਵਾਰ ਨੂੰ ਸਹਾਰਾ ਦਿੰਦੇ। ਦੀਪਕ ਜੋ ਕਿ ਉਸਦਾ ਭਾਣਜਾ ਸੀ ਨੇ ਪ੍ਰਧਾਨ ਦੇ ਮੁੰਡੇ ਨੂੰ ਕਿਹਾ,” ਜਦੋਂ ਕਦੇ ਫ਼ੋਨ ਕਰਦੇ ਹੁੰਦੇ ਤਾਂ ਮਾਮੇ ਨੇ ਸਕੂਲ ‘ਚ ਮੀਟਿੰਗ ਤੇ ਹੋਣਾਂ ਜਾਂ ਸਕੂਲ ਦੇ ਪ੍ਰੋਗਰਾਮ ‘ਚ, ਮੰਮੀ ਨੇ ਹੱਸਦੀ ਨੇ ਕਹਿਣਾ ਕਿ ਤੇਰੇ ਮਾਮੇ ਨੂੰ ਘਰ ਤੋਂ ਵੱਧ ਪਿਆਰਾ ਸਕੂਲ ਆ। ਮੁੰਡਾ ਬੋਲਿਆ,”ਡੈਡੀ ਨੂੰ ਅਸੀਂ ਵੀ ਜੇ ਕਹਿੰਦੇ ਕਿ ਥੋਨੂੰ ਕੀ ਦਿੰਦਾ ਸਕੂਲ ਜੋ ਐਨਾ ਖਪਦੇ ਹੋਂ ਸਕੂਲ ਪਿੱਛੇ।” ਤਾਂ ਡੈਡੀ ਨੇ ਕਹਿਣਾ, “ਸਮਾਜ ਸੇਵਾ ਕਦੇ ਕਾਸੇ ਦੀ ਝਾਕ ਰੱਖ ਕੇ ਨਹੀਂ ਹੁੰਦੀ।” ਹੁਣ ਦੇਖੋ ਡੈਡੀ ਸਮਾਜ ਸੇਵਾ ਦਾ ਕੀ ਫਲ ਭੁਗਤ ਰਹੇ ਨੇ।
ਓਧਰ ਪ੍ਰਬੰਧਕ ਨੂੰ ਵੀ ਪੁਲਿਸ ਦੁਆਰਾ ਚੁੱਕਿਆ ਗਿਆ ਸੀ।ਪ੍ਰਬੰਧਕ ਦੀ ਪਤਨੀ ਇਸ ਮਾਮਲੇ ਕਾਰਨ ਮਾਨਸਿਕ ਤੌਰ ‘ਤੇ ਕਾਫ਼ੀ ਪ੍ਰੇਸ਼ਾਨ ਸੀ। ਪਰਿਵਾਰ ‘ਤੇ ਅਜਿਹੀ ਆਫ਼ਤ ਆ ਗਈ ਸੀ ਜਿਸਦਾ ਕੋਈ ਹੱਲ ਨਜ਼ਰ ਆਉਂਦਾ ਨਾ ਦਿਸਦਾ। ਜੇਲ੍ਹ ‘ਚ ਹੁਣ ਉਹ ਲੋਕ ਵੀ ਬੰਦ ਸਨ ਜੋ ਮਾਨਵਤਾ ਦਾ ਪਾਠ ਪੜ੍ਹਾਉਂਦੇ ਹੋਏ ਅਪਰਾਧਜਨਕ ਹਾਲਤਾਂ ਨੂੰ ਕਾਬੂ ਰੱਖਣ ਵਿੱਚ ਸਹਾਇਕ ਜਾਪਦੇ ਸਨ। ਪ੍ਰਬੰਧਕ ਵੀ ਦੂਜਿਆਂ ਵਾਂਗ ਅਜਿਹੀ ਹਾਲਤ ‘ਚੋ ਗੁਜਰ ਰਿਹਾ ਸੀ ਜਿੱਥੇ ਉਹ ਸਮਝਣ ਤੋਂ ਅਸਮਰੱਥ ਸੀ ਕਿ ਇਹ ਸਭ ਹੋ ਕੀ ਗਿਆ? ਪ੍ਰਧਾਨ ਦੇ ਮਨ ‘ਚੋ ਅਵਾਜ ਆਈ,” ਤੇਰਾ ਕਸੂਰ ਕੀ ਸੀ ? ਤੂੰ ਕਿਸ ਗਲਤੀ ਦੀ ਸਜ਼ਾ ਭੁਗਤ ਰਿਹਾਂ ? ਫਿਰ ਪ੍ਰਸ਼ਨ ਉੱਠਦਾ ਕਿ ਕੀ ਇਹ ਘਟਨਾ ਸੱਚੀ ਹੈ? ਜੇ ਸੱਚੀ ਵੀ ਤਾਂ ਮੈਂ ਇਸ ਲਈ ਕਿਵੇਂ ਜਿੰਮੇਵਾਰ ਹੋਇਆ?ਉਸਦੇ ਦੂਜੇ ਪਾਸਿਓਂ ਅਵਾਜ ਆਉਂਦੀ ਕਿ ਸਕੂਲ ਦਾ ਕੀ ਬਣੇਗਾ ? ਫਿਰ ਅਵਾਜ ਆਉਂਦੀ ਕੀ ਤੈਨੂੰ ਅਜੇ ਵੀ ਸਕੂਲ ਦੀ ਚਿੰਤਾ ? ਆਪਣੀ ਕੋਈ ਨਹੀਂ ? ਇਹਨਾਂ ਬਿਨਾਂ ਜਵਾਬਾਂ ਦੇ ਸਵਾਲਾਂ ਦੇ ਘੇਰੇ ‘ਚ ਉਸਦਾ ਸਿਰ ਚਕਰਾਉਣ ਲੱਗ ਜਾਂਦਾ।” ਉਹ ਸੋਚਦਾ,” ਇਸ ਕਲੰਕ ਦੇ ਦਾਗ ਤਾਂ ਸਮੇਂ ਦੀ ਚਾਦਰ ਹੇਠ ਵੀ ਨਹੀਂ ਲੁਕਣੇ।
ਸਕੂਲ ਦੇ ਨੇੜ ਲੱਗਦੇ ਬਸ ਅੱਡੇ ‘ਚ ਕਈ ਵਿਅਕਤੀ ਬੈਠੇ ਆਪਸ ‘ਚ ਗੱਲਾਂ ਕਰ ਰਹੇ ਸਨ। ਇੱਕ ਨੇ ਕਿਹਾ, “ਯਰ ਕਿਸਮਤ ਗੇੜਾ ਖਾਂਦੀ ਦਾ ਪਤਾ ਨਹੀਂ ਲੱਗਦਾ, ਚੰਗਾ ਭਲਾ ਸਕੂਲ ਚੱਲ ਰਿਹਾ ਸੀ ਤੇ ਸਕੂਲ ਬੁਲੰਦੀਆਂ ‘ਤੇ ਸੀ, ਪਤਾ ਨਹੀਂ ਕਿਸਦੀ ਨਜ਼ਰ ਲੱਗ ਗਈ?
ਦੂਜਾ ਬੋਲਿਆ,” ਹਾਂ, ਆਸੇ ਪਾਸੇ ਦਾ ਕੋਈ ਸਕੂਲ ਮੁਕਾਬਲਾ ਨਹੀਂ ਸੀ ਕਰ ਸਕਦਾ,ਨਾਲੇ ਕੁੱਝ ਲੋਕ ਤਾਂ ਕਹਿੰਦੇ ਚਾਲ ਆ।
ਇੱਕ ਹੋਰ ਵਿਅਕਤੀ ਬੋਲਿਆ,” ਚਲੋ ਜੋ ਵੀ ਆ ਸਚਾਈ ਤਾਂ ਰੱਬ ਜਾਣਦਾ, ਪਰ ਪ੍ਰਿੰਸੀਪਲ, ਪ੍ਰਬੰਧਕ, ਪ੍ਰਧਾਨ ਕਾਹਨੂੰ ਫੜਨੇ ਸੀ ? ਭਲਾ ਉਹਨਾਂ ਦਾ ਕੀ ਕਸੂਰ? ਜੇ ਐਦਾਂ ਹੀ ਬੇਕਸੂਰ ਸਜ਼ਾ ਭੁਗਤਦੇ ਰਹੇ ਤਾਂ ਕੌਣ ਅੱਗੇ ਆਊ ਸਮਾਜ ਸੇਵਾ ਲਈ?”
ਪਹਿਲੇ ਨੇ ਜਵਾਬ ਦਿੱਤਾ,”ਕੀਹਨੇ ਆਉਣਾ, ਹੌਲੀ-ਹੌਲੀ ਲੋਕ ਸਿਆਣੇ ਹੋ ਜਾਣਗੇ,ਕਈਆਂ ਦੇ ਤਾਂ ਕੰਨ ਹੋ ਵੀ ਗਏ। ਨਾਲੇ ਮੈਂ ਸੁਣਿਆ ਸਕੂਲ ਮੌਜੂਦਾ ਸਰਕਾਰ ਦੀ ਉਲਟ ਪਾਰਟੀ ਦੇ ਆ, ਤਾਂਹੀਂ ਮਾਮਲਾ ਜਿਆਦਾ ਅੱਗ ਫੜ ਗਿਆ।”
ਕਈ ਲੋਕਾਂ ਨੇ ਆਪਣੀਆਂ ਸਿਆਸਤੀ ਰੋਟੀਆਂ ਸੇਕੀਆਂ ਇਸ ਅੱਗ ‘ਤੇ, ਕੁੱਝ ਲੋਕਾਂ ਨੂੰ ਵੀ ਮੁੱਦਾ ਚਾਹੀਦਾ ਹੁੰਦਾ ਜੋ ਹੱਲ ਸੋਚਣ ਤੋਂ ਵੱਧ ਬਿਨਾਂ ਪੁਰੀ ਸੱਚਾਈ ਜਾਣੇ ਖੌਰੂ ਪਾਉਣ ਜਾਣਦੇ ਨੇ।”
ਦੂਜਾ ਵਿਅਕਤੀ ਬੋਲਿਆ,” ਸਾਡੇ ਵੀ ਕਿਸੇ ਰਿਸ਼ਤੇਦਾਰ ਨੇ ਖਾਸਾ ਟਾਇਮ ਕੰਮ ਕੀਤਾ ਇਸ ਸਕੂਲ ‘ਚ, ਦੱਸਦਾ ਹੁੰਦਾ ਸੀ ਕਿ ਇਹ ਸੰਸਥਾਵਾਂ ਪਿਛਲੇ ਲੰਮੇ ਵਰ੍ਹਿਆਂ ਤੋਂ ਆਈ. ਪੀ. ਐੱਸ. ਵਰਗੇ ਅਧਿਕਾਰੀ ਦੇਸ਼ ਨੂੰ ਦਿੰਦੀ ਆਈ ਹੈ।
ਇਹਨਾਂ ‘ਚ ਪੜ੍ਹੇ ਬੱਚੇ ਉੱਚ ਪੋਸਟਾਂ ‘ਤੇ ਜਾਂਦੇ ਨੇ।”
ਤੀਜੇ ਨੇ ਕਿਹਾ,” ਯਰ ਇਹ ਦੁਨੀਆਂ ਐਸੀ ਆ, ਪਿਛਲਾ ਕਰਿਆ-ਕਰਾਇਆ ਸਭ ਭੁੱਲ ਜਾਂਦੀ ਐ,ਪਰ ਫਿਰ ਵੀ ਐਸੇ ਮਸਲੇ ਠਰੰਮੇ ਨਾਲ ਹੱਲ ਕਰਨੇ ਚਾਹੀਦੇ ਨੇ।”
ਤਕਰੀਬਨ ਅੱਧ ਮਹੀਨੇ ਤੋਂ ਵੱਧ ਸਮਾਂ ਪ੍ਰਿੰਸੀਪਲ, ਪ੍ਰਬੰਧਕ ਤੇ ਪ੍ਰਧਾਨ ਜੇਲ੍ਹ ‘ਚ ਰਹੇ। ਭਾਵੇਂ ਉਹ ਜਮਾਨਤ ‘ਤੇ ਆ ਚੁੱਕੇ ਸਨ ਪਰ ਉਹਨਾਂ ਸਿਰ ਕੇਸ ਚੱਲ ਪਿਆ ਸੀ, ਇਸ ਪਏ ਚੱਕਰ ਨੇ ਉਹਨਾਂ ਦੀ ਜਿੰਦਗੀ ਨੂੰ ਸਿਰਦਰਦੀ ਬਣਾ ਕੇ ਰੱਖ ਦਿੱਤਾ ਸੀ।
ਇੱਕ ਦਿਨ ਛੁੱਟੀ ਹੋਣ ਤੋਂ ਬਾਅਦ ਗੁਰਕੀਰਤ ਤੇ ਸੁਖਜਿੰਦਰ ਘਰ ਜਾਣ ਤੋਂ ਪਹਿਲਾਂ ਇੱਕ ਦੁਕਾਨ ਨੇ ਆਪਣੇ ਬੱਚਿਆਂ ਵਾਸਤੇ ਕਾਪੀਆਂ ਤੇ ਕੁੱਝ ਲੋੜੀਂਦਾ ਸਮਾਨ ਲੈਣ ਚਲੇ ਗਏ। ਪਰ ਦੁਕਾਨਦਾਰ ਨੇ ਉਹਨਾਂ ਵੱਲ ਘਿਰਣਾ ਭਰੀਆਂ ਨਜ਼ਰਾਂ ਨਾਲ ਇਸ ਤਰ੍ਹਾਂ ਵੇਖਿਆ ਜਿਵੇਂ ਉਹਨਾਂ ਨੇ ਕੋਈ ਕਤਲ ਕੀਤਾ ਹੋਵੇ ਅਤੇ ਉਹਨਾਂ ਨੂੰ ਗਰਜ ਕੇ ਬੋਲਿਆ,” ਐਡੀ ਵੱਡੀ ਘਟਨਾ ਵਾਲੇ ਸਕੂਲ ‘ਚ ਹਜੇ ਵੀ ਕੰਮ ਕਰ ਰਹੇ ਹੋ? ਤੁਹਾਡੇ ਸਕੂਲ ‘ਚ ਬੱਚੇ ਸੁਰੱਖਿਅਤ ਨਹੀਂ, ਫਿਰ ਐਨੀ ਕਾਹਦੀ ਫੀਸ ਲੈਂਦੇ ਹੋ? ਆਉਂਦੇ ਸਾਲ ਵੇਖਿਓ ਥੋਡੇ ਸਕੂਲ ਦਾ ਹਾਲ।” ਉਹ ਦੋਵੇਂ ਕੁੱਝ ਬੋਲਦੇ ਉਦੋਂ ਨੂੰ ਇੱਕ ਵਿਅਕਤੀ ਦੁਕਾਨ ‘ਤੇ ਆਇਆ ਅਤੇ ਦੁਕਾਨਦਾਰ ਨੂੰ ਬੋਲਿਆ, “ਵੱਡੇ ਵੀਰ,ਕੀ ਤੁਹਾਡੇ ਬੱਚੇ ਪੜ੍ਹਦੇ ਨੇ ਇਨ੍ਹਾਂ ਦੇ ਸਕੂਲ ‘ਚ?।” ਉਸਨੇ ਕਿਹਾ, “ਨਹੀਂ, ਪਰ ਦੂਜੇ ਵੀ ਤਾਂ ਸਾਡੇ ਈ ਆ, ਉਸਨੇ ਅਗਲਾ ਸਵਾਲ ਕੀਤਾ,”ਤੁਸੀਂ ਇਨਸਾਫ਼ ਦਿਵਾਉਣ ਲਈ ਕਿਸੇ ਰੈਲੀ ‘ਚ ਗਏ ਸੀ?” “ਨਾ ਮੈਂ ਦੁਕਾਨ ਸੁੰਨੀ ਛੱਡ ਕੇ ਕਿਵੇਂ ਜਾਂਦਾ?” ਦੁਕਾਨਦਾਰ ਗਰਜ ਕੇ ਬੋਲਿਆ। ਫਿਰ ਉਸਨੇ ਅਗਲਾ ਸਵਾਲ ਕੀਤਾ, ਕੀ ਤੁਸੀਂ ਇਹਨਾਂ ਦੋਨਾਂ ਅਧਿਆਪਕਾਂ ਕੋਲ ਫੀਸ ਭਰ ਕੇ ਆਏ? ਉਸਨੇ ਫਿਰ ਨਾ ‘ਚ ਜਵਾਬ ਦਿੱਤਾ। ਇਸ ਬਾਅਦ ਉਸ ਵਿਅਕਤੀ ਨੇ ਕਿਹਾ, “ਮੇਰੇ ਬੇਟਾ-ਬੇਟੀ ਦੋਨੋਂ ਇਹਨਾਂ ਦੇ ਸਕੂਲ ‘ਚ ਪੜ੍ਹਦੇ ਹਨ, ਮੈਨੂੰ ਪਤਾ ਕਿ ਸਕੂਲ ਕਿਹੋ ਜਿਹਾ ਹੈ, ਨਾਲੇ ਘਟਨਾ ‘ਚ ‘ਕਿੰਨਾ ਸੱਚ ਕਿੰਨਾ ਝੂਠ’ ਉਹ ਫ਼ੈਸਲਾ ਅਦਾਲਤ ‘ਤੇ ਛੱਡ ਦੇਵੋ, ਪੀੜਤਾਂ ਨੂੰ ਇਨਸਾਫ਼ ਜਰੂਰ ਮਿਲੇਗਾ। ਲੇਕਿਨ ਤੁਸੀਂ ਇਹਨਾਂ ਅਧਿਆਪਕਾਂ ਨਾਲ ਬੁਰਾ ਵਿਵਹਾਰ ਕਿਉਂ ਕਰਦੇ ਹੋ? ਕੁਦਰਤ ਦੇ ਦਿਨ-ਰਾਤ, ਸੂਰਜ,ਚੰਨ, ਤਾਰੇ ਆਦਿ ਦੋਸ਼ੇ ਅਤੇ ਬੇਦੋਸ਼ੇ ਦੋਹਾਂ ਲਈ ਹਨ। ਕਦੇ ਅਜਿਹਾ ਨਹੀਂ ਹੋਇਆ ਕਿ ਗੁਨਾਹਗਾਰਾਂ ਲਈ ਕਦੇ ਸੂਰਜ ਨਾ ਉੱਗਿਆ ਹੋਵੇ ਜਾਂ ਅਸਮਾਨ ‘ਤੇ ਚੰਨ-ਤਾਰੇ ਨਾ ਆਏ ਹੋਣ। ਇਹ ਤਾਂ ਫਿਰ ਵੀ ਵਿਚਾਰੇ ਬੇਗੁਨਾਹ ਨੇ, ਭਲਾ ਇਹਨਾਂ ਦਾ ਕੀ ਕਸੂਰ ਆ? ਏਨਾਂ ਕੁੱਝ ਸੁਣ ਕੇ ਦੁਕਾਨਦਾਰ ਠੰਡਾ ਹੋ ਗਿਆ। ਗੁਰਕੀਰਤ ਤੇ ਸੁਖਵਿੰਦਰ ਦੁਕਾਨ ਤੋਂ ਬਿਨਾਂ ਕੁੱਝ ਲਏ ਮੁੜ ਆਏ। ਸੁਖਵਿੰਦਰ ਨੇ ਗੁਰਕੀਰਤ ਨੂੰ ਕਿਹਾ,ਯਰ ਮੈਂ ਕਈ ਦਿਨ ਤੋਂ ਇਹ ਗੱਲ ਕਰਕੇ ਪ੍ਰੇਸ਼ਾਨ ਸੀ ਕਿ ਜਿੰਨ੍ਹਾਂ ਦੇ ਬੱਚੇ ਏਥੇ ਪੜ੍ਹਦੇ ਆ, ਉਹਨਾਂ ਦਾ ਇਸ ਘਟਨਾ ਕਰਕੇ ਮਨ ਕਿੰਨਾ ਘਬਰਾਉਂਦਾ ਹੋਊ। ਮਾਪਿਆਂ ਦਾ ਡਰਨਾ ਸੁਭਾਵਿਕ ਆ ਪਰ ਉਸ ‘ਵਿਅਕਤੀ’ ਵਰਗੇ ਮਾਪੇ ਵੀ ਹੈਗੇ ਜੋ ਕਦੇ ਵੀ ਸੁਣੀ ਸੁਣਾਈ ਘਟਨਾ ‘ਤੇ ਯਕੀਨ ਨਹੀਂ ਕਰਦੇ,ਸਗੋਂ ਉਸਦੀ ਤਹਿ ਤੱਕ ਸੋਚਦੇ ਹਨ। ਗੁਰਕੀਰਤ ਨੇ ਕਿਹਾ, “ਸਹੀ ਗੱਲ ਆ ਤੇਰੀ, ਸੱਚ ਤਾਂ ਆਪਾਂ ਨੂੰ ਵੀ ਨਹੀਂ ਪਤਾ ਪਰ ਹੈਰਾਨੀ ਵਾਲੀ ਗੱਲ ਇਹ ਵੀ ਆ ਕਿ ਕੁੱਝ ਲੋਕ ਜਾਣ ਬੁੱਝ ਕੇ ਵੀ ਮਹੌਲ ਖਰਾਬ ਕਰਦੇ ਨੇ ਉਸ ਦੁਕਾਨਦਾਰ ਵਾਂਗੂ। “ਚਲੋ ਦੇਖਦੇ ਆਂ ਮਾਮਲਾ ਕਿੱਥੇ ਜਾ ਕੇ ਨਿੱਬੜਦਾ,ਰੱਬ ਇਨਸਾਫ ਕਰੇ! ਇਹ ਕਹਿ ਕੇ ਦੋਨੋਂ ਆਪੋ ਆਪਣੇ ਘਰਾਂ ਨੂੰ ਚਲੇ ਗਏ।

ਹਰਪ੍ਰੀਤ ਕੌਰ ਘੁੰਨਸ

Leave a Reply

Your email address will not be published. Required fields are marked *

%d bloggers like this: