Sun. May 19th, 2019

ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਕਿਸਾਨੀ ਮਸਲਿਆਂ ਦੇ ਹੱਲ ਲਈ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਮੰਗ ਪੱਤਰ

ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਕਿਸਾਨੀ ਮਸਲਿਆਂ ਦੇ ਹੱਲ ਲਈ ਮੁੱਖ ਮੰਤਰੀ ਪੰਜਾਬ ਨੂੰ ਭੇਜੇ ਮੰਗ ਪੱਤਰ
ਕਿਸਾਨਾਂ ਸਿਰ ਚੜ੍ਹਿਆ ਸਰਕਾਰੀ ਅਤੇ ਬੈਂਕਾਂ ਦਾ ਕਰਜ਼ਾ ਮੁਆਫ ਕੀਤਾ ਜਾਵੇ- ਕਿਸਾਨ ਆਗੂ

21-7ਤਲਵੰਡੀ ਸਾਬੋ, 20 ਮਈ (ਗੁਰਜੰਟ ਸਿੰਘ ਨਥੇਹਾ)- ਪੰਜਾਬ ਦੇ ਕਰਜ਼ੇ ਤੋਂ ਪੀੜਿਤ ਛੋਟੇ ਅਤੇ ਦਰਮਿਆਨੇ ਕਿਸਾਨ ਅੱਜ ਖੁਦਕੁਸ਼ੀਆਂ ਦੇ ਕਗਾਰ ‘ਤੇ ਖੜ੍ਹੇ ਹਨ। ਦਿਨਬ-ਦਿਨ ਖੁਦਕੁਸ਼ੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ। ਇਸ ਦਾ ਕੋਈ ਤਰਕਸੰਗਤ ਹੱਲ ਨਹੀਂ ਨਿਕਲ ਰਿਹਾ। ਨਾ ਹੀ ਕਿਸਾਨਾਂ ਦੀਆਂ ਮੰਗਾਂ ਵੱਲ ਸਰਕਾਰਾਂ ਧਿਆਨ ਦੇ ਰਹੀਆਂ ਹਨ। ਇਸੇ ਕਰਕੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਸੜਕੀ ਧਰਨੇ, ਕੋਠੀਆਂ ਦਾ ਘਿਰਾਓ ਆਦਿ ਕੀਤੇ ਜਾ ਰਹੇ ਹਨ ਅਤੇ ਮੰਗ ਪੱਤਰ ਦਿੱਤੇ ਜਾ ਰਹੇ, ਇਸੇ ਲੜੀ ਤਹਿਤ ਕਿਸਾਨਾਂ ਦੀਆਂ ਜ਼ਾਇਜ਼ ਮੰਗਾਂ ਨੂੰ ਮਨਵਾਉਣ ਲਈ ਮਾਨਯੋੋਗ ਮੁੱਖ ਮੰਤਰੀ ਪੰਜਾਬ ਨੂੰ 16 ਮਈ ਤੋਂ ਲਗਤਾਰ ਚੱਲ ਰਹੇ ਬਰਨਾਲਾ ਵਿਖੇ ਧਰਨੇ ਦਰਮਿਆਨ ਮਾਨਯੋਗ ਡਿਪਟੀ ਕਮਿਸ਼ਨਰ ਬਰਨਾਲਾ ਰਾਹੀਂ ਇੱਕ ਮੰਗ ਪੱਤਰ ਦਿੱਤਾ ਗਿਆ ਹੈ।
ਇਸ ਮੰਗ ਪੱਤਰ ਸੰਬੰਧੀ ਪ੍ਰੈੱਸ ਦਫਤਰ ਪਹੁੰਚ ਕੇ ਦੱਸਦਿਆਂ ਯੂਨੀਅਨ ਦੇ ਬਲਾਕ ਆਗੂ ਦਲਜੀਤ ਸਿੰਘ ਲਹਿਰੀ ਨੇ ਕਿਹਾ ਕਿ ਇਸ ਮੰਗ ਪੱਤਰ ਵਿੱਚ ਕਿਸਾਨਾਂ-ਮਜ਼ਦੂਰਾਂ ਸਿਰ ਚੜ੍ਹੇ ਸਰਕਾਰੀ, ਸਹਿਕਾਰੀ ਅਤੇ ਪ੍ਰਾਈਵੇਟ ਬੈਂਕਾਂ ਦੇ ਕਰਜ਼ੇ ਨੂੰ ਖਤਮ ਕਰਨ ਬਾਰੇ ਮੁੱਖ ਮੰਗ ਕੀਤੀ ਗਈ ਹੈ ਤਾਂ ਕਿ ਕਿਸਾਨ ਖੁਦਕੁਸ਼ੀਆਂ ਦੇ ਰਾਹ ਵੱਲੋਂ ਆਪਣੇ ਆਪ ਨੂੰ ਮੋੜ ਕੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ। ਇਸ ਤੋਂ ਇਲਾਵਾ ਜਿੱਥੇ ਕਿਸਾਨਾਂ ਦੀ ਜਿੰਦ ਜਾਨ ਉਸਦੀ ਜ਼ਮੀਨ, ਘਰ, ਖੇਤੀ ਸੰਦਾਂ ਦੀ ਕੁਰਕੀ ਅਤੇ ਨਿਲਾਮ ਵਾਰੰਟ ਰੱਦ ਕੀਤੇ ਜਾਣ ਦੀ ਮੰਗ ਕੀਤੀ ਉੱਥੇ ਇਸ ਮੰਗ ਪੱਤਰ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਗਲੇ ਦਾ ਫੰਦਾ ਬਣੇ ਸ਼ਾਹੂਕਾਰਾ ਅਤੇ ਆੜਤੀਆ ਪ੍ਰਬੰਧ ਵੀ ਖਤਮ ਕਰਨ ਦੀ ਗੱਲ ਕਹੀ ਹੈ।
ਦਲਜੀਤ ਸਿੰਘ ਨੇ ਮੰਗੀਆਂ ਗਈਆਂ ਹੋਰ ਮੰਗਾਂ ਬਾਰੇ ਦੱਸਿਆ ਕਿ ਨਵੇਂ ਸਿਰੇ ਤੋਂ ਕਿਸਾਨਾਂ-ਮਜ਼ਦੂਰਾਂ ਨੂੰ ਲੰਬੀ ਮਿਆਦ ਵਾਲੇ ਵਿਆਜ਼ ਰਹਿਤ ਕਰਜੇ ਦੇਣ ਦਾ ਵੀ ਪ੍ਰਬੰਧ ਕੀਤਾ ਜਾਵੇ ਅਤੇ ਮੌਜ਼ੂਦਾ ਕਰਜ਼ਾ ਰਾਹਤ ਬਿੱਲ ਨੂੰ ਰੱਦ ਕਰਕੇ ਕਿਸਾਨ-ਮਜ਼ਦੂਰ ਪੱਖੀ ਕਰਜ਼ਾ ਰਾਹਤ ਕਾਨੂੰਨ ਬਣਾਇਆ ਜਾਵੇ। ਖੁਦਕੁਸ਼ੀ ਕਰ ਗਏ ਕਿਸਾਨ-ਮਜ਼ਦੂਰ ਦੇ ਪਰਿਵਾਰ ਨੂੰ ਫੌਰੀ ਰਾਹਤ ਵਜੋਂ ਪੰਜ-ਪੰਜ ਲੱਖ ਰੁਪਏ ਦੀ ਵਿਤੀ ਸਹਾਇਤਾ, ਪਰਿਵਾਰ ਦੇ ਇੱਕ ਮੈਂਬਰ ਨਂੂੰ ਸਰਕਾਰੀ ਨੌਕਰੀ ਤੋਂ ਇਲਾਵਾ ਹਰ ਕਿਸਮ ਦਾ ਕਰਜ਼ਾ ਖਤਮ ਕੀਤਾ ਜਾਵੇ। ਇਸ ਤੋਂ ਇਲਾਵਾ ਚਿੱਟੀ ਮੱਖੀ ਨਾਲ ਤਬਾਹ ਹੋਈ ਨਰਮੇ ਦੀ ਫਸਲ ਵਲੇ ਇਲਾਕੇ ਵਿੱਚ ਪੇਂਡੂ ਮਜ਼ਦੂਰਾਂ ਨੂੰ ਰਾਹਤ ਵਜੋਂ ਜਥੇਬੰਦੀਆਂ ਦੀ ਮੰਨੀ ਗਈ ਮੰਗ ਵਿੱਚੋਂ ਜੋ 64 ਕਰੋੜ ਰੁਪਏ ਨਹੀਂ ਵੰਡੇ ਗਏ ਉਹਨਾਂ ਦੀ ਜਲਦੀ ਵੰਡ ਕੀਤੀ ਜਾਵੇ ਤਾਂ ਕਿ ਪੰਜਾਬ ਦਾ ਮਜ਼ਦੂਰ ਵਰਗ ਦੋ ਡੰਗ ਦੀ ਰੋਟੀ ਢਿੱਡ ਭਰਕੇ ਖਾ ਸਕੇ। ਇਸ ਮੌਕੇ ਕਿਸਾਨਾਂ ਵੱਲੋਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਕਤ ਮੰਗਾਂ ਨਾ ਮੰਨੀਆਂ ਗਈਆਂ ਤਾਂ ਭਰਾਤਰੀ ਯੂਨੀਅਨਾਂ ਨੂੰ ਨਾਲ ਲੈ ਕੇ ਹੋਰ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਜ਼ਿਲ੍ਹ ਪ੍ਰਧਾਨ, ਰਾਜਮਹਿੰਦਰ ਸਿੰਘ ਕੋਟਭਾਰਾ, ਸ਼ਿਕੰਦਰ ਸਿੰਘ ਪ੍ਰਧਾਨ ਮਲਕਾਣਾ, ਬਲਵੀਰ ਸਿੰਘ ਢਿੱਲੋਂ, ਸੁਖਵੀਰ ਸਿੰਘ ਲਹਿਰੀ, ਵੀਰਪਾਲ ਕੌਰ ਪ੍ਰਧਾਨ ਪਿੰਡ ਇਕਾਈ ਲਹਿਰੀ, ਸ਼ਿੰਦਰ ਕੌਰ ਲਹਿਰੀ, ਸੁਰਜੀਤ ਕੌਰ, ਧਨੱਤਰ ਸਿੰਘ ਭਾਗੀਵਾਂਦਰ ਆਦਿ ਮੌਜ਼ੂਦ ਸਨ।

Leave a Reply

Your email address will not be published. Required fields are marked *

%d bloggers like this: