ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
September 21, 2020

ਕਿੰਝ ਗਾਵਾਂ ਗੁਣ ਤੇਰੇ

ਕਿੰਝ ਗਾਵਾਂ ਗੁਣ ਤੇਰੇ

ਹੇ ਪਹਿਲੇ ਨੌਂ ਗੁਰੂ ਸਾਹਿਬਾਨਾਂ ਦੀ ਦਸਵੀਂ ਜੋਤ, ਸ਼ਹਿਨਸ਼ਾਹਾਂ ਦੇ ਸ਼ਾਹ ਸਰਬੰਸ-ਦਾਨੀ ਕਲਗੀਧਰ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਡੇ ਵਰਗਾ ਤੇਗ ਦਾ ਧਨੀ, ਦਿਲ ਦਾ ਧਨੀ, ਬਲ ਦਾ ਧਨੀ, ਕਲਮ ਦਾ ਧਨੀ, ਮਨ ਦਾ ਧਨੀ, ਵਿਚਾਰਾਂ ਦਾ ਧਨੀ, ਸ਼ਬਦਾਂ ਦਾ ਧਨੀ, ਸਾਦਗੀ ਦਾ ਧਨੀ, ਸਰਬ-ਗੁਣ ਸੰਪੰਨ ਸਾਹਿਬੇ ਕਮਾਲ, ਦਰਵੇਸ਼ ਅਤੇ ਅਗੰਮੜਾ ਮਰਦ ਨਾ ਤਾਂ ਇਸ ਦੁਨੀਆਂ ਵਿੱਚ ਅੱਜ ਤੱਕ ਪੈਦਾ ਹੋਇਆ ਹੈ ਅਤੇ ਨਾ ਹੀ ਕਿਸੇ ਦਾ ਸੰਸਾਰ ਦੇ ਇਤਿਹਾਸ ਵਿੱਚ ਕੋਈ ਇਤਿਹਾਸ ਪੜਿਆ-ਸੁਣਿਆ ਹੈ। ਅਜਿਹੀ ਨੂਰੀ ਅਤੇ ਅਗੰਮੀ ਸ਼ਖਸ਼ੀਅਤ ਦੀ ਸਿਫ਼ਤ ਵਿੱਚ ਮੈਂ ਸ਼ਬਦ ਕਿੱਥੋਂ ਭਾਲ ਕੇ ਲਿਆਵਾਂ, ਕਿਹੜੇ ਸ਼ਬਦ-ਕੋਸ਼ ਵੇਖਾਂ, ਕਿਹੜੀਆਂ ਕਿਹੜੀਆਂ ਲਿਖਤਾਂ ਦਾ ਅਧਿਅਨ ਕਰਾਂ, ਤੁਹਾਡੇ ਬਾਰੇ ਵਰਨਣ ਕਰਨੋਂ ਤੁਹਾਡੇ ਜਿਹੇ ਇੱਕ ਸੰਪੂਰਨ ਗੁਰੂ ਲਈ ਸਭ ਅਪੂਰਨ ਹਨ। ਭਾਈ ਗੁਰਦਾਸ ਜੀ ਵਰਗੇ ਮਹਾਂਵਿਦਵਾਨ ਤੇ ਮਹਾਂ-ਗਿਆਨੀ ਵੀ ਇਸ ਵਿਚਾਰ ਦੇ ਧਾਰਨੀ ਹਨ ਕਿ ਇਸ ਦੁਨੀਆਂ ਦੇ ਇਤਿਹਾਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਵਰਗੇ ਅਜੇ ਤੱਕ ਤਾਂ ‘ਇਕੱਲੇ ਵਰੀਆਮ’ ਹਨ:

ਵਹ ਪ੍ਰਗਟਿਓ ਮਰਦ ਅਗੰਮੜਾ ਵਰੀਆਮ ਇਕੇਲਾ।
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।

‘ਅੱਲਾ ਯਾਰ ਖਾਂ’ ਵੀ ਕੁਝ ਏਦਾਂ ਹੀ ਮਹਿਸੂਸ ਕਰਦੇ ਹਨ ਕਿ ਇੱਕ ਬੇਮਿਸਾਲ ਤੇ ਲਾਸਾਨੀ ਕਾਬਲੀਅਤ ਵਾਲੇ ਮਹਾਂਪੁਰਖ ਦਾ ਬਿਆਨ ਕਲਮ ਨਾਲ ਜਾਂ ਸ਼ਬਦਾਂ ਨਾਲ ਕਰਨਾ ਅਤਿਅੰਤ ਕਠਿਨ ਹੈ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਕਾਰਜ ਐਨੇ ਬਚਿੱਤਰ ਅਤੇ ਅਦਭੁੱਤ ਹਨ ਕਿ ਬਿਆਨ ਕਰਨ ਦੇ ਖੇਤ੍ਰ ਤੋਂ ਬਾਹਰ ਦੀ ਗੱਲ ਹਨ। ਉਹ ਬੜਾ ਸੁੰਦਰ ਲਿਖਦੇ ਹਨ:

ਇਨਸਾਫ ਕਰੇ ਜੀ ਐਂ ਜ਼ਮਾਨਾ ਤੋਂ ਯਕੀਂ ਹੈ।
ਕਹਿੰਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ।
ਹਰ ਚੰਦ ਮੇਰੇ ਹਾਥ ਮੇਂ ਪੁਰਜ਼ੋਰ ਕਲਮ ਹੈ।
ਸਤਿਗੁਰ ਕੇ ਲਿਖੂ ਵਸਫ ਕਯਾ ਕਹਾਂ ਤਾਬਿ-ਰਕਮ ਹੈ।

ਹੇ ਬਾਜਾਂ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਨੇ ਸਮਾਜ ਵਿੱਚ ਤਬਦੀਲੀ ਲਿਆਉਣ ਲਈ ਆਪਣੇ ਆਦਰਸ਼-ਮਾਨਵ ਨੂੰ ਜੋ ਤੁਸਾਂ ਇੱਕ ਸੰਤ-ਸਿਪਾਹੀ ਦਾ ਸਰੂਪ ਦੇ ਕੇ, ਸ਼ੁਭ ਕੰਮ ਕਰਨ ਦਾ, ਆਪਣੀ ਜਿੱਤ ਤੇ ਭਰੋਸਾ ਰੱਖਣ ਦਾ, ਨਿੱਡਰ ਬਨਣ ਦਾ, ਜੂਝ ਕੇ ਮਰਨ ਦਾ ਇਹ ਪ੍ਰਵਚਨ ਕਰਕੇ:

ਦੇਹ ਸ਼ਿਵਾ ਬਰ ਮੋਹਿ ਇਹੈ
ਸ਼ੁਭ ਕਰਮਨ ਤੇ ਕਬਹੂੰ ਨਾ ਟਰੋਂ
ਨ ਡਰੋ ਅਰ ਸੋ ਜਬ ਜਾਇ ਲਰੋਂ
ਨਿਸ਼ਚੇ ਕਰ ਅਪਣੀ ਜੀਤ ਕਰੋਂ
ਅਰ ਸਿਖ ਹੋ ਆਪਣੇ ਹੀ ਮਨ ਕੋ
ਇਹ ਲਾਲਚ ਹਉ ਗੁਣ ਤਉ ਉਚਰੋਂ
ਜਬ ਆਵ ਕੀ ਅਉਧ ਨਿਦਾਨ ਬਨੈ
ਅਤ ਹੀ ਰਨ ਮੈਂ ਤਬ ਜੂਝ ਮਰੋਂ।

ਦਾ ਆਦਰਸ਼ ਅਪਨਾਉਣ ਤੇ ਜ਼ੋਰ ਦਿੱਤਾ ਅਤੇ ਉਸ ਆਦਰਸ਼-ਮਾਨਵ ਨੂੰ ਧੀਰਜਵਾਨ ਹੋਣ, ਬੁੱਧੀਮਾਨ ਹੋਣ, ਗਿਆਨਵਾਨ ਹੋਣ ਅਤੇ ਗਿਆਨ ਦੀ ਬਹੁਕਰ ਨਾਲ ਅੰਦਰੋਂ ਡਰ ਦੀ ਭਾਵਨਾ ਨੂੰ ਇਹ ਸੰਦੇਸ਼ ਦੇ ਕੇ:

ਧੀਰਜ ਧਾਮ ਬਨਾਇ ਇਹੇ ਤਨ,
ਬੁਧਿ ਸੁ ਦੀਪਕ ਜਿਉਂ ਉਜੀਆਰੇ।
ਗਿਆਨਹਿ ਕੀ ਬਢਨੀ ਮਨਹੁ ਹਾਥ ਲੇ,
ਕਾਤਹਤਾ ਕੁਤਹਾਰ ਖਹਾਰੇ।

ਸੰਕਲਪ ਦੇਣਾ ਅਤੇ ਉਸ ਆਦਰਸ਼-ਮਾਨਵ ਨੂੰ ਹੇਠ ਲਿਖਿਆ ਵਿਚਾਰ ਲਿਖਕੇ:

ਚਿੜੀਅਨ ਸੇ ਮੈਂ ਬਾਜ ਲੜਾਊਂ।
ਸਵਾ ਲਾਖ ਸੇ ਏਕ ਲੜਾਊਂ।
ਤਬੀ ਗੋਬਿੰਦ ਸਿੰਘ ਨਾਮ ਕਹਾਊਂ।

ਦਲੇਰ ਬਣਾਉਣਾ, ਹੇ ਗੁਰੂ ਜੀ ਇਹ ਕਿੱਡਾ ਮਹਾਨ ਕਾਰਜ ਹੈ ਜੋ ਕਿ ਆਦਰਸ਼-ਮਾਨਵ (ਸੰਤ-ਸਿਪਾਹੀ) ਨੂੰ ਰਸਤੇ ਵਿੱਚ ਆਈਆਂ ਮੁਸ਼ਕਿਲਾਂ ਨਾਲ ਹੀ ਸਿਰਫ਼ ਨਜਿੱਠਦਾ ਨਹੀਂ ਸਗੋਂ ਇਕ ਚਿੰਤਾ-ਰਹਿਤ ਅਤੇ ਵਿਕਾਰਾਂ-ਰਹਿਤ ਸ਼ਖਸ਼ੀਅਤ ਸਿਰਜਦਾ ਹੈ। ਸੰਤ-ਸਿਪਾਹੀ ਦੇ ਆਦਰਸ਼-ਮਾਨਵ ਨੂੰ ਵਿਹਾਰਕ ਰੂਪ ਦੇਣਾ ਸਿਰਫ਼ ਤੁਹਾਡੀ ਬਹੁਤ ਹੀ ਉੱਚੀ-ਸੋਚ ਦਾ ਪ੍ਰੀਣਾਮ ਹੈ। ਹੇ ਗੁਰੂ ਜੀ ਤੇਰੀ ਇਸ ਮਹਾਨ ਸੋਚ ਦੇ ਗੁਣ ਕਿੰਜ ਗਾਵਾਂ ਕਿਉਂਕਿ ਉੱਚ-ਮੰਡਲਾਂ ਵਿੱਚ ਪ੍ਰਵਾਜ਼ ਭਰਨ ਵਾਲੀ ਸੋਚ ਨੂੰ ਮੇਰੇ ਲਈ ਸ਼ਬਦਾਂ ਦਾ ਰੂਪ ਦੇਣਾ ਬੜਾ ਮੁਸ਼ਕਿਲ ਹੈ।
ਕਲਗੀਧਰ ਪਾਤਸ਼ਾਹ ਜੀ ਤੁਹਾਡੀ ਸਿੱਖਾਂ ਦੇ ਜੀਵਨ ਵਿੱਚ 1699 ਈਸਵੀ ਵਿੱਚ ਬੇਮਿਸਾਲ ਕ੍ਰਾਂਤੀ ਲਿਆਉਣ ਦੇ ਕਾਰਜ ਨੂੰ ਸਲਾਹੁਣ ਲਈ ਮੇਰੇ ਕੀਮਤੀ ਤੋਂ ਕੀਮਤੀ ਸ਼ਬਦ ਵੀ ਥੁੜਦੇ ਹਨ ਜਿਸ ਨੇ ਸਿੱਖਾਂ ਨੂੰ ਅਣਖ ਨਾਲ ਜਿਉਣ ਦੀ ਜਾਂਚ ਸਿਖਾ ਦਿੱਤੀ ਅਤੇ ਜਿਸ ਕ੍ਰਾਂਤੀ ਨੇ ਸਿੱਖਾਂ ਦੀ ਸੰਸਾਰ ਵਿੱਚ ਇੱਕ ਵੱਖਰੀ ਪਹਿਚਾਣ ਬਣਾ ਦਿੱਤੀ। ਇਸ ਕ੍ਰਾਂਤੀ ਨੇ ਐਸੀ ਅੰਮ੍ਰਿਤ ਦੀ ਦਾਤ ਬਖਸ਼ੀ ਕਿ ਸਿੱਖਾਂ ਦੀ ਕਾਇਆ ਹੀ ਕਲਪ ਕਰ ਦਿੱਤੀ। ਅੰਮ੍ਰਿਤ ਦੀ ਦਾਤ ਨੂੰ ਫੌਲਾਦੀ ਪਾਹ ਦੇ ਕੇ, ਸਰਬ-ਲੋਹ ਪਹੁਲ ਪਿਆ ਕੇ ਫੌਲਾਦੀ ਕੌਮ ਉਤਪੰਨ ਕਰ ਦਿੱਤੀ ਅਤੇ ਇਸ ਅੰਮ੍ਰਿਤ ਦੀ ਦਾਤ ਨੇ ਇਕੋ ਸੋਚਨੀ, ਇਕੋ ਗੁਰੂ, ਇਕੋ ਧਰਮ, ਇਕੋ ਸੁਰਿਤ ਬਖਸ਼ ਕੇ ਇਕ ਵਿਲੱਖਣ ਸਿੱਖ ਪੰਥ ਚਲਾ ਦਿੱਤਾ। ਇਸ ਕ੍ਰਾਂਤੀ ਵਿੱਚ ਨੀਲੇ ਪਹਿਰਾਵੇ ਨੇ ਇੱਕ ਵਚਿੱਤਰ ਸਿੱਖ-ਸੰਗਠਨ ਬਣਾ ਦਿੱਤਾ ਅਤੇ ਇੱਕ ਸਾਧਾਰਨ ਮਨੁੱਖ ਨੂੰ ਇੱਕ ਵੱਖਰਾ ਵਿਅਕਤੀਤਵ ਬਖਸ਼ ਦਿੱਤਾ।
ਹੇ ਗਰੀਬਾਂ ਦੇ ਮਸੀਹਾ ਤੇ ਆਮ ਲੋਕਾਂ ਦੇ ਦਿਲ ਦੀ ਧੜਕਣ ਤੇਰਾ ਜਸ ਗਾਉਣ ਲਈ ਕਿੱਥੋਂ ਪ੍ਰਭਾਵਸ਼ਾਲੀ ਬੋਲ ਲਿਆਵਾਂ। ਮੈਨੂੰ ਕਿਤੋਂ ਨਹੀਂ ਮਿਲਦੇ ਜਦੋਂ ਤੁਸੀਂ ਹੋਕਾ ਦੇ ਕੇ ਉੱਚੀ ਆਵਾਜ਼ ਵਿੱਚ ਐਲਾਨ ਕਰ ਦਿੱਤਾ:

ਇਨਹੀ ਕੀ ਕਿਰਪਾ ਸੇ ਸਜੇ ਹਮ ਹੈਂ,
ਨਹੀਂ ਮੋ ਸੋ ਗਰੀਬ ਕਰੋਰ ਪਰੇ।

‘ਆਪੇ ਗੁਰੂ ਆਪੇ ਚੇਲਾ’ ਬਣ ਕੇ ਇਹ ਸਭ ਗ੍ਰੀਬ ਮਜ਼ਲੂਮ ਅਤੇ ਆਮ ਲੋਕਾਂ ਨਾਲ ਸਭ ਤੋਂ ਨੇੜੇ ਦਾ ਸਬੰਧ ਸਥਾਪਿਤ ਕੀਤਾ। ਲੜਾਈ ਦੇ ਮੈਦਾਨ ਵਿੱਚ ਜਦ ਵੀ ਲੜੇ ਇਹਨਾਂ ਸਿੰਘਾਂ ਨੂੰ ਅੱਗੇ ਨਹੀਂ ਕੀਤਾ ਸਗੋਂ ਆਪ ਵੀ ਅੱਗੇ ਹੋ ਕੇ ਲੜੇ। ਇੱਥੋਂ ਤੱਕ ਕੇ ਆਪਣੇ ਦੋਨੋਂ ਵੱਡੇ ਸਾਹਿਬਜ਼ਾਦਿਆਂ ਨੂੰ ਵੀ ਆਪਣੇ ਹੱਥੀਂ ਤਿਆਰ ਕਰਕੇ ਯੁੱਧ ਵਿੱਚ ਭੇਜਿਆ। ਇਹਨਾਂ ਮਜ਼ਲੂਮ ਸਿੰਘਾਂ ਨੂੰ ਪੁੱਤਾਂ ਸਮਾਨ ਸਮਝਿਆ। ਲੜਾਈ ਦੇ ਮੈਦਾਨ ਵਿੱਚ ਜਦ ਤੁਹਾਡਾ ਇੱਕ ਸਾਹਿਬਜ਼ਾਦਾ ਤ੍ਰੇਹ ਦਾ ਸਤਾਇਆ ਪਾਣੀ ਪੀਣ ਆਇਆ ਤਾਂ ਆਪ ਜੀ ਨੇ ਵਾਪਿਸ ਮੋੜ ਦਿੱਤਾ ਇਹ ਕਹਿਕੇ ਕਿ ਉਹ ਸਿੰਘਾਂ ਨੂੰ ਵੀ ਬਹੁਤ ਤ੍ਰੇਹ ਲੱਗੀ ਹੈ।
ਦਸਮ ਗ੍ਰੰਥ ਦੇ ਰਚੇਤਾ, ਇਕ ਮਹਾਨ ਕਵੀ, ਸਾਹਿਤਕਾਰ ਅਤੇ ਚਾਰ ਭਾਸ਼ਾਵਾਂ (ਪੰਜਾਬੀ, ਹਿੰਦੀ, ਸੰਸਕ੍ਰਿਤ, ਫਾਰਸ਼ੀ) ਦੇ ਗਿਆਤਾ ਦਸ਼ਮੇਸ਼ ਪਿਤਾ ਜੀ ਤੁਹਾਡੇ ਸਾਹਿਤ ਦੇ ਖ੍ਰੇਤ ਵਿੱਚ ਪਾਏ ਯੋਗਦਾਨ ਦੀ ਉਪਮਾਂ ਲਈ ਕਿਹੜੀ ਭਾਸ਼ਾ ਦੇ ਅੱਖਰਾਂ ਤੋਂ ਸ਼ਬਦ ਤੇ ਫਿਰ ਵਾਕ ਬਣਾਵਾਂ ਕਿਉਂਕਿ ਮੈਂ ਤੁਹਾਡੇ ਵਾਂਗ ਇਹ ਸਾਰੀਆਂ ਭਾਸ਼ਾਵਾਂ ਦਾ ਜਾਣੂ ਨਹੀਂ ਹਾਂ। ਮਿੱਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਗਾਉਣ ਲਈ ਮੇਰੇ ਕੋਲੋਂ ਸੁਰ ਵੀ ਨਹੀਂ ਲੱਗਦੇ। ਸਤਿਗੁਰ, ਦੁਨੀਆਂ ਦੇ ਕਿਸੇ ਵੱਡੇ ਤੋਂ ਵੱਡੇ ਬਾਦਸ਼ਾਹ ਨੇ ਵੀ ਆਪਣੇ ਦਰਬਾਰ ਵਿੱਚ ਤੁਹਾਡੇ ਵਾਂਗ 52 ਕਵੀ ਰੱਖੇ ਨਹੀਂ ਸੁਣੇ। ਜਿਸ ਤਰਾਂ ਆਪ ਜੀ ਨੇ ਆਪਣੇ ਦਰਬਾਰ ਵਿੱਚ ਪਿਛਲੇ ਗੁਰੂ ਸਾਹਿਬਾਨਾਂ ਦੇ ਸ਼ਬਦਾਂ ਗਾਇਨ ਕਰਨ ਲਈ ਬਹੁਤ ਸਾਰੇ ਢਾਡੀ ਰੱਖੇ ਹੋਏ ਸਨ, ਹੋਰ ਕਿਸੇ ਵਿਅਕਤੀ ਜਾਂ ਬਾਦਸ਼ਾਹ ਨੇ ਵੀ ਆਪਣੇ ਵੱਡੇ ਵਡੇਰਿਆਂ ਦੀ ਸਿਫ਼ਤ ਸਲਾਹ ਵਿੱਚ ਗਾਇਕ ਨਹੀਂ ਰੱਖੇ ਸੁਣੇ ਪੜੇ। ਤੁਹਾਡੀ ਯਾਦ ਸ਼ਕਤੀ ਦੀ ਦਾਦ ਦੇਣੀ ਬਣਦੀ ਹੈ, ਜਿਸ ਤਰਾਂ ਦਮਦਮਾ ਸਾਹਿਬ ਵਿਖੇ ਮੂੰਹ-ਜੁਬਾਨੀ ਬੋਲਕੇ ਭਾਈ ਮਨੀ ਸਿੰਘ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾਈ। ਬ੍ਰਹਾਮਣਾ ਦੇ ਇਨਕਾਰ ਕਰਨ ਤੇ ਪੰਜ ਨਿਰਮਲੇ ਸੰਤਾਂ ਨੂੰ ਬਨਾਰਸ ਵਿਖੇ ਸੰਸਕ੍ਰਿਤ ਦਾ ਗਿਆਨ ਪ੍ਰਾਪਤ ਕਰਨ ਲਈ ਬਨਾਰਸ ਭੇਜਣ ਵਰਗਾ ਉਪਰਾਲਾ ਕਿਸੇ ਰਿਸ਼ੀ, ਮਹਾਤਮਾ ਜਾਂ ਰਾਜੇ ਵੱਲੋਂ ਕੀਤਾ ਗਿਆ ਹੋਵੇ ਕਦੇ ਨਹੀਂ ਪੜਿਆ ਸੁਣਿਆ। ਪ੍ਰਮਾਤਮਾ ਦੀ ਸਿਫ਼ਤ ਵਿੱਚ ਜਾਪ ਸਾਹਿਬ ਵਿੱਚ ਜੋ ਆਪ ਜੀ ਨੇ ਵਿਸ਼ੇਸ਼ਣ ਲਿਖੇ ਹਨ, ਸਭ ਦਾ ਮਨ ਕਾਇਲ ਕਰ ਜਾਂਦੇ ਹਨ ਕਿ ਅਜਿਹਾ ਕੰਮ ਵੱਡੇ ਤੋਂ ਵੱਡੇ ਵਿਦਵਾਨ ਲਈ ਕਰਨਾ ਅਸੰਭਵ ਲਗਦਾ ਹੈ। ਸ਼ਸ਼ਤਰ ਨਾਮ ਮਾਲਾ, ਗਿਆਨ ਪ੍ਰਬੋਧ, ਅਕਾਲ ਉਸਤਿਤ, ਸ੍ਵੈਯੇ ਐਨੇ ਲਘੂ-ਆਕਾਰੀ ਅਤੇ ਸੰਗੀਤਬਧ ਲਿਖਣੇ ਸਿਰਫ਼ ਤੁਹਾਡੇ ਹੱਥੋਂ ਹੀ ਸੰਭਵ ਹੋਏ। ਦੋ ਚੰਡੀ ਚਰਿੱਤਰ, ਵਿਸ਼ਨੂੰ ਦੇ ਚੌਵੀ ਅਵਤਾਰ, ਉਪਾਵਅਤਾਰ-ਬ੍ਰਹਮਾ ਤੇ ਰੁਦਰਾਂ ਦੇ, ਚੰਡੀ ਦੀ ਵਾਰ, ਚਰਿਤਰ ਉਪਾਖਿਆਨ ਤੇ ਜਫ਼ਰਨਾਮਾ ਵਰਗੀਆਂ ਰਚਨਾਵਾਂ ਲਿਖ ਦੇਣਾ ਜਣੇ-ਖਣੇ ਦੇ ਵੱਸ ਦਾ ਰੋਗ ਨਹੀਂ। ਮਾਰਕੰਡੇ ਪੁਰਾਣ ਤੇ ਭਗਵਤ ਪੁਰਾਣ ਦਾ ਅਨੁਵਾਦ ਕਰਨਾ ਤੁਹਾਡੇ ਵਰਗਾ ਅਧਿਐਨ ਕਰਤਾ ਅਤੇ ਦੈਵੀ ਬੁੱਧੀ ਦਾ ਮਾਲਕ ਹੀ ਕਰ ਸਕਦਾ ਹੈ।
ਦਿਆਲੂ, ਕਿਰਪਾਲੂ, ਮਨੁੱਖਤਾ ਦੇ ਹਮਦਰਦ, ਦਇਆ ਦੇ ਧਾਰਨੀ ਤੇਰੀ ਦਇਆ ਦੀ ਕੌਣ ਰੀਸ ਕਰ ਸਕਦਾ ਹੈ ਅਤੇ ਨਾ ਹੀ ਮੇਰੇ ਕੋਲ ਕੋਈ ਅਜਿਹੀ ਸਿਆਹੀ ਹੈ ਜੋ ਤੇਰੀ ਦਇਆ ਭਾਵਨਾ ਨੂੰ ਚਿਤਰ ਸਕੇ। ਤੂੰ ਤਾਂ ਲੜਾਈ ਸਮੇਂ ਸਵਾ ਤੋਲਾ ਸੋਨਾ ਲੱਗਿਆ ਵਾਲਾ ਤੀਰ ਦੁਸ਼ਮਣਾਂ ਤੇ ਛੱਡਦਾ ਸੀ। ਜੇ ਤੁਹਾਡੇ ਤੀਰ ਨਾਲ ਕੋਈ ਰੱਬ ਨੂੰ ਪਿਆਰਾ ਹੋ ਜਾਵੇ ਤਾਂ ਉਸ ਦੇ ਸਸਕਾਰ ਲਈ ਪ੍ਰਬੰਧ ਹੋ ਸਕੇ ਜਾਂ ਬੱਚਿਆਂ ਲਈ ਉਹ ਕੰਮ ਆ ਸਕੇ। ਜੇ ਕੋਈ ਜ਼ਖ਼ਮੀ ਹੋ ਜਾਵੇ ਤਾਂ ਉਸ ਦਾ ਇਲਾਜ ਵੀ ਇਹ ਸੋਨਾ ਵੇਚ ਕੇ ਹੋ ਸਕੇ। ਆਪ ਦਿਆਲੂ ਸੀ ਤਾਹੀਓਂ ਤਾਂ ਇਹ ਲਿਖ ਗਏ:

ਰੇ ਮਨ ਐਸੇ ਕਰ ਸੰਨਿਆਸਾ।
ਬਨਸੇ ਸਦਨ ਸਬ ਕਰ ਸਮਝਹੁ ਮਨ ਹੀ ਮਾਹਿ ਉਦਾਸਾ

ਇਹ ਦਇਆ ਦੀ ਭਾਵਨਾ ਪਹਿਲੀ ਪਾਤਸ਼ਾਹੀ ਦੇ ਦੱਸੇ ਮਾਰਗ ”ਧੌਲ ਧਰਮ ਦਇਆ ਕਾ ਪੂਤ” ਜਾਂ ”ਸਤ ਤਾ ਪਰ ਜਾਣੀ ਐ ਜਾ ਸਿਖ ਸਚੀ ਲੇਇ। ਦਇਆ ਜਾਣੇ ਜੀਅ ਕੀ ਕਿਛ ਪੁਨ ਦਾਨਿ ਕਰਇ।” ਨੂੰ ਵਿਹਾਰਕ ਰੂਪ ਦੇਣਾ ਆਪ ਜੀ ਦੇ ਹਿੱਸੇ ਆਇਆ ਲੱਗਦਾ ਹੈ। ਗ੍ਰੀਬ, ਲਚਾਰਾਂ ਨੂੰ ਆਪ ਜੀ ਧਨ, ਭੋਜਣ, ਕੱਪੜਾ, ਅਨਾਜ ਆਦਿ ਦੇਣ ਕਰਕੇ ਹੱਥ ਦੇ ਸਖੀ ਤੇ ਅਤਿ ਦਰਜੇ ਦੇ ਦਾਨੀ ਜਾਣੇ ਜਾਂਦੇ ਹੋ।
ਐ ਕੁਰਬਾਨੀ ਦੇ ਪੁੰਜ, ਸੱਚੇ ਤੇ ਸਹੀ ਤਿਆਗੀ ਦਸਮੇਂ ਗੁਰੂ ਤੇਰੇ ਤਿਆਗ ਵਰਗੀ ਦੁਨੀਆਂ ਵਿੱਚ ਕੋਈ ਹਸਤੀ ਅਜੇ ਤੱਕ ਨਹੀਂ ਹੋਈ ਤੇ ਨਾ ਹੀ ਅੱਗੋਂ ਹੋਣ ਦੀ ਸੰਭਾਵਨਾ ਹੈ। ਤੇਰੇ ਇਸ ਨਿਸ਼ਕਾਮ ਤਿਆਗ ਦੇ ਗੁਣ ਮੇਰੇ ਵਰਗਾ ਸੰਸਾਰੀ ਲੋਭੀ ਕਿਵੇਂ ਗਾ ਸਕਦਾ ਹੈ। ਕੋਈ ਤਿਆਗੀ ਹੀ ਤੇਰੇ ਬਾਰੇ ਲਿਖ ਸਕਦਾ ਹੈ। ਤੂੰ ਤਾਂ ਐਸਾ ਤਿਆਗ ਕੀਤਾ, ਕੌਮ ਦੀ ਖਾਤ੍ਰ ਸਾਰਾ ਸਰਬੰਸ ਹੀ ਵਾਰ ਦਿੱਤਾ, ਪਿਓ ਵਾਰਿਆ, ਮਾਂ ਵਾਰੀ, ਚਾਰੇ ਬੱਚੇ ਵਾਰੇ, ਪੰਜ ਪਿਆਰੇ ਵਾਰੇ, ਅਨੇਕਾਂ ਦਿਲ ਦੇ ਜਾਨੀ ਸਿੰਘ ਵਾਰੇ। ਘਰ-ਬਾਰ ਤਿਆਗ ਜੀਵਨ ਮਾਛੀਵਾੜੇ ਦੇ ਜੰਗਲਾਂ ਵਿੱਚ ਬਿਤਾਇਆ, ਦੱਖਣ ਵਿੱਚ ਰਹਿੰਦਿਆਂ ਖੁਦ ਆਪ ਖੰਜਰ ਦਾ ਸ਼ਿਕਾਰ ਹੋਏ। ਤੇਰੇ ਵਰਗੀ ਕੁਰਬਾਨੀ ਅੱਜ ਤੱਕ ਕਿਸੇ ਮਰਦੇ-ਖੁਦਾ ਨੇ ਨਹੀਂ ਕੀਤੀ। ਤੁਸੀਂ ਤਾਂ ਤਿਆਗ ਦਾ ਇੱਕ ਇਤਿਹਾਸ ਹੀ ਲਿਖ ਮਾਰਿਆ।
ਆਪ ਜੀ ਦੀ ਦੂਰਦਰਸ਼ਤਾ ਅਤੇ ਦੀਰਘ ਸੋਚ ਦਾ ਹਰ ਕੋਈ ਕਾਇਲ ਸੀ। ਆਪਣਿਆਂ ਨਾਲੋਂ ਵਿਛੜ ਕੇ, ਅਪਣਾ ਰਹਿਣ-ਸਥਾਨ ਛੱਡ ਕੇ, ਆਪਣੇ ਦੇਸ਼ ਛੱਡ ਕੇ, ਉਹ ਕਿਹੜਾ ਹੈ ਜਿਹੜਾ ਕਿ ਉਪਰਾਮ ਨਹੀਂ ਹੁੰਦਾ ਪਰ ਅਸ਼ਕੇ ਜਾਈਏ ਆਪ ਜੀ ਦੇ ਜੋ ਸਦਾ ਹੀ ਚੜਦੀਆਂ ਕਲਾਂ ਵਿੱਚ ਰਹੇ। ਆਪਣੇ ਸਿੰਘਾਂ ਨੂੰ ਨਿਰਾਸ਼ ਨਹੀਂ ਕੀਤਾ, ਸੰਜਮ, ਧੀਰਜ, ਸੰਤੋਖ ਬਣਾਈ ਰੱਖਿਆ। ਕਿਸੇ ਨੂੰ ਜੁੰਮੇਵਾਰ ਸਮਝ ਕੇ ਮਾੜੇ ਬਚਨ ਨਹੀਂ ਕੀਤੇ ਨਾ ਮਾੜੇ ਬੋਲ ਬੋਲੇ। ਅਪਣੇ ਬੋਲਾਂ ਵਿੱਚ ਸਦਾ ਜੋਸ਼ ਤੇ ਮਿਠਾਸ ਰੱਖੀ। ਦੁੱਖਾਂ, ਮੁਸ਼ਕਿਲਾਂ ਦੀ ਘੜੀ ਵਿੱਚ ਆਪਣੇ ਸਿੰਘਾਂ ਨਾਲ ਰਾਇ ਮਸ਼ਵਰਾ ਕਰਦੇ ਰਹੇ। ਉਹਨਾਂ ਦੀ ਰਾਇ ਦਾ ਮੁੱਲ ਪਾਉਂਦੇ ਰਹੇ। ਆਪਣੇ ਸਿੰਘਾਂ ਨੂੰ ਆਪਣੇ ਪੁੱਤਰਾਂ ਤੋਂ ਵੱਧ ਪਿਆਰ ਕਰਦੇ ਰਹੇ ਅਤੇ ਸਦਾ ਉਨਾਂ ਨੂੰ ਅਹਿਮੀਅਤ ਦਿੰਦੇ ਰਹੇ। ਤੇਰੇ ਵਰਗੇ ਸਦਾ ਚੜਤ ਵਿੱਚ ਰਹਿਣ ਵਾਲੀ ਸ਼ਖਸ਼ੀਅਤ ਦੇ ਗੁਣ ਮੇਰੇ ਵਰਗੇ ਦੇ ਦੁੱਖਾਂ ਵਿੱਚ ਮਝੱਟੇ ਦੀ ਮਾਯੂਸ ਕਲਮ ਕਿਵੇਂ ਲਿਖ ਸਕਦੀ ਹੈ। ਤੇਰੀ ਚੜਤ ਦੀ ਸਰਾਹਣਾ ਲਈ ਜਿੰਦਾ ਦਿਲੀ ਦੀ ਲੋੜ ਹੈ।
ਨਿਮਰਤਾ ਦੇ ਪੁੰਜ, ਕਲਗੀਧਰ ਪਾਤਸ਼ਾਹਿ, ਇਸ ਦੁਨੀਆਂ ਵਿੱਚ ਤੁਹਾਡਾ ਅਵਤਾਰ ਧਾਰ ਕੇ ਆਉਣਾ ਤੇ ਲੋਕਾਂ ਦੁਆਰਾ ਤੁਹਾਨੂੰ ਉੱਚ ਦਾ ਪੀਰ ਕਹਿਕੇ ਸਨਮਾਣਨਾ ਪੂਰਨ ਸਚਾਈ ਹੈ। ਪਰ ਭਗਵਾਨ ਅਖਵਾਉਣ ਦੀ ਬਿਜਾਏ ਇੱਕ ਸਾਧਾਰਨ ਮਨੁੱਖ ਬਨਣ ਨੂੰ ਤਰਜੀਹ ਦੇਣ ਦਾ ਵਿਚਾਰ ਤੁਹਾਡੇ ਹਿੱਸੇ ਆਇਆ ਹੈ। ਮੇਰੇ ਵਰਗੇ ਉੱਚ ਵਿਖਾਉਣ ਦੇ ਭੁੱਖੇ=ਅਲਤਬਸ ਕੋਲ ਗੁਰੂ ਜੀ ਐਨਾ ਵਿਚਾਰ ਕਿੱਥੇ ਕਿ ਤੁਹਾਡੀ ਇਸ ਨਿਮਰਤਾ ਭਰੀ ਸੋਚ ਦੀ ਪ੍ਰਸ਼ੰਸ਼ਾ ਵਿੱਚ ਬਹੁਤ ਕੁਝ ਲਿਖ ਸਕਾਂ ਕਿਉਂਕਿ ਤੁਸਾਂ ਤਾਂ ਇੱਕ ਨਿਮਾਣਾ ਦਾਸ ਕਹਿਲਾਉਣ ਵਿੱਚ ਇੱਕ ਵਡਿਆਈ ਸਮਝੀ ਹੈ। ਵਾਹ ! ਉੱਚ ਵਿਚਾਰਾਂ ਦੇ ਧਨੀ ਆਪ ਜੀ ਨੇ ਤਾਂ ਮਨੁੱਖ ਵਿਚਕਾਰ ਅੰਤਰ ਮਿਟਾ ਕੇ ਧਾਰਮਿਕ ਗੁਰੂਆਂ ਨੂੰ ਮਨੁੱਖਾਂ ਦੇ ਭਗਵਾਨ (ਰੱਬ) ਬਨਣ ਤੋਂ ਠੱਲ ਹੀ ਪਾ ਦਿੱਤੀ। ਨਹੀਂ ਤਾਂ ਇਹ ਧਾਰਮਿਕ ਗੁਰੂ ਅਪਣਿਆਂ ਚੇਲਿਆਂ ਉੱਪਰ ਐਸਾ ਪ੍ਰਭਾਵ ਪਾਉਂਦੇ ਸਨ ਕਿ ਚੇਲੇ ਹੀ ਉਹਨਾਂ ਨੂੰ ਰੱਬ ਦਾ ਦਰਜ਼ਾ ਦੇ ਦਿੰਦੇ ਸਨ। ਹੋ ਸਕਦੈ ਮੇਰੇ ਗੁਰੂ ਸ੍ਰੀ ਗੋਬਿੰਦ ਸਿੰਘ ਜੀ ਕੁਝ ਲੋਕਾਂ ਨੇ ਆਪ ਜੀ ਨੂੰ ਵੀ ਰੱਬ ਕਹਿਣਾ ਸ਼ੁਰੂ ਕਰ ਦਿੱਤਾ ਹੋਵੇ ਅਤੇ ਆਪ ਜੀ ਨੂੰ ਇਹ ਗੱਲ ਤੁਹਾਡੀ ਜ਼ਮੀਰ ਦੇ ਵਿਰੁੱਧ ਜਾਪੀ ਹੋਵੇ ਅਤੇ ਆਪ ਜੀ ਨੇ ਇਸ ਦੁਖਦਾਈ ਸਥਿਤੀ ਨੂੰ ਦੂਰ ਕਰਨ ਲਈ ਲੋਕਾਂ ਨੂੰ ਸਿਰਫ਼ ਮੌਖਿਕ ਰੂਪ ਵਿੱਚ ਹੀ ਨਹੀਂ ਸਗੋਂ ਇੱਕ ਲਿਖਤੀ ਰੂਪ ਵਿੱਚ ਵੀ ਐਲਾਨ ਕਰ ਦਿੱਤਾ:

ਜੋ ਹਮ ਕੋ ਪਰਮੇਸਰ ਉਚਰਿ ਹੈ।
ਤੇ ਸਭ ਨਰਕ ਕੁੰਡ ਮਹਿ ਪਰਿਹੈ
ਮੈ ਕੋ ਦਾਸ ਤਵਨ ਦਾ ਜਾਨੋ
ਯਾਂ ਮੈ ਭੇਦ ਨ ਰੰਚ ਪਟਾਵੋ
ਮੈਂ ਹੋਂ ਪਰਮ ਪੁਰਸ਼ ਕੋ ਦਾਸਾ
ਦੇਖਣ ਆਓ ਜਗਤ ਤਮਾਸ਼ਾ
ਜੋ ਪ੍ਰਭੂ ਜਗਤਿ ਕਹਾ ਸੋ ਕਹਿਹੋਂ
ਮਿਰਤੂ ਲੋਕ ਤੇ ਮੌਨ ਨ ਰਹਿਹੋ

ਹੇ ਗੁਰੂ ਇਹ ਤੇਰਾ ਵਡੱਪਣ ਹੀ ਹੈ ਕਿ ਆਪ ਜੀ ਨੇ ਅਪਣੇ ਆਪ ਨੂੰ ਭਗਵਾਨ ਨਹੀਂ ਅਖਵਾਇਆ ਸਗੋਂ ਲੋਕਾਂ ਨੂੰ ਚਿਤਾਵਨੀ ਦਿੱਤੀ ਕਿ ਜੋ ਮੈਨੂੰ ਭਗਵਾਨ ਕਹੇਗਾ, ਉਹ ਸਿੱਧਾ ਨਰਕਾਂ ਵਿੱਚ ਜਾਵੇਗਾ। ਹੇ ਸੱਚੇ ਪਾਤਸ਼ਾਹ ਜੇ ਅੱਜ ਵੀ ਤੇਰੇ ਬਚਨਾਂ ਤੇ ਲੋਕ ਪਹਿਰਾ ਦਿੰਦੇ ਤਾਂ ਨਿਰੇ ਹੀ ਧਾਰਮਿਕ ਨੇਤਾ ਭਗਵਾਨ ਨਾ ਬਣੇ ਬੈਠੇ ਹੁੰਦੇ। ਹੇ ਸਤਿਗੁਰ ਤੁਹਾਡੀ ਇਸ ਸੋਚ ਨੂੰ ਸਿਰਫ਼ ਆਪਣਾ ਸਿਰ ਹੀ ਝੁਕਾ ਸਕਦਾ ਹਾਂ ਪਰ ਅਜਿਹੀ ਮਹਾਨ ਸੋਚ ਨੂੰ ਕਾਗਜ਼ ਉੱਪਰ ਉਤਾਰਣ ਲਈ ਸ਼ਬਦ-ਵਿਚਾਰ ਕਿੱਥੋਂ ਲਿਆਵਾਂ।
ਸਹਿਣਸ਼ੀਲਤਾ ਦੇ ਧਾਰਨੀ ਗੁਰੂ ਸਾਹਿਬ ਜੀ, ਅੱਖਾਂ ਦੇ ਸਾਹਮਣੇ ਜਿਉਂਦੇ ਜੀਅ ਪੁੱਤ ਖੁੱਸ ਜਾਣ ਤੇ ਉਹ ਕਿਹੜਾ ਬਾਪ ਹੈ ਜਿਸ ਦਾ ਕਲੇਜਾ ਨਾ ਫਟੇ, ਰੋ ਰੋ ਬੇਹਾਲ ਨਾ ਹੋਵੇ। ਦੋ ਸਾਹਿਬਜ਼ਾਦਿਆਂ ਦੀ ਬਚਪਨ ਵਿੱਚ ਸ਼ਹੀਦੀ ਤੇ ਦੋ ਨੌਜਵਾਨ ਸਾਹਿਬਜ਼ਾਦਿਆਂ ਦੀ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਤੇ ਅੱਗੇ ਬੰਸ ਤੁਰਨ ਤੇ ਪੂਰਨ ਵਿਸ਼ਰਾਮ। ਪਰ ਅਸ਼ਕੇ ਤੇਰੀ ਹਿੰਮਤ, ਦਲੇਰੀ, ਧੀਰਜ, ਸਬਰ। ਪੁੱਤਰਾਂ ਦੀ ਸ਼ਹੀਦੀ ਤੇ ਕਹਿ ਦੇਣਾ, ”ਹੇ ਵਾਹਿਗੁਰੂ ਤੇਰੀ ਅਮਾਨਤ ਤੇਰੇ ਸਪੁਰਦ ਕਰ ਚੱਲਿਆਂ ਹਾਂ। ਵਾਹਿਗੁਰੂ ਤੇਰਾ ਸ਼ੁਕਰ ਗੁਜ਼ਾਰ ਹਾਂ ਕਿ ਤੇਰੀ ਅਮਾਨਤ ਲੋਕਾਂ ਦੇ ਕੰਮ ਆਈ।” ਦੁੱਖ ਵਿੱਚ ਇਸ ਹਿੰਮਤ ਨੂੰ ਦਾਤਿਆ ਮਹਿਸੂਸਿਆ ਹੀ ਜਾ ਸਕਦੈ, ਕਲਮਬੰਦ ਨਹੀਂ ਕੀਤਾ ਜਾ ਸਕਦਾ। ਹੈ ਕੋਈ ਕਲਮ ਜੋ ਤੇਰਾ ਅਜਿਹਾ ਗੁਣ ਬਿਆਨ ਕਰ ਸਕੇ।
ਯੁੱਧ ਕਲਾ ਵਿੱਚ ਸਿਰਫ਼ ਨਿਪੁੰਨ ਹੀ ਨਹੀਂ ਸਗੋਂ ਇੱਕ ਸਮਰੱਥ, ਨਿੱਡਰ ਯੋਧੇ, ਖੁਦ ਵਧੀਆ ਸੈਨਿਕ ਦੇ ਨਾਲ ਨਾਲ ਇੱਕ ਕੁਸ਼ਲ ਸੈਨਾਪਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਤੁਹਾਡੀ ਬੀਰਤਾ ਦਾ ਜਸ ਗਾਉਣ ਲਈ ਮੇਰੇ ਕੋਲ ਐਨੇ ਬਲ-ਸ਼ਾਲੀ ਵਿਸ਼ੇਸ਼ਣ ਨਹੀਂ ਹਨ। ਤੁਹਾਡਾ ਹੌਂਸਲਾ ਤੇ ਤੁਹਾਡੀਆਂ ਪ੍ਰਾਪਤੀਆਂ, ਤੁਹਾਡਾ ਸਿਰਫ਼ ਚਾਲੀ (40) ਸਿੰਘਾਂ ਦਾ ਲੱਖਾਂ ਦੀ ਫੌਜ ਨਾਲ ਟਾਕਰਾ ਕਰਵਾਉਣ ਦਾ ਜੇਰਾ ਕਰਵਾਉਣਾ ਤੁਹਾਡੀ ਮਨੋਵਿਗਿਆਨਕ ਸੋਚ ਦਾ ਹੀ ਪ੍ਰਤਾਪ ਹੈ। ਜਿਸ ਨਾਲ ਤੁਸੀਂ ਆਪਣੇ ਸਿੰਘਾਂ ਨੂੰ ਇਹ ਅਹਿਸਾਸ ਦਿਵਾਇਆ ਕਿ ਤੁਹਾਡੀ ਸ਼ਕਤੀ ਦੁਸ਼ਮਣਾਂ ਦੀਆਂ ਫੌਜਾਂ ਤੋਂ ਕਿਤੇ ਵੱਧ ਹੈ। ਪਰ ਸਭ ਤੋਂ ਵੱਡੀ ਖੂਬੀ ਜੋ ਜਰਨੈਲ ਦੇ ਰੂਪ ਵਿੱਚ ਦੇਖੀ ਜਿਹੜੀ ਕਿ ਬਿਆਨੋਂ ਬਾਹਰ ਦੀ ਗੱਲ ਹੈ ਕਿ ਆਪ ਜੀ ਵਾਹਿਗੁਰੂ ਸਰਬਸ਼ਕਤੀਮਾਨ ਨੂੰ ਅਪਣੀ ਜਿੱਤ ਅਤੇ ਇੱਜ਼ਤ ਰੱਖਣ ਲਈ ਸਦਾ ਹੇਠ ਲਿਖੇ ਸ਼ਬਦਾਂ ਵਿੱਚ ਅਰਦਾਸ ਕਰਨੀ ਕਦੇ ਵੀ ਨਹੀਂ ਸੀ ਭੁੱਲਦੇ :

ਹਮਰੀ ਕਰੋ ਹਾਥ ਦੇ ਰੱਛਾ।
ਪੂਰਨ ਹੋਇ ਚਿਤ ਕੀ ਇੱਛਾ।

ਅਤੇ

ਹਮਰੇ ਦੁਸ਼ਟ ਸਭੈ ਤੁਮ ਚਾਵਹੁ।
ਆਪ ਹਾਥ ਦੇ ਮੋਹਿ ਬਚਾਵਹੁ।

ਦਸ਼ਮੇਸ਼ ਪਿਤਾ ਜੀ, ਮੌਕੇ ਦੀਆਂ ਸਥਿਤੀਆਂ ਨੂੰ ਭਾਂਪਣਾਂ ਤੇ ਫਿਰ ਉਨਾਂ ਸਥਿਤੀਆਂ ਦਾ ਲਾਭ ਉਠਾਉਣ ਦਾ ਚੱਜ ਤੁਹਾਡੇ ਤੋਂ ਹੀ ਸਿੱਖਿਆ ਜਾ ਸਕਦਾ ਹੈ। ਇਹ ਆਪ ਜੀ ਦੀ ਦੂਰ ਅੰਦੇਸ਼ੀ ਹੀ ਸੀ ਕਿ ਤੁਸੀਂ ਆਪਣੇ ਪਿਤਾ ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੋਂ ਤੁਰੰਤ ਬਾਦ ਪਾਉਂਟਾ ਸਾਹਿਬ ਜਮਨਾ ਨਦੀ ਦੇ ਕਿਨਾਰੇ ਪਹੁੰਚ ਕੇ ਸਿਰਫ਼ ਖੁਦ ਆਪ ਅਸਤਰ-ਸ਼ਸ਼ਤਰ ਵਿੱਚ ਪੂਰੇ ਮਾਹਰ ਹੀ ਨਹੀਂ ਬਣੇ ਸਗੋਂ ਆਪਣੇ ਸਾਥੀ ਸਿੰਘਾਂ ਨੂੰ ਵੀ ਪੂਰਨ ਮੁਹਾਰਤਾ ਹਾਸਲ ਕਰਵਾਈ। ਉਹੀ ਹਿੰਦੂ ਪਹਾੜੀ ਰਾਜੇ ਜਿਨਾਂ ਦੀ ਖਾਤ੍ਰ ਆਪ ਜੀ ਨੇ ਆਪਣੇ ਪਿਤਾ ਜੀ ਨੂੰ ਸ਼ਹੀਦੀ ਦੇਣ ਲਈ ਦਿੱਲੀ ਭੇਜਿਆ, ਉਹੀ ਤੁਹਾਡੇ ਨਾਲ ਖਾਰ ਖਾਣ ਲੱਗ ਪਏ। ਤੁਹਾਡਾ ਸਾਥ ਦੇਣ ਦੀ ਬਿਜਾਏ ਉਨਾਂ ਨੇ ਸ੍ਰੀ ਨਗਰ ਦੇ ਰਾਜਾ ਫਤਹਿ ਸ਼ਾਹ ਨਾਲ ਸੰਧੀ ਕਰਕੇ ਪਾਉਂਟਾ ਸਾਹਿਬ ਤੇ ਹਮਲਾ ਕਰ ਦਿੱਤਾ। ਪਰ ਤੁਹਾਡੀ ਵਧੀਆ ਯੁੱਧ-ਨੀਤੀ ਨੇ ਥੋੜੀ ਫੌਜ ਹੋਣ ਦੇ ਬਾਵਜੂਦ ਵੀ ਉਨਾਂ ਨੂੰ ਨੱਕ ਦੇ ਚਨੇ ਚਬਾ ਦਿੱਤੇ। ਭੰਗਾਣੀ ਦੀ ਲੜਾਈ ਵਿੱਚ ਆਪ ਜੀ ਦੀ ਸਿਆਣਪ ਨੇ ਸੈਦੇ ਤੇ ਦੀਨੇ ਨੂੰ ਬੁਰੀ ਤਰਾਂ ਮਾਤ ਦਿੱਤੀ। ਬੜੀ ਸਮਝ ਨਾਲ ਗੁਰੂ ਜੀ ਆਪ ਨੇ ਭਾਂਪ ਲਿਆ ਸੀ ਕਿ ਦੁਸ਼ਮਨ ਫਨੀਅਰ ਨਾਗ ਵਾਂਗ ਫਿਰ ਘੇਰਨਗੇ। ਇਸ ਲਈ ਇੱਕ ਚੰਗੇ ਪ੍ਰਬੰਧਕ ਦਾ ਸਬੂਤ ਦੇ ਕੇ ਆਪ ਜੀ ਨੇ ਆਨੰਦਪੁਰ ਸਾਹਿਬ ਵਿਖੇ ਕੇਸਗੜ, ਫਤਹਿਗੜ, ਹੋਲ ਗੜ, ਆਨੰਦਗੜ ਤੇ ਲੋਹਗੜ ਦੇ ਕਿਲੇ ਬਣਵਾਏ। 1701 ਈਸਵੀ ਤੋਂ 1704 ਈਸਵੀ ਤੱਕ ਆਨੰਦਪੁਰ ਸਾਹਿਬ ਦੀਆਂ 3 ਲੜਾਈਆਂ ਤੇ ਚਮਕੌਰ ਸਾਹਿਬ ਦੀ ਲੜਾਈ ਵਿੱਚ ਤੁਹਾਡੀ ਚੜਤ ਬਣੀ ਰਹਿਣੀ। ਮੁਗਲ ਫੌਜਾਂ ਲਈ ਇੱਕ ਵੱਡੀ ਨਮੋਸ਼ੀ ਸੀ। ਕਾਰਨ ਸੀ ਥੋਡੀ ਯੋਗ ਅਗਵਾਈ, ਫਿਰ ਖਿਦਰਾਣੇ (ਮੁਕਤਸਰ) ਦੀ ਢਾਬ ਦੀ ਲੜਾਈ ਵਿੱਚ ਤੁਹਾਡੀ ਸ਼ਾਨਦਾਰ ਜਿੱਤ ਤੁਹਾਡੀ ਯੁੱਧ ਨੀਤੀ ਹੀ ਸੀ। ਲੱਖਾਂ ਦੀ ਗਿਣਤੀ ਵਿੱਚ ਫੌਜ ਨਾਲ ਸੈਂਕੜੇ ਸਿੰਘਾਂ ਦਾ ਜੂਝਣਾ ਤੁਹਾਡੇ ਪਿਆਰ ਅਤੇ ਤੁਹਾਡੀ ਸ਼ਖਸ਼ੀਅਤ ਦੀ ਮਿਕਨਾਤੀਸੀ ਖਿੱਚ ਹੀ ਸੀ। ਜੂਝ ਲੜਣ, ਜੂਝ ਮਰਨ ਦੀ ਸਪਿਰਟ ਸ਼ਬਦਾਂ ਵਿੱਚ ਕਿਸੇ ਵੀ ਹਾਲ ਕੀਲੀ ਨਹੀਂ ਜਾ ਸਕਦੀ। ਤਾਹੀਓਂ ਤਾਂ ਮੈਂ ਕਹਿਣੈਂ ਮੇਰੇ ਪਾਤਸ਼ਾਹ ਕਿੰਝ ਗਾਵਾਂ ਗੁਣ ਤੇਰੇ।
ਖਾਲਸਾ ਪੰਥ ਦੇ ਸਿਰਜਨਹਾਰ, ਆਪਣੇ ਖਾਲਸੇ ਲਈ ਬਾਣੇ ਦਾ ਰੰਗ ਨੀਲਾ ਚੁਨਣਾ ਤੇਰੀ ਬੇਹੱਦ ਡੂੰਘੇਰੀ, ਲੰਮੀ, ਪੁਖਤਾ, ਯਥਾਰਥਿਕ ਅਤੇ ਗੰਭੀਰ ਸੋਚ ਦਾ ਪ੍ਰੀਣਾਮ ਸੀ। ਆਪ ਜੀ ਦੀ ਫਿਲਾਸਫੀ ਕੁਦਰਤ ਦੀ ਵਿਸ਼ਾਲਤਾ ਵਿੱਚੋਂ ਉਤਪੰਨ ਹੋਈ ਸੀ। ਆਪ ਜੀ ਨੇ ਸੋਚਿਆ ਕਿ ਮੇਰਾ ਸਿੰਘ ਪੁਲਾੜ ਦੀ ਹਵਾ ਵਾਂਗ ਪਵਿੱਤਰ ਹੋਵੇ, ਆਕਾਸ਼ ਦੀ ਵਿਸ਼ਾਲਤਾ ਵਾਂਗ ਵਿਸ਼ਾਲ ਹਿਰਦੇ ਵਾਲਾ ਹੋਵੇ, ਆਕਾਸ਼ ਦੇ ਉਪਯੋਗੀ ਹੋਣ ਵਾਂਗੂੰ ਮੇਰਾ ਖਾਲਸਾ ਵੀ ਮਾਨਵਤਾ ਲਈ ਉਪਯੋਗੀ ਹੋਵੇ, ਆਕਾਸ਼ ਵਿੱਚ ਜਿਵੇਂ ਹਵਾ ਦੀ ਘਣਤਾ ਹੈ ਠੀਕ ਓਦਾਂ ਹੀ ਮੇਰਾ ਖਾਲਸਾ ਡੂੰਘੇ ਵਿਚਾਰਾਂ ਵਾਲਾ ਹੋਵੇ ਤੇ ਜਿਸ ਤਰਾਂ ਹਵਾ ਦੀ ਡੂੰਘੀ ਘਣਤਾ ਕਾਰਨ ਆਕਾਸ਼ ਦਾ ਰੰਗ ਨੀਲਾ ਹੈ, ਉਸੇ ਵਾਂਗ ਮੇਰੇ ਖਾਲਸੇ ਦਾ ਬਾਣਾ ਨੀਲੇ ਰੰਗ ਦਾ ਹੋਵੇ। ਦੂਸਰੀ ਕੁਦਰਤ ਦੀ ਫਿਲਾਸਫੀ ਕੁਦਰਤੀ ਸੁਗਾਤ ਪਾਣੀ ਦੀ ਸੀ। ਆਪ ਜੀ ਨੇ ਸੋਚਿਆ ਜਿਵੇਂ ਹਥੇਲੀ ਤੇ ਪਾਣੀ ਪਾਈਏ ਨਿਰਮਲ ਲੱਗਦਾ ਹੈ, ਠੀਕ ਇਸੇ ਤਰਾਂ ਮੇਰਾ ਖਾਲਸਾ ਨਿਰਮਲ ਵਿਚਾਰਾਂ ਦਾ ਧਾਰਨੀ ਹੋਵੇ, ਸਾਗਰ ਦੀ ਵਿਸ਼ਾਲਤਾ ਵਾਂਗ ਮੇਰਾ ਸਿੰਘ ਦਿਲ ਦਾ ਪੂਰਨ ਵਿਸ਼ਾਲ ਹੋਵੇ, ਸਾਗਰ ਦੀ ਡੁੰਘਾਈ ਵਾਂਗ ਗੰਭੀਰ ਵਿਚਾਰਾਂ ਵਾਲਾ ਹੋਵੇ, ਸਾਗਰ ਜੀਵ ਜੰਤੂਆਂ ਤੇ ਆਵਾਜਾਈ, ਵਪਾਰ ਲਈ ਜਿਵੇਂ ਉਪਯੋਗੀ ਹੈ, ਮੇਰਾ ਸਿੰਘ ਵੀ ਲੋਕਾਂ ਦੇ ਕੰਮ ਆਵੇ ਅਤੇ ਜਿਉਂ ਜਿਉਂ ਸਮੁੰਦਰ ਦੇ ਪਾਣੀ ਦੀ ਡੂੰਘਾਈ ਦੇਖਦੇ ਹਾਂ ਤਾ ਪਾਣੀ ਦਾ ਰੰਗ ਬਿਲਕੁਲ ਨੀਲੇ ਅਸਮਾਨੀ ਰੰਗੀ ਦੀ ਭਾਅ ਮਾਰਦਾ ਹੈ। ਉਪਰੋਕਤ ਸੋਚ ਅਪਣਾ ਕੇ ਆਪ ਜੀ ਨੇ ਆਪਣੇ ਸਿੰਘਾਂ ਦੇ ਬਾਣੇ ਦਾ ਰੰਗ ਨੀਲਾ ਚੁਣਿਆ। ਗੁਰੂ ਜੀ ਤੇਰੇ ਕੋਲ ਰੰਗ ਤਾਂ ਹੋਰ ਵੀ ਬਹੁਤ ਸਾਰੇ ਸਨ ਪ੍ਰੰਤੂ ਇਸ ਚੋਣ ਮਗਰ ਤੁਹਾਡੀ ਇੱਕ ਵਿਸ਼ਾਲ ਸੋਚ ਸੀ। ਮੇਰਾ ਵਿਚਾਰ ਹੈ ਕਿ ਬਹੁਤਿਆਂ ਨੂੰ ਅਜੇ ਇਸ ਚੋਣ ਬਾਰੇ ਘੱਟ ਹੀ ਜਾਣਕਾਰੀ ਹੋਵੇਗੀ। ਮਨ ਦੀ ਇਸ ਨਿਆਰੀ ਸੋਚ ਅੱਗੇ ਸੀਸ ਹੀ ਝੁਕਾਇਆ ਜਾ ਸਕਦਾ ਹੈ। ਸੱਚੇ ਪਾਤਸ਼ਾਹ ਤੇਰੀ ਇਹ ਮਨ ਦੀ ਗਹਿਰ-ਗੰਭੀਰ ਸੋਚ ਨੂੰ ਸ਼ਬਦ ਰੂਪ ਦੇਣਾ ਤੇਰੀ ਵਿਲੱਖਣ ਸੋਚ ਨਾਲ ਅਨਿਆ ਕਰਨਾ ਹੋਵੇਗਾ।
ਨੀਚੋਂ ਊਚ ਕਰਨ ਵਾਲੇ ਹੇ ਮੇਰੇ ਗੁਰੂ ਪਛੜੀ ਤੇ ਨੀਵੀਂ ਜਾਤੀ ਦੇ ਇਨਾਂ ਲੋਕਾਂ ਨੇ ਤੁਹਾਡੇ ਤੇ ਆਪਾ ਤਾਂ ਵਾਰਨਾ ਹੀ ਸੀ। ਤੇਰੀ ਇਸ ਸਿਫ਼ਤ ਨੂੰ ਤਾਂ ਵਿਦਵਾਨਾਂ, ਬੁੱਧੀਜੀਵੀਆਂ, ਕਵੀਆਂ, ਸਾਹਿਤਕਾਰਾਂ ਤੇ ਇਨਸਾਨੀਅਤ ਦੇ ਮੁਦੱਈਆਂ ਨੇ ਤੇਰੇ ਇਸ ਕਾਰਜ ਨੂੰ ਬੜਾ ਮਹਾਨ ਪੁੰਜ ਸਮਝਿਆ। ਪੰਜ ਪਿਆਰਿਆਂ ਵਿੱਚੋਂ ਦਇਆ ਰਾਮ ਜੀ ਹੀ ਖੱਤ੍ਰੀ ਸਨ, ਬਾਕੀ ਸਭ ਨੀਵੀਂ ਜਾਤੀ ਦੇ ਲੋਕ ਸਨ। ਸਤਿਕਾਰਯੋਗ ਗੁਰੂ ਜੀ, ਇਹਨਾਂ ਨੂੰ ਦੂਜੀਆਂ ਉੱਚ ਜਾਤੀਆਂ ਦੇ ਬਰਾਬਰ ਲੈ ਆਉਣਾ, ਤੁਹਾਡੀ ਕਿੱਡੀ ਵੱਡੀ ਕ੍ਰਾਂਤੀ ਸੀ। ਹੇ ਗੁਰੂ ਜੀ ਇਹ ਤੁਹਾਡੀ ਹੀ ਉੱਚੀ ਸੋਚ ਸੀ ਕਿ ਜਦ ਪ੍ਰਮਾਤਮਾ ਨੇ ਸਭ ਇਨਸਾਨ ਸਮਾਨ ਬਣਾਏ ਹਨ ਤੇ ਸਭ ਉਸ ਦਾ ਹੀ ਅੰਸ਼ ਹਨ ਤਾ ਫਿਰ ਅਸੀਂ ਇਨਸਾਨ ਕਿਉਂ ਵਿਤਕਰਾ ਕਰਦੇ ਹਾਂ। ਹੇ ਗੁਰੂ ਤੁਸੀਂ ਕਿੰਨੇ ਸਮਦਰਸ਼ੀ ਹੋ ਜੋ ਇਹ ਉਚਾਰ ਗਏ:

ਖਾਲਸਾ ਮੇਰਾ ਰੂਪ ਹੈ ਖਾਸ।
ਖਾਲਸੇ ਮਹਿ ਹਉ ਕਰਉ ਨਿਵਾਸ

ਹੱਕ-ਹਲਾਲ, ਮਿਹਨਤ, ਮੁਸ਼ੱਕਤ ਤੇ ਖੂਨ-ਪਸੀਨਾ ਇੱਕ ਕਰਨ ਵਾਲਿਆਂ ਨੂੰ ਕਿੰਨੀ ਰਾਹਤ ਦਿੱਤੀ ਤੁਸੀਂ ਮੇਰੇ ਸਤਿਗੁਰੂ। ਤੁਸੀਂ ਤਾਂ ਇਹਨਾਂ ਸਭ ਨੂੰ ਆਪਣਾ ਹੀ ਰੂਪ ਬਣਾ ਲਿਆ। ਲੱਖ ਚਾਹੇ ਬ੍ਰਾਹਮਣਾ ਤੇ ਉੱਚ-ਜਾਤੀ ਵਾਲਿਆਂ ਨੇ ਤੁਹਾਡਾ ਭਰਪੂਰ ਵਿਰੋਧ ਕੀਤਾ। ਪਰ ਬਲਿਹਾਰੇ ਜਾਵਾਂ ਤੁਹਾਡੇ ਕਿ ਆਪ ਜੀ ਨੇ ਇਹ ਸਭ ਉੱਚ ਜਾਤੀ ਵਾਲੇ ਲੋਕਾਂ ਨੂੰ ਨਿਮਰਤਾ ਅਤੇ ਪ੍ਰੇਮ ਨਾਲ ਕੀਲ ਲਿਆ ਤੇ ਨੀਵੀਂ ਜਾਤੀ ਦੇ ਲੋਕਾਂ ਦੇ ਪੱਖ ਨੂੰ ਖੂਬ ਸਲਾਹਿਆ। ਆਪ ਜੀ ਨੇ ਫੁਰਮਾਇਆ:

ਇਨਹੀ ਕੇ ਪ੍ਰਸਾਦਿ ਸੁ ਵਿਦਿਆ ਲਈ,
ਇਨਹੀ ਕੀ ਕਿਰਪਾ ਸੇ ਸਤ੍ਤ ਮਰੇ।
ਇਨਹੀ ਕੀ ਕ੍ਰਿਪਾ ਸੇ ਸਜੇ ਹਮ ਹੈਂ,
ਨਹਿ ਮੋ ਸੇ ਗ਼ਰੀਬ ਕਰੋਰ ਪਰੇ।

ਭਾਵ ਉਹਨਾਂ ਬ੍ਰਾਹਮਣਾਂ ਨੂੰ ਤੁਸੀਂ ਇਹ ਕਹਿ ਕੇ ਸ਼ਾਂਤ ਕੀਤਾ ਕਿ ਇਹ ਉਹੀ ਲੋਕ ਹਨ ਜਿੰਨਾਂ ਨੇ ਮੈਨੂੰ ਕੋਈ ਜੀਵਨ-ਜਾਂਚ ਸਿਖਾਈ। ਇਹ ਉਹੀ ਲੋਕ ਹਨ ਜੋ ਮੇਰੇ ਵੈਰੀਆਂ ਨੂੰ ਹਰਾਉਂਦੇ ਹਨ ਤੇ ਉਨਾਂ ਨੂੰ ਦੱਸਿਆ ਕਿ ਜੋ ਕੁਝ ਅੱਜ ਮੇਰੀ ਸ਼ਕਤੀ ਹੈ, ਉਹ ਇਹਨਾਂ ਦੀ ਬਦੌਲਤ ਹੀ ਹੈ ਤੇ ਇਹ ਵੀ ਕਿਹਾ ਕਿ ਇਸ ਧਰਤੀ ਤੇ ਮੇਰੇ ਵਰਗੇ ਕਰੋੜਾਂ ਹੀ ਲੋਕ ਹਨ। ਕਿੰਝ ਗੁਣ ਗਾਵਾਂ ਗੁਰੂ ਜੀ ਤੇਰੇ, ਕਿਵੇਂ ਤੁਹਾਡੀ ਉਸਾਰੂ ਸੋਚ ਨੇ ਕਮਜ਼ੋਰ ਲੋਕਾਂ ਨੂੰ ਉਪਰ ਚੁੱਕਿਆ, ਨਿਤਾਣਿਆਂ ਤੇ ਨਿਮਾਣਿਆਂ ਨੂੰ ਮਾਣ ਦਿੱਤਾ।
ਕਲਗੀਧਰ, ਸਰਬਗੁਣ ਸੰਪੰਨ, ਦਸਮ ਗ੍ਰੰਥ ਵਿੱਚ ਆਪ ਜੀ ਨੇ ਜੋ ਫੁਰਮਾਇਆ:

ਹਿੰਦੂ ਅਉ ਤੁਰਕ ਕੋਉ ਰਾਫਜ ਇਮਾਮ ਸਾਫੀ।
ਮਾਨਵ ਕੀ ਜਾਤ ਸਭ ਏਕ ਪਹਿਚਾਨਬੋ

ਉਹ ਤੁਸਾਂ ਵਿਹਾਰਕ ਰੂਪ ਵਿੱਚ ਸੱਚ ਕਰ ਵਿਖਾਇਆ। ਤੁਹਾਡਾ ਇਹ ਅਮਰ ਸੁਨੇਹਾ ਸਿਰਫ਼ ਪੰਜਾਬ ਜਾਂ ਭਾਰਤਵਰਸ਼ ਵਿੱਚ ਮਹਾਨਤਾ ਨਹੀਂ ਰੱਖਦਾ ਹੈ ਸਗੋਂ ਸਾਰੇ ਸੰਸਾਰ ਵਿੱਚ ਇਹ ਸੁਨੇਹਾ ਸਨਮਾਨਿਆ ਗਿਆ ਹੈ। ਆਪ ਜੀ ਨੇ ਹਿੰਦੂਆਂ, ਮੁਸਲਮਾਨਾਂ, ਸਿੱਖਾਂ ਜਾਂ ਹੋਰ ਸਭ ਜਾਤੀਆਂ ਨੂੰ ਪੂਰਨ ਸਤਿਕਾਰ ਦਿੱਤਾ। ਆਪ ਜੀ ਨੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ। ਭਾਈ ਕਨੱਈਆ ਜੀ ਨੇ ਸਪੱਸ਼ਟ ਕੀਤਾ ਕਿ ਹੇ ਗੁਰੂ ਮੈਂ ਤਾਂ ਤੁਹਾਡੇ ਸੁਨੇਹੇ ”ਮਾਨਸ ਕੀ ਜਾਤ ਸਭੇ ਏਕ ਪਹਿਚਾਨਬੋ” ਤੇ ਪਹਿਰਾ ਦੇ ਰਿਹਾ ਹਾਂ ਤਾਂ ਗੁਰੂ ਜੀ, ਤੁਸਾਂ ਉਸ ਨੂੰ ਮਰਮ ਦੀ ਇੱਕ ਡੱਬੀ ਪਕੜਾ ਕੇ, ਸ਼ਾਬਾਸ਼ ਦੇ ਕੇ ਥਾਪੜਾ ਦਿੱਤਾ, ਜਾਓ ਸਭ ਦੀ ਬੇਝਿਝਕ ਸੇਵਾ ਕਰੋ। ਹੇ ਮਾਨਵਤਾ ਦੇ ਹਾਮੀ, ਇਨਸਾਨੀਅਤ ਦੇ ਪੈਰੋਕਾਰ, ਤੇਰੀ ਇਸ ਸਮਦਰਸ਼ਤਾ ਦੇ ਕਿੰਝ ਗੁਣ ਗਾਵਾਂ ਇਸ ਵਿਸ਼ਾਲ ਹਿਰਦੇ ਲਈ ਵਿਸ਼ਾਲ ਕਾਗਜ਼ ਚਾਹੀਦੇ ਹਨ।
ਮਾਨਵਤਾ ਦੇ ਹਿਤੈਸ਼ੀ, ਭਰਿਸ਼ਟਾਚਾਰ ਦੇ ਵਿਰੋਧੀ, ਵਿਕਾਰੀ ਲੋਕਾਂ ਨੂੰ ਸਿੱਧੇ ਰਸਤੇ ਪਾਉਣ ਵਾਲੇ, ਲੁੱਟ-ਖਸੁੱਟ ਦਾ ਦਮਨ ਕਰਨ ਵਾਲੇ ਅਤੇ ਅਤਿਆਚਾਰਾਂ ਨੂੰ ਠੱਲ ਪਾਉਣ ਵਾਲੇ ਦਸ਼ਮੇਸ਼ ਪਿਤਾ ਜੀ ਤੁਹਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਬਦ-ਗੁਰੂ ਦਾ ਦਰਜਾ ਦੇਣਾ, ਇਕ ਮਹਾਨ-ਖੂਬੀ ਦਾ ਲਖਾਇਕ ਹੈ। ਅਮਰੀਕੀ ਵਿਦਵਾਨ ਤਿਆਨਬੀ ਨੇ ਵੀ ਥੋਡੇ ਇਸ ਸ਼ੁਭ ਕਾਰਜ ਦੀ ਅੰਗ੍ਰੇਜ਼ੀ ਵਿੱਚ ਅਨੁਵਾਦ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮੁੱਖ ਭੂਮਿਕਾ ਵਿੱਚ ਪ੍ਰਸ਼ੰਸ਼ਾ ਕੀਤੀ ਹੈ। ਦੇਹਧਾਰੀ ਗੁਰੂਆਂ ਤੋਂ ਛੁਟਕਾਰਾ ਦੁਆਉਣਾ ਤੇ ਲੋਟੂ ਵਿਕਾਰੀ ਮਸੰਦਾਂ ਤੋਂ ਸਿੱਖ ਕੌਮ ਦਾ ਖਹਿੜਾ ਛੁਡਵਾਉਣਾ, ਤੁਹਾਡਾ ਇੱਕ ਚਮਤਕਾਰ ਹੀ ਹੈ। ”ਗੁਰੂ ਮਾਨਿਓ ਗ੍ਰੰਥ, ਪ੍ਰਗਟ ਗੁਰਾਂ ਦੀ ਦੇਹ” ਦਾ ਸਿੱਖ ਜਗਤ ਨੂੰ ਸੰਦੇਸ਼ ਲਈ ਵਾਹੁ ਗੁਰ ਵਾਹੁ ਗੁਰ ਰਸਨਾਂ ਚੋਂ ਬੋਲ ਸਕਦਾ ਹਾਂ। ਤੁਸੀਂ ਆਪ ਹੀ ਦੱਸੋ ਇਸ ਮਹਾਨ ਗੁਰੂ ਨੂੰ ਜੋ ਆਪ ਜੀ ਨੇ ਸ਼ੁਸ਼ੋਭਿਤ ਕੀਤਾ ਹੈ। ਇਸ ਮਹਾਨ ਕ੍ਰਿਪਾ ਲਈ, ਸਦੀਵੀ ਬਖਸ਼ਿਸ਼ ਲਈ, ਅਮਰ ਇਨਾਇਤ ਲਈ ਹੇ ਮੇਰੇ ਸਨਮਾਨਜਨਕ ਕਿੰਝ ਗਾਵਾਂ ਗੁਣ ਤੇਰੇ।
ਧਰਮ ਦੇ ਰੱਖਿਅਕ, ਧਰਮ ਦੀ ਖਾਤ੍ਰ ਸੀਸ ਵਾਰਨ ਵਾਲੇ, ਸੱਚ ਦੇ ਪੈਂਡੇ ਦੇ ਅਣਖੀ ਮੁਸਾਫਿਰ, ਸਿੱਖੀ-ਸ਼ਾਨ ਨੂੰ ਬਰਕਰਾਰ ਰੱਖਣ ਵਾਲੇ ਹਰ ਦਿਲ ਅਜ਼ੀਜ਼ ਮੇਰੇ ਸਤਿਗੁਰ ਜੇ ਆਪ ਦਸਵੀਂ ਜੋਤ ਦੇ ਰੂਪ ਵਿੱਚ ਆਗਮਨ ਨਾ ਕਰਦੇ ਤਾਂ ਇਹ ਪੱਕੀ ਗੱਲ ਸੀ ਕਿ ਸਾਰਾ ਭਾਰਤ ਮੁਸਲਮਾਨ ਬਣਿਆ ਹੁੰਦਾ। ਤੁਸੀਂ ਆਏ ਤਾਂ ਧਾੜਵੀਆਂ ਨੂੰ ਠੱਲ ਪਈ। ਤੁਹਾਡੇ ਕਰਕੇ ਹਿੰਦੂ ਮੁਸਲਮਾਨ ਬਨਣੋਂ ਰੁਕੇ ਤੇ ਸਿੱਖ ਕੌਮ ਦੀ ਨਵੀਂ ਤੇ ਉੱਚੀ ਸ਼ਾਨ ਬਣੀ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੀ ਹਿੰਦੁਸਤਾਨ ਨੂੰ ਅਦੁੱਤੀ ਦੇਣ ਬਾਰੇ ਬਹੁਤ ਸਾਰੇ ਇਤਿਹਾਸਕਾਰਾਂ ਨੇ ਇਹੀ ਵਿਚਾਰ ਵਿਅੱਕਤ ਕੀਤੇ ਹਨ ਕਿ ਜੇਕਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਵਤਾਰ ਨਾ ਧਾਰਦੇ ਤਾਂ ਸਾਰਾ ਭਾਰਤ, ਬੰਗਲਾ ਦੇਸ਼ ਤੇ ਪਾਕਿਸਤਾਨ ਸਮੇਤ ਇਸਲਾਮੀ ਦੇਸ਼ ਬਣ ਜਾਂਦਾ, ਕਿਉਂਕਿ ਤਲਵਾਰ ਦੇ ਜ਼ੋਰ ਤੇ ਜ਼ਾਲਮ ਤੁਰਕ ਜ਼ੁਲਮ ਕਰਕੇ ਜ਼ਬਰਦਸਤੀ ਮੁਸਲਮਾਨ ਬਣਾ ਲੈਂਦੇ ਜਿਵੇਂ ਕਿ ਕਿਸੇ ਸਮੇਂ ਅਫਗਾਨਿਸਤਾਨ ਤੇ ਇਰਾਨ ਦੇਸ਼ਾਂ ਨੂੰ ਵੀ ਤਲਵਾਰ ਦੇ ਜ਼ੋਰ ਤੇ ਇਸਲਾਮੀ ਦੇਸ਼ ਬਣਾ ਲਿਆ ਸੀ। ਹੇ ਮੇਰੇ ਨਿੱਡਰ, ਬਹਾਦਰ, ਦਲੇਰ, ਜੁਝਾਰੂ ਤੇ ਫਰਜ਼-ਸ਼ਨਾਖ ਗੁਰੂ ਤੁਹਾਡੇ ਬਾਰੇ ਕਿਸੇ ਕਵੀ ਨੇ ਠੀਕ ਹੀ ਲਿਖਿਆ ਹੈ:

ਨਾ ਕਹੋਂ ਅਬ ਕੀ ਨਾ ਕਹੋਂ ਤਬ ਕੀ।
ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ।

ਹੇ ਮੇਰੇ ਸਤਿਗੁਰ, ਸਾਡੇ ਸਭ ਦੇ ਰਖਵਾਲੇ, ਸਾਡੀ ਪਤ ਦੇ ਪਹਿਰੇਦਾਰ, ਸਾਡੀ ਵੱਖਰੀ ਕੌਮ ਦੇ ਉਸਰੱਈਏ, ਧਰਮ-ਨਿਰਪੱਖਤਾ ਦੇ ਹਾਮੀ, ਹੱਕ ਨਿਆਂ ਤੇ ਪਹਿਰਾ ਦੇਣ ਵਾਲੇ, ਮਹਾਂਤਿਆਗੀ, ਅਪਣੇ ਵਾਰ ਕੇ ਸਭ ਵਿੱਚ ਅਪਣੇ ਵੇਖਣ ਵਾਲੇ ਤੇਰੇ ਗੁਣ ਲੱਖਾਂ, ਕਰੋੜਾਂ, ਸੰਖਾ ਜਾਂ ਪਦਮਾਂ ਹੀ ਨਹੀਂ ਸਗੋਂ ਅਨਗਿਣਤ ਹਨ। ਫਿਰ ਦੱਸ ਮੇਰੇ ਮਾਲਕ ਜਦੋਂ ਗੁਣ ਤੇਰੇ ਅਨਗਿਣਤ ਹਨ, ਫਿਰ ਕਿੰਝ ਗਾਵਾਂ ਗੁਣ ਤੇਰੇ।

ਪ੍ਰੋ ਤਰਸੇਮ ਸਿੰਘ ਨਰੂਲਾ
ਆਰ.ਵੀ.ਸ਼ਾਂਤੀ ਨਗਰ ਬਾਜ਼ਾ ਖਾਨਾ ਰੋਡ
ਜੈਤੋ 151202
ਜਿਲਾ ਫਰੀਦਕੋਟ (ਪੰਜਾਬ)
ਮੋਬਾਈਲ:9463831245

......................................Disclaimer.................................... We do not guarantee/claim that the information we have gathered is 100% correct. Many of the Images used in Articles are not our property. Most of the images used in articles are collected from social media profiles of Celebrities and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing. ..... For articles, the authors are sole responsible. ......... ਹਰ ਖ਼ਬਰ ਜਾਂ ਵਿਚਾਰ ਜਾਂ ਰਚਨਾ ਲਈ ਸਬੰਧਿਤ ਪੱਤਰਕਾਰ ਜਾਂ ਲਿਖਾਰੀ ਜਿੰਮੇਵਾਰ ਹੈ। ਅਦਾਰੇ ਦਾ ਉਸ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ।

Leave a Reply

Your email address will not be published. Required fields are marked *

%d bloggers like this: