ਕਿਸਾਨ, ਮਜਦੂਰ ਜਥੇਬੰਦੀ ਅੱਗੇ ਦਿੱਲੀ ਪੁਲਿਸ ਪ੍ਰਸਾਸਨ ਝੁਕਿਆ ਦੂਸਰਾ ਨਾਕਾ ਕੁੰਡਲੀ ਬਾਰਡਰ ਤੋਂ ਇੱਕ ਕਿਲੋਮੀਟਰ ਪਿੱਛੇ ਜਥੇਬੰਦੀ ਦੇ ਦਬਾਅ ਕਾਰਨ ਦਿੱਲੀ ਪੁਲਿਸ ਨੂੰ ਹਟਾਉਣਾ ਪਿਆ

ਕਿਸਾਨ, ਮਜਦੂਰ ਜਥੇਬੰਦੀ ਅੱਗੇ ਦਿੱਲੀ ਪੁਲਿਸ ਪ੍ਰਸਾਸਨ ਝੁਕਿਆ ਦੂਸਰਾ ਨਾਕਾ ਕੁੰਡਲੀ ਬਾਰਡਰ ਤੋਂ ਇੱਕ ਕਿਲੋਮੀਟਰ ਪਿੱਛੇ ਜਥੇਬੰਦੀ ਦੇ ਦਬਾਅ ਕਾਰਨ ਦਿੱਲੀ ਪੁਲਿਸ ਨੂੰ ਹਟਾਉਣਾ ਪਿਆ
ਨਰੇਲਾ-ਕੁੰਡਲੀ ਬਾਈਪਾਸ ਉਤੇ ਦਿੱਲੀ ਦੇ ਅੰਦਰ ਅੱਜ ਦਾਖਲ ਹੋਏ ਕਾਫਲੇ
ਦਿੱਲੀ/ ਅੰਮ੍ਰਿਤਸਰ 13 ਦਸੰਬਰ (ਕੰਵਲਜੀਤ ਸਿੰਘ ਜੋਧਾਨਗਰੀ): ਕਿਸਾਨ ਮਜ਼ਦੂਰ ਯੂਨੀਅਨ ਪੰਜਾਬ ਦਾ ਦੂਸਰਾ ਕਾਫਲਾ ਅੱਜ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ਵਿੱਚ ਦਿੱਲੀ ਵਿੱਚ ਲਾਏ ਮੋਰਚੇ ਵਿੱਚ ਪਹੁੰਚਿਆ। ਕਾਫਲਾ ਐਡਾ ਵੱਡਾ ਸੀ ਕਿ ਇਸ ਨੂੰ 8 ਲਾਊਡ ਸਪੀਕਰਾਂ ਵਾਲੀਆਂ ਗੱਡੀਆਂ ਲਾ ਕੇ ਵੀ ਕੰਟਰੋਲ ਨਹੀਂ ਸੀ ਹੋ ਰਿਹਾ। ਮਜ਼ਦੂਰਾਂ ਕਿਸਾਨਾਂ ਦੇ ਕਾਫਲੇ ਨੇ ਕੁੰਡਲੀ ਬਾਰਡਰ ਉਤੇ ਲੱਗੇ ਪਹਿਲੇ ਨਾਕੇ ਨੂੰ ਤੋੜਿਆ। ਪੁਲਸ ਵੱਲੋਂ ਦੂਸਰੇ ਨਾਕੇ ਨੂੰ ਮਜ਼ਬੂਤ ਕਰਨ ਲਈ ਰਸਤੇ ਵਿੱਚ ਟਿੱਪਰ, ਟਰੱਕਾਂ ਅਤੇ ਹੋਰਨਾਂ ਸਾਧਨਾਂ ਰਾਹੀਂ ਭਾਰੀ ਰੁਕਾਵਟਾਂ ਖੜ੍ਹੀਆਂ ਕੀਤੀਆਂ। ਪਰ ਜਦੋਂ ਕਾਫਲੇ ਦਾ ਦਬਾਅ ਲਗਾਤਾਰ ਵਧਦਾ ਗਿਆ ਤਾਂ ਭਾਰੀ ਪੁਲਸੀ ਬਲਾਂ ਨੂੰ ਵੀ ਪਿੱਛੇ ਹਟਣਾ ਪਿਆ। ਲੰਮੇ ਜਾਮ ਲੱਗੇ ਹੋਣ ਕਰਕੇ ਸੈਂਕੜੇ ਵਹੀਕਲ ਰਸਤੇ ਵਿੱਚ ਹੀ ਫਸੇ ਰਹੇ। ਪੁਲਸ ਨੇ ਅਨੇਕਾਂ ਥਾਵਾਂ ਉਤੇ ਕਾਫਲੇ ਦੇ ਵਹੀਕਲਾਂ ਨੂੰ ਉਲਟੇ ਪਾਸੇ ਵੀ ਗੁੰਮਰਾਹ ਵੀ ਕੀਤਾ। ਕਿਸਾਨਾਂ-ਮਜ਼ਦੂਰਾਂ ਦੇ ਕਾਫਲੇ ਦਾ ਪਹਿਲਾ ਹਿੱਸਾ ਭਾਵੇਂ ਦਿੱਲੀ-ਪਾਣੀਪਤ ਰੋਡ ਉਤੇ ਨਰੇਲਾ-ਕੁੰਡਲੀ ਬਾਰਡਰ ਉਤੇ ਪਹੁੰਚਣ ਵਿੱਚ ਕਾਮਯਾਬ ਹੋ ਗਿਆ ਪਰ ਹਜਾਰਾਂ ਸਾਧਨ ਸਾਰੀ ਰਾਤ ਤੇ ਦੂਸਰੇ ਦਿਨ ਵੀ ਟਰੈਫਿਕ ਜਾਮ ਵਿੱਚ ਫਸੇ ਰਹੇ। ਵਾਲੰਟੀਅਰਾਂ ਦੀ ਵਿਸ਼ੇਸ਼ ਤਾਇਨਾਤੀ ਕਰਕੇ ਕਾਫਲਿਆਂ ਨੂੰ ਪੰਡਾਲ ਵਿੱਚ ਲਿਆਂਦਾ ਗਿਆ।
ਸੂਬਾ ਆਗੂਆਂ ਨੇ ਮੋਰਚੇ ਨੂੰ ਸੰਬੋਧਤ ਹੁੰਦੇ ਆਖਿਆ ਕਿ ਪ੍ਰਧਾਨ ਮੋਦੀ ਖੇਤੀ ਖੇਤਰਾਂ ਵਿੱਚ ਹੋਰ ਸੁਧਾਰ ਕਰਨ ਦੀਆਂ ਗੱਲਾਂ ਕਰ ਰਹੇ ਹਨ ਕਿ ਖੇਤੀ ਖੇਤਰ ਵਿੱਚ ਹੋਰ ਨਿੱਜੀ ਨਿਵੇਸ਼ ਕੀਤਾ ਜਾਵੇਗਾ। ਖੇਤੀ ਤਾਂ ਪਹਿਲਾਂ ਹੀ ਨਿੱਜੀ ਹੈ। ਪਰ ਪ੍ਰਧਾਨ ਮੰਤਰੀ ਦਾ ਇਰਾਦਾ ਹੁਣ ਕਾਰਪੋਰੇਟ ਘਰਾਣਿਆਂ ਨੂੰ ਖੇਤੀ ਖੇਤਰ ਵਿੱਚ ਲਿਆਉਣਾ ਹੈ। ਮੋਦੀ ਹਕੂਮਤ ਦੀਆਂ ਅਜਿਹੀਆਂ ਨੀਤੀਆਂ ਦੇ ਖਿਲਾਫ ਮੋਰਚਾ ਲੰਮਾ ਸਮਾਂ ਚਲੇਗਾ। ਖੇਤੀ ਕਾਨੂੰਨ ਰੱਦ ਕਰਵਾਉਣ ਲਈ ਜੇਕਰ ਮੋਰਚਾ 2024 ਤੱਕ ਵੀ ਚਲਾਉਣਾ ਪਿਆ ਤਾਂ ਚਲਾਇਆ ਜਾਵੇਗਾ। ਖੇਤੀ ਵਿਰੋਧੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਨੂੰ ਹੋਰ ਤੇਜ ਕੀਤਾ ਜਾਵੇਗਾ। ਇਸ ਮੋਰਚੇ ਵਿੱਚ ਸੂਬਾ ਆਗੂ ਜਸਵੀਰ ਸਿੰਘ ਪਿੱਦੀ ਅਤੇ ਸੁਖਵਿੰਦਰ ਸਿੰਘ ਸਭਰਾ ਪਹਿਲਾਂ ਹੀ ਇਸ ਮੋਰਚੇ ਦੀ ਅਗਵਾਈ ਕਰਦੇ ਆ ਰਹੇ ਹਨ। ਆਗੂਆਂ ਨੇ ਦੱਸਿਆ ਕਿ ਜੰਡਿਆਲਾ ਗੁਰੂ ਵਿਖੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਰੇਲ ਰੋਕੋ ਮੋਰਚਾ 81ਵੇਂ ਦਿਨ ਵਿੱਚ ਸ਼ਾਮਲ ਹੋ ਗਿਆ ਹੈ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ ਨੇ ਕਿਹਾ ਕਿ ਮੋਦੀ ਸਰਕਾਰ ਅੰਦੋਲਨ ਨੂੰ ਬਦਨਾਮ ਕਰਨ ਲਈ ਜੋਰ ਲਗਾ ਰਹੀ ਹੈ। ਪ੍ਰਧਾਨ ਮੰਤਰੀ ਜੀ ਖੁਦ ਆਪ ਅੱਗੇ ਆ ਕੇ ਖੇਤੀ ਕਾਨੂੰਨ ਵਾਪਸ ਲੈਣ ਦੀ ਪਹਿਲ ਕਰਨ। ਆਗੂਆਂ ਨੇ ਕਿਹਾ ਕਿ ਗੁਰਦਾਸਪੁਰ ਤੋਂ ਦਿੱਲੀ ਲਈ ਅਗਲਾ ਜੱਥਾ 25 ਦਸੰਬਰ ਨੂੰ ਰਵਾਨਾ ਹੋਵੇਗਾ। ਇਸ ਸਮੇਂ ਦਿੱਲੀ ਅਤੇ ਜੰਡਿਆਲਾ ਗੁਰੂ ਮੋਰਚੇ ਵਿੱਚ ਰਣਜੀਤ ਸਿੰਘ ਕਲੇਰਬਾਲਾ, ਇੰਦਰਜੀਤ ਸਿੰਘ ਕੱਲੀਵਾਲਾ, ਸਲਵਿੰਦਰ ਜਾਣੀਆਂ, ਦਿਆਲ ਸਿੰਘ ਮੀਆਂਵਿੰਡ, ਲਖਵਿੰਦਰ ਸਿੰਘ ਵਰਿਆਮ, ਬਖਸ਼ੀਸ਼ ਸਿੰਘ ਸੁਲਤਾਨੀ, ਰਘਬੀਰ ਸਿੰਘ ਦੁੱਗਰੀ ਤੇ ਸੁਖਦੇਵ ਸਿੰਘ ਅੱਲੜਪਿੰਡੀ ਆਦਿ ਹਾਜ਼ਰ ਸਨ।