Mon. Aug 19th, 2019

ਕਿਸਾਨ ਸੰਘਰਸ਼ ਕਮੇਟੀ ਦਾ ਵਫ਼ਦ ਮੁੱਖ ਮੰਤਰੀ ਨੂੰ ਮਿਲਿਆ

ਕਿਸਾਨ ਸੰਘਰਸ਼ ਕਮੇਟੀ ਦਾ ਵਫ਼ਦ ਮੁੱਖ ਮੰਤਰੀ ਨੂੰ ਮਿਲਿਆ

ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਯੋਗ ਲਾਭਪਾਤਰੀਆਂ ਨੂੰ ਪੈਨਸ਼ਨ, ਸ਼ਗਨ ਤੇ ਨੀਲੇ ਕਾਰਡਾਂ ਦਾ ਲਾਭ ਦੇਣ ਲਈ ਕੈਂਪ ਲਾਉਣ ਲਈ ਆਖਿਆ

pb-news-11034729-badal-kisan-1

ਸਮਾਜ ਦੇ ਕਮਜ਼ੋਰ ਵਰਗਾਂ ਨੂੰ ਵੱਡੀ ਰਾਹਤ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਯੋਗ ਲਾਭਪਾਤਰੀਆਂ ਨੂੰ ਪੈਨਸ਼ਨ, ਸ਼ਗਨ ਤੇ ਨੀਲੇ ਕਾਰਡਾਂ ਦਾ ਲਾਭ ਦੇਣ ਲਈ ਵਿਸ਼ਾਲ ਕੈਂਪ ਲਾਏ ਜਾਣ। ਇਸ ਬਾਰੇ ਫੈਸਲਾ ਸ. ਬਾਦਲ ਨੇ ਅੱਜ ਇਥੇ ਪੰਜਾਬ ਭਵਨ ਵਿਖੇ ਕਿਸਾਨ ਸੰਘਰਸ਼ ਕਮੇਟੀ ਦੇ ਵਫਦ ਨਾਲ ਮੀਟਿੰਗ ਦੌਰਾਨ ਲਿਆ।ਲੋਕਾਂ ਦੀ ਭਲਾਈ ਪ੍ਰਤੀ ਵਚਨਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਅਜਿਹੇ ਕੈਂਪ ਲਾਉਣ ਲਈ ਆਖਿਆ ਤਾਂ ਕਿ ਇਨ੍ਹਾਂ ਗਰੀਬ ਪੱਖੀ ਸਕੀਮਾਂ ਦਾ ਲਾਭ ਸਹੀ ਮਾਅਨਿਆਂ ਵਿਚ ਯੋਗ ਲਾਭਪਾਤਰੀਆਂ ਨੂੰ ਮਿਲ ਸਕੇ। ਉਨ੍ਹਾਂ ਆਖਿਆ ਕਿ ਇਨ੍ਹਾਂ ਸਕੀਮਾਂ ਦਾ ਮੁੱਖ ਮਕਸਦ ਸਮਾਜ ਦੇ ਇਸ ਤਬਕੇ ਦੀ ਭਲਾਈ ਨੂੰ ਯਕੀਨੀ ਬਣਾਉਣਾ ਹੈ ਅਤੇ ਇਸ ਸਬੰਧ ਵਿਚ ਕਿਸੇ ਵੀ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਿਸਾਨ ਖੁਦਕੁਸ਼ੀਆਂ ਦੀਆਂ ਘਟਨਾਵਾਂ ‘ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਮਾਲ ਵਿਭਾਗ ਨੂੰ ਇੱਕ ਵਿਸ਼ੇਸ਼ ਸੈੱਲ ਖੋਲ੍ਹਣ ਲਈ ਆਖਿਆ ਤਾਂ ਕਿ ਬੋਝ ਕਾਰਨ ਆਪਣੇ ਜੀਵਨ ਦਾ ਅੰਤ ਕਰਨ ਵਾਲੇ ਕਿਸਾਨ ਦੇ ਵਾਰਿਸ ਨੂੰ ਮੁਆਵਜ਼ਾ ਦੇਣ ਦੀ ਵਿਧੀ ਵਿਚ ਤੇਜ਼ੀ ਲਿਆਂਦੀ ਜਾ ਸਕੇ। ਇੱਕ ਹੋਰ ਏਜੰਡੇ ‘ਤੇ ਅਮਲ ਕਰਦਿਆਂ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਦੇ ਵਰਗਾਂ ਦੇ ਖਪਤਕਾਰਾਂ ਦੀ ਤਰਜ਼ ‘ਤੇ ਬੇ-ਜ਼ਮੀਨੇ ਕਿਸਾਨਾਂ ਨੂੰ ਵੀ 200 ਯੂਨਿਟ ਬਿਜਲੀ ਮੁਫ਼ਤ ਦੇਣ ਦੀ ਸੰਭਾਵਨਾ ਦਾ ਪਤਾ ਲਾਉਣ ਲਈ ਆਖਿਆ।

ਮੁੱਖ ਮੰਤਰੀ ਨੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਆਖਿਆ ਕਿ ਸੂਬੇ ਦੀਆਂ ਢਾਹਣੀਆਂ ਤੇ ਡੇਰਿਆਂ ਨੂੰ 24 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਦੀ ਪ੍ਰਕ੍ਰਿਆ ਵਿਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸਨਾਖਤ ਕੀਤੇ ਲਗਪੱਗ 8100 ਡੇਰੇ ਦੇ ਢਾਹਣੀਆਂ ਨੂੰ ਅਗਲੇ ਤਿਨ ਮਹੀਨਿਆਂ ਵਿਚ ਨਿਰਵਿਘਨ ਬਿਜਲੀ ਸਪਲਾਈ ਕਰਨ ਦੇ ਕੰਮ ਨੂੰ ਮੁਕੰਮਲ ਕੀਤਾ ਜਾਵੇ। ਮੁੱਖ ਮੰਤਰੀ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਭਾਰਤੀ ਕਪਾਹ ਨਿਗਮ ਦੀ ਤਰਜ਼ ‘ਤੇ ਬਾਸਮਤੀ ਟਰੇਡਿੰਗ ਕਾਰਪੋਰੇਸ਼ਨ ਦੀ ਸਥਾਪਨਾ ਕਰਨ ਲਈ ਸੂਬਾ ਸਰਕਾਰ ਇੱਕ ਵਾਰ ਫਿਰ ਭਾਰਤ ਸਰਕਾਰ ‘ਤੇ ਜ਼ੋਰ ਪਾਵੇਗੀ ਤਾਂ ਕਿ ਬਾਸਮਤੀ ਉਤਪਾਦਕਾਂ ਲਈ ਪੈਦਾਵਾਰ ਦਾ ਵਧੀਆ ਭਾਅ ਯਕੀਨੀ ਬਣਾਇਆ ਜਾ ਸਕੇ। ਇੱਕ ਹੋਰ ਮੰਗ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਨੇ ਪਾਵਰਕਾਮ ਦੇ ਅਧਿਕਾਰੀਆਂ ਨੂੰ ਆਖਿਆ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦੇ ਤਿੰਨ ਏਕੜ ਵਿਚ ਬੋਰ ਆਪਣੇ ਖਰਚੇ ‘ਤੇ ਸ਼ਿਫਟ ਕਰਨ ਦੀ ਇਜਾਜ਼ਤ ਦਿੱਤੀ ਜਾਵੇ। ਮੀਟਿੰਗ ਵਿਚ ਵਧੀਕ ਮੁੱਖ ਸਕੱਤਰ ਸ੍ਰੀ ਜਗਪਾਲ ਸਿੰਘ ਸੰਧੂ ਤੇ ਸ੍ਰੀ ਕੇ.ਬੀ.ਐਸ. ਸਿੱਧੂ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਸ੍ਰੀ ਐਸ.ਕੇ. ਸੰਧੂ, ਖੁਰਾਕ ਤੇ ਸਿਵਲ ਸਪਲਾਈ ਦੇ ਸਕੱਤਰ ਸ੍ਰੀ ਰਾਜ ਕਮਲ ਚੌਧਰੀ, ਸਿੰਚਾਈ ਦੇ ਸਕੱਤਰ ਸ੍ਰੀ ਕਾਹਨ ਸਿੰਘ ਪੰਨੂ, ਪੇਂਡੂ ਵਿਕਾਸ ਦੇ ਡਾਇਰੈਕਟਰ ਸ੍ਰੀ ਜੀ.ਕੇ. ਸਿੰਘ, ਵਧੀਕ ਡੀ.ਜੀ.ਪੀ. ਸ੍ਰੀ ਆਈ.ਪੀ.ਐਸ. ਸਹੋਤਾ ਅਤੇ ਖੇਤੀਬਾੜੀ ਕਮਿਸ਼ਨਰ ਡਾ. ਬਲਵਿੰਦਰ ਸਿੰਘ ਸਿੱਧੂ ਹਾਜ਼ਰ ਸਨ। ਵਫਦ ਵਿਚ ਸੰਘਰਸ਼ ਕਮੇਟੀ ਦੇ ਪ੍ਰਧਾਨ ਸ੍ਰੀ ਸਤਨਾਮ ਸਿੰਘ, ਸ੍ਰੀ ਸ਼ਵਿੰਦਰ ਸਿੰਘ, ਸ੍ਰੀ ਸਵਰਣ ਸਿੰਘ ਪੰਧੇਰ, ਸ੍ਰੀ ਜਸਵੀਰ ਸਿੰਘ, ਸ੍ਰੀ ਸੁਖਵਿੰਦਰ ਸਿੰਘ, ਸ੍ਰੀ ਗੁਰਬਚਨ ਸਿੰਘ ਚੱਬਾ, ਸ੍ਰੀ ਗੁਰਲਾਲ ਸਿੰਘ, ਸ੍ਰੀ ਹਰਪ੍ਰੀਤ ਸਿੰਘ ਅਤੇ ਸ੍ਰੀ ਸੁਪਰੀਮ ਸਿੰਘ ਸ਼ਾਮਲ ਸਨ।

Leave a Reply

Your email address will not be published. Required fields are marked *

%d bloggers like this: