ਕਿਸੇ ਵਿਸ਼ੇਸ਼ ਦੁਕਾਨ/ਸਕੂਲ ਤੋਂ ਕਿਤਾਬਾਂ ਜਾਂ ਹੋਰ ਸਮੱਗਰੀ ਖਰੀਦਣ ਲਈ ਮਜਬੂਰ ਨਹੀਂ ਕਰੇਗਾ ਬਾਲ ਭਾਰਤੀ ਪਬਲਿਕ ਸਕੂਲ

ss1

ਕਿਸੇ ਵਿਸ਼ੇਸ਼ ਦੁਕਾਨ/ਸਕੂਲ ਤੋਂ ਕਿਤਾਬਾਂ ਜਾਂ ਹੋਰ ਸਮੱਗਰੀ ਖਰੀਦਣ ਲਈ ਮਜਬੂਰ ਨਹੀਂ ਕਰੇਗਾ ਬਾਲ ਭਾਰਤੀ ਪਬਲਿਕ ਸਕੂਲ
ਪੰਜਾਬ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਚੇਅਰਮੈਨ ਕਾਲੀਆ ਨੂੰ ਪੱਤਰ ਭੇਜ ਕੇ ਦਿੱਤਾ ਭਰੋਸਾ
ਸਕੂਲ ਦੇ ਨੋਟਿਸ ਬੋਰਡ ’ਤੇ ਲਗਾਈ ਜਾਇਆ ਕਰੇਗੀ ਕਿਤਾਬਾਂ ਤੇ ਹੋਰ ਸਮੱਗਰੀ ਦੀ ਸੂਚੀ

9-23 (1)

ਲੁਧਿਆਣਾ-(ਪ੍ਰੀਤੀ ਸ਼ਰਮਾ) ਪੰਜਾਬ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਚੇਅਰਮੈਨ ਸ੍ਰੀ ਸੁਕੇਸ਼ ਕਾਲੀਆ ਵੱਲੋਂ ਮਿਲੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਬਾਲ ਭਾਰਤੀ ਪਬਲਿਕ ਸਕੂਲ, ਫੇੇਜ਼-3, ਦੁੱਗਰੀ ਦੇ ਪ੍ਰਿੰਸੀਪਲ ਨੇ ਭਰੋਸਾ ਦਿੱਤਾ ਹੈ ਕਿ ਸਕੂਲ ਵੱਲੋਂ ਕਿਸੇ ਵੀ ਵਿਦਿਆਰਥੀ ਜਾਂ ਮਾਪੇ ਨੂੰ ਕਿਸੇ ਵਿਸ਼ੇਸ਼ ਦੁਕਾਨ ਜਾਂ ਸਕੂਲ ਤੋਂ ਕਿਤਾਬਾਂ ਜਾਂ ਹੋਰ ਸਮੱਗਰੀ ਖਰੀਦਣ ਲਈ ਮਜਬੂਰ ਨਹੀਂ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਇਸ ਸਕੂਲ ਵਿੱਚ ਪੜਦੇ ਬੱਚਿਆਂ ਦੇ ਮਾਪਿਆਂ ਨੇ ਕਮਿਸ਼ਨ ਕੋਲ ਸ਼ਿਕਾਇਤ ਕਰਕੇ ਸਕੂਲ ਪ੍ਰਬੰਧਕਾਂ ’ਤੇ ਦੋਸ਼ ਲਗਾਏ ਸਨ ਕਿ ਸਕੂਲ ਵੱਲੋਂ ਮਾਪਿਆਂ ਨੂੰ ਸਕੂਲ ਤੋਂ ਹੀ ਕਿਤਾਬਾਂ ਅਤੇ ਹੋਰ ਸਮੱਗਰੀ ਖਰੀਦਣ ਲਈ ਮਜਬੂਰ ਕੀਤਾ ਜਾਂਦਾ ਹੈ, ਜੋ ਕਿ ਆਮ ਬਾਜ਼ਾਰ ਨਾਲੋਂ ਕਿਤੇ ਜਿਆਦਾ ਮਹਿੰਗੇ ਪੈਂਦੇ ਸਨ।
ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਪੂਨਮ ਡੋਗਰਾ ਵੱਲੋਂ ਪ੍ਰਾਪਤ ਪੱਤਰ ਦਾ ਹਵਾਲਾ ਦਿੰਦਿਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਕਾਲੀਆ ਨੇ ਦੱਸਿਆ ਕਿ ਸਕੂਲ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਸਕੂਲ ਵੱਲੋਂ ਸੰਬੰਧਤ ਕਿਤਾਬਾਂ ਦੀ ਸੂਚੀ ਹਰੇਕ ਸਾਲ ਜਨਵਰੀ ਦੇ ਆਖ਼ਰੀ ਹਫ਼ਤੇ ਸਕੂਲ ਦੇ ਨੋਟਿਸ ਬੋਰਡ ’ਤੇ ਲਗਾ ਦਿੱਤੀ ਜਾਇਆ ਕਰੇਗੀ। ਜੇਕਰ ਇਸ ਵਿੱਚ ਕੋਈ ਬਦਲਾਅ ਹੋਇਆ ਕਰੇਗਾ ਜਾਂ ਪਬਲਿਸ਼ਰ ਵੱਲੋਂ ਦੇਰੀ ਕੀਤੀ ਜਾਇਆ ਕਰੇਗੀ ਤਾਂ ਉਸ ਬਾਰੇ ਵੀ ਵਿਦਿਆਰਥੀਆਂ ਨੂੰ ਸੂਚਿਤ ਕਰ ਦਿੱਤਾ ਜਾਇਆ ਕਰੇਗਾ। ਇਨਾਂ ਕਿਤਾਬਾਂ ਨੂੰ ਵਿਦਿਆਰਥੀ ਕਿਸੇ ਵੀ ਦੁਕਾਨ ਤੋਂ ਖਰੀਦ ਸਕਦੇ ਹਨ। ਇਸ ਤੋਂ ਇਲਾਵਾ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਕੂਲ ਵਿੱਚ ਵਿਦਿਆਰਥੀ ਸਿਰਫ਼ ਵਧੀਆ ਕਾਪੀਆਂ ਹੀ ਵਰਤਣਗੇ, ਜਿਨਾਂ ’ਤੇ ਸਕੂਲ ਦਾ ਲੋਗੋ ਲੱਗਿਆ ਹੋਣਾ ਜ਼ਰੂਰੀ ਹੈ। ਇਸ ਲਈ ਪੜਾਈ ਸਮੱਗਰੀ ਵਿੱਚ ਸਮਾਨਤਾ ਬਣਾਈ ਰੱਖਣ ਲਈ ਸਕੂਲ ਵੱਲੋਂ ਹਰੇਕ ਵਿਦਿਆਰਥੀ ਨੂੰ ਸਕੂਲ ਦਾ ਲੋਗੋ ਸਟਿੱਕਰ ਮੁਹੱਈਆ ਕਰਵਾਇਆ ਜਾਵੇਗਾ, ਜਿਸ ਨੂੰ ਕਿ ਨੋਟ ਬੁੱਕ (ਕਾਪੀ) ’ਤੇ ਕਿਸੇ ਵੀ ਦੁਕਾਨ ਤੋਂ ਛਪਵਾਇਆ ਜਾਂ ਲਗਾਇਆ ਜਾ ਸਕੇਗਾ।
ਸ੍ਰੀ ਕਾਲੀਆ ਨੇ ਦੱਸਿਆ ਕਿ ਸਕੂਲ ਵੱਲੋਂ ਕੀਤੀਆਂ ਜਾ ਰਹੀਆਂ ਉਪਰੋਕਤ ਮਨਮਰਜ਼ੀਆਂ ਸੰਬੰਧੀ ਵਿਦਿਆਰਥੀਆਂ ਦੇ ਮਾਪਿਆਂ ਦਾ ਇੱਕ ਵਫ਼ਦ ਉਨਾਂ ਨੂੰ ਪਿਛਲੇ ਹਫ਼ਤੇ ਮਿਲਿਆ ਸੀ ਅਤੇ ਇਸ ਸਾਰੇ ਮਸਲੇ ਸੰਬੰਧੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਕਮਿਸ਼ਨ ਵੱਲੋਂ ਸਕੂਲ ਪ੍ਰਿੰਸੀਪਲ ਨੂੰ ਮਿਤੀ 3 ਮਈ, 2016 ਨੂੰ ਕਮਿਸ਼ਨ ਦੇ ਮੁੱਖ ਦਫ਼ਤਰ ਵਿਖੇ ਤਲਬ ਕੀਤਾ ਗਿਆ ਸੀ। ਇਸ ਮੀਟਿੰਗ ਦੌਰਾਨ ਸਕੂਲ ਪ੍ਰਿੰਸੀਪਲ ਨੇ ਉਪਰੋਕਤ ਫੈਸਲਿਆਂ ਬਾਰੇ ਭਰੋਸਾ ਦਿੱਤਾ ਸੀ, ਜਿਸ ਬਾਰੇ ਉਨਾਂ ਕਮਿਸ਼ਨ ਨੂੰ ਲਿਖ਼ਤੀ ਪੱਤਰ ਭੇਜਿਆ ਹੈ। ਸ੍ਰੀ ਕਾਲੀਆ ਨੇ ਹੋਰ ਨਿੱਜੀ ਸਕੂਲਾਂ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਵਿਦਿਆਰਥੀਆਂ ’ਤੇ ਕਿਤਾਬਾਂ ਜਾਂ ਹੋਰ ਸਮੱਗਰੀ ਕਿਸੇ ਵਿਸ਼ੇਸ਼ ਦੁਕਾਨ ਜਾਂ ਸਕੂਲ ਤੋਂ ਖਰੀਦਣ ਲਈ ਦਬਾਅ ਨਾ ਪਾਉਣ।

Share Button

Leave a Reply

Your email address will not be published. Required fields are marked *